ਭਾਰਤ-ਪਾਕਿ ਜੰਗਬੰਦੀ ਨੇ ਹੋਰ ਕਈ ਨਵੇਂ ਉਲਝਵੇਂ ਸਵਾਲ ਖੜ੍ਹੇ ਕੀਤੇ
ਭਾਰਤ-ਪਾਕਿ ਜੰਗ ਹਾਲ ਦੀ ਘੜੀ ਸਮਾਪਤ ਹੋਈ, ਦੋਵੇ ਦੇਸ਼ ਜਿੱਤ ਗਏ| ਸ਼ੁਭ ਸੰਕੇਤ ਨਿਰਦੋਸ਼ ਜਿੰਦਗੀਆਂ ਦਾ ਨੁਕਸਾਨ ਹੋਣੋ ਬਚਿਆ, ਪਰ ਪਹਿਲਗਾਮ ਦੇ ਦੋਸ਼ੀ ਨਹੀਂ ਮਿਲੇ ਤੇ ਨਾ ਹੀ ਉਹਨਾਂ ਦੀ ਖੋਜ ਪੜਤਾਲ ਦੀ ਰਿਪੋਰਟ ਅਜੇ ਤਿਆਰ ਹੋਈ ਹੈ| ਪੁਲਵਾਮਾ ਤੇ ਓੜੀ ਵਾਂਗ ਅਜੇ ਵੀ ਇਸ ਕਾਂਡ ਬਾਰੇ ਸਿਵਾਏ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣ ਦੇ ਭਾਰਤ ਸਰਕਾਰ ਦੇ ਹੱਥ ਠਣ ਠਣ ਗੋਪਾਲ ਹੈ| ਉੁਂਜ ਇਹ ਜੰਗ ਬੇਸ਼ੱਕ ਚਾਰ ਦਿਨ ਦੀ ਬਜਾਏ ਚਾਰ ਸਾਲ ਲੱਗੀ ਰਹਿੰਦੀ, ਜਿੱਤ ਹਾਰ ਦਾ ਫੈਸਲਾ ਤਦ ਵੀ ਨਹੀਂ ਸੀ ਹੋਣਾ|
ਹੈਰਾਨੀ ਇਸ ਗੱਲ ਦੀ ਹੈ ਕਿ ਚਾਚਾ ਟਰੰਪ, ਪਹਿਲਾਂ ਬਿਆਨ ਦਿੰਦਾ ਹੈ ਕਿ ਭਾਰਤ-ਪਾਕ ਜੰਗ ਨਾਲ ਉਸ ਦਾ ਕੋਈ ਵੀ ਲਾਗਾ ਦੇਗਾ ਨਹੀਂ, ਇਹਨਾਂ ਦੋਹਾਂ ਮੁਲਕਾਂ ਦੇ ਮਾਮਲੇ ਵਿਚ ਉਹ ਬਿਲਕੁਲ ਵੀ ਦਖਲ ਨਹੀਂ ਦੇਵੇਗਾ, ਪਰ ਚੌਵੀ ਘੰਟੇ ਦੇ ਅੰਦਰ ਅੰਦਰ ਹੀ ਚਾਚਾ ਟਰੰਪ ਯੂ ਟਰਨ ਮਾਰਕੇ ਨਵੀਂ ਸਟੇਟਮੈਂਟ ਨਾਲ ਟਵਿੱਟਰ ਹੈਂਡਲ ਤੇ ਭਾਰਤ-ਪਾਕ ਜੰਗਬੰਦੀ ਦਾ ਸਾਰਾ ਸਿਹਰਾ ਹੀ ਆਪਣੇ ਸਿਰ ਬੰਨ੍ਹਦਾ ਹੋਇਆ ਦੋਹਾਂ ਮੁਲਕਾਂ ਨੂੰ ਵਧਾਈ ਦਿੰਦਾ ਨਜਰ ਆ ਰਿਹਾ ਹੁੰਦਾ ਹੈ|
ਅਗਲੀ ਗੱਲ ਇਹ ਕਿ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਇਕੀਂਵੀ ਸਦੀ ਵਿਚ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਿਉਂਕਿ ਹੁਣ ਇਹ ਡਾਂਗਾਂ ਸੋਟਿਆਂ ਦੀ ਲੜਾਈ ਨਾ ਹੋ ਕੇ ਆਧੁਨਿਕ ਤਕਨੀਕ ਨਾਲ ਲੈਸ ਹਵਾਈ ਹਥਿਆਰਾਂ ਦੀ ਲੜਾਈ ਬਣ ਚੁੱਕੀ ਹੈ, ਇਕ ਜਗਾ ਬੈਠਿਆਂ ਹੀ ਰਿਮੋਟ ਨਿਸ਼ਾਨਾ ਫਿਕਸ ਕਰਕੇ ਮਿਜਾਇਲ ਤੇ ਡਰੋਨ ਦਾਗੇ ਜਾ ਸਕਦੇ ਹਨ, ਪਰ ਫਿਰ ਵੀ ਬਿਨਾ ਕਿਸੇ ਡੂੰਘੀ ਸੋਚ ਵਿਚਾਰ ਦੇ ਇਹ ਜੰਗ ਸ਼ੁਰੂ ਕੀਤੀ ਗਈ ਤੇ ਚਾਰ ਦਿਨਾਂ ਦੇ ਅੰਦਰ ਹੀ ਕਿਸੇ ਤੀਜੀ ਧਿਰ ਦੇ ਰਾਹੀਂ ਇਸ ਜੰਗ ਨੂੰ ਬੰਦ ਕਰਨ ਵਾਸਤੇ ਮਜਬੂਰ ਹੋਣਾ ਪਿਆ|
ਡੋਨਾਲਡ ਟਰੰਪ ਦੁਆਰਾ ਭਾਰਤ-ਪਾਕਿ ਜੰਗ ਨੂੰ ਟਵਿੱਟਰ ਹੈਂਡਲ ਰਾਹੀਂ ਬੰਦ ਕਰਨ ਦੇ ਐਲਾਨ ਨਾਲ ਭਾਰਤ ਦੇ ਸਿਆਸੀ ਗਲਿਆਰਿਆਂ ਤੇ ਆਮ ਲੋਕਾਂ ਵਿਚ ਹੁਣ ਇਕ ਨਵੀਂ ਚਰਚਾ ਛਿੜ ਗਈ ਹੈ ਕਿ ਟਰੰਪ ਕੌਣ ਹੁੰਦਾ ਹੈ, ਦੋ ਗੁਆਂਢੀ ਮੁਲਕਾਂ ਦੀ ਲੜਾਈ ਨੂੰ ਬੰਦ ਕਰਨ ਦਾ ਐਲਾਨ ਕਰਨ ਵਾਲਾ?
ਭਾਰਤ ਤੇ ਪਾਕਿਸਤਾਨ ਦੇ ਮਾਮਲਿਆਂ ਵਿਚ ਉਸ ਨੇ ਕਿਸ ਹੈਸੀਅਤ ਵਿਚ ਦਖਲ ਦਿੱਤਾ ਤੇ ਇਹ ਟਵਿੱਟਰ ਫੁਰਮਾਨ ਜਾਰੀ ਕੀਤਾ? ਰਾਹੁਲ ਗਾਂਧੀ ਤੇ ਸਮੁੱਚੀ ਵਿਰੋਧੀ ਧਿਰ ਨੇ ਇਸ ਸਬੰਧ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਪਸ਼ਟੀਕਰਨ ਦੇਣ ਵਾਸਤੇ ਲੋਕ ਸਭਾ ਦਾ ਵਿਸ਼ੇਸ਼ ਸਮਾਗਮ ਬੁਲਾਉਣ ਦੀ ਮੰਗ ਰੱਖ ਦਿੱਤੀ ਹੈ|
ਪਹਿਲਗਾਮ ਵਿਚ 22 ਅਪਰੈਲ ਨੂੰ 26 ਲੋਕ ਮਾਰੇ ਗਏ, ਉਹਨਾਂ ਨੂੰ ਮਾਰਨ ਵਾਲੇ ਕੋਣ ਸਨ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਵਾਸਤੇ ਸਰਕਾਰ ਨੇ ਉਹਨਾਂ ਦੀ ਹੁਣ ਤੱਕ ਕੀ ਸਹਾਇਤਾ ਕੀਤੀ ਹੈ? ਕੀ ਇਸ ਚਾਰ ਦਿਨਾਂ ਦੀ ਜੰਗ ਨਾਲ ਹੁਣ ਇਹ ਮਸਲਾ ਬਿਨਾ ਕਿਸੇ ਅੱਤਵਾਦੀ ਨੂੰ ਫੜਿਆਂ ਹੀ ਸੁਲ਼ਝ ਗਿਆ? ਇਸ ਗੱਲ ਦੀ ਕੀ ਗਰੰਟੀ ਹੈ ਕਿ ਭਵਿੱਖ ਵਿਚ ਇਸ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਹੁਣ ਦੇਸ਼ ਵਿਚ ਨਹੀਂ ਵਾਪਰਨਗੀਆਂ?
