ਪਹਿਲਗਾਮ ਕਾਂਡ
ਜੇਕਰ ਭਾਰਤ - ਪਾਕਿ ਜੰਗ ਛਿੜਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਦੋਵਾਂ ਪੰਜਾਬਾਂ ਦਾ ਹੋਵੇਗਾ ।ਵਾਰ ਵਾਰ ਨਹੀਂ ਬਲਕਿ ਹਰ ਵਾਰ ਪੰਜਾਬ ਨੂੰ ਹੀ ਬਲਦੀ ਦੇ ਬੂਥੇ ਵਿਚ ਸੁੱਟਿਆ ਜਾਂਦਾ ਹੈ । 22 ਅਪਰੈਲ ਨੂੰ ਪਹਿਲਗਾਮ ਵਿਖੇ ਵਾਪਰੀ ਦੁੱਖਦ ਘਟਨਾ ਤੇਂ ਬਾਅਦ ਇਸ ਵਾਰ ਇਕ ਵਾਰ ਫੇਰ ਪੰਜਾਬ ਨੂੰ ਕੇਂਦਰ ਸਰਕਾਰ ਨੇ ਬਿਨਾਂ ਕਿਸੋ ਸੋਚ ਵਿਚਾਰ ਕੀਤਿਆਂ ਨਿਸ਼ਾਨੇ ਉੱਤੇ ਲਿਆ ਹੈ। ਵਾਹਗਾ ਸਰਹੱਦ ਸੀਲ ਕਰਕੇ ਇਕ ਵਾਰ ਫੇਰ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਘਟਨਾ ਮੁਲਕ ਵਿਚ ਕਿਧਰੇ ਵੀ ਵਾਪਰੇ, ਉਸ ਵਾਸਤੇ ਜਿੰਮੇਵਾਰ ਹਮੇਸ਼ਾ ਵਾਂਗ ਪਾਕਿਸਤਾਨ ਹੀ ਹੋਵੇਗਾ ਤੇ ਖਮਿਆਜਾ ਪੰਜਾਬੀਆਂ ਨੂੰ ਭੁਗਤਣਾ ਪਵੇਗਾ । ਜੇਕਰ ਮੇਰੀ ਇਹ ਉਕਤ ਗੱਲ ਤੂਹਾਨੂੰ ਗਲਤ ਲਗਦੀ ਹੈ ਤਾਂ ਫਿਰ ਮੈਨੂੰ ਇਹ ਪੁੱਛਣ ਦਾ ਹੱਕ ਹੈ ਕਿ ਭਾਰਤ ਦੇ ਪਾਕਿਸਤਾਨ ਨਾਲ ਲਗਦੇ ਹੋਰ ਬਾਰਡਰ ਬੰਦ ਕਿਓਂ ਨਹੀਂ ਕੀਤੇ ਜਾਂਦੇ ? ਗੁਜਰਾਤ, ਰਾਜਸਥਾਨ, ਜੰਮੂ ਕਸ਼ਮੀਰ ਤੇ ਬੰਬੇ ਤੋਂ ਵਪਾਰ ਲਗਾਤਾਰ ਚੱਲ ਰਿਹਾ  ਹੈ, ਉਹ ਕਿਓਂ ਨਹੀਂ ਬੰਦ ਕੀਤਾ ਜਾਂਦੇ । ਸਿਰਫ ਪੰਜਾਬ ਦਾ ਬਾਰਡਰ ਹੀ ਸੀਲ ਕਿਓਂ ਕੀਤਾ ਜਾ ਰਿਹਾ ਹੈ?
  ਅਗਲੀ ਗੱਲ ਇਹ ਹੈ ਕਿ ਪੰਜਾਬ ਦੀ ਸਰਹੱਦ ਬੰਦ ਕਰਨ ਪਿਛੇ ਕਿਹੜੀ ਥਿਊਰੀ ਕੰਮ ਕਰਦੀ ਹੈ ? ਕੀ ਇਸ ਤਰਾਂ ਕਰਨ ਨਾਲ ਮੁਲਕ ਵਿਚ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਡੱਕਾ ਲੱਗ ਜਾਏਗਾ ? ਅੱਤਵਾਦੀ ਘਟਨਾਵਾਂ ਬੰਦ ਹੋ ਜਾਣਗੀਆਂ ਜਾਂ ਫਿਰ ਮੁਲਕ ਨੂੰ  ਹੋਰ ਕੋਈ ਵੱਡਾ ਲਾਭ ਹੋਵੇਗਾ । ਦਰਅਸਲ ਅੱਤਵਾਦ ਨੂੰ ਕਾਬੁ ਕਰਨ ਦਾ ਨਾ ਹੀ ਇਹ ਕੋਈ ਵਧੀਆ ਉਪਾਅ ਹੈ ਤੇ ਨਾ ਹੀ ਤਰੀਕਾ । ਮੈਂ ਇਹ ਨਹੀਂ ਕਹਿੰਦਾ ਕਿ ਮਾੜੇ ਅਨਸਰ ਪਾਕਿਸਤਾਨ ਚ ਨਹੀਂ ਹਨ ਤੇ ਨਾ ਹੀ ਉਥੋਂ ਵਾਰਦਾਤਾਂ ਕਰਨ ਵਾਸਤੇ ਏਧਰ ਭਾਰਤ ਵਿਚ ਆ ਰਹੇ ਹਨ, ਬਲਕਿ ਇਹ ਜਰੂਰ ਮੰਨਦਾ ਹਾਂ ਕਿ ਮਾੜੇ ਅਨਸਰ ਦੋਵੀਂ ਪਾਸੀਂ ਹੋਣਗੇ, ਪਰ ਕਿਸੇ ਘਟਨਾ ਦੇ ਵਾਪਰਨ ਤੋਂ ਤੁਰੰਤ ਬਾਅਦ ਬਿਨਾ ਕਿਸੇ ਜਾਚ ਪੜਤਾਲ, ਬਿਨਾ ਕਿਸੇ ਸਬੂਤ, ਤਟ ਫਟ ਹੀ ਗੁਆਂਢੀ ਮੁਲਕ ਵੱਲ ਉਂਗਲ ਸਿੱਧੀ ਕਰ ਦੇਣੀ ਕਿਥੋਂ ਕੁ ਤੱਕ ਤਰਕ ਸੰਗਤ ਹੈ ? ਕੀ ਇਸ ਤਰਾਂ ਕਰਨ ਨਾਲ ਮਸਲੇ ਦੇ ਹੱਲ ਦੀ ਬਜਾਏ ਤਲਖੀ ਹੋਰ ਨਹੀਂ ਵਧੇਗੀ ? ਇਸ ਤਰਾਂ ਬਿਨਾਂ ਕਿਸੇ ਅਧਾਰ ਦੇ ਗੁਆਂਢੀ &lsquoਤੇ ਦੋਸ਼ ਲਗਾਉਣ ਨਾਲ ਨਾ ਹੀ ਅੱਤਵਾਦ ਖਤਮ ਹੋਵੇਗਾ ਤੇ ਨਾ ਹੀ ਦੋਵਾਂ ਮੁਲਕਾਂ ਵਿਚਕਾਰ ਕਦੇ ਸਾਜਗਾਰ ਮਾਹੌਲ ਪੈਦਾ ਹੋਣ ਦੀਆਂ ਸੰਭਾਵਨਾਵਾਂ ਹੀ ਪੈਦਾ ਹੋ ਸਕਣਗੀਆ ।
  ਅਸੀਂ ਦੇਖਦੇ ਹਾਂ ਕਿ ਜਦੋ ਜਦੋ ਦੋਵਾਂ ਮੁਲਕਾਂ ਦੇ ਸਬੰਧ ਸਾਵੇਂ ਸੁਖਾਵੇਂ ਹੋਣ ਲਗਦੇ
ਹਨ, ਉਦੋਂ ਹੀ ਭਾਰਤ ਵਿਚ ਕੋਈ ਦੁੱਖਦ ਘਟਨਾ ਵਰਤ ਜਾਂਦੀ ਹੈ ਜਿਸ ਦੇ ਵਾਸਤੇ ਇਕੋ ਰਿਮੋਟ ਵਾਲਾ ਦੋਸ਼ ਵਰਤਿਆ ਜਾਂਦਾ ਹੈ ਕਿ ਇਸ ਕਾਂਡ ਵਾਸਤੇ ਪਾਕਿਸਤਾਨ ਦੋਸ਼ੀ ਹੈ, ਗੈਰ ਸਮਾਜੀ ਤੱਤ ਸਰਹੱਦ ਪਾਰੋਂ ਆਏ ਤੇ ਭਾਣਾ ਵਰਤਾ ਕੇ ਸਹੀ ਸਲਾਮਤ ਵਾਪਿਸ ਚਲੇ ਗਏ । ਕਿੱਡੀ ਬੇਹੂਦਾ ਗੱਲ ਹੈ ਕਿ ਬਿਨਾਂ ਕਿਸੇ ਸਬੂਤ  ਗੁਆਂਢੀ ਮੁਲਕ ਤੇ ਉਸ ਦੇ ਸ਼ਹਿਰੀਆਂ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ । ਏਹੀ ਕੁੱਝ 1984 ਦੇ ਨਵੰਬਰ ਕਤਲੇਆਮ ਵੇਲੇ ਵੀ ਹੋਇਆ ਸੀ, ਇੰਦਰਾਗਾਂਧੀ ਨੂੰ ਮਾਰਨ ਵਾਲੇ ਉਸ ਦੇ ਬਾਡੀਗਾਰਡ ਸਨ ਪਰ ਟਾਰਗਟ ਮੁਲਕ ਭਰ
ਦੇ ਸਿੱਖਾਂ ਨੂੰ ਬਣਾਇਆ ਗਿਆ  ਸੀ । ਭਾਰਤ ਸਰਕਾਰ ਦੀ ਇਸ ਨੀਤੀ ਨਾਲ  ਨਾ ਹੀ ਅੱਤਵਾਦ ਖਤਮ ਹੋਵੇਗਾ ਤੇ ਨਾ ਹੀ ਦੁਖਦ ਘਟਨਾਵਾਂ ।
  ਹੋਣਾ ਇਹ ਚਾਹੀਦਾ ਹੈ ਕਿ ਕਿਸੇ ਉਤੇ ਦੋਸ਼ ਲਗਾਉਣ ਤੋਂ ਪਹਿਲਾਂ ਜਾਂ ਕਿਸੇ ਵੱਲ ਉੰਗਲ ਸੇਧਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟੀ ਫੇਰੀ ਜਾਵੇ, ਆਪ ਜਿੰਮੇਵਾਰੀ ਚੁੱਕਦਿਆਂ ਹੋਇਆਂ ਮੌਕੇ ਦੀ ਸਰਕਾਰ ਆਪਣੀਆਂ ਕਮਜੋਰੀਆਂ  ਦਾ ਲੇਖਾ ਜੋਖਾ ਕਰੇ, ਪਹਿਲਗਾਮ ਵਰਗੀਆਂ ਕਿੰਨੀਆਂ ਘਟਨਾਵਾਂ ਹੁਣ ਤੱਕ ਵਾਪਰੀਆਂ ਹਨ, ਸਭਨਾ ਵਿਚ ਪਾਕਿਸਤਾਨ ਨੂੰ ਦੋਸ਼ੀ ਠਹਿਰਾ
ਕੇ ਆਪਣੇ ਆਪ ਨੂੰ ਸੁਰਖਰੂ ਕਰਨ ਅਤੇ ਆਪਣੀ ਕੁਰਸੀ ਦੀਆਂ ਚਾਰ ਪਾਈਆਂ ਸੁਰੱਖਿਅਤ ਰੱਖਣ ਦੀ ਨੀਤੀ ਵਿਚੋਂ ਇਹ ਗੱਲ਼ ਹੀ ਸਾਹਮਣੇ ਆਉੰਦੀ ਹੈ ਕਿ ਇਹ ਸਭ ਘਟਨਾਵਾਂ ਭਾਰਤੀ ਰਾਜਨੀਤੀ ਦੁਆਰਾ ਸਿਆਸੀ ਫਾਇਦਾ ਲੈਣ ਵਾਸਤੇ ਕਥਿਤ ਰੂਪ ਵਿਚ ਬੜੇ ਹੀ ਸੁਨਿਯੋਜਿਤ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਬਦਨਾਮ ਸਿਰਫ ਪਾਕਿਸਤਾਨ ਨੂੰ ਕੀਤਾ ਜਾ ਰਿਹਾ ਹੈ ਤਾਂ ਕਿ ਭਾਰਤ ਦੇ ਹਿੰਦੂ ਵੋਟਰਾਂ ਦੇ ਮਨਾਂ ਚ ਪਾਕਿਸਤਾਨ ਪ੍ਰਤੀ ਨਫਰਤ ਪਰਚੰਡ ਕਰਕੇ ਭਾਰਤੀ ਹਿੰਦੂ ਵੋਟ ਦਾ ਸਮੀਕਰਣ ਆਪਣੇ ਹੱਕ ਵਿਚ ਕਰਕੇ ਭਰਪੂਰ ਲਾਹਾ ਲਿਆ ਜਾ ਸਕੇ ਤੇ ਸੱਤਾ ਦਾ ਸੁੱਖ ਲੰਮੇ ਸਮੇਂ ਵਾਸਤੇ ਭੋਗਿਆ ਜਾ ਸਕੇ ।
  ਦੂਜੇ ਲਫਜਾਂ ਵਿਚ ਇੰਜ ਵੀ ਕਹਿ ਸਕਦੇ ਹਾਂ ਕਿ ਭਾਰਤ ਵਿਚ ਬੇਗੁਨਾਹ ਲੋਕਾਂ ਦੀਆਂ
ਲਾਸ਼ਾਂ ਦੇ ਸੱਥਰ ਵਿਛਾ ਕੇ ਕੀਤੀ ਜਾਣ ਵਾਲੀ ਇਹ ਰਾਜਨੀਤੀ ਪਿਛਲੇ ਡੇਢ ਕੁ ਦਹਾਕੇ ਤੋਂ ਬਹੁਤ ਜੋਰ ਸ਼ੋਰ ਨਾਲ  ਕੀਤੀ ਜਾ ਰਹੀ ਹੈ । ਗੋਦੀ ਮੀਡੀਆ ਜਾਂ ਕਹਿ ਲਓ ਕਿ ਸਰਕਾਰੀ ਪਿਠੂ ਮੀਡੀਆ ਇਸ ਤਰਾਂ ਦੀ ਰਾਜਨੀਤੀ ਦੇ ਹੱਕ ਵਿਚ ਪਰਚਾਰ ਕਰਕੇ, ਅਸਲੀਅਤ ਤੋਂ ਮੁਨਕਰ ਹੋ ਕੇ, ਤੱਥਾਂ ਨੂੰ ਤੋੜ ਮਰੋੜ ਕੇ ਨਿਰਾ ਕੂੜ ਪੇਸ਼ ਕਰਦਾ ਹੋਇਆ ਅੱਗ &lsquoਤੇ ਘਿਓ ਪਾਉਣ ਦਾ ਕੰਮ ਕਰ ਰਿਹਾ ਹੈ ਤੇ ਈ ਵੀ ਐਮ ਸੱਤਾਧਾਰੀ ਪਾਰਟੀ ਦੀ ਸੁਰੱਖਿਆ ਛਤਰੀ ਬਣੀ ਹੋਈ ਹੈ ।
