ਜੰਗ ਬਨਾਮ ਟਰੰਪ ਕਾਰਡ
 ਦੁਨੀਆ ਭਰ ਵਿੱਚ ਇਸ ਤੋਂ ਪਹਿਲਾਂ ਲਗਾਤਾਰ ਇੰਨੇ ਸਾਰੇ ਹਥਿਆਰਬੰਦ ਸੰਘਰਸ਼ ਨਹੀਂ ਹੋਏ, ਜਿੰਨੇ ਇਸ ਵੇਲੇ ਹੋ ਰਹੇ ਹਨ| ਗਲੋਬਲ ਪੀਸ ਇੰਡੈਕਸ 2024 ਦੇ ਅਨੁਸਾਰ ਸੰਘਰਸ਼ ਕਰਨ ਵਾਲੇ ਦੇਸ਼ਾਂ ਦੀ ਸੰਖਿਆ, ਦੂਜੇ ਵਿਸ਼ਵ ਯੁੱਧ ਦੇ ਬਾਅਦ ਇਸ ਸਮੇਂ ਸਭ ਤੋਂ ਵੱਧ ਹੈ| ਸਾਲ 2020 ਵਿਚ ਹਥਿਆਰਬੰਦ ਸੰਘਰਸ਼ਾਂ ਦੀ ਗਿਣਤੀ 56 ਅਤੇ 2024 ਵਿਚ 59 ਹੋ ਗਈ| ਸਾਲ 2023 ਵਿਚ ਇਜ਼ਰਾਇਲ-ਹਮਾਸ ਅਤੇ ਯੂਕਰੇਨ-ਰੂਸ, ਮਿਆਮੀ ਗ੍ਰਹਿ ਯੁੱਧ, ਸੁਡਾਨ ਗ੍ਰਹਿ ਯੁੱਧ ਲੜੇ ਗਏ| ਜਿਹਨਾਂ &lsquoਚ 10 ਹਜ਼ਾਰ ਤੋਂ ਵੱਧ ਗਿਣਤੀ ਵਿਚ ਲੋਕ ਮਰੇ|
ਜਾਣਕਾਰਾਂ ਦੀ ਅਸ਼ੰਕਾ ਹੈ ਕਿ 2025 ਵਿੱਚ ਇਜ਼ਰਾਇਲ, ਗਾਜ਼ਾ, ਲੈਬਨਾਨ, ਇਰਾਨ, ਇਰਾਕ, ਸੀਰੀਆ, ਯਮਨ, ਪਾਕਿਸਤਾਨ, ਯੁਗਾਂਡਾ ਆਦਿ ਵਿੱਚ ਹਾਲਾਤ ਖਰਾਬ ਹੋ ਜਾਣਗੇ| ਅਮਰੀਕਾ ਨੇ ਇਹਨਾਂ ਵਿੱਚੋਂ ਕਈ ਦੇਸ਼ਾਂ ਨੂੰ ਪਹਿਲਾਂ ਹੀ ਉਕਸਾਇਆ ਹੈ| 2022 ਵਿੱਚ ਅਮਰੀਕਾ ਨੇ ਇਕੱਲੇ ਯੂਕਰੇਨ ਨੂੰ 18.1 ਅਰਬ ਡਾਲਰ ਦੇ ਹਥਿਆਰ ਦਿੱਤੇ| 2023 ਵਿੱਚ ਇਹ ਵੱਧ ਕੇ 80.9 ਅਰਬ ਡਾਲਰ ਹੋ ਗਏ| ਦੁਨੀਆ ਭਰ ਵਿੱਚ ਹਥਿਆਰਾਂ ਦੀ ਵਿਕਰੀ 238 ਅਰਬ ਡਾਲਰ ਦੀ ਸੀ, ਜਿਸ ਵਿੱਚ 81 ਅਰਬ ਡਾਲਰ ਦੀ ਸਿੱਧੀ ਵਿਕਰੀ ਸਿਰਫ਼ ਅਮਰੀਕਾ ਸਰਕਾਰ ਨੇ ਕੀਤੀ,ਜੋ 2022 ਨਾਲੋਂ 56 ਫੀਸਦੀ ਵੱਧ ਹੈ| 2023 ਵਿੱਚ ਅਮਰੀਕਾ ਨੇ ਇਜ਼ਰਾਇਲ ਨੂੰ 21.2 ਅਰਬ ਡਾਲਰ ਦਿੱਤੇ 2024 ਵਿੱਚ ਇਹ ਵਧ ਕੇ 42.76 ਅਰਬ ਡਾਲਰ ਹੋ ਗਏ|
