ਹਰਿਮੰਦਰ ਸਾਹਿਬ ’ਚ 54 ਸਾਲਾਂ ਬਾਅਦ ਰਾਤ ਵੇਲੇ ਬੰਦ ਹੋਈਆਂ ਲਾਈਟਾਂ
ਅੰਮ੍ਰਿਤਸਰ- ਸੰਨ 1971 ਵਿੱਚ ਹੋਈ ਜੰਗ ਮਗਰੋਂ ਲਗਪਗ 54 ਸਾਲਾਂ ਬਾਅਦ ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੈਂਪਸ ਦੀਆਂ ਲਾਈਟਾਂ ਬੰਦ ਕੀਤੀਆਂ ਗਈਆਂ। ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਬੀਤੀ ਰਾਤ ਸ਼ਹਿਰ ਵਿੱਚ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਸੀ ਅਤੇ ਇਸ ਦੌਰਾਨ ਸ਼ਹਿਰ ਵਿੱਚ ਸਾਰੀਆਂ ਲਾਈਟਾਂ ਬੰਦ ਕੀਤੀਆਂ ਗਈਆਂ ਸਨ। ਇਸੇ ਤਹਿਤ ਹਰਿਮੰਦਰ ਸਾਹਿਬ ਕੈਂਪਸ ਵਿੱਚ ਵੀ ਕੁਝ ਸਮੇਂ ਲਈ ਲਾਈਟਾਂ ਬੰਦ ਕੀਤੀਆਂ ਗਈਆਂ। ਰਾਤ ਲਗਪਗ 10.30 ਤੋਂ 11 ਵਜੇ ਤੱਕ ਲਾਈਟਾਂ ਬੰਦ ਰੱਖ ਕੇ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਸੀ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਪਰਿਕਰਮਾ ਵਿੱਚ ਅਤੇ ਆਲੇ-ਦੁਆਲੇ ਦੀਆਂ ਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ। ਸ਼੍ੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਬੀਤੀ ਰਾਤ ਹਰਿਮੰਦਰ ਸਾਹਿਬ ਕੈਂਪਸ ਵਿੱਚ ਵੀ ਨਿਰਧਾਰਿਤ ਸਮੇਂ ਵਾਸਤੇ ਲਾਈਟਾਂ ਬੰਦ ਰੱਖੀਆਂ ਗਈਆਂ ਅਤੇ ਬਲੈਕਆਊਟ ਦੇ ਅਭਿਆਸ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੱਚਖੰਡ ਵਿੱਚ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉੱਥੇ ਲਾਈਟਾਂ ਨੂੰ ਮੱਧਮ ਕਰ ਦਿੱਤਾ ਗਿਆ ਸੀ ਜਦੋਂਕਿ ਪਰਿਕਰਮਾ ਵਿੱਚ ਲਾਈਟਾਂ ਬੰਦ ਕਰ ਦਿੱਤੀਆਂ ਸਨ। ਇਸ ਦੌਰਾਨ ਜਿਨ੍ਹਾਂ ਥਾਵਾਂ &rsquoਤੇ ਅਖੰਡ ਪਾਠ ਚੱਲ ਰਹੇ ਸਨ, ਉੱਥੇ ਬਾਹਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਇਸੇ ਤਰ੍ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਵੀ ਰਾਤ ਨੂੰ ਬਲੈਕ ਆਊਟ ਸਮੇਂ ਲਾਈਟਾਂ ਬੰਦ ਰੱਖੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹਰਿਮੰਦਰ ਸਾਹਿਬ ਵਿੱਚ ਰਾਤ ਵੇਲੇ ਕਦੇ ਵੀ ਲਾਈਟਾਂ ਬੰਦ ਨਹੀਂ ਹੋਈਆਂ ਹਨ। ਰਾਤ ਵੇਲੇ ਇੱਥੇ ਲਾਈਟਾਂ ਦੀ ਜਗਮਗ ਸਦਕਾ ਇਸ ਅਸਥਾਨ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ।