ਅਸੀਂ ਜੰਗ ਲਈ ਤਿਆਰ ਹਾਂ : ਬਾਬਾ ਬਲਬੀਰ ਸਿੰਘ
 ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੀ ਜੰਗ ਲਈ ਤਿਆਰ ਬਰ ਤਿਆਰ ਹਨ: ਬਾਬਾ ਬਲਬੀਰ ਸਿੰਘ 96 ਕਰੋੜੀ ਤਲਵੰਡੀ ਸਾਬੋ : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਦੇ 12ਵੇਂ ਮੁਖੀ ਬਾਬਾ ਚੇਤ ਸਿੰਘ ਅਤੇ 13ਵੇਂ ਮੁਖੀ ਮਰਹੂਮ ਬਾਬਾ ਸੰਤਾ ਸਿੰਘ ਦੀ ਕ੍ਰਮਵਾਰ 57ਵੀਂ ਤੇ 17ਵੀਂ ਬਰਸੀ ਨੂੰ ਸਮਰਪਿਤ ਸਮਾਗਮ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ ਜੋ ਅੱਜ ਭਲੀ ਭਾਂਤ ਸੰਪੂਰਨ ਹੋ ਗਏ ਹਨ। ਬਰਸੀ ਸਮਾਗਮਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸੰਤ ਬਾਬਾ ਸੁਲੱਖਣ ਸਿੰਘ ਪੰਜਵੜ, ਬਾਬਾ ਜੋਗਾ ਸਿੰਘ ਕਰਨਾਲ ਵਾਲਿਆ ਤੋਂ ਇਲਾਵਾ ਸਿੱਖ ਪੰਥ ਦੀਆਂ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਤਾਦਾਦ ਵਿੱਚ ਸਮੂਲੀਅਤ ਕਰਦਿਆਂ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਰਸੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ ਬੁੱਢਾ ਦਲ, ਬਾਬਾ ਜਗਜੀਤ ਸਿੰਘ ਮਾਨਸਾ ਅਤੇ ਬਾਬਾ ਮਨਮੋਹਨ ਸਿੰਘ ਬਾਰਨਵਾਲਿਆ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪੰਥ ਪ੍ਰਸਿੱਧ ਸ਼੍ਰੋਮਣੀ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਸੰਗਤਾਂ ਨੂੰ ਬੀਰ ਰਸ ਵਾਰਾਂ ਤੇ ਗਾਇਨ ਕਰ ਗੁਰ-ਇਤਿਹਾਸ ਨਾਲ ਜੋੜਿਆ।