ਲਾਂਘੇ ਬੰਦ ਕਰਕੇ, ਵੀਜੇ ਰੱਦ ਕਰਕੇ, ਸਿੰਧ ਦਰਿਆ ਦੇ ਪਾਣੀ ਵਾਲੀ ਸੰਧੀ ਰੱਦ ਕਰਕੇ ਅਸਲ ਕਿਹਨਾਂ ਲੋਕਾਂ ਦਾ ਨੁਕਸਾਨ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ ? ਦੋਹਾਂ ਮੁਲਕਾਂ ਦੇ ਆਮ ਅਵਾਮ ਨੂੰ ਬਲਦੀ ਦੇ ਬੂਥੇ ਵਿਚ ਕਿਓਂ ਝੋਕਿਆ ਜਾ ਰਿਹਾ ਹੈ ? ਗਰਮੀ ਦੀ ਵਰ੍ਹਦੀ ਅੱਗ ਵਿਚ ਬੰਬਾਂ ਮਿਜਾਇਲਾਂ ਨਾਲ ਅੱਗ ਵਰਸਾ ਕੇ, ਮਾਵਾਂ ਦੇ ਸੋਹਣੇ ਪੁੱਤ ਮਰਵਾ ਕੇ , ਕਿਹੜੇ ਅਮਨ ਤੇ ਸ਼ਾਂਤੀ ਦੀ ਆਸ ਰੱਖੀ ਜਾ ਸਕਦੀ ਹੈ ? ਇਸ ਸਵਾਲ ਦਾ ਉੱਤਰ ਭਾਰਤ ਸਰਕਾਰ ਨੂੰ ਹੁਣ ਦੇਣਾ ਹੀ ਪਵੇਗਾ|
ਇਸ ਸਮੇਂ ਭਾਰਤੀ ਲੋਕਾਂ ਦੇ ਮਨਾਂ ਵਿਚ ਕੇਂਦਰ ਦੀ ਭਾਜਪਾ ਸਰਕਾਰ ਬਾਰੇ ਹੋਰ ਵੀ ਬਹੁਤ ਸਾਰੇ ਸਵਾਲ ਹਨ| ਇਹ ਉਹ ਸਵਾਲ ਹਨ ਜਿਹਨਾਂ ਤੋਂ ਭਾਜਪਾ ਕਿਸੇ ਨਾ ਕਿਸੇ ਤਰਾਂ ਦੇਸ਼ ਦੇ ਲੋਕਾਂ ਦਾ ਧਿਆਨ, ਹੋਰ ਮੁੱਦੇ ਵੱਲ ਭਟਕਾ ਕੇ, ਹਮੇਸ਼ਾ ਹੀ ਬਚਦੀ ਰਹੀ ਹੈ| 
ਦੇਸ਼ ਵਿਚ ਮਹਿੰਗਾਈ ਅਸਮਾਨ &rsquoਤੇ ਹੈ, ਬੇਰੁਜਗਾਰੀ ਦੀ ਇੰਤਹਾ ਹੈ, ਦੇਸ਼ ਦੀ ਅਰਥ ਵਿਵਸਥਾ ਬੁਰੀ ਤਰਾਂ ਚਰਮਰਾ ਚੁੱਕੀ ਹੈ, ਭਾਰਤ ਚਾਰੇ ਪਾਸਿਓਂ ਵਿਰੋਧੀਆਂ ਨਾਲ ਘਿਰਿਆ ਹੋਇਆ ਹੈ, ਚੀਨ, ਨੇਪਾਲ, ਬੰਗਲਾ ਦੇਸ਼, ਸ੍ਰੀ ਲੰਕਾ ਤੇ ਪਾਕਿਸਤਾਨ ਆਦਿ ਮੁਲਕਾਂ ਨਾਲ ਇਸ ਦੇ ਸਬੰਧ ਤਲਖ ਹਨ|
ਇਸ ਤਰਾਂ ਦੇ ਹਾਲਾਤਾਂ ਵਿਚ ਮੁਲਕ ਨੂੰ ਗੁਆਂਢੀ ਮੁਲਕ ਨਾਲ ਲੜਾਈ ਕਰਨ ਦੀ ਬਜਾਏ ਆਪਣੇ ਮੁਲਕ ਦੇ ਅੰਦਰੂਨੀ ਹਾਲਾਤਾਂ ਨੂੰ ਮਜਬੂਤ ਤੇ ਸਥਿਰ ਕਰਨ ਵੱਲ ਧਿਆਨ ਦੇਣਾ ਚਾਹੀਦਾ ਸੀ, ਪਰ ਹੋ ਸਭ ਕੁੱਝ ਉਲਟ ਪੁਲਟ ਹੀ ਰਿਹਾ ਹੈ, ਦੂਜੇ ਸ਼ਬਦਾਂ ਵਿਚ ਆਪਣੀਆਂ ਗਲਤੀਆਂ ਤੇ ਕਮੀਆਂ ਪੇਸ਼ੀਆਂ ਦਾ ਠੀਕਰਾ ਕਿਸੇ ਹੋਰ ਸਿਰ ਭੰਨਕੇ ਉਸ ਉਤੇ ਹਮਲਾ ਕਰਕੇ ਆਪਣੇ ਦੇਸ਼ ਦੇ ਲੋਕਾਂ ਦਾ ਧਿਆਨ ਭਟਕਾਉਣਾ, ਉਹਨਾਂ ਨੂੰ ਉੱਲੂ ਬਣਾਉਣਾ, ਇਕ ਦੋ ਵਾਰ ਤਾਂ ਚੱਲ ਸਕਦਾ ਹੈ, ਪਰ ਵਾਰ ਵਾਰ ਓਹੀ ਢੰਗ ਤਰੀਕਾ ਵਰਤਣਾ ਬਹੁਤਾ ਸਮਾਂ ਕਾਮਯਾਬ ਨਹੀਂ ਰਹਿੰਦਾ, ਕਾਠ ਦੀ ਹਾਂਡੀ ਵਾਰ ਵਾਰ ਨਹੀਂ ਰਿੱਝਦੀ| ਇਸ ਵਕਤ ਦੇਸ਼ ਦੀ ਜਨਤਾ ਜਾਗ ਚੁੱਕੀ ਹੈ ਤੇ ਜਨਤਾ ਨੂੰ ਪਤਾ ਲੱਗ ਚੁੱਕਾ ਹੈ ਕਿ ਵਾਰ ਵਾਰ ਇਹ ਅੱਤਵਾਦੀ ਕਾਂਡ ਅਸਲ ਵਿਚ ਕੌਣ ਕਰਵਾ ਰਿਹਾ ਹੈ ?
ਪਹਿਲਗਾਮ ਵਿਖੇ ਵਾਪਰੀ ਮੰਦਭਾਗੀ ਘਟਨਾ ਨੂੰ ਮਜ੍ਹਬੀ ਰੰਗਣ ਦੇ ਕੇ ਭੜਕਾਉਣ ਤੇ ਜੰਗ ਵਿਚ ਤਬਦੀਲ ਕਰਨ ਵਿਚ ਸਭ ਤੋਂ ਵੱਡਾ ਹੱਥ ਭਾਰਤੀਏ ਮੀਡੀਏ ਦਾ ਰਿਹਾ| ਅਜ ਤੱਕ, ਜੀ ਨਿਊਜ, ਇੰਡੀਆ ਟੀ ਵੀ ਅਤੇ ਆਰ ਟੀ ਵੀ ਨੇ ਪੱਤਰਕਾਰੀ ਦੀਆਂ ਸਾਰੀਆਂ ਰਿਵਾਇਤਾਂ ਛਿੱਕੇ ਤੇ ਟੰਗਕੇ ਇੰਤਹਾ ਦੀ ਪੀਲੀ ਪੱਤਰਕਾਰੀ ਕੀਤੀ, ਆਰਟੀਫੀਸ਼ਲ ਇੰਟੈਲੀਜੈਂਸ ਤਕਨੀਕ ਨਾਲ ਧੜਾ ਧੜ ਕਥਿਤ ਝੂਠੀਆਂ ਰੀਲਾਂ ਬਣਾ ਕੇ ਚੈਨਲਾਂ ਉੱਤੇ ਚਲਾ ਕੇ ਮੁਲਕ ਦੇ ਲੋਕਾਂ ਵਿਚ ਯੁੱਧ ਵਾਸਤੇ ਉਕਸਾਹਤ ਪੈਦਾ ਕੀਤੀ ਤੇ ਹਿੰਦੂ ਮੁਸਲਮ ਵਿਚਕਾਰ ਨਫਰਤੀ ਪਾੜਾ ਵਧਾਇਆ|