ਲਗਭਗ ਸਾਰੇ ਮਹਾਦੀਪ ਸੰਘਰਸ਼ ਅਤੇ ਯੁੱਧ ਦੇ ਦੌਰ ਵਿੱਚ ਹਨ ਅਤੇ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹਨ| ਹੋਰ ਸਭ ਅਮੀਰ ਮੁਲਕਾਂ ਨਾਲੋਂ ਅਮਰੀਕਾ ਇਸ ਦੌੜ ਚ ਸਭ ਤੋਂ ਅੱਗੇ ਹੈ| ਉਹ ਆਪਣੇ ਹਥਿਆਰਾਂ ਦੇ ਵਪਾਰ ਅਤੇ ਵਪਾਰਕ ਹਿੱਤਾਂ ਲਈ ਹਰ ਹਰਬਾ ਵਰਤ ਰਿਹਾ ਹੈ| ਅਮਰੀਕਾ ਦੀ ਟਰੰਪ ਸਰਕਾਰ ਨੇ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਵਪਾਰਕ ਜੰਗ ਛੇੜੀ ਹੋਈ ਹੈ| ਗਾਜ਼ਾ ਅਤੇ ਯੂਕਰੇਨ ਵਿਚ ਅਮਰੀਕਾ ਦੀ ਸਿੱਧੇ ਅਸਿੱਧੇ ਦਖਲ ਨਾਲ ਗਹਿਰੀ ਸ਼ਮੂਲੀਅਤ ਹੈ|
2025 ਵਿਚ ਅੱਤ ਘਿਨਾਉਣੀ ਪਹਿਲਗਾਮ ਘਟਨਾ ਤੋਂ ਬਾਅਦ ਪਾਕਿ-ਭਾਰਤ ਯੁੱਧ ਨੇ ਦੱਖਣੀ ਏਸ਼ੀਆ ਖਿੱਤੇ &lsquoਚ ਅਸਥਿਰਤਾ ਪੈਦਾ ਕਰ ਦਿੱਤੀ| ਅਚਾਨਕ ਜੰਗਬੰਦੀ ਦਾ ਐਲਾਨ ਹੋ ਗਿਆ| ਦੋਹਾਂ ਪਾਸਿਆਂ ਦੀ ਜਨਤਾ ਦੇ ਮਨਾਂ ਵਿਚ ਖੁਸ਼ੀ ਹੈ, ਕਿਉਂਕਿ ਉਹ ਤਾਂ ਜੰਗ ਚਾਹੁੰਦੀ ਹੀ ਨਹੀਂ ਸੀ ਸਗੋਂ ਇਹ ਜੰਗ ਤਾਂ ਉਹਨਾਂ ਉੱਤੇ ਥੋਪੀ ਜਾ ਰਹੀ ਸੀ| ਲੋਕਾਂ ਵਿਚ ਪਰੇਸ਼ਾਨੀ ਸੀ| ਕਈ ਰਾਤਾਂ ਤੋਂ ਉਹਨਾਂ ਸੌਂ ਕੇ ਨਹੀਂ ਵੇਖਿਆ| ਆਖਰ ਇਹ ਮਾਜਰਾ ਹੈ ਕੀ ਸੀ? ਆਖਰ ਇਹ ਗੱਲ ਨਿੱਬੜ ਕਿਵੇਂ ਗਈ? ਆਖਰ ਦੋਹਾਂ ਦੇਸ਼ਾਂ ਦੇ ਸੇਵਕ ਚੁੱਪ ਚੁਪੀਤੇ ਥਾਣੇਦਾਰ ਟਰੰਪ ਦੀ ਗੱਲ ਕਿਵੇਂ ਮੰਨ ਗਏ? ਆਖਰ ਇਹਨਾਂ ਮੁਲਕਾਂ ਦੇ ਇਹਨਾਂ ਰਾਖਿਆਂ ਨੂੰ ਲੋਕਾਂ ਨੂੰ ਜੰਗ ਚ ਝੋਕਣ ਦਾ ਫਾਇਦਾ ਕੀ ਮਿਲਿਆ? ਪਾਕਿਸਤਾਨ ਇਸ ਜੰਗ ਦੀ ਆੜ ਵਿੱਚ 2.3 ਅਰਬ ਡਾਲਰ ਦਾ ਆਈ. ਐੱਮ. ਐੱਫ. ਅੰਤਰਰਾਸ਼ਟਰੀ ਕਰਜ਼ਾ ਪ੍ਰਾਪਤ ਕਰ ਗਿਆ ਅਤੇ ਸਾਡੇ ਹਾਕਮ ਨੇ ਬਿਹਾਰ ਦੀ ਚੋਣ ਜਿੱਤਣ ਦਾ ਮਾਹੌਲ ਸਿਰਜਣ ਲਈ ਜੋ ਬਿਸਾਤ ਵਿਛਾਈ ਸੀ, ਉਸ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ &lsquoਚ ਕਾਮਯਾਬ ਹੋ ਗਿਆ| ਪਰ ਇੱਕ ਗੱਲ ਜਿਹੜੀ ਉਹ ਨਹੀਂ ਕਰ ਸਕਿਆ, ਉਹ ਹਿੰਦੂ, ਮੁਸਲਮਾਨਾਂ ਦਾ ਫਸਾਦ ਨਾ ਕਰਵਾ ਸਕਿਆ ਜਾਂ ਕਹਿ ਲਈਏ ਆਪਣੇ ਉਸ ਮਨਸੂਬੇ ਚ ਸਫ਼ਲ ਨਹੀਂ ਹੋ ਸਕਿਆ, ਜਿਸ ਨੂੰ ਬਣਾਉਣਾ ਉਸਨੇ ਚਿਤਵਿਆ ਸੀ| ਕੀ ਸੱਚ-ਮੁੱਚ ਸਾਡੇ ਹਾਕਮ ਦੇ ਮਨ ਵਿੱਚ ਅੱਤਵਾਦੀਆਂ ਨੂੰ ਸਬਕ ਸਿਖਾਉਣ ਤੇ ਉਹਨਾਂ ਦੇ ਪਾਲਣਹਾਰੇ ਪਾਕਿਸਤਾਨੀ ਹੁਕਮਰਾਨਾਂ ਨੂੰ ਸਬਕ ਸਿਖਾਉਣ ਦੀ ਮਨਸ਼ਾ ਸੀ ਜਾਂ ਮਨਸੂਬਾ ਸਿਰਫ਼ ਆਪਣੀ ਗੱਦੀ ਨੂੰ ਪੱਕਿਆ ਕਰਨਾ ਸੀ? ਕਹਿੰਦੇ ਹਨ ਸਰਵਿਆਂ ਅਨੁਸਾਰ ਬਿਹਾਰ ਚ ਚੋਣ ਸੱਤਾਧਾਰੀ ਹਾਰ ਰਹੇ ਸਨ, ਜਿਸ ਦਾ ਅਸਰ ਸਿਰਫ਼ ਬਿਹਾਰ ਚੋਣਾਂ &lsquoਚ ਹੀ ਨਹੀਂ ਸੀ ਪੈਣਾ ਸਗੋਂ ਕੇਂਦਰ ਸਰਕਾਰ ਵੀ ਤੜੱਕ ਕਰਕੇ ਨਿਤੀਸ਼ ਕੁਮਾਰ ਕਾਰਨ ਡਿੱਗ ਪੈਣੀ ਸੀ|
