image caption: -ਭਗਵਾਨ ਸਿੰਘ ਜੌਹਲ
ਸੰਸਾਰ ਦੇ ਸਮੁੱਚੇ ਧਰਮਾਂ ਦੀ ਸਤਿਕਾਰੀ ਸ਼ਖ਼ਸੀਅਤ - ਸੰਤ ਤੇਜਾ ਸਿੰਘ ਮਸਤੂਆਣਾ
 13 ਮਈ ਨੂੰ ਜਨਮ ਦਿਨ &lsquoਤੇ ਵਿਸ਼ੇਸ਼
ਸੰਸਾਰ ਭਰ ਦੇ ਸਾਰੇ ਧਰਮਾਂ ਦੀ ਸਤਿਕਾਰੀ ਉੱਘੀ ਸ਼ਖ਼ਸੀਅਤ ਸਨ - ਸੰਤ ਤੇਜਾ ਸਿੰਘ ਮਸਤੂਆਣਾ । ਸੰਤ ਬਾਬਾ ਅਤਰ ਸਿੰਘ ਮਸਤੂਆਣਾ ਨੇ 20ਵੀਂ ਸਦੀ ਦੇ ਆਰੰਭਿਕ ਵਰ੍ਹਿਆਂ ਵਿੱਚ ਜਦੋਂ ਇਸ ਗੱਲ ਨੂੰ ਭਲੀ ਭਾਂਤ ਅਨੁਭਵ ਕੀਤਾ, ਉਸ ਸਮੇਂ ਅੰਗ੍ਰੇਜ਼ ਹਕੂਮਤ ਦਾ ਡੰਕਾ ਪੂਰੀ ਦੁਨੀਆਂ ਵਿੱਚ ਵੱਜਦਾ ਸੀ । ਗੁਰੂ ਨਾਨਕ ਸਾਹਿਬ ਦੇ ਮਾਨਵਤਾ ਦੇ ਭਲੇ ਦੇ ਸੁਨੇਹੇ ਨੂੰ ਸੰਸਾਰ ਦੇ ਦੂਜੇ ਦੇਸ਼ਾਂ ਵਿੱਚ ਕਿਵੇਂ ਪਹੁੰਚਾਇਆ ਜਾਵੇ ਤਾਂ ਉਨ੍ਹਾਂ ਉਚੇਚੇ ਤੌਰ &lsquoਤੇ ਦੁਨਿਆਵੀਂ ਵਿਦਿਆ ਦੀ ਪ੍ਰਾਪਤੀ ਲਈ ਉਸ ਸਮੇਂ ਦੇ ਵਿਕਸਤ ਦੇਸ਼ਾਂ ਵਿੱਚ ਸੰਤ ਤੇਜਾ ਸਿੰਘ ਨੂੰ ਭੇਜਣ ਦਾ ਵੱਡਾ ਉਪਰਾਲਾ ਕੀਤਾ । ਸੰਤ ਤੇਜਾ ਸਿੰਘ ਦਾ ਸਮੁੱਚਾ ਜੀਵਨ ਇਕ ਵਿਦਵਾਨ ਪ੍ਰਚਾਰਕ ਤੋਂ ਇਲਾਵਾ ਬੰਦਗੀ, ਨਿਰਮਾਣਤਾ, ਸਾਦਗੀ, ਵਿਦਿਆਦਾਨੀ ਅਤੇ ਸਿੱਖਿਆ ਸ਼ਾਸਤਰੀ ਆਦਿ ਗੁਣਾਂ ਦਾ ਬਹੁ-ਰੰਗਾਂ ਗੁਲਦਸਤਾ ਸੀ । ਸੰਸਾਰ ਦੇ ਧਰਮੀ ਲੋਕਾਂ ਵਿੱਚ ਆਪ ਰੌਸ਼ਨ ਮੀਨਾਰ ਵਜੋਂ ਜਾਣੇ ਜਾਂਦੇ ਸਨ । ਇਨ੍ਹਾਂ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਗੁਜਰਾਂਵਾਲਾ ਦੇ ਪਿੰਡ ਬਲੋਵਾਲੀ ਵਿੱਚ ਸ। ਰੁਲੀਆ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਦਾ ਕੌਰ ਦੀ ਕੁੱਖ ਤੋਂ ਹੋਇਆ । ਸੰਤ ਤੇਜਾ ਸਿੰਘ ਦਾ ਬਚਪਨ ਦਾ ਨਾਂਅ ਨਿਰੰਜਨ ਸਿੰਘ ਸੀ । 