image caption: -ਭਗਵਾਨ ਸਿੰਘ ਜੌਹਲ

29 ਮਈ ਬਰਸੀ ਤੇ ਵਿਸ਼ੇਸ਼ 20ਵੀਂ ਸਦੀ ਦੇ ਉੱਘੇ ਕੀਰਤਨੀਏ - ਰਾਗੀ ਭਾਈ ਜਵਾਲਾ ਸਿੰਘ

ਗੁਰਬਾਣੀ ਕੀਰਤਨ ਨੂੰ ਪੀੜ੍ਹੀ ਦਰ ਪੀੜ੍ਹੀ ਘਰ-ਘਰ ਪਹੁੰਚਾਉਣ ਵਾਲੇ ਸਿੱਖ ਪੰਥ ਦੇ ਸਤਿਕਾਰਤ ਕੀਰਤਨੀਏ ਰਾਗੀ ਭਾਈ ਜਵਾਲਾ ਸਿੰਘ ਨੂੰ ਹਰੇਕ ਕੀਰਤਨ ਰਸੀਆ ਅੱਜ ਵੀ ਯਾਦ ਕਰਦਾ ਹੈ । ਦਸਾਂ ਨੌਹਾਂ ਦੀ ਕਿਰਤ ਕਰਕੇ ਗੁਜ਼ਾਰਾ ਕਰਦਿਆਂ, ਹਿਰਦੇ ਘਰ ਵਿੱਚੋਂ ਨਿਕਲੀਆਂ ਕੀਰਤਨ ਦੀਆਂ ਧੁਨਾਂ ਤੇ ਰੀਤਾਂ ਨੂੰ ਗਾਇਨ ਕਰਦਿਆਂ, ਤੰਤੀ ਸਾਜ, ਸਿਰੰਦੇ ਦੇ ਸਾਜ, ਬਾਕੀ ਸਾਜਾਂ ਨੂੰ ਮੋਢਿਆਂ &lsquoਤੇ ਚੁੱਕ ਕੇ ਪੈਦਲ ਚੱਲਦਿਆਂ ਜੀਵਨ ਭਰ ਕੀਰਤਨ ਕੀਤਾ । ਪਿੰਡਾਂ, ਸ਼ਹਿਰਾਂ ਨੂੰ ਆਉਣ ਜਾਣ ਦੇ ਸਾਧਨ ਨਹੀਂ ਸਨ । ਸਾਂਝੇ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਭਾਈ ਜਵਾਲਾ ਸਿੰਘ ਨੇ ਕੀਰਤਨ ਕਰਦਿਆਂ ਆਪਣੇ ਬਹੂਮੁੱਲੇ ਵਿਚਾਰਾਂ ਦੁਆਰਾ ਗੁਰਧਾਮਾਂ ਦੀ ਮਾਣ-ਮਰਿਯਾਦਾ ਅਤੇ ਸਿੱਖ ਸਿਧਾਂਤਾਂ ਦਾ ਜਿਹੜਾ ਪ੍ਰਚਾਰ ਕੀਤਾ, ਉਸ ਦਾ ਜ਼ਿਕਰ ਅੱਜ ਵੀ ਕਰਨਾ ਬਣਦਾ ਹੈ । 20ਵੀਂ ਸਦੀ ਦੇ ਪਹਿਲੇ ਅੱਜ ਦੇ ਬਿਖੜੇ ਸਮੇਂ ਜਦੋਂ ਕੋਈ ਸੁੱਖ ਸਹੂਲਤਾਂ ਵੀ ਨਹੀਂ ਸਨ । ਗੁਰਦੁਆਰਾ ਸਾਹਿਬਾਨ ਤੇ ਧਰਮਸ਼ਾਲਾਵਾਂ ਦੀਆਂ ਇਮਾਰਤਾਂ ਅੱਧ-ਕੱਚੀਆਂ ਸਨ, ਆਉਣ ਜਾਣ ਦੇ ਸਾਧਨ ਵੀ ਹੁਣ ਵਰਗੇ ਨਹੀਂ ਸਨ, ਸਾਂਝੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਪੈਦਲ, ਬੈਲ-ਗੱਡੀਆਂ, ਊਠਾਂ-ਘੋੜਿਆਂ ਰਾਹੀਂ ਸਫ਼ਰ ਕਰਨਾ ਪੈਂਦਾ ਸੀ । ਭਾਈ ਸਾਹਿਬ ਆਪਣੇ ਕੀਰਤਨੀ ਜਥੇ ਨਾਲ ਆਪਣੇ ਪਿੰਡ ਸੈਦਪੁਰ (ਨੇੜੇ ਠੱਠਾ ਟਿੱਬਾ) ਜ਼ਿਲ੍ਹਾ ਕਪੂਰਥਲਾ ਤੋਂ ਸਮੁੱਚੇ ਦੇਸ਼ ਵਿੱਚ ਕੀਰਤਨ ਦੀ ਅਮੋਲਕ ਦਾਤ ਵੰਡਣ ਲਈ ਦਿਨ ਰਾਤ ਸਫ਼ਰ ਕਰਦੇ ਸਨ । ਗੁਰਸਿੱਖ ਸਿਧਾਂਤਾਂ ਨਾਲ ਪਿਆਰ ਕਰਨ ਵਾਲਾ ਹਰ ਗੁਰਸਿੱਖ ਉਨ੍ਹਾਂ ਨਾਲ ਪਿਆਰ ਕਰਦਾ ਸੀ । ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਘਰਾਂ ਵਿੱਚ ਗੁਰਬਾਣੀ ਕੀਰਤਨ ਨਾਲ ਪਰਿਵਾਰਾਂ ਨੂੰ ਢਾਰਸ ਤੇ ਅਰਦਾਸ ਲਈ ਪੁੱਜਣਾ ਭਾਈ ਜਵਾਲਾ ਸਿੰਘ ਆਪਣਾ ਫਰਜ਼ ਸਮਝਦੇ ਸਨ । ਇਸੇ ਕਰਕੇ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜਿਆ ਹਰ ਸਿੱਖ ਆਗੂ ਭਾਈ ਸਾਹਿਬ ਨਾਲ ਅਥਾਹ ਪਿਆਰ ਕਰਦਾ ਸੀ । ਉਨ੍ਹਾਂ ਦਾ ਸਿਰੰਦਾ ਅੱਜ ਵੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਸਾਂਭਿਆ ਹੋਇਆ ਹੈ । ਰਾਗੀ ਭਾਈ ਜਵਾਲਾ ਸਿੰਘ ਦੇ ਦੋਵੇਂ ਸਪੁੱਤਰ ਸੱਚਖੰਡ ਵਾਸੀ ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਦਿੱਲੀ ਵਾਲੇ ਲਗਾਤਾਰ 40-50 ਸਾਲ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਨਿਭਾਉਂਦੇ ਰਹੇ । ਜੋ ਆਪਣੇ ਸਮੇਂ ਦੇ ਨਾਮਵਰ ਕੀਰਤਨੀਏ ਸਨ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਨੇ ਭਾਈ ਜਵਾਲਾ ਸਿੰਘ ਦੀਆਂ ਪੁਰਾਤਨ ਰੀਤਾਂ ਨੂੰ ਇਨ੍ਹਾਂ ਦੇ ਦੋਹਾਂ ਸਪੁੱਤਰਾਂ ਤੋਂ ਗਾਇਨ ਕਰਵਾ ਕੇ ਸੰਭਾਲਣ ਦਾ ਯਤਨ ਕੀਤਾ ਹੈ । ਨਾਲ ਹੀ ਇਨ੍ਹਾਂ ਪੁਰਾਤਨ ਰੀਤਾਂ ਨੂੰ ਗੁਰਮਤਿ ਰੀਤ ਰਤਨਾਵਲੀ ਪੁਸਤਕ ਦੋ ਭਾਗਾਂ ਵਿੱਚ ਭਵਿੱਖ ਦੇ ਕੀਰਤਨੀਆਂ ਤੇ ਰਾਗੀਆਂ ਲਈ ਪ੍ਰਕਾਸ਼ਤ ਕਰਵਾਈ ਗਈ । 
ਅੱਜ ਵੀ ਇਹ ਪਰਿਵਾਰ ਗੁਰਬਾਣੀ ਕੀਰਤਨ ਦੇ ਮੰਨੇ-ਪ੍ਰਮੰਨੇ ਸੰਗੀਤਕ ਘਰਾਣੇ ਵਜੋਂ ਕੀਰਤਨ ਦੀ ਸੇਵਾ ਨੂੰ ਸਮਰਪਿਤ ਹੈ । ਭਾਈ ਜਵਾਲਾ ਸਿੰਘ ਦਾ ਜਨਮ ਭਾਈ ਦੇਵਾ ਸਿੰਘ ਦੇ ਘਰ ਸੈਦਪੁਰ (ਕਪੂਰਥਲਾ) ਵਿਖੇ 1872 ਈ: ਵਿੱਚ ਹੋਇਆ । ਆਪਣੇ ਪਿਤਾ ਜੀ ਵਾਂਗ ਪਰਿਵਾਰ ਦੇ ਨਿਰਬਾਹ ਲਈ ਖੇਤੀ-ਬਾੜੀ ਦਾ ਧੰਦਾ ਵੀ ਕੀਤਾ । ਭਾਈ ਜਵਾਲਾ ਸਿੰਘ ਦੇ ਦਾਦਾ ਜੀ ਭਾਈ ਪੰਜਾਬ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਰਾਗੀ ਸਨ । ਭਾਈ ਸਾਹਿਬ ਨੂੰ ਕਲਾਸੀਕਲ ਤੇ ਗੁਰਮਤਿ ਸੰਗੀਤ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਹੀ ਮਿਲੀ । ਆਪਣੇ ਪਿੰਡ ਦੇ ਗ੍ਰੰਥੀ ਸਿੰਘ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਪ੍ਰਾਪਤ ਕੀਤੀ । ਪਿੱਛੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਪਿੰਡ ਦੇ ਨਿਰਮਲੇ ਸੰਤਾਂ ਦੇ ਡੇਰੇ ਵਿੱਚ ਕੀਰਤਨ ਦੀ ਸਿੱਖਲਾਈ ਪ੍ਰਾਪਤ ਕੀਤੀ । ਇਸ ਤੋਂ ਬਾਅਦ ਅੰਮ੍ਰਿਤਸਰ ਪੁੱਜ ਕੇ ਭਾਈ ਵਸਾਵਾ ਸਿੰਘ ਦੇ ਸ਼ਗਿਰਦ ਬਣੇ । ਹਰ ਸ਼ਹੀਦੀ ਸਾਕੇ ਬਾਅਦ ਵੈਰਾਗਮਈ ਕੀਰਤਨ ਕਰਦਿਆਂ ਸੰਗਤ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ । ਅਣਵੰਡੇ ਪੰਜਾਬ ਦੇ ਉੱਘੇ ਸੰਤ ਮਹਾਂਪੁਰਸ਼ਾਂ ਦੇ ਅਸਥਾਨਾਂ &lsquoਤੇ ਕਈ-ਕਈ ਦਿਨ ਠਹਿਰ ਕੇ ਕੀਰਤਨ ਦੀਆਂ ਛਹਿਬਰਾਂ ਲਾਉਂਦੇ ਰਹੇ । ਇਸੇ ਕਰਕੇ ਨਿਰਮਲੇ, ਉਦਾਸੀ, ਨਿਹੰਗ ਸਿੰਘ, ਸੇਵਾ-ਪੰਥੀ ਤੇ ਕਾਰਸੇਵਾ ਵਾਲਿਆਂ ਦੇ ਸਾਰੇ ਅਸਥਾਨਾਂ ਤੋਂ ਭਰਪੂਰ ਪਿਆਰ ਪ੍ਰਾਪਤ ਕਰਦੇ ਸਨ । 
ਭਾਈ ਸਾਹਿਬ ਦੀ ਤੀਜੀ ਤੇ ਚੌਥੀ ਪੀੜ੍ਹੀ ਵਿੱਚ ਇੰਜੀਨੀਅਰ ਭਾਈ ਕੁਲਤਾਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਅਤੇ ਕਲਾਸੀਕਲ ਅਤੇ ਸ਼ਾਸਤਰੀ ਸੰਗੀਤ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਬਲਦੀਪ ਸਿੰਘ ਦਿੱਲੀ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਸੇਵਾ ਨਿਭਾ ਰਹੇ ਹਨ । ਸਮੁੱਚੇ ਪੰਥ ਨੂੰ ਕੀਰਤਨ ਦੀਆਂ ਮਧੁਰ ਧੁਨਾਂ ਨਾਲ ਜੋੜਨ ਵਾਲੇ ਭਾਈ ਜਵਾਲਾ ਸਿੰਘ 29 ਮਈ, 1952 ਈ: ਵਿੱਚ ਗੁਰਬਾਣੀ ਕੀਰਤਨ ਦੇ ਆਪਣੇ ਪਿਆਰੇ ਸਰੋਤਿਆਂ ਨੂੰ ਸਦੀਵੀ ਵਿਛੋੜਾ ਦੇ ਗਏ । ਅੱਜ ਉਨ੍ਹਾਂ ਦੀ 71ਵੀਂ ਯਾਦ ਵਿੱਚ ਸਮੁੱਚਾ ਸਿੱਖ ਜਗਤ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰ ਰਿਹਾ ਹੈ । 
30 ਮਈ ਨੂੰ ਬਰਸੀ &lsquoਤੇ ਵਿਸ਼ੇਸ਼
ਸੇਵਾ ਦੇ ਖੇਤਰ ਦੇ ਉੱਘੇ ਹਸਤਾਖਰ - ਬਾਬਾ ਖੜਕ ਸਿੰਘ ਕਾਰਸੇਵਾ ਵਾਲੇ
ਕਾਰਸੇਵਾ ਉਹੀ ਮਨੁੱਖ ਕਰ ਸਕਦਾ ਹੈ, ਜਿਸ ਦੇ ਹਿਰਦੇ ਵਿੱਚ ਪਰਉਪਕਾਰ ਵਸਿਆ ਹੋਵੇ । ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣਾ ਕੋਈ ਸੁਖੈਨ ਕੰਮ ਨਹੀਂ । ਇਸ ਵੱਡੇ ਖੇਤਰ ਵਿੱਚ ਜਾਣ ਤੋਂ ਪਹਿਲਾਂ ਆਪਣਾ ਜੀਵਨ ਗੁਰੂ-ਘਰ ਨੂੰ ਸਮਰਪਿਤ ਕਰਨਾ ਪੈਂਦਾ ਹੈ । ਮਨ ਵਿੱਚ ਖੋਟ ਰੱਖਣ ਵਾਲੇ ਇਨਸਾਨ ਲੋਕ ਮਨਾਂ ਵਿੱਚੋਂ ਨਿਕਲ ਜਾਂਦੇ ਹਨ । ਜਿਹੜੇ ਰੱਬੀ ਜਿਊੜੇ ਇਸ ਖੇਤਰ ਵਿੱਚ ਤਨ ਮਨ ਧਨ ਨਾਲ ਸੰਗਤ ਦੀ ਸੇਵਾ ਵਿੱਚ ਰਾਤ-ਦਿਨ ਕੁੱਦ ਪੈਂਦੇ ਹਨ, ਉਹ ਇਸ ਧਰਤੀ ਦਾ ਸ਼ਿੰਗਾਰ ਬਣ ਜਾਂਦੇ ਹਨ । ਅਜਿਹੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਬਾਬਾ ਖੜਕ ਸਿੰਘ ਕਾਰਸੇਵਾ ਵਾਲੇ । ਕਾਰਸੇਵਾ ਦੇ ਖੇਤਰ ਨਾਲੋਂ ਵੱਧ ਕੇ ਉਹ ਅਜਿਹੀ ਰੰਗ ਰੱਤੜੀ ਆਤਮਾ ਦੇ ਮਾਲਕ ਸਨ, ਜਿਨ੍ਹਾਂ ਆਪਣੀ ਹਯਾਤੀ ਦੇ ਦੌਰਾਨ ਹਜ਼ਾਰਾਂ ਘਰਾਂ ਵਿੱਚ ਪਏ ਕਲਾ-ਕਲੇਸ਼ ਅਤੇ ਗੰਭੀਰ ਝਗੜੇ ਨਿਪਟਾਏ, ਜਿਨ੍ਹਾਂ ਨਾਲ ਕਿੰਨੇ ਕਤਲ ਹੋਣ ਤੋਂ ਸਮਾਜ ਨੂੰ ਬਚਾਇਆ । ਲੱਖਾਂ ਪਰਿਵਾਰਾਂ ਨੂੰ ਇਸ ਕੀਮਤੀ ਤੇ ਬਹੂਮੁੱਲੇ ਜੀਵਨ ਨੂੰ ਜੀਊਣ ਲਈ ਜੀਵਨ ਜਾਚ ਸਮਝਾਈ । ਪਰਿਵਾਰਾਂ ਵਿੱਚ ਮਿਲ ਬੈਠ ਕੇ ਪਿਆਰ ਤੇ ਪ੍ਰੇਮ ਨਾਲ ਰਹਿਣ ਦੀ ਪ੍ਰੇਰਣਾ ਦਿੱਤੀ । ਇਹ ਅਜਿਹੀ ਸੇਵਾ ਸੀ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੇ ਮਨਾਂ ਵਿੱਚੋਂ ਮੈਲ ਕੱਢ ਕੇ ਗੁਰੂ-ਘਰ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ । 
ਬਾਬਾ ਖੜਕ ਸਿੰਘ ਦਾ ਜਨਮ ਲਾਹੌਰ (ਲਹਿੰਦਾ ਪੰਜਾਬ) ਜ਼ਿਲ੍ਹੇ ਦੇ ਪਿੰਡ ਬਰਕੀ ਵਿੱਚ ਸ। ਪਾਲਾ ਸਿੰਘ ਅਤੇ ਮਾਤਾ ਦਾਨ ਕੌਰ ਦੇ ਗ੍ਰਹਿ ਵਿਖੇ 1895 ਈ: ਵਿੱਚ ਹੋਇਆ । ਪਰਿਵਾਰਕ ਜ਼ਿੰਮੇਵਾਰੀ ਨੂੰ ਸਮਝਦਿਆਂ ਪਹਿਲਾਂ ਦੇਸ਼ ਦੀ ਫੌਜ ਵਿੱਚ ਭਰਤੀ ਹੋ ਕੇ ਚੰਗੇ ਸਿਪਾਹੀ ਦੇ ਫਰਜ਼ ਨੂੰ ਨਿਭਾਇਆ । ਜਵਾਨੀ ਵਿੱਚ ਹੀ ਰੱਬੀ-ਪ੍ਰੇਮ ਵਿੱਚ ਵੈਰਾਗ ਅਵਸਥਾ ਵਿੱਚ ਵਿਚਰਦਿਆਂ ਮਨੁੱਖਤਾ ਦੇ ਭਲੇ ਲਈ ਜੀਵਨ ਬਤੀਤ ਕਰਨ ਦੀ ਖਿੱਚ ਕਾਰਨ ਮਨ ਉਚਾਟ ਰਹਿਣ ਲੱਗ ਗਿਆ । ਫੌਜ ਵਿੱਚੋਂ ਵਾਪਸ ਆ ਕੇ ਸੰਤ-ਸਿਪਾਹੀ ਵਜੋਂ ਵਿਚਰਨਾ ਸ਼ੁਰੂ ਕਰ ਦਿੱਤਾ । ਥੋੜ੍ਹੇ ਸਮੇਂ ਵਿੱਚ ਕਾਰਸੇਵਾ ਦੇ ਖੇਤਰ ਦੀ ਵੱਡੀ ਹਸਤੀ ਬਾਬਾ ਨਿਧਾਨ ਸਿੰਘ ਕਾਰਸੇਵਾ ਵਾਲਿਆਂ ਦੇ ਜਥੇ ਵਿੱਚ ਸ਼ਾਮਿਲ ਹੋ ਗਏ । ਉਦੋਂ ਹੁਣ ਵਾਂਗ ਇਸ ਖੇਤਰ ਵਿੱਚ ਮਾਇਆ ਦਾ ਪ੍ਰਭਾਵ ਨਹੀਂ ਸੀ । ਸੇਵਾ ਤਨਦੇਹੀ ਨਾਲ ਨਿਭਾਉਣੀ ਪੈਂਦੀ ਸੀ । ਇਨ੍ਹਾਂ ਦਿਨਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ । ਮਰਜੀਵੜੇ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸਮੇਂ ਦੀ ਅੰਗ੍ਰੇਜ਼ ਹਕੂਮਤ ਦੀ ਘਰ-ਘਾਟਾਂ ਨੂੰ ਤਿਆਗ ਕੇ ਜਾਨ ਨਾਲੋਂ ਪਿਆਰੇ ਗੁਰਧਾਮਾਂ ਨੂੰ ਮਾੜੇ ਪ੍ਰਬੰਧ ਤੋਂ ਅਜ਼ਾਦ ਕਰਵਾਉਣਾ ਚਾਹੁੰਦੇ ਸਨ । ਕਾਰਸੇਵਾ ਵਿੱਚ ਤਨ-ਦੇਹੀ ਨਾਲ ਸੇਵਾ ਨਿਭਾਉਂਦਿਆਂ ਜੈਤੋ ਦੇ ਮੋਰਚੇ ਦੌਰਾਨ ਗ੍ਰਿਫਤਾਰ ਹੋ ਗਏ । ਮੋਰਚਾ ਫ਼ਤਹਿ ਹੋਣ ਤੱਕ ਕੈਦ ਕੱਟੀ । ਜੇਲ੍ਹ ਵਿੱਚੋਂ ਵਾਪਸ ਆਉਂਦਿਆਂ ਹੀ ਮੁੜ ਕਾਰਸੇਵਾ ਨੂੰ ਸਮਰਪਿਤ ਹੋ ਗਏ ।
ਉਸ ਸਮੇਂ ਆਪ ਕਾਰਸੇਵਾ ਦੇ ਖੇਤਰ ਦੀ ਉੱਘੀ ਹਸਤੀ ਬਾਬਾ ਗੁਰਮੁੱਖ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯਾਦਗਾਰੀ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰਸੇਵਾ ਵਿੱਚ ਜੁੱਟੇ ਹੋਏ ਸਨ । ਇਸੇ ਦੌਰਾਨ ਇਕ ਦਿਨ ਲਾਹੌਰ ਵਿਖੇ ਕਾਬਲ (ਅਫ਼ਗਾਨਿਸਤਾਨ) ਤੋਂ ਇਕ ਜਥਾ ਦਰਸ਼ਨਾਂ ਲਈ ਆਇਆ । ਉਦੋਂ ਅਫ਼ਗਾਨਿਸਤਾਨ ਦੇ ਸਿੰਘਾਂ ਦੀ ਸ਼ਰਧਾ ਤੇ ਪਿਆਰ ਵੇਖ ਕੇ ਉਨ੍ਹਾਂ ਨਾਲ ਸੇਵਾ ਦੇ ਪ੍ਰਥਾਇ ਵਿਚਾਰ ਕਰ ਰਹੇ ਸਨ ਤਾਂ ਉਸ ਆਈ ਹੋਈ ਸੰਗਤ ਨੇ ਬੀੜ ਬਾਬਾ ਬੁੱਢਾ ਸਾਹਿਬ ਦੀ ਨਵ-ਉਸਾਰੀ ਲਈ ਬੇਨਤੀ ਕੀਤੀ । ਬਾਬਾ ਗੁਰਮੁੱਖ ਸਿੰਘ ਨੇ ਬਾਬਾ ਖੜਕ ਸਿੰਘ ਨੂੰ ਇਕ ਜ਼ਿੰਮੇਵਾਰ ਕਾਰ-ਸੇਵਕ ਵਜੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਸੌਂਪ ਦਿੱਤੀ । ਬਾਬਾ ਜੀ ਲਾਹੌਰ ਤੋਂ ਸੀਮਤ ਜਿਹਾ ਉਸਾਰੀ ਦਾ ਸਮਾਨ ਲੈ ਕੇ ਬੀੜ ਬਾਬਾ ਬੁੱਢਾ ਸਾਹਿਬ ਪਹੁੰਚ ਗਏ । ਇਥੇ ਪੁੱਜਦਿਆਂ ਹੀ ਸਭ ਤੋਂ ਪਹਿਲਾਂ ਪਾਵਨ-ਸਰੋਵਰ ਅਤੇ ਇਸ ਤੋਂ ਪਿੱਛੋਂ ਗੁਰਦੁਆਰਾ ਸਾਹਿਬ ਦੇ ਨਵ-ਨਿਰਮਾਣ ਦੀ ਸੇਵਾ ਸ਼ੁਰੂ ਕੀਤੀ । ਇਸ ਕਾਰਸੇਵਾ ਤੋਂ ਇਲਾਵਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੌਜੂਦਾ ਆਧੁਨਿਕ ਲੰਗਰ ਦੀ ਇਮਾਰਤ ਦੀ ਸੇਵਾ ਨੂੰ ਪ੍ਰਮੁੱਖ ਫਰਜ਼ ਸਮਝਦੇ ਨਿਭਾਇਆ । ਇਸ ਸੇਵਾ ਤੋਂ ਪਿੱਛੋਂ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਅੰਮ੍ਰਿਤ ਸਰੋਵਰ ਲਈ ਪੁਰਾਤਨ ਹੰਸਲੀ ਦੇ ਨਵ-ਨਿਰਮਾਣ ਲਈ ਜਲ ਲਿਆਉਣ ਦੀ ਸੇਵਾ ਨੂੰ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਪੂਰਨ ਕੀਤਾ ।
ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ਉੱਪਰ ਬਣ ਰਹੇ ਪੁੱਲ ਦੀ ਉਸਾਰੀ ਲਈ ਵੀ ਯੋਗਦਾਨ ਪਾਇਆ । ਇਨ੍ਹਾਂ ਸੇਵਾਵਾਂ ਤੋਂ ਇਲਾਵਾ ਬੀੜ ਸਾਹਿਬ ਦੇ ਇਲਾਕੇ ਵਿੱਚ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡੇ ਯਤਨਾਂ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਿਆ । ਬਾਬਾ ਬੁੱਢਾ ਸਾਹਿਬ ਕਾਲਜ, ਬਾਬਾ ਬੁੱਢਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਅਤੇ ਪਬਲਿਕ ਸਕੂਲ ਆਪ ਜੀ ਦੀ ਵਿੱਦਿਅਕ ਸੇਵਾਵਾਂ ਪ੍ਰਤੀ ਲਗਨ ਦੇ ਪ੍ਰਤੱਖ ਸਬੂਤ ਹਨ । ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1984 ਈ: ਵਿੱਚ ਵਾਪਰੇ ਕਤਲਾਮ ਅਤੇ ਘੱਲੂਘਾਰੇ ਨੇ ਆਪ ਨੂੰ ਧੁਰ-ਅੰਦਰੋਂ ਹਿਲਾ ਕੇ ਰੱਖ ਦਿੱਤਾ । ਇਸ ਘੱਲੂਘਾਰੇ ਦਾ ਉਨ੍ਹਾਂ ਦੀ ਅੰਤਰ-ਆਤਮਾ &lsquoਤੇ ਗਹਿਰਾ ਅਸਰ ਹੋਇਆ । ਘੱਲੂਘਾਰੇ ਤੋਂ ਦੋ ਕੁ ਸਾਲ ਪਿੱਛੋਂ 30 ਮਈ, 1986 ਈ: ਨੂੰ ਸਰੀਰ ਕਰਕੇ ਕੁਝ ਸਮਾਂ ਢਿੱਲੇ ਹੋਣ ਪਿੱਛੋਂ ਆਪਣੇ ਪੰਚ-ਭੂਤਕ ਸਰੀਰ ਨੂੰ ਛੱਡ ਕੇ ਸਚਖੰਡ ਜਾ ਬਿਰਾਜੇ । ਉਨ੍ਹਾਂ ਤੋਂ ਪਿੱਛੋਂ ਇਨ੍ਹਾਂ ਕਾਰਸੇਵਾਵਾਂ ਨੂੰ ਬਾਬਾ ਦਰਸ਼ਨ ਸਿੰਘ ਬਾਖੂਬੀ ਨਿਭਾਉਂਦੇ ਰਹੇ । ਮੌਜੂਦਾ ਸਮੇਂ ਇਨ੍ਹਾਂ ਸੇਵਾਵਾਂ ਨੂੰ ਬਾਬਾ ਸੰਤੋਖ ਸਿੰਘ ਪੂਰੀ ਤਨ-ਦੇਹੀ ਨਾਲ ਸਰ-ਅੰਜ਼ਾਮ ਦੇ ਰਹੇ ਹਨ । ਬਾਬਾ ਖੜਕ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ ।
-ਭਗਵਾਨ ਸਿੰਘ ਜੌਹਲ