  ਅੱਜ ਬਾਰਾਂ ਦਿਨ ਦਾ ਸਮਾਂ ਹੋ ਗਿਆ ਹੈ, ਅਜੇ ਤੱਕ ਦੋਸ਼ੀਆਂ ਦਾ ਕੋਈ ਉਘ ਸੁੱਘ ਤੱਕ ਵੀ ਨਹੀਂ ਮਿਲਿਆ, ਗੋਦੀ ਮੀਡੀਆ ਅੱਗ ਉਗਲ ਰਿਹਾ ਹੈ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਸਤੀਫਾ ਦੇਣ ਦੀ ਬਜਾਏ ਕੁਰਸੀਆਂ ਨਾਲ ਚਿੰਬੜੇ ਹੋਏ ਹੋਏ ਹਨ, ਦੋਵੇਂ ਮੁਲਕਾਂ ਦੀਆਂ ਫੌਜਾਂ ਅਕਾਰਨੋ ਹੀ ਆਹਮੋ ਸਾਹਮਣੇ ਹਨ, ਦੋਹਾਂ ਮੁਲਕਾਂ ਦੇ ਆਮ ਸ਼ਹਿਰੀਆਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ, ਇਸ ਤੋਂ ਵੀ ਹੋਰ ਅੱਗੇ ਦੇਸ਼ ਦਾ ਪ੍ਰਧਾਨ ਮੰਤਰੀ, ਘਟਨਾ ਦੀ ਖਬਰ ਸੁਣਦਿਆਂ ਹੀ ਆਪਣਾ ਸਾਉਦੀ ਅਰੇਬੀਆ ਦਾ ਦੌਰਾ ਅੱਧ ਵਿਚਕਾਰ ਛੱਡ ਦੇਸ਼ ਵਾਪਸ ਤਾਂ ਜਰੂਰ ਪਰਤ ਆਉਂਦਾ ਹੈ, ਪਰ ਸਿੱਧਾ ਪਹਿਲਗਾਮ ਜਾਣ ਦੀ ਬਜਾਏ ਦਿੱਲੀ ਹਵਾਈ ਅੱਡੇ ਉੱਤੇ ਇਕ ਸੰਕਟਕਾਲੀਨ ਮੀਟਿੰਗ ਦਾ ਨਾਟਕ ਰਚਕੇ ਬਿਹਾਰ ਵਿਖੇ ਆਪਣੀ ਪਾਰਟੀ ਦੀ ਰੈਲੀ ਵਿਚ ਹਿੱਸਾ ਲੈਣ ਪਹੁੰਚ ਜਾਂਦਾ ਹੈ, ਜਿਸ ਤੋਂ ਪਤਾ ਸਾਫ ਲਗਦਾ ਹੈ ਕਿ ਇਹਨਾਂ ਲੋਕਾਂ ਵਾਸਤੇ ਆਪਣੇ
ਦੇਸ਼ ਦੇ ਸ਼ਹਿਰੀਆਂ ਦੀ ਜਾਨ ਦੀ ਇਕ ਕੌਡੀ ਵੀ ਕੀਮਤ ਨਹੀ,  ਇਹਨਾਂ ਨੂੰ ਤਾਂ ਸਿਰਫ
ਆਪਣੀ ਕੁਰਸੀ ਦੇ ਪਾਵੇ ਮਜਬੂਤ ਕਰਨ ਦੀ ਹੀ  ਫਿਕਰ ਹੈ ।
  ਮੁਲਕ ਤਬਾਹੀ ਦੇ ਦਹਾਨੇ &lsquoਤੇ ਖੜ੍ਹਾ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਫਲਾਇਟ ਮੋਡ ਉੱਤੇ ਲੱਗਾ ਹੋਇਆ ਹੈ । ਮੁਲਕ ਵਿਚ ਹਰ ਪਾਸੇ ਬੇਰੁਜਗਾਰੀ ਤੇ ਮਹਿੰਗਾਈ ਨਾਲ ਤਰਾਹੀ ਤਰਾਹੀ ਮਚੀ ਹੋਈ ਹੈ, ਉਸ ਨੂੰ ਨੱਥ ਪਾਉਣ ਦੀ ਬਜਾਏ, ਲੋਕਾਂ ਵਿਚ ਮਜ੍ਹਬੀ ਨਫਰਤ ਭਰਕੇ, ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ । ਇਸ ਤਰਾਂ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ
ਤੋਂ ਭਟਕਾ ਕੇ ਆਪਣੀ ਰਾਜਨੀਤੀ ਤੇ ਸੱਤਾ ਦੋਨੇਂ ਸੁਰੱਖਿਅਤ ਕੀਤੇ ਜਾ ਰਹੇ ਹਨ, ਇਹ
ਜਾਣਦੇ ਹੋਏ ਵੀ ਕਿ ਇਹ ਇਕ ਬਹੁਤ ਮਾਰੂ ਨੀਤੀ ਹੈ, ਪਰ ਕੀਤਾ ਕੀ ਜਾਵੇ, ਕੁੱਤੇ ਨੂੰ
ਹੱਡੀ ਦਾ ਸੁਆਦ ਅਤੇ ਨੇਤਾ ਨੂੰ ਕੁਰਸੀ ਦਾ ਚੱਸ ਇਕ ਵਾਰ ਪੈ ਜਾਵੇ ਤਾਂ ਉਹ ਇਸ ਨੂੰ
ਬਣਾਈ ਰੱਖਣ ਵਾਸਤੇ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ । ਸੱਚ ਪੁੱਛੋ ਤਾਂ, ਨੇਤਾ ਲੋਕ ਇਸ ਮਾਮਲੇ ਵਿਚ ਕੁੱਤੇ ਨਾਲੋਂ ਕਈ ਦਰਜੇ ਅੱਗੇ ਨਿਕਲ ਜਾਂਦੇ ਹਨ।
  ਭਾਰਤ ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ  ਇਸ ਵੇਲੇ ਭਾਰੀ ਤਨਾਅ ਹੈ, ਫੌਜੀ ਮਸ਼ਕਾਂ ਹੋ ਰਹੀਆਂ ਹਨ, ਜੰਗੀ ਜਹਾਜਾਂ ਦਾ ਤੇਲ ਪਾਣੀ ਚੈੱਕ ਕੀਤਾ ਜਾ ਰਿਹਾ ਹੈ, ਤੋਪਾਂ ਤੇ ਟੈਕਾੰ ਨੂੰ ਗਰੀਸ ਕੀਤੀ ਜਾ ਰਹੀ ਹੈ, ਮਿਜਾਇਲਾਂ ਦੀ ਮਿੱਟੀ ਝਾੜੀ ਜਾ ਰਹੀ ਹੈ, ਪਰ ਇਸ ਸਭ ਕਾਸੇ ਦੀ ਕੋਈ ਖਾਸ ਵਜ੍ਹਾ ਅਜੇ ਤੱਕ ਨਾ ਹੀ ਭਾਰਤ ਤੇ ਨਾ ਹੀ ਪਾਕਿਸਤਾਨੀ ਸ਼ਹਿਰੀਆਂ ਨੂੰ ਸਮਝ ਆ ਰਹੀ ਹੈ ।
  ਜਾਪਦਾ ਇੰਜ ਹੈ ਕਿ ਪਹਿਲਗਾਮ ਦੀ ਘਟਨਾ ਤਾਂ ਇਕ ਬਹਾਨਾ ਹੈ, ਅਸਲ ਵਜਹਾ ਤਾਂ ਇਸ ਸਭ ਕਾਸੇ ਪਿੱਛੇ ਕੋਈ ਹੋਰ ਹੀ ਹੈ। ਪਰ ਇਹ ਕੰਧ ਉਤੇ ਲਿਖੀ ਇਬਾਰਤ ਹੈ ਕਿ 1947 - 48, 1965 ਤੇ 1971 ਵਿਚ ਭਾਰਤ - ਪਾਕਿਸਤਾਨ ਵਿਚਕਾਰ ਹੋਈਆਂ ਯੁੱਧਾਂ  ਦਾ ਸਭ ਤੋਂ ਮਾਰੂ ਅਸਰ ਚਾਹੇ ਉਹ ਜਾਨੀ ਹੋਵੇ ਜਾਂ ਮਾਲੀ, ਚੜ੍ਹਦੇ ਤੇ ਲਹਿੰਦੇ ਪੰਜਾਬਾਂ ਉੱਤੇ ਹੀ ਹੋਇਆ । ਹੁਣ ਫੇਰ ਦੋਹੀਂ ਪਾਸੀ ਜੰਗ ਦੇ ਬੱਦਲ ਛਾਏ ਹੋਏ ਹਨ , ਇਸ ਸਬੰਧੀ ਲੰਗਰ ਲੰਗੇਟੇ ਕੱਸੇ ਜਾ ਰਹੇ ਹਨ, ਦੋਵੇਂ ਪਾਸਿਆਂ ਦੀਆਂ ਫੌਜਾਂ ਦਾ ਜਮਾਵੜਾ ਸਰਹੱਦ ਦੇ ਆਰ ਪਾਰ ਵਧਦਾ ਜਾ  ਰਿਹਾ ਹੈ। ਇਸ ਭਿਆਨਕ ਮੰਜਿਰ ਨੂੰ ਦੇਖਦੇ ਹੋਏ ਭਾਰਤੀ ਫੌਜ ਦੇ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ, ਜੰਗ ਕਿਸੇ ਮਸਲੇ ਦਾ ਹੱਲ
ਨਹੀਂ, ਜੇਕਰ ਜੰਗ ਹੁੰਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਵੇਗਾ  ।