20 ਵਰੇ੍ਹ ਦੀ ਭਰ ਜਵਾਨੀ ਦੀ ਉਮਰ ਵਿੱਚ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਪਾਸੋਂ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਕੇ ਤੇਜਾ ਸਿੰਘ ਦਾ ਨਾਂਅ ਪ੍ਰਾਪਤ ਕੀਤਾ । ਆਪਣੇ ਪਿੰਡ ਦੇ ਨੇੜਲੇ ਪਿੰਡ ਫ਼ਾਜ਼ਲਾ ਤੋਂ ਸਕੂਲੀ ਵਿਦਿਆ ਹਾਸਲ ਕੀਤੀ । ਪਿੱਛੋਂ ਲਾਹੌਰ ਗੌਰਮਿੰਟ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਇਥੋਂ ਹੀ ਐੱਮ।ਏ। (ਅੰਗ੍ਰੇਜ਼ੀ) ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ । ਇਥੋਂ ਹੀ ਲਾਅ ਦੀ ਡਿਗਰੀ ਵੀ ਪ੍ਰਾਪਤ ਕੀਤੀ ।
ਹੁਣ ਜਦੋਂ ਕਾਲਜ ਦੀ ਸਿੱਖਿਆ ਪੂਰੀ ਹੋ ਚੁੱਕੀ ਸੀ ਤਾਂ ਆਪ ਪਿੰਡ ਭੇਰਾ ਦੇ ਐਂਗਲੋ ਸੰਸਕ੍ਰਿਤ ਹਾਈ ਸਕੂਲ ਦੇ ਪਿੰ੍ਰਸੀਪਲ ਨਿਯੁਕਤ ਹੋਏ । ਇਸ ਸਕੂਲ ਵਿੱਚ ਥੋੜ੍ਹਾ ਸਮਾਂ ਸੇਵਾਵਾਂ ਨਿਭਾਉਣ ਤੋਂ ਛੇਤੀ ਪਿੱਛੋਂ ਆਪ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਾਈਸ-ਪਿੰ੍ਰਸੀਪਲ ਬਣ ਗਏ । ਹੁਣ 1906 ਈ: ਵਿੱਚ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੀ ਦੂਰ-ਦ੍ਰਿਸ਼ਟੀ ਨਾਲ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਨ ਤੋਂ ਬਾਅਦ ਇਨ੍ਹਾਂ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਉਚੇਰੀ ਵਿਦਿਆ ਲਈ ਵਿਦੇਸ਼ ਭੇਜਿਆ । ਇਨ੍ਹਾਂ ਸਭ ਤੋਂ ਪਹਿਲਾਂ ਯੂਨੀਵਰਸਿਟੀ ਕਾਲਜ ਲੰਡਨ (ਇੰਗਲੈਂਡ) ਵਿਖੇ ਦਾਖਲਾ ਪ੍ਰਾਪਤ ਕੀਤਾ । ਇਸ ਤੋਂ ਬਾਅਦ ਬਹੁਤ ਛੇਤੀ ਪੜ੍ਹਾਈ ਵਿੱਚਕਾਰ ਛੱਡ ਕੇ ਟੀਚਰਜ਼ ਕਾਲਜ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਵਿਖੇ ਜਾ ਦਾਖਲ ਹੋਏ । ਇਥੇ ਪੜ੍ਹਦਿਆਂ ਆਪ ਨੇ ਹਾਵਰਡ ਯੂਨੀਵਰਸਿਟੀ ਵਿਖੇ ਮਾਈਗ੍ਰੇਸ਼ਨ ਕਰਵਾ ਲਈ ।
