image caption: -ਭਗਵਾਨ ਸਿੰਘ ਜੌਹਲ
(6 ਜੂਨ ਲਈ) ਜਨਮ ਦਿਨ ਤੇ ਵਿਸ਼ੇਸ਼, ਸਿੱਖਾਂ ਦਾ ਬੇਤਾਜ ਬਾਦਸ਼ਾਹ - ਕੌਮੀ ਸਿੱਖ ਆਗੂ ਬਾਬਾ ਖੜਕ ਸਿੰਘ
ਸਿੱਖਾਂ ਦੇ ਬੇਤਾਜ ਬਾਦਸ਼ਾਹ ਵਜੋਂ ਜਾਣੇ ਜਾਂਦੇ ਕੌਮੀ ਸਿੱਖ ਆਗੂ ਸਨ, ਜਿਨ੍ਹਾਂ ਨੂੰ ਅੱਜ ਵੀ ਉਸੇ ਪਿਆਰ ਤੇ ਸ਼ਿਦਤ ਨਾਲ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੇ ਬਿਖੜੇ ਸਮੇਂ, ਉਹ ਇੰਨੇ ਕੁ ਹਰਮਨ ਪਿਆਰੇ ਸਨ ਕਿ ਸਾਂਝੇ ਪੰਜਾਬ ਵਿੱਚ ਵੱਸਣ ਵਾਲਾ ਹਰ ਸਿੱਖ ਉਨ੍ਹਾਂ ਨੂੰ ਆਪਣਾ ਦਾਸ੍ਰੋਤ ਮੰਨਦਾ ਸੀ । ਸਿੱਖ ਕੌਮ ਦੀ ਮੌਜੂਦਾ ਪਾਰਲੀਮੈਂਟ ਅਤੇ ਸਿਰਮੌਰ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਤਿੰਨ ਵਾਰ ਪ੍ਰਧਾਨ ਦੇ ਸਨਮਾਨਿਤ ਅਹੁਦੇ &lsquoਤੇ ਕਾਰਜਸ਼ੀਲ ਰਹੇ । ਬਾਬਾ ਖੜਕ ਸਿੰਘ ਅਜਿਹੀ ਦ੍ਰਿੜ ਇਰਾਦੇ ਨਾਲ ਜੁਝਾਰੂ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਅੰਗ੍ਰੇਜ਼ ਹਕੂਮਤ ਵੱਲੋਂ ਡੇਰਾ ਗਾਜੀਖ਼ਾਨ (ਪਾਕਿਸਤਾਨ) ਦੀ ਜੇਲ੍ਹ ਵਿੱਚ ਜਦੋਂ ਕਾਲੀ ਦਸਤਾਰ ਸਜਾਉਣ ਅਤੇ ਗਾਂਧੀ ਟੋਪੀ ਪਾਉਣ ਤੇ ਪੂਰਨ ਰੂਪ ਵਿੱਚ ਪਾਬੰਦੀ ਲਾ ਦਿੱਤੀ ਗਈ, ਤਾਂ ਉਨ੍ਹਾਂ ਜੇਲ੍ਹ ਵਿੱਚ ਰਹਿੰਦਿਆਂ ਬਾਕੀ ਸਾਰੀ ਸਜ਼ਾ ਕੇਵਲ ਇਕ ਕਛਹਿਰਾ ਪਹਿਨ ਕੇ ਕੱਟੀ । ਸਰੀਰ ਉੱਪਰ ਪਹਿਨਣ ਵਾਲੇ ਸਾਰੇ ਬਸਤਰਾਂ ਦਾ ਤਿਆਗ ਕਰਕੇ ਕੌਮ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ । ਇਸੇ ਕਰਕੇ ਇਸ ਮਹਾਨ ਹਸਤੀ ਨੂੰ ਸਿੱਖਾਂ ਦੇ ਬੇਤਾਜ ਬਾਦਸ਼ਾਹ ਵਜੋਂ ਕੌਮ ਸਤਿਕਾਰ ਦਿੰਦੀ ਹੈ ।
ਬਾਬਾ ਖੜਕ ਸਿੰਘ ਜੀ ਦਾ ਜਨਮ 6 ਜੂਨ, 1868 ਈ: ਨੂੰ ਰਾਏ ਬਹਾਦਰ ਸ। ਹਰੀ ਸਿੰਘ ਦੇ ਗ੍ਰਹਿ ਵਿਖੇ ਸਿਆਲਕੋਟ (ਲਹਿੰਦਾ ਪੰਜਾਬ) ਵਿਖੇ ਹੋਇਆ । ਇਨ੍ਹਾਂ ਦੇ ਪਿਤਾ ਜੀ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ ਠੇਕੇਦਾਰ ਅਤੇ ਸਨਅਤਕਾਰ ਸਨ । ਬਾਬਾ ਜੀ ਨੇ ਮੈਟ੍ਰਿਕ ਦਾ ਇਮਤਿਹਾਨ ਮਿਸ਼ਨ ਹਾਈ ਸਕੂਲ ਸਿਆਲਕੋਟ ਤੋਂ ਪਾਸ ਕੀਤਾ । ਸਰਕਾਰੀ ਕਾਲਜ ਲਾਹੌਰ ਤੋਂ 1889 ਈ: ਵਿੱਚ ਬੈਚੂਲਰ ਦੀ ਡਿਗਰੀ ਪ੍ਰਾਪਤ ਕੀਤੀ । ਇਸ ਤੋਂ ਬਾਅਦ ਇਲਾਹਾਬਾਦ ਦੇ ਲਾਅ ਕਾਲਜ ਵਿੱਚ ਦਾਖਲਾ ਲਿਆ, ਪਰ ਪਿਤਾ ਜੀ ਅਤੇ ਵੱਡੇ ਭਰਾ ਦੀ ਬੇਵਕਤ ਮੌਤ ਕਾਰਨ ਉਨ੍ਹਾਂ ਨੂੰ ਵਾਪਸ ਆਪਣੇ ਸ਼ਹਿਰ ਸਿਆਲਕੋਟ ਆਉਣਾ ਪਿਆ । 