ਇਹੋ ਕੁੱਝ ਪਾਕਿਸਤਾਨੀ ਚੈਨਲਾਂ ਉੱਤੇ ਵੀ ਚਲਦਾ ਰਿਹਾ| ਕਹਿਣ ਦਾ ਭਾਵ ਇਹ ਕਿ ਪੱਤਰਕਾਰੀ ਜੋ ਕਿ ਕਿਸੇ ਮੁਲਕ ਦਾ ਚੌਥਾ ਵੱਡਾ ਥੰਮ੍ਹ ਹੁੰਦੀ ਤੇ ਜਿਹਦਾ ਕੰਮ ਲੋਕਾਂ ਤੇ ਸਰਕਾਰਾਂ ਵਿਚਕਾਰ ਸਹੀ ਜਾਣਕਾਰੀ ਪਹੁੰਚਾ ਕੇ ਇਕ ਪੁਲ ਦਾ ਕਾਰਜ ਕਰਨਾ ਹੁੰਦਾ ਹੈ, ਭਾਰਤ-ਪਾਕਿ ਚਾਰ ਦਿਨਾਂ ਯੁੱਧ ਵਿਚਕਾਰ, ਇਹ ਮੀਡੀਆ ਪੂਰੀ ਤਰਾਂ ਗੈਰ ਜ਼ਿੰਮੇਵਾਰਾਨਾ ਭੂਮਿਕਾ ਨਿਭਾਉਂਦਾ ਰਿਹਾ|
ਦੋਨੇਂ ਦੇਸ਼ਾਂ ਦੇ ਮੀਡੀਏ ਦੀਆਂ ਖਬਰਾਂ ਤੇ ਡਿਬੇਟ ਦੇਖਣ ਸੁਣਨ ਉਪਰੰਤ ਇਸ ਤਰਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਦੋਵਾਂ ਮੁਲਕਾਂ ਦੀ ਬਜਾਏ ਯੁੱਧ ਦੀ ਸਾਰੀ ਪਿੱਠਭੂਮੀ ਇਸ ਵਾਰ ਮੀਡੀਏ ਨੇ ਹੀ ਤਿਆਰ ਕੀਤੀ ਹੋਵੇ| ਰਹੀ ਗੱਲ ਸ਼ੋਸ਼ਲ ਮੀਡੀਏ ਦੀ ਤਾਂ ਸਭ ਅੱਛਾ ਹੈ, ਇਥੇ ਵੀ ਨਹੀਂ ਰਿਹਾ|
ਇਥੇ ਵੀ ਫੇਕ ਖਬਰਾਂ, ਵੀਡੀਓ ਤੇ ਰੀਲਾਂ ਦੀ ਪੂਰੀ ਭਰਮਾਰ ਰਹੀ, ਪਰ ਜਿਹੜੀ ਗੱਲ ਨੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚਾਈ, ਉਹ ਇਹ ਰਹੀ ਕਿ ਯੁੱਧ ਦੀ ਖੂਨੀ ਤਬਾਹੀ ਦਾ ਅੰਦਾਜਾ ਨਾ ਲਗਾਉਂਦਿਆਂ, ਸ਼ੋਸ਼ਲ ਮੀਡੀਏ ਉੱਤੇ ਭਾਰਤੀ ਤੇ ਪਾਕਿਸਤਾਨੀ ਸ਼ਹਿਰੀਆਂ ਵਲੋਂ ਇਸ ਦਾ ਭਰਪੂਰ ਮਜ਼ਾਕ ਉਡਾਇਆ ਗਿਆ| ਸ਼ੋਸ਼ਲ ਮੀਡੀਏ ਉੱਤੇ ਇਹ ਸਾਰਾ ਕੁੱਝ ਦੇਖ ਕੇ ਇਕ ਵਾਰ ਤਾਂ ਰੂਹ ਕੰਬ ਗਈ ਤੇ ਮਨ ਵਿਚ ਵਾਰ ਵਾਰ ਇਹ ਵਿਚਾਰ ਪੈਦਾ ਹੋਇਆ ਕਿ ਸ਼ਾਇਦ ਇੱਕੀਂਵੀ ਸਦੀ ਤੱਕ ਪਹੁੰਚ ਕੇ ਲੋਕ ਮਨਾਂ ਵਿਚੋਂ ਜਿਨੇਂ ਆਪਣੀ ਤਬਾਹੀ ਤੇ ਮੌਤ ਦਾ ਖੌਫ ਹੀ ਜਾਂਦਾ ਰਿਹਾ ਹੋਵੇ, ਮਨੁੱਖੀ ਜਾਨਾਂ ਦੀ ਕੋਈ ਕੀਮਤ ਹੀ ਨਾ ਰਹਿ ਗਈ ਹੋਵੇ| ਲੋਕਾਂ ਦਾ ਯੁੱਧ ਪ੍ਰਤੀ ਇਹ ਰਵੱਈਆ ਦਰਅਸਲ ਉਹਨਾਂ ਦੀ ਗਰਕ ਚੁੱਕੀ ਮਾਨਸਿਕ ਸੋਚ ਦਾ ਸੂਚਿਕ ਹੀ ਮੰਨਿਆ ਜਾ ਸਕਦਾ ਹੈ|