1911 ਈ: ਵਿੱਚ ਪੜ੍ਹਾਈ ਤੋਂ ਵਿਹਲੇ ਹੋ ਕੇ ਅਮਰੀਕਾ, ਕਨੇਡਾ ਵਰਗੇ ਦੇਸ਼ਾਂ ਵਿੱਚ ਸਿੱਖ ਧਰਮ ਬਾਰੇ ਦੁਨੀਆਂ ਦੇ ਦੂਜੇ ਧਰਮਾਂ ਦੇ ਮੁਖੀਆਂ ਦੇ ਸਨਮੁੱਖ ਵਿਸ਼ੇਸ਼ ਵਿਖਿਆਨ ਦਿੱਤੇ । ਦੂਜੀਆਂ ਕੌਮਾਂ ਨੂੰ ਸਿੱਖ ਧਰਮ ਦੀ ਵਿਲੱਖਣਤਾ, ਸਿਧਾਂਤਾਂ, ਸਿੱਖ ਇਤਿਹਾਸ ਅਤੇ ਗੁਰਬਾਣੀ ਸਬੰਧੀ ਵਿਦਵਤਾ ਭਰਪੂਰ ਸਿਧਾਂਤਕ ਵਿਚਾਰ ਦੇ ਕੇ ਪ੍ਰਭਾਵਿਤ ਕੀਤਾ । ਲੰਡਨ ਵਿਖੇ ਪਹਿਲਾਂ ਗੁਰੂ ਘਰ ਸ਼ੈਫਰਡ-ਬੱੁਸ਼ ਅਤੇ ਕਨੇਡਾ ਵਿਖੇ ਖ਼ਾਲਸਾ ਦੀਵਾਨ ਸੁਸਾਇਟੀ ਬਣਾ ਕੇ ਸਿੱਖ ਧਰਮ ਦੇ ਪ੍ਰਚਾਰ ਦਾ ਅਗਾਜ਼ ਕੀਤਾ । ਹੁਣ ਅੰਗ੍ਰੇਜ਼ ਹਕੂਮਤ ਜੋ ਸਿੱਖਾਂ ਨੂੰ ਕੇਵਲ ਜੁਝਾਰੂ ਹੀ ਸਮਝਦੀ ਸੀ, ਉਨ੍ਹਾਂ ਜਾਣ ਲਿਆ ਸਿੱਖ ਦੁਨੀਆਂ ਦੇ ਇਤਿਹਾਸ ਵਿੱਚ ਇਕ ਵੱਖਰੀ ਪਹਿਚਾਣ ਬਣਾ ਕੇ ਆਪਣੀ ਵਿਲੱਖਣਤਾ ਦੇ ਝੰਡੇ ਵੀ ਗੱਡਣ ਦੇ ਸਮਰੱਥ ਹਨ । ਇਸ ਤੋਂ ਪਿੱਛੋਂ ਮਸਤੂਆਣਾ ਆ ਕੇ ਮੁੜ ਧਾਰਮਿਕ ਸੇਵਾਵਾਂ ਵਿੱਚ ਜੁੱਟ ਗਏ । ਥੋੜ੍ਹਾ ਸਮਾਂ ਭਦੌੜ ਦੇ ਲੜਕੀਆਂ ਦੇ ਕਾਲਜ ਵਿੱਚ ਵੀ ਡਿਊਟੀ ਨਿਭਾਈ । 1920 ਈ: ਵਿੱਚ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਟੀਚਰਜ਼ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ । ਇਸ ਤੋਂ ਇਕ ਸਾਲ ਬਾਅਦ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਹੁਕਮ ਮੁਤਾਬਿਕ ਮਸਤੂਆਣਾ ਵਿਖੇ ਅਕਾਲ ਡਿਗਰੀ ਕਾਲਜ ਦੀ ਸਥਾਪਨਾ ਕੀਤੀ ।
ਵਿਦਵਾਨ ਹਸਤੀ ਸੰਤ ਤੇਜਾ ਸਿੰਘ ਮਸਤੂਆਣਾ ਦਾ ਜੀਵਨ ਸੇਵਾ, ਸਿਮਰਨ, ਤਪ-ਤਿਆਗ ਅਤੇ ਸਿੱਖ ਮਿਸ਼ਨਰੀ ਦਾ ਇਕ ਉੱਤਮ ਨਮੂਨਾ ਸੀ । ਉਨ੍ਹਾਂ ਨੇ ਜੀਵਨ ਵਿੱਚ ਵਿਸ਼ਵ ਪੱਧਰ ਦੀਆਂ ਕਾਨਫਰੰਸਾਂ, ਸੈਮੀਨਾਰਾਂ ਅਤੇ ਗੋਸ਼ਟੀਆਂ ਵਿੱਚ ਜਾ ਕੇ ਸਿੱਖਾਂ ਦੀ ਵਿਦਵਤਾ ਅਤੇ ਸਵੈ-ਪਹਿਚਾਣ ਦਾ ਪ੍ਰਗਟਾਵਾ ਕੀਤਾ । ਦੂਜੇ ਧਰਮਾਂ ਦੇ ਲੋਕਾਂ ਨੇ ਸਿੱਖ ਧਰਮ ਮਾਨਵਤਾ ਦੀ ਸੇਵਾ ਦੇ ਸਿਧਾਂਤ, ਸਿੱਖਾਂ ਦੇ ਇਤਿਹਾਸ ਨੂੰ ਜਾਨਣ ਦੀ ਉਤਸੁਕਤਾ ਤੇ ਜਗਿਆਸਾ ਲਈ ਭਰਪੂਰ ਹੁੰਗਾਰਾ ਦਿੱਤਾ । ਜਿਸ ਸਦਕਾ ਅੱਜ ਸਿੱਖ ਧਰਮ ਸਰਬ-ਵਿਆਪੀ ਪਹਿਚਾਣ ਬਣਾ ਚੁੱਕਾ ਹੈ ।
ਸੰਤ ਬਾਬਾ ਤੇਜਾ ਸਿੰਘ ਮਸਤੂਆਣਾ ਨੇ ਇਕ ਵਡੇਰਾ ਕਾਰਜ ਕਰਦਿਆਂ ਜੀਵਨ ਕਥਾ ਗੁਰਮੁੱਖ ਪਿਆਰੇ ਸੰਤ ਅਤਰ ਸਿੰਘ ਮਸਤੂਆਣਾ ਪੁਸਤਕ ਰੂਪ ਵਿੱਚ ਪਾਠਕਾਂ ਨੂੰ ਭੇਟ ਕੀਤੀ । ਇਹ ਪੁਸਤਕ ਇਨ੍ਹਾਂ ਦੇ ਅਕਾਲ ਚਲਾਣੇ ਦੇ ਪਿੱਛੋਂ ਭਾਵ 1970 ਤੋਂ ਬਾਅਦ ਪ੍ਰਕਾਸ਼ਿਤ ਕੀਤੀ ਗਈ । ਸੰਤ ਬਾਬਾ ਤੇਜਾ ਸਿੰਘ ਮਸਤੂਆਣਾ 5 ਜੁਲਾਈ, 1965 ਈ: ਨੂੰ ਪਿੰਡ ਚੀਮਾ ਵਿਖੇ ਗੁਰਪੁਰੀ ਪਿਆਨਾ ਕਰ ਗਏ । ਸਿੱਖ ਕੌਮ ਨੂੰ ਸੰਸਾਰ ਦੀਆਂ ਦੂਜੀਆਂ ਕੌਮਾਂ ਦੇ ਹਾਣ ਦਾ ਬਣਾਉਣ ਲਈ ਮੁੱਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਦਾ ਟੀਚਾ ਮਿੱਥ ਕੇ ਆਪਣਾ ਸਮੁੱਚਾ ਜੀਵਨ ਸਫਤ ਤਹਿ ਕੀਤਾ । ਸੰਤ ਬਾਬਾ ਤੇਜਾ ਸਿੰਘ ਮਸਤੂਆਣਾ ਦੇ ਕਦਮ ਚਿੰਨ੍ਹਾਂ &lsquoਤੇ ਚੱਲਦਿਆਂ ਸਿੱਖਿਆ ਦੇ ਖੇਤਰ ਵਿੱਚ ਮੂਹਰੀ ਦਰਜਾ ਪ੍ਰਾਪਤ ਕਰਨ ਲਈ ਸਚਖੰਡ ਵਾਸੀ ਸੰਤ ਇਕਬਾਲ ਸਿੰਘ ਬੜੂ ਸਾਹਿਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਚਖੰਡ ਵਾਸੀ ਗੁਰਮੁਖ ਪਿਆਰੇ ਡਾ: ਖੇਮ ਸਿੰਘ ਗਿੱਲ ਵੀ ਆਪਣਾ ਜੀਵਨ ਲੇਖੇ ਲਾ ਚੁੱਕੇ ਹਨ । ਅੱਜ ਤੋਂ ਇਸੇ ਮੰਜ਼ਿਲ ਨੂੰ ਸਰ ਕਰਨ ਲਈ ਦੇਸ਼ ਭਰ ਵਿੱਚ ਚੱਲ ਰਹੀਆਂ ਅਕਾਲ ਅਕਾਡਮੀਆਂ ਅਤੇ ਉਚੇਰੀ ਸਿੱਖਿਆ ਲਈ ਦੋ ਯੂਨੀਵਰਸਿਟੀਆਂ ਟਰੱਸਟ ਦੀ ਅਗਵਾਈ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ । ਇਸ ਮਹਾਨ ਹਸਤੀ ਨੂੰ ਸਾਡਾ ਪ੍ਰਣਾਮ ।
-ਭਗਵਾਨ ਸਿੰਘ ਜੌਹਲ