ਰਹੀ ਗੱਲ ਟਰੰਪ ਦੀ ਉਸਨੂੰ ਤਾਂ ਆਪਣੇ ਹਿੱਤ ਪਿਆਰੇ ਹਨ| ਉਸਨੇ ਤਾਂ ਆਪਣਾ ਫ਼ੌਜੀ ਸਮਾਨ ਵੇਚਣਾ ਹੈ| ਦੁਨੀਆ ਦਾ ਸਭ ਤੋਂ ਵੱਡਾ ਸੌਦਾਗਰ ਇਸ ਗੱਲ ਲਈ ਮਸ਼ਹੂਰ ਹੈ ਕਿ ਉਹ ਦੇਸ਼ਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਆਪਣੇ ਹਥਿਆਰ ਵੇਚਦਾ ਹੈ, ਚੋਖਾ ਮੁਨਾਫ਼ਾ ਕਮਾਉਂਦਾ ਹੈ| ਟਰੰਪ ਪ੍ਰਸ਼ਾਸਨ ਤਾਂ ਇਸ ਵੇਲੇ ਦੁਨੀਆ ਭਰ ਵਿੱਚ ਧੌਂਸ-ਧੱਕੇ ਲਈ ਮਸ਼ਹੂਰ ਹੈ| ਜਿਸ ਵੱਲੋਂ ਦੁਨੀਆਂ ਦੇ ਹਿੱਤ ਲਾਂਭੇ ਰੱਖ ਕੇ, ਅਮਰੀਕੀ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਲਈ ਸਿਰਫ਼ ਗੱਲਾਂ ਹੀ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਅਮਲੀ ਕਦਮ ਵੀ ਪੁੱਟੇ ਜਾ ਰਹੇ ਹਨ| ਅਸਲ ਅਰਥਾਂ ਵਿੱਚ ਟਰੰਪ ਜੰਗ ਲਗਵਾਉਂਦਾ ਵੀ ਹੈ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਅਤੇ ਭਲ ਖੱਟਣ ਲਈ ਜੰਗ ਰੁਕਵਾਉਂਦਾ ਵੀ ਹੈ| ਹਿੰਦੁਸਤਾਨ-ਪਾਕਿਸਤਾਨ ਦੀ ਜੰਗ ਚ ਇੱਕ ਵਿਚੋਲੇ ਦਾ ਰੋਲ ਅਦਾ ਕਰਕੇ, ਉਹ ਅਮਨ ਦਾ ਮਸੀਹਾ ਬਣਨ ਦੇ ਯਤਨ ਵਿਚ ਹੈ| ਪਰ ਕੀ ਇਹ ਸੱਚ-ਮੁੱਚ ਇਵੇਂ ਹੀ ਹੈ? ਜੇ ਹੈ ਤਾਂ ਰੂਸ- ਯੂਕਰੇਨ ਜੰਗ &lsquoਚ ਉਸਦੀ ਭੂਮਿਕਾ ਇੱਕ ਪੱਖੀ ਕਿਉਂ ਹੈ? ਜੇ ਹੈ ਤਾਂ ਇਜ਼ਰਾਇਲ-ਹਮਾਸ ਚ ਉਸ ਦਾ ਰੋਲ ਇੱਕ ਪਾਸੜ ਕਿਉਂ ਹੈ ?