  ਸੋ ਇਸ ਨਾਜ਼ੁਕ ਮੌਕੇ ਤੇ ਸੋਚਣਾ ਬਣਦਾ ਹੈ ਕਿ ਕੀ ਦੋਵੇਂ ਦੇਸ਼ ਆਪਸੀ ਮਸਲੇ ਜੰਗ ਤੋਂ ਬਿਨਾ ਨਹੀਂ ਨਜਿੱਠ ਸਕਦੇ ? ਕੀ ਜੰਗ ਸ਼ੁਰੂ ਕਰਕੇ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਬਲੀ
ਦਾ ਬੱਕਰਾ ਬਣਾਉਣਾ ਜਰੂਰੀ ਹੈ ? ਰੂਸ ਅਤੇ ਯੁਕਰੇਨ ਵਿਚਕਾਰ ਲੱਗੀ ਜੰਗ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾ ਹੋ ਗਿਆ ਹੈ,
ਪਰ ਅਜੇ ਵੀ ਉਸ ਜੰਗ ਦਾ ਅੰਤ ਕਿਧਰੇ ਨਜਰੀ ਨਹੀਂ ਆ ਰਿਹਾ । ਜੰਗ ਛੇੜਨੀ ਕੋਈ ਔਖਾ ਕੰਮ ਨਹੀਂ, 
ਪਰ ਬਾਅਦ ਵਿਚ ਇਸ ਨੂੰ ਸਮਾਪਤ ਕਰਕੇ ਪ੍ਰਭਾਵਤ ਖਿੱਤੇ ਵਿਚ ਸ਼ਾਂਤੀ ਸਥਾਪਤ ਕਰਨਾ ਤੇ ਮੁੜ ਤੋਂ ਆਮ ਜਨਜੀਵਨ ਦੀ ਬਹਾਲੀ ਕਰਨਾ ਬਹੁਤ ਔਖਾ ਕਾਰਜ ਹੁੰਦਾ ਹੈ, ਅਫਗਾਨਿਸਤਾਨ ਸਾਡੇ ਸਾਹਮਣੇ ਵੱਡੀ ਉਦਾਹਰਣ ਹੈ, ਜੰਗ ਬੰਦ ਹੋ ਚੁੱਕੀ ਨੂੰ ਵੀ ਕਈ ਸਾਲ ਹੋ ਗਏ ਹਨ, ਪਰ ਉਥੇ ਅੱਜ ਵੀ ਸਭ ਖੰਡਰ ਮੰਡਰ ਹੈ ਤੇ ਆਉਂਦੇ ਕਈ ਦਹਾਕਿਆਂ ਤੱਕ ਅਜਿਹਾ ਹੀ ਰਹੇਗਾ । ਕਹਿਣ ਦਾ ਭਾਵ ਇਹ ਕਿ ਜੰਗ ਚੰਦਰੀ ਹੁੰਦੀ ਹੈ, ਕਲਾ ਕਲੰਦਰ ਬੇਸ਼ੱਕ ਘਰਾਂ ਚ ਵਸੇ ਤੇ ਬੇਸ਼ੱਕ ਦੋ ਮੁਲਕਾਂ ਵਿਚਕਾਰ, ਇਸ ਦਾ ਦੂਜਾ ਨਾਮ ਵਿਨਾਸ਼ ਹੈ ।
  ਭਾਰਤ - ਪਾਕਿਸਤਾਨ ਦੇ ਹਾਲਾਤ ਇਸ ਵੇਲੇ ਬਹੁਤ ਹੀ ਨਾਜੁਕ ਮੋੜ ਤੇ ਹਨ, ਦੋਹਾਂ ਦੇਸਾਂ ਵਿਚਲਾ ਤਨਾਅ ਕਦੇ ਵੀ ਧਮਾਕਾਖੇਜ ਹੋ ਸਕਦਾ ਹੈ । ਇਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਦੋਵੇਂ ਦੇਸ਼ ਦੁਨੀਆਂ ਦੇ ਵੱਡੇ ਦੇਸਾਂ ਨੂੰ ਆਪੋ ਆਪਣੇ ਹੱਕ ਵਿਚ ਸਮਰਥਨ ਲੈਣ ਵਾਸਤੇ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ, ਪਰ ਅਜਿਹੇ ਵਿਚ ਅਮਰੀਕਾ, ਰੂਸ ਤੇ ਯੂਨਾਈਟਿੱਡ ਕਿੰਗਡਮ ਵਰਗੇ ਮੁਲਕਾਂ ਦੇ ਮੁੱਖ ਨੁਮਾਇੰਦੇ ਜੇਕਰ, ਪਹਿਲਗਾਮ ਕਾਂਡ ਦੀ ਨਿੰਦਾ ਕਰਦਿਆਂ ਇਹ ਬਿਆਨ ਦਿੰਦੇ ਹਨ ਕਿ ਪਹਿਲਗਾਮ ਕਾਂਡ ਇਕ ਬਹੁਤ ਵੱਡਾ ਗੈਰ ਮਨੁੱਖੀ ਕਾਂਡ ਹੈ ਤੇ ਘੋਰ ਨਿੰਦਾ ਜਨਕ ਹੈ ਤੇ ਇਹ ਕਾਰਾ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਫੜਕੇ ਮਿਸਾਲੀ ਸਜਾ ਦੇਣੀ ਚਾਹੀਦੀ ਹੈ ਤਾਂ ਕਿ ਮੁੜ ਤੋਂ ਇਸ ਤਰਾਂ ਦੀ ਵਾਰਦਾਤ ਦੁਬਾਰਾ ਨਾ ਵਾਪਰ ਸਕੇ ਤੇ ਇਸ ਵਾਸਤੇ ਉਕਤ ਸਭ ਮੁਲਕ ਭਾਰਤ ਦੀ ਹਰ ਸੰਭਵ ਮੱਦਦ ਕਰਨ ਨੂੰ ਤਿਆਰ ਹਨ ਤਾਂ ਇਹਨਾ ਉਕਤ ਮੁਲਕਾਂ ਦੇ ਨੁਮਾਇਂਦਿਆਂ ਦਾ ਇਹ ਬਿਆਨ ਪਾਕਿਸਤਾਨ ਵਿਰੁੱਧ ਕਦਾਚਿਤ ਵੀ ਨਹੀਂ, ਬਲ ਕਿ ਉਕਤ ਬਿਆਨ ਨੂੰ ਨੀਝ ਨਾਲ ਵਿਚਾਰਨ ਤੇ ਇਹ ਸ਼ਪੱਸ਼ਟ ਹੁੰਦਾ ਹੈ ਕਿ ਉਕਤ ਬਿਆਨ ਅੱਤਵਾਦ ਜਾਂ ਗੈਰ ਸਮਾਜੀ ਅਨਸਰਾਂ ਦੇ ਵਿਰੁੱਧ ਹੈ ਜਿਸ ਦਾ ਮਤਲਬ ਕਦੇ ਵੀ ਪਾਕਿਸਤਾਨ ਨਹੀਂ ਕਿਉਕਿ ਅਪਰਾਧੀ ਅਨਸਰਾਂ ਦਾ ਨਾ ਹੀ ਕੋਈ ਧਰਮ ਹੁੰਦਾ ਹੈ, ਨਾ ਹੀ ਕੋਈ ਮੁਲਕ ਤੇ ਨਾ ਹੀ ਉਹਨਾਂ ਦਾ ਕੋਈ ਸਕਾ ਸੁਹੇਲਾ ਹੁੰਦਾ ਹੈ । ਉ੍ਹਨਾਂ ਦਾ ਮਕਸਦ ਸਮਾਜ ਵਿਚ ਆਪਣੇ ਅਣਮਨੁੱਖੀ ਵਰਤਾਰੇ ਨਾਲ ਅਸਥਿਰਤਾ, ਡਰ ਤੇ ਸਹਿਮ ਪੈਦਾ ਕਰਨਾ ਹੁੰਦਾ ਹੈ ਤੇ ਜਾਂ ਫਿਰ ਰਾਜਨੀਤਕ ਸਮੀਕਰਨਾਂ ਵਿਚ ਫੇਰਬਦਲ ਕਰਨ ਵਾਸਤੇ ਇਸ ਤਰਾਂ ਦੇ ਕਾਰੇ ਰਾਜਨੀਤਕ ਮੰਤਵਾਂ ਦੀ ਪੂਰਤੀ ਵਾਸਤੇ ਵੀ ਕੀਤੇ ਜਾਂਦੇ ਹਨ ।
  ਮੁਕਦੀ ਗੱਲ ਇਹ ਕਿ ਕਿ ਬਿਨਾ ਕਿਸੇ ਜਾਂਚ ਪੜਤਾਲ ਕਿਸੇ ਉੱਤੇ ਉਂਗਲ ਧਰਕੇ, ਉਸ ਨੂੰ ਦੋਸ਼ੀ ਠਹਿਰਾਉਣਾ, ਫਿਰ ਫੌਜੀ ਕਾਰਵਾਈ ਕਰਨ ਦੀ ਧਮਕੀ ਦੇਣੀ ਤੇ ਖਿੱਤੇ ਵਿਚ ਤਨਾਅ ਦਾ ਮਾਹੌਲ ਪੈਦਾ ਕਰਕੇ ਆਮ ਲੋਕਾਂ ਦਾ ਜੀਵਨ ਦੁੱਭਰ ਕਰਨਾ ਪੂਰੀ ਤਰਾਂ ਗੈਰ ਕਾਨੂੰਨੀ ਵਰਤਾਰਾ ਹੈ ਜੋ ਕਿ ਆਮ ਤੌਰ ਤੇ ਭਾਰਤ ਦੇ ਰਾਜਨੀਤਕ ਲੋਕਾਂ ਵਲੋਂ ਕਥਿਤ ਰੂਪ ਵਿਚ ਸੱਤਾ ਪਰਾਪਤੀ ਜਾਂ ਫਿਰ ਸੱਤਾ ਉੱਤੇ ਕਾਬਜ ਰਹਿਣ ਵਾਸਤੇ ਕੀਤਾ ਜਾਂਦਾ ਹੈ ।