ਹਰ ਗੱਲ ਦਾ ਮਜਾਕ ਨਹੀਂ ਬਣਾਇਆ ਜਾ ਸਕਦਾ, ਖਾਸ ਕਰਕੇ ਜਿਥੇ ਜਾਨ &rsquoਤੇ ਆ ਬਣੀ ਹੋਵੇ ਤੇ ਬਰਬਾਦੀ ਸਾਹਮਣੇ ਖੜ੍ਹੀ ਕੂਕ ਰਹੀ ਹੋਵੇ, ਉਸ ਹਾਲਤ ਚ ਤਾਂ ਮਜਾਕ ਸੁੱਝਦਾ, ਪਰ ਇਸ ਜੰਗ ਤੋਂ ਪਹਿਲਾਂ ਤੇ ਦੌਰਾਨ ਇਹ ਜੋ ਕੁੱਝ ਵਾਪਰਿਆ ਅਤੀ ਮੰਦਭਾਗਾ ਤੇ ਨਿੰਦਣਯੋਗ ਵਰਤਾਰਾ ਹੀ ਰਿਹਾ ਹੈ|
ਯੁੱਧਬੰਦੀ ਹੋ ਗਈ ਹੈ, ਇਸ ਨਾਲ ਬੇਸ਼ੱਕ ਸਰਹੱਦ ਦੇ ਦੋਵੇਂ ਪਾਸੇ ਦੇ ਸ਼ਹਿਰੀਆਂ ਨੂੰ ਵੱਡੀ ਰਾਹਤ ਮਿਲ ਜਾਵੇਗੀ, ਜਨਜੀਵਨ ਮੁੜ ਤੋਂ ਆਮ ਵਾਂਗ ਹੋ ਜਾਵੇਗਾ, ਸਭ ਲੋਕ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਮੁੜ ਤੋਂ ਰੁੱਝ ਜਾਣਗੇ, ਜੰਗੀ ਜਹਾਜਾਂ, ਗੋਲਿਆਂ ਤੇ ਮਿਜਾਇਲਾਂ ਦੀ ਗੜਗੜਾਹਟ ਸ਼ਾਂਤ ਹੋ ਜਾਵੇਗੀ, ਡਰੋਨਾਂ ਦੀ ਮੱਛਰ ਮਿਆਂਇਕ ਵੀ ਬੰਦ ਹੋ ਜਾਵੇਗੀ, ਪਰ ਦੋਵਾਂ ਮੁਲਕਾਂ ਦੇ ਸਿਆਸੀ ਆਸਮਾਨ ਉੱਤੇ ਕਸ਼ੀਦਗੀ ਦਾ ਤਾਪਮਾਨ ਅਜੇ ਠੰਢਾ ਹੋਣ ਦੀ ਬਜਾਏ ਹੋਰ ਮਚਣ ਦੇ ਅਸਾਰ ਵਧੇਰੇ ਨਜਰ ਆ ਰਹੇ ਹਨ, ਦੂਜੇ ਸ਼ਬਦਾਂ ਵਿਚ ਇੰਜ ਵੀ ਕਹਿ ਸਕਦੇ ਹਾਂ ਕਿ ਇਹ ਜੰਗਬੰਦੀ ਆਰਜੀ ਹੈ, ਜੰਗ ਦੁਬਾਰਾ ਵੀ ਸ਼ੁਰੂ ਹੋ ਸਕਦੀ ਹੈ, ਇਹ ਕਿਹੜੀ ਧਿਰ ਸ਼ੁਰੂ ਕਰਦੀ ਹੈ, ਇਸ ਦਾ ਫੈਸਲਾ ਸਮੇ ਦੇ ਗਰਭ ਵਿਚ ਹੈ, ਹਾਂ !
