ਗਰੀਨ ਕਾਰਡ ਹੋਲਡਰਜ਼ ਨੂੰ ਟਰੰਪ ਸਰਕਾਰ ਦੀ ਨਵੀਂ ਚਿਤਾਵਨੀ
ਵਾਸ਼ਿੰਗਟਨ : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਗਰੀਨ ਕਾਰਡ ਹੋਲਡਰਜ਼ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਉਹ ਮੁਲਕ ਵਿਚ ਮਹਿਮਾਨ ਵਾਂਗ ਰਹਿਣ ਅਤੇ ਸਥਾਨਕ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ। ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਕਿਹਾ ਕਿ ਗਰੀਨ ਕਾਰਡ ਸਿਰਫ਼ ਉਨ੍ਹਾਂ ਲੋਕਾਂ ਵਾਸਤੇ ਹਨ ਜੋ ਮੁਲਕ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਉਣ, ਜਿਹੜੇ ਲੋਕ ਸਾਡੇ ਕਾਨੂੰਨ ਅਤੇ ਕਦਰਾਂ ਕੀਮਤਾਂ ਦਾ ਸਤਿਕਾਰ ਨਹੀਂ ਕਰਦੇ, ਉਨ੍ਹਾਂ ਨੂੰ ਇਥੇ ਰਹਿਣ ਦਾ ਕੋਈ ਹੱਕ ਨਹੀਂ।  ਅਮਰੀਕਾ ਨੂੰ ਸੁਰੱਖਿਅਤ ਰੱਖਣ ਵਾਸਤੇ ਚੌਕਸੀ ਬੇਹੱਦ ਜ਼ਰੂਰੀ ਹੈ ਅਤੇ ਚੰਗਾ ਹੋਵੇਗਾ ਜੇ ਤੁਸੀਂ ਵਿਵਾਦਾਂ ਤੋਂ ਦੂਰ ਰਹੋ। ਇਥੇ ਦਸਣਾ ਬਣਦਾ ਹੈ ਕਿ ਟਰੰਪ ਸਰਕਾਰ ਅਮਰੀਕਾ ਵਿਚ &lsquoਕੈਚ ਐਂਡ ਰੀਵੋਕ&rsquo ਨੀਤੀ ਲਾਗੂ ਕਰ ਚੁੱਕੀ ਹੈ ਅਤੇ ਇਸ ਅਧੀਨ ਗਰੀਨ ਕਾਰਡ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਮੌਜੂਦ ਕੋਈ ਵੀ ਸ਼ਖਸ ਜੋ ਇਥੋਂ ਦਾ ਨਾਗਰਿਕ ਨਹੀਂ, ਉਸ ਨੂੰ ਕਾਨੂੰਨ ਤੋੜਨ ਦੀ ਸਖ਼ਤ ਸਜ਼ਾ ਮਿਲੇਗੀ ਅਤੇ ਇੰਮੀਗ੍ਰੇਸ਼ਨ ਸਟੇਟਸ ਰੱਦ ਕਰ ਦਿਤਾ ਜਾਵੇਗਾ। ਦੱਸ ਦੇਈਏ ਕਿ ਅਤੀਤ ਵਿਚ ਗਰੀਨ ਕਾਰਡ ਰੱਦ ਹੋਣ &rsquoਤੇ ਅਦਾਲਤ ਵਿਚ ਚੁਣੌਤੀ ਦਿਤੀ ਜਾ ਸਕਦੀ ਸੀ ਪਰ ਹੁਣ ਅਜਿਹਾ ਕੋਈ ਰਾਹ ਖੁੱਲ੍ਹਾ ਨਹੀਂ ਰੱਖਿਆ ਗਿਆ।