image caption: -ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪ੍ਹੌਂਚੇ

  *ਭਾਰਤ-ਪਾਕਿ ਤਣਾਅ ਦੌਰਾਨ ਸਰਕਾਰ ਨੇ ਵਿਰੋਧੀ ਨੇਤਾਵਾਂ ਦਾ ਵਫ਼ਦ ਵਿਦੇਸ਼ਾਂ ਚ ਭੇਜਣ ਦਾ ਫ਼ੈਸਲਾ ਕੀਤਾ-ਇਕ ਖ਼ਬਰ

-ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।
*ਸਰਨਿਆਂ ਦਾ ਪੁਰਾਣਾ ਵਫ਼ਾਦਾਰ ਕੁਲਤਾਰਨ ਸਿੰਘ ਕੋਛੜ ਅਕਾਲੀ ਦਲ ਦਿੱਲੀ ਸਟੇਟ ਚ ਸ਼ਾਮਲ- ਇਕ ਖ਼ਬਰ
-ਛੱਡ ਗਈ ਯਾਰ ਪੁਰਾਣੇ, ਨਵਿਆਂ ਦੇ ਸੰਗ ਲਗ ਕੇ। 
*ਪੁੰਛ &lsquoਚ ਹਮਲਿਆਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਰਹੇ ਬੁਲੰਦ- ਇਕ ਖ਼ਬਰ 
-ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ।
*ਪਹਿਲਗਾਮ ਅੱਤਵਾਦੀ ਹਮਲੇ ਤੇ ਕਾਂਗਰਸ ਨੇ ਸਰਕਾਰ ਤੋਂ ਮੰਗਿਆ ਜਵਾਬ- ਇਕ ਖ਼ਬਰ
-ਅਗਲੀ ਮਨ ਕੀ ਬਾਤ ਤਕ ਇੰਤਜ਼ਾਰ ਕਰੋ।
*ਪੰਜਾਬ ਸਰਕਾਰ ਵਲੋਂ ਵਿਕਾਸ ਫੰਡਾਂ ਲਈ ਕੋਈ ਕਮੀ ਨਹੀਂ- ਵਿਧਾਇਕ ਜਸਵੀਰ ਰਾਜਾ
-ਮੇਰੀ ਕੱਤਣੀ ਨਸੀਬਾਂ ਵਾਲ਼ੀ, ਭਰੀ ਰਹੇ ਲੱਡੂਆਂ ਦੀ।
*ਸੰਗਰੂਰ ਸ਼ਰਾਬ ਕਾਂਡ ਤੋਂ ਸਰਕਾਰ ਸਬਕ ਲੈਂਦੀ ਤਾਂ ਇਹ ਹਾਦਸਾ ਨਾ ਵਾਪਰਦਾ- ਰੱਖੜਾ, ਢੀਂਡਸਾ
-ਤ੍ਰਾਸਦੀ ਤਾਂ ਇਹੋ ਹੈ ਕਿ ਸਰਕਾਰਾਂ ਸਬਕ ਲੈਂਦੀਆਂ ਨਹੀਂ ਸਗੋਂ ਡਾਂਗ ਫੇਰ ਕੇ ਲੋਕਾਂ ਨੂੰ ਸਬਕ ਦਿੰਦੀਆਂ।
*ਭਾਰਤ ਪਾਕਿ ਦਰਮਿਆਨ ਜੰਗ ਰੁਕਵਾਉਣ ਦਾ ਸਿਹਰਾ ਮੈਨੂੰ ਨਹੀਂ ਮਿਲੇਗਾ- ਟਰੰਪ
-ਰਾਂਝਾ ਪੱਜ ਮੱਝੀਆਂ ਦਾ ਲਾਵੇ, ਕੰਢੇ ਕੰਢੇ ਹੀਰ (ਨੋਬਲ ਪ੍ਰਾਈਜ਼) ਭਾਲ਼ਦਾ।
*ਸਿਖਿਆ ਦੇ ਖੇਤਰ ਚ ਸਰਕਾਰੀ ਸਕੂਲ ਹੁਣ ਪੈੜਾਂ ਪਾ ਰਹੇ ਹਨ- ਵਿਧਾਇਕ ਗੈਰੀ ਵੜਿੰਗ
-ਪੰਜਾਬੀ ਵਿਸ਼ੇ ਚ ਹੀ ਹਜ਼ਾਰਾਂ ਵਿਦਿਆਰਥੀ ਫੇਲ੍ਹ ਹੋ ਰਹੇ ਹਨ, ਬਾਕੀ ਸਭ ਠੀਕ ਹੈ।
*ਸਰਬ ਪਾਰਟੀ ਮੀਟਿੰਗ ਚ ਵਿਰੋਧੀ ਧਿਰ ਜੰਗਬੰਦੀ ਅਤੇ ਟਰੰਪ ਦੇ ਦਾਅਵਿਆਂ ਬਾਰੇ ਸਵਾਲ ਪੁੱਛੇਗੀ- ਖੜਗੇ
-ਜਦ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।
*ਕਸ਼ਮੀਰ ਮਾਮਲੇ &lsquoਚ ਭਾਰਤ ਨੂੰ ਕਿਸੇ ਤੀਸਰੇ ਦੇਸ਼ ਦੀ ਵਿਚੋਲਗੀ ਮੰਨਜ਼ੂਰ ਨਹੀਂ-ਵਿਦੇਸ਼ ਮੰਤਰਾਲਾ
-ਘੜਾ ਚੁੱਕ ਲਊਂ ਪੱਟਾਂ ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।
*ਅਕਾਲੀ ਦਲ ਲੀਡਰਸ਼ਿੱਪ ਦੀਆਂ ਗ਼ਲਤੀਆਂ ਕਾਰਨ ਨਿਘਾਰ ਵਲ ਗਿਆ- ਇਯਾਲੀ
-ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਅਮਲੀ ਨੇ ਘਰ ਪੁੱਟ ਤਾ।
*ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਸੰਸਦ ਰਤਨ ਪੁਰਸਕਾਰ- ਇਕ ਖ਼ਬਰ
-ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।
*ਚੀਨ ਅਤੇ ਅਮਰੀਕਾ ਵਿਚਕਾਰ ਟੈਰਿਫ਼ ਸਮਝੌਤਾ ਹੋਇਆ- ਇਕ ਖ਼ਬਰ
-ਆਪਾਂ ਦੋਵੇਂ &lsquoਤਾਸ਼&rsquo ਖੇਡੀਏ, ਬੋਤਾ ਬੰਨ੍ਹ ਕੇ ਬੋਹੜ ਦੀ ਛਾਂਵੇਂ।
*ਟਰੰਪ ਪਲਟਿਆ ਆਪਣੇ ਬਿਆਨ ਤੋਂ ਮੈਂ ਵਿਚੋਲਗੀ ਨਹੀਂ ਸਿਰਫ਼ ਮਦਦ ਕੀਤੀ।
-ਦੋ ਘੁੱਟ ਪੀ ਕੇ ਦਾਰੂ, ਪੈਰ &lsquoਤੇ ਮੁਕਰ ਗਿਆ।
*ਰੂਸ ਅਤੇ ਯੂਕਰੇਨ ਚ ਤਿੰਨ ਸਾਲਾਂ &lsquoਚ ਪਹਿਲੀ ਵਾਰ ਹੋਈ ਸ਼ਾਂਤੀ ਵਾਰਤਾ- ਇਕ ਖ਼ਬਰ
-ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।
-ਨਿਰਮਲ ਸਿੰਘ ਕੰਧਾਲਵੀ