1912 ਈ: ਵਿੱਚ ਬਾਬਾ ਖੜਕ ਸਿੰਘ ਨੇ ਲੋਕ ਸੇਵਾ ਵਿੱਚ ਪ੍ਰਵੇਸ਼ ਕੀਤਾ । ਉਸ ਸਮੇਂ ਦੇਸ਼ ਦੇ ਲੋਕ ਗੁਰਬਤ ਤੇ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਸਨ । ਇਸ ਤੋਂ ਬਾਅਦ ਹੀ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰਦਾ ਹੈ । ਬਾਬਾ ਜੀ ਨੂੰ ਇਸ ਖੂਨੀ ਸਾਕੇ ਨੇ ਝੰਜੋੜ ਕੇ ਰੱਖ ਦਿੱਤਾ । ਇਹੀ ਸਾਕਾ ਬਾਬਾ ਜੀ ਨੂੰ ਰਾਜਨੀਤੀ ਵਿੱਚ ਕੁੱਦਣ ਲਈ ਪ੍ਰੇਰਦਾ ਹੈ । 1920 ਈ: ਵਿੱਚ ਤੇਜ ਤਰਾਰ ਸਿੱਖ ਆਗੂ ਹੋਣ ਕਾਰਨ ਬਾਬਾ ਜੀ ਨੂੰ ਸੈਂਟਰਲ ਸਿੱਖ ਲੀਗ ਦਾ ਪ੍ਰਧਾਨ ਚੁਣਿਆ ਗਿਆ । ਦੇਸ਼ ਦੀ ਅਜ਼ਾਦੀ ਲਈ ਚੱਲੀ ਨਾ-ਮਿਲਵਰਤਨ ਲਹਿਰ ਵਿੱਚ ਪੂਰੇ ਉਤਸ਼ਾਹ ਨਾਲ ਪੰਜਾਬ ਦੇ ਸਰਗਰਮ ਆਗੂ ਵਜੋਂ ਯੋਗਦਾਨ ਪਾਇਆ । 1921 ਈ: ਵਿੱਚ ਨਵੀ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ । ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਇਨ੍ਹਾਂ ਦੀ ਅਗਵਾਈ ਵਿੱਚ ਸਫ਼ਲਤਾ ਨਾਲ ਜਿੱਤਿਆ ਗਿਆ ।
26 ਨਵੰਬਰ, 1921 ਨੂੰ ਅੰਗ੍ਰੇਜ਼ ਹਕੂਮਤ ਵਿਰੁੱਧ ਸਖ਼ਤ ਤਕਰੀਰ ਕਰਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ । ਇਸ ਸਰਕਾਰ ਵਿਰੋਧੀ ਪ੍ਰਚਾਰ ਦੇ ਇਵਜ਼ ਵਜੋਂ 6 ਮਹੀਨੇ ਦੀ ਸਖ਼ਤ ਕੈਦ ਦੀ ਸਜ਼ਾ ਕੱਟਣੀ ਪਈ । ਇਸ ਤੋਂ ਅਗਲੇ ਵਰੇ੍ਹ 1922 ਵਿੱਚ ਕ੍ਰਿਪਾਨਾਂ ਬਣਾਉਣ ਦੀ ਫੈਕਟਰੀ ਚਲਾਉਣ ਦੇ ਜੁਰਮ ਵਿੱਚ ਮੁੜ ਇਕ ਸਾਲ ਦੀ ਹੋਰ ਕੈਦ ਹੋ ਗਈ । ਇਸ ਦੇ ਨਾਲ ਹੀ ਅੰਗ੍ਰੇਜ਼ ਹਕੂਮਤ ਦੇ ਵਿਰੋਧ ਵਿੱਚ ਬਾਗੀਆਨਾ ਭਾਸ਼ਨ ਕਰਨ ਕਰਕੇ ਤਿੰਨ ਸਾਲ ਦੀ ਹੋਰ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ । ਜਦੋਂ ਇਸ ਸਜ਼ਾ ਅਧੀਨ ਡੇਰਾ ਗਾਜੀਖ਼