ਇਸ ਸਮੇਂ ਭਾਰਤ-ਪਾਕਿ ਜੰਗ ਅਤੇ ਜੰਗਬੰਦੀ ਚ ਟਰੰਪ ਦੀ ਭੂਮਿਕਾ ਦੀ ਵੱਡੀ ਚਰਚਾ ਹੈ| ਉਸਦਾ ਮਕਸਦ ਆਪਣਾ ਵਪਾਰ ਵਧਾਉਣਾ ਹੈ ਅਤੇ ਟਰੰਪ ਦੇ ਸ਼ਬਦਾਂ ਵਿਚ, ਦੋਹੇ ਧਿਰਾਂ ਉਸਦੀਆਂ ਪਿਆਰੀਆਂ ਹਨ| ਉਸ ਨੇ ਦੋਹਾਂ ਪਹਿਲਵਾਨਾਂ ਨੂੰ ਉਦੋਂ ਤੱਕ ਲੜਨ ਦਿੱਤਾ, ਜਦੋਂ ਤੱਕ ਉਸ ਨੇ ਚਾਹਿਆ ਜਾਂ ਜਿੱਥੋਂ ਤੱਕ ਉਸਦਾ ਹਿੱਤ ਸਾਧਿਆ ਮੰਨਿਆ ਗਿਆ| ਉੰਝ ਪਾਕਿਸਤਾਨ ਧਿਰ, ਉੱਥੋਂ ਦੇ ਹਾਕਮ ਪਰੇਸ਼ਾਨ ਹਨ, ਉਥੋਂ ਦੀ ਫ਼ੌਜ ਅਤੇ ਉਥੋਂ ਦੇ ਅੱਤਵਾਦੀ ਸੰਗਠਨਾਂ ਤੋਂ, ਜਿਹੜੇ ਚੈਨ ਨਾਲ ਉਹਨਾਂ ਨੂੰ ਰਾਜ ਨਹੀਂ ਕਰਨ ਦਿੰਦੇ| ਇਹੋ ਵਜ੍ਹਾ ਹੈ ਕਿ ਉਸ ਦੀ ਸੈਨਾ ਅਤੇ ਅੱਤਵਾਦੀਆਂ ਨੂੰ ਭਾਰਤ ਦੇ ਗਲ ਪਾਈ ਰੱਖਦੇ ਹਨ| ਪਰ ਇਸ ਸਭ ਕੁਝ ਦਾ, ਸਭ ਤੋਂ ਭੈੜਾ ਅਸਰ ਪੰਜਾਬ ਤੇ ਪੈਂਦਾ ਹੈ| ਹੁਣ ਜਦੋਂ ਦੋਵੇਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਨੇੜੇ ਆ ਰਹੇ ਸਨ ਅਤੇ ਹੁਣ ਵੀ ਨੇੜੇ ਹਨ, ਦੂਰ ਨਹੀਂ, ਸਰਹੱਦ  ਪਾਰ ਆਪਸੀ ਵਪਾਰ ਦੀਆਂ ਗੱਲਾਂ ਕਰਨ ਲੱਗ ਪਏ ਸਨ| ਇਹ ਗੱਲਾਂ ਹਾਕਮ ਨੂੰ ਸਖਾਂਦੀਆਂ ਨਹੀਂ| ਇਹੋ ਜਿਹਾ ਸੀਨ ਕੁਝ ਦਿਨਾਂ ਵਿੱਚ ਸਿਰਜ ਦਿੱਤਾ, ਦੋਹਾਂ ਧਿਰਾਂ ਦੀਆਂ ਸਵਾਰਥੀ ਹਾਕਮ ਧਿਰਾਂ ਨੇ , ਕਿ ਜੰਗ ਭਖ਼ ਪਈ, ਨੁਕਸਾਨ ਹੋਣ ਲੱਗ ਪਿਆ| ਠਾਹ-ਠੂਹ ਹੋਣ ਲੱਗ ਪਈ| ਲੋਕਾਂ ਦਾ ਚੈਨ ਵਿਗੜ ਗਿਆ ਅਤੇ ਵੱਡੇ ਨੁਕਸਾਨ ਦਾ ਖਦਸ਼ਾ ਅਤੇ ਮੌਤ ਦਾ ਡਰ ਮੰਡਰਾਉਣ ਲੱਗ ਪਿਆ| ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਇਸ ਜੰਗ ਨਾਲ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ, ਕਿੰਨੇ ਵਿਸ਼ਵਾਸ ਤਿੜਕੇ, ਕਿੰਨੇ ਰਿਸਤੇ ਟੁੱਟੇ, ਕਿੰਨੇ ਹਿੰਦੁਸਤਾਨੀ, ਪਾਕਿਸਤਾਨੀ ਪਰੇਸ਼ਾਨ ਹੋਏ| ਉਹਨਾਂ ਕਿੰਨਾ ਮਾਨਸਿਕ ਸੰਤਾਪ ਹੰਢਾਇਆ ,ਜਿਹੜੇ ਇਧਰ-ਉਧਰ ਵਿਆਹਾਂ ਬੰਧਨ ਵਿੱਚ ਬੱਧੇ ਹੋਏ ਹਨ|
ਆਖਰ ਇਹ ਸਿਆਸਤ, ਹਾਕਮਾਂ ਦਾ ਇਹ ਚਿਹਰਾ, ਜਿਹੜਾ ਅਮਰੀਕੀ ਟਰੰਪ, ਰੂਸੀ ਪੁਤਿਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਡੇ ਹਾਕਮ ਤੱਕ ਪੁੱਜਦਾ ਹੈ, ਜਦੋਂ ਬੇਨਕਾਬ ਹੁੰਦਾ ਹੈ ਤਾਂ ਲੋਕਾਂ ਦੇ ਮਨਾਂ ਵਿਚ ਲੋਕਤੰਤਰ, ਅਮਨ ਦੀ ਬਾਤ, ਲੋਕ ਹਿਤੈਸ਼ੀ ਯੋਜਨਾਵਾਂ ਅਤੇ ਪਖੰਡ ਦਾ ਪਰਦਾਫਾਸ਼ ਹੁੰਦਾ ਹੈ|
ਸੱਚ-ਮੁੱਚ ਜੇਕਰ ਭਾਰਤ-ਪਾਕਿ ਦੇ ਹਾਕਮ ਆਪ ਹੀ ਵਿਚਾਰ ਲੈਂਦੇ ਕਿ ਜੋ ਘਟਨਾ ਪਹਿਲਗਾਮ ਚ ਵਾਪਰੀ, ਉਸ ਦਾ ਨਿਰਣਾ ਕਰਕੇ, ਦੋਸ਼ੀਆਂ ਨੂੰ ਸਜ਼ਾ ਮਿਲਦੀ ਅਤੇ ਉਹ ਵੀ ਆਪਸੀ ਗੱਲਬਾਤ ਅਤੇ ਆਪਸੀ ਭਰੋਸੇ ਨਾਲ ਤਾਂ ਦੋਹਾਂ ਦੇਸ਼ਾਂ &lsquoਚ ਜਿਹੜੀ ਫ਼ਿੱਕ ਸਿੰਧੂ ਨਦੀ ਦਾ ਪਾਣੀ ਰੋਕ ਕੇ, ਇੱਕ-ਦੂਜੇ ਦੇਸ਼ ਦੇ ਡਿਪਲੋਮੈਟ ਆਪੋ-ਆਪਣੇ ਦੇਸ਼ਾਂ ਤੋਂ ਭਜਾ ਕੇ ਅਤੇ ਆਪਸੀ ਕੁੜੱਤਣ ਭਰ ਕੇ ਪਾਈ ਗਈ ਹੈ, ਉਹ ਇੰਞ ਨਾ ਹੁੰਦੀ ਤੇ ਦੁਨੀਆ ਦੇ ਵੱਡੇ ਵਪਾਰੀ &lsquoਟਰੰਪ ਨੂੰ ਦੋ ਮੁਲਕਾਂ ਦੀ ਪ੍ਰਭੂਸੱਤਾ ਨੂੰ ਆਪਣੇ ਪੈਰਾਂ ਹੇਠ ਮਿੱਧਣ ਦਾ ਮੌਕਾ ਹੀ ਨਾ ਮਿਲਦਾ|
ਕੀ ਭਾਰਤ ਵੱਲੋਂ ਰੱਦ ਕੀਤਾ ਸਿੰਧੂ ਨਦੀ ਸਮਝੌਤਾ ਅਤੇ ਪਾਕਿਸਤਾਨ ਵੱਲੋਂ ਰੱਦ ਕੀਤਾ ਸ਼ਿਮਲਾ ਸਮਝੌਤਾ ਅਤੇ ਕਸ਼ਮੀਰ ਦਾ ਮਸਲਾ ਹੁਣ ਅਮਰੀਕਾ ਦੀ ਵਿਚੋਲਗੀ ਨਾਲ ਹੀ ਹੱਲ ਹੋਏਗਾ, ਜਿਸ ਸੰਬੰਧੀ ਭਾਰਤ ਦੋਹਾਂ ਦੇਸ਼ਾਂ ਵਿਚ ਕਿਸੇ ਦੇਸ਼ ਦੀ ਵਿਚੋਲਗੀ ਪਿਛਲੇ ਸਮੇਂ ਵਿਚ ਪ੍ਰਵਾਨ ਨਹੀਂ ਕਰਦਾ ਰਿਹਾ!
ਬਿਨ੍ਹਾਂ ਸ਼ੱਕ ਭਾਰਤ ਅਤ ਪਾਕਿਸਤਾਨ ਵਿਚਕਾਰ ਜੰਗਬੰਦੀ ਸਵਾਗਤ ਯੋਗ ਸਕਰਾਤਮਕ ਅਤੇ ਜ਼ਰੂਰੀ ਕਦਮ ਹੈ| ਪਰ ਜੰਗਬੰਦੀ ਨੂੰ ਸੁਲਝਾਉਣ  ਲਈ ਅਮਰੀਕਾ ਦੀ ਕਥਿਤ ਸ਼ਮੂਲੀਅਤ ਚਿੰਤਾਜਨਕ ਹੈ| ਕੀ ਇਸ ਨਾਲ ਦੱਖਣੀ ਏਸ਼ੀਆਂ ਵਿੱਚ ਉਸਦੀ ਆਮ ਸਰਦਾਰੀ ਅਤੇ ਅਸਥਿਰਤਾ ਵੀ ਭੂਮਿਕਾ ਨਿਭਾਉਣ ਦਾ ਰਾਹ ਨਹੀਂ ਖੁਲ੍ਹਦਾ? ਚਾਹੀਦਾ ਤਾਂ ਇਹ ਸੀ ਕਿ ਦੋਵੇਂ ਦੇਸ਼ਾਂ ਦੇ ਨੇਤਾ ਸਮਰਾਜਵਾਦੀ ਦਖ਼ਲਅੰਦਾਜ਼ੀ ਨੂੰ ਰੱਦ ਕਰਕੇ ਆਪਸੀ ਵਿਸ਼ਵਾਸ, ਸਤਿਕਾਰ ਅਤੇ ਲੋਕਾਂ ਦੀ ਇਛਾਵਾਂ &lsquoਤੇ ਅਧਾਰਤ ਕੰਮ ਕਰਦੇ, ਕਿਉਂਕਿ ਦੋਹਾਂ ਦੇਸ਼ਾਂ ਦੇ ਲੋਕ ਜੰਗ ਨਹੀਂ ਅਮਨ ਚਾਹੁੰਦੇ ਹਨ| ਵੇਖਣਾ ਇਹ ਵੀ ਹੋਵੇਗਾ ਕਿ ਅਮਰੀਕਾ ਦੁਆਰਾ ਕੀਤੀ ਵਿਚੋਲਗੀ ਕੀ ਆਖ਼ਿਰ ਹੈ ਕੀ ਸੀ? ਇਸ ਸੰਬੰਧੀ ਟਰੰਪ ਦਾ ਬਿਆਨ ਪੜ੍ਹਨ ਵਾਲਾ ਹੈ, ਜੋ ਉਸਦੀ ਸ਼ਾਹੂਕਾਰੀ, ਵਪਾਰਕ ਸੋਚ ਦੀ ਤਰਜ਼ਮਾਨੀ ਕਰਨ ਵਾਲਾ ਅਤੇ  ਅਮਰੀਕੀ ਹਿੱਤ ਸਾਧਨ ਵਾਲਾ ਹੈ|
ਟਰੰਪ ਦੇ ਬਿਆਨ ਦੇ ਕੁਝ ਅੰਸ਼ ਪੜੋ ਮੈਨੂੰ ਮਾਣ ਹੈ ਕਿ ਅਮਰੀਕਾ ਇਸ ਇਤਿਹਾਸਕ ਅਤੇ ਦਲੇਰਾਨਾ ਫ਼ੈਸਲੇ ਤੇ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਸੀ| ਭਾਵੇਂ ਇਸ ਬਾਰੇ ਚਰਚਾ ਨਹੀਂ ਕੀਤੀ ਗਈ, ਮੈਂ ਇਹਨਾਂ ਦੋਹਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫ਼ੀ ਹੱਦ ਤੱਕ  ਵਧਾਉਣ ਜਾ ਰਿਹਾ ਹਾਂ|  ਵਪਾਰੀ, ਚੌਧਰ, ਸਿਹਰਾ ਤਿੰਨ ਸ਼ਬਦ ਹਨ, ਜੋ ਟਰੰਪ ਕਾਰਡ ਦੀ ਤਰਜਮਾਨੀ ਕਰਨ ਵਾਲੇ ਹਨ|
ਜੇਕਰ ਸੱਚਮੁੱਚ ਭਾਰਤ ਮਹਾਨ ਬਣ ਰਿਹਾ ਹੈ, ਜੇਕਰ ਸੱਚਮੁੱਚ ਭਾਰਤ ਵੱਡੀ ਆਰਥਿਕ ਸ਼ਕਤੀ ਬਣ ਰਿਹਾ ਹੈ ਤਾਂ ਉਹ ਚੀਨ ਵਾਂਗਰ ਦੁਨੀਆਂ ਦੇ ਵੱਡੇ ਥਾਣੇਦਾਰ ਵਿਰੁੱਧ ਹਿੱਕ ਡਾਹ ਕੇ ਕਿਉਂ ਨਹੀਂ ਖੜਦਾ? ਕਿਉਂ ਉਸ ਦੀਆਂ ਟੈਰਿਫ਼ ਸ਼ਰਤਾਂ ਅਤੇ ਹੋਰ ਹੁਕਮਾਂ ਨੂੰ ਅੱਖਾਂ ਮੀਟਕੇ ਮੰਨ ਕੇ ਉਸ ਦੀ ਜੀ- ਹਜ਼ੂਰੀ ਕਰ ਰਿਹਾ ਹੈ? ਅੱਜ ਟਰੰਪ ਨੇ ਦੋਹਾਂ ਦੇਸ਼ਾਂ ਨੂੰ ਆਪਣੀ ਮੁੱਠੀ ਚ ਕਰਕੇ ਇਹੋ-ਜਿਹਾ ਕਾਰਡ ਖੇਡਿਆ ਹੈ, ਜਿਸ ਨਾਲ ਦੇਸ ਭਾਰਤ ਦਾ ਵੱਡੇ ਹੋਣ ਦਾ ਵੱਕਾਰ ਦਾਅ ਤੇ ਲੱਗਾ ਹੈ|
ਗੁਰਮੀਤ ਸਿੰਘ ਪਲਾਹੀ