  ਇਹ ਇਕ ਬਹੁਤ ਹੀ ਮਾਰੂ ਰੂਝਾਨ ਹੈ । ਇਸ ਮਾਰੂ ਰੂਝਾਨ ਦੀ ਰੋਕਥਾਮ ਵਾਸਤੇ ਲੋਕਾਂ ਨੂੰ ਬਿਨਾ ਦੇਰੀ ਅਵਾਜ ਉਠਾਉਣੀ ਚਾਹੀਦੀ ਹੈ । ਇਸ ਦੇ ਨਾਲ ਹੀ ਇਹ ਵੀ ਦਰਜ ਕਰਨਾ ਚਾਹੁੰਦਾ ਹਾਂ ਕਿ ਸਰਹੱਦਾਂ ਬੰਦ ਕਰਨੀਆਂ, ਪਾਣੀਆਂ ਦੇ ਸਮਝੌਤੇ ਰੱਦ ਕਰਨੇ, ਏਅਰ ਸਪੇਸ &lsquoਤੇ ਪਾਬੰਧੀਆਂ ਲਾਉਣੀਆਂ, ਹਾਈ ਕਮਿਸ਼ਨ ਸਟਾਫ ਵਿਚ ਕਟੌਤੀ ਕਰਨੀ ਆਦਿ ਦਾ ਸਿੱਧਾ ਅਰਥ ਹੈ
ਕਿ ਦੋਹਾਂ ਦੇਸ਼ਾਂ ਦੇ ਸ਼ਹਿਰੀਆਂ ਦੀ ਮੁਸ਼ਕਲਾਾਂ ਵਿਚ ਅੰਤਾਂ ਦਾ ਵਾਧਾ ਕਰਨਾ ।
  ਇਹਨਾਂ ਉਕਤ  ਪਾਬੰਦੀਆਂ ਦਾ ਅੱਤਵਾਦ ਨੂੰ ਕਾਬੂ ਕਰਨ ਨਾਲ ਬਿਲਕੁਲ ਵੀ ਕੋਈ ਵਾਹ ਵਾਸਤਾ ਨਹੀਂ । ਕੁੱਲ  ਮਿਲਾਕੇ ਕਿਹਾ ਜਾ ਸਕਦਾ ਹੈ ਕਿ ਭਾਰਤ ਸਰਕਾਰ ਪਹਿਲਗਾਮ ਘਟਨਾ ਨੂੰ ਰਫੂ ਕਰਨ ਲਈ ਕਾਹਲ ਵਿਚ ਜੋ ਫੈਸਲੇ ਇਹਨਾਂ ਦਿਨਾਂ ਵਿਚ ਲੈ ਰਹੀ ਹਨ, ਉਹਨਾਂ ਵਿਚੋਂ ਬਹੁਤੇ ਕਿਸੇ ਤਰਾਂ ਵੀ ਤਰਕ ਸੰਗਤ ਨਹੀਂ ਹਨ । ਹੋ ਸਕਦਾ ਹੈ ਕਿ ਪਹਿਲਗਾਮ ਕਾਂਡ ਦੇ ਅੱਤਵਾਦੀ ਪਾਕਿਸਤਾਨ ਤੋਂ ਆਏ ਹੋਣ ਤੇ ਕਾਂਡ ਕਰਨ ਤੋਂ ਬਾਅਦ ਸਹੀ ਸਲਾਮਤ ਵਾਪਿਸ ਵੀ ਚਲੇ ਗਏ ਹੋਣ, ਪਰ ਇਸ ਹਾਲਤ ਵਿਚ ਵੀ ਕੋਈ ਦੋਸ਼ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਲਗਾਇਆ
ਜਾਣਾ ਬਣਦਾ ਹੈ । ਜੰਗ ਦੇ ਹਾਲਾਤ ਉਸ ਸੂਰਤ ਚ ਪੈਦਾ ਹੋ ਸਕਦੇ ਹਨ ਜੇਕਰ ਸਬੂਤਾਂ ਦੇ ਆਧਾਰ ਤੇ ਸਬੰਧਿਤ ਧਿਰ ਸਾਥ ਨਹੀਂ ਦਿੰਦੀ, ਨਿਰਾ ਧੌਂਸ ਦੇ ਜੋਰ ਆਪਣੀ ਮਰਜੀ ਨਾਲ ਦੂਸਰੀ ਧਿਰ ਤੋਂ ਕੁੱਝ ਵੀ ਨਹੀਂ ਕਰਵਾਇਆ/ ਮਨਵਾਇਆ ਜਾ ਸਕਦਾ । ਇਹ ਗੱਲ ਵੀ ਇਸ ਵਾਰ ਪੱਕੀ ਹੈ ਕਿ ਜੇਕਰ ਦੋਹਾਂ ਮੁਲਕਾਂ ਵਿਚਕਾਰ ਜੰਗ ਛਿੜਦੀ ਹੈ, ਬਿਨਾ ਸ਼ੱਕ ਦੋਹਾਂ ਮੁਲਕਾਂ ਦਾ ਇਸ ਵਾਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ, ਪਰ ਅਸਲ ਮਾਰ ਦੋਵਾਂ ਪੰਜਾਬਾਂ &lsquoਤੇ ਪਵੇਗੀ ਤੇ ਇਸ ਖਿੱਤੇ ਵਿਚ ਸਭ ਕੋਂ ਵੱਧ ਨੁਕਸਾਨ ਹੋਣ ਦਾ ਭਾਰੀ ਖਦਸ਼ਾ ਹੈ ।
ਪੋ੍: ਸ਼ਿੰਗਾਰਾ ਸਿੰਘ ਢਿਲੌਂ