ਇਹ ਗੱਲ ਪੱਕੀ ਹੈ ਕਿ ਜਿੰਨਾ ਚਿਰ ਦੋਹਾਂ ਮੁਲਕਾਂ ਵਿਚਕਾਰ ਕੋਈ ਸਥਾਈ ਰਾਜ਼ੀਨਾਮਾ/ਸੰਧੀ ਨਹੀਂ ਹੋ ਜਾਂਦੀ, ਉੰਨਾ ਚਿਰ ਕੁੱਜ ਵੀ ਸੰਭਵ ਹੋ ਸਕਦਾ ਹੈ, ਚਾਚੇ ਟਰੰਪ ਦਾ ਟਵੀਟ ਆਰਜੀ ਜੰਗਬੰਦੀ ਹੈ|
ਇਕ ਗੱਲ ਜਾਂਦੇ ਜਾਂਦੇ ਹੋਰ ਕਹਿ ਜਾਵਾਂ ਕਿ ਇਹ ਕੰਧ ਉਤੇ ਲਿਖਿਆ ਸੱਚ ਹੈ ਕਿ ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ| ਇਸ ਤੋਂ ਬਚਣਾ ਚਾਹੀਦਾ ਹੈ| ਦੂਜੀ ਗੱਲ, ਇਹ ਕਿ ਦੋਵਾਂ ਧਿਰਾਂ ਨੂੰ ਚੰਗੇ ਗੁਆਂਢੀ ਬਣਕੇ ਰਹਿਣਾ ਵਿਚਰਨਾ ਚਾਹੀਦਾ ਹੈ| ਇਕ ਦੂਜੇ ਉੱਤੇ ਦੋਸ਼ ਪ੍ਰਤੀ ਦੋਸ਼ ਲਗਾਉਣਾ ਮਾੜੀ ਮਾਨਸਿਕਤਾ ਦੀ ਨਿਸ਼ਾਨੀ ਹੁੰਦੀ ਹੈ| ਆਪਣੀਆਂ ਕਮਜੋਰੀਆਂ ਉੱਤੇ ਪਰਦਾਪੋਸ਼ੀ ਕਰਨ ਨਾਲ ਉਹ ਦੂਰ ਨਹੀਂ ਹੋ ਜਾਂਦੀਆਂ ਬਲਕਿ ਹੋਰ ਗੁੰਝਲਦਾਰ ਹੋ ਜਾਂਦੀਆਂ ਹਨ|
ਕੁੱਲ ਮਿਲਾਕੇ ਹਾਲ ਦੀ ਘੜੀ ਜੰਗਬੰਦੀ ਨਾਲ ਦੋਹਾਂ ਮੁਲਕਾਂ ਵਿਚਕਾਰ ਠੰਢ ਵਰਤੀ ਹੈ ਤੇ ਆਮ ਸ਼ਹਿਰੀਆਂ ਨੂੰ ਸੁੱਖ ਦਾ ਸਾਹ ਆਇਆ ਹੈ, ਜੋ ਕਿ ਬਹੁਤ ਚੰਗੀ ਗੱਲ ਹੈ| ਇਹ ਸ਼ਾਂਤੀ ਸਦੀਵੀ ਹੋਵੇ, ਏਹੀ ਆਪਾਂ ਹਰ ਵੇਲੇ ਅਰਦਾਸ ਕਰਨੀ ਹੈ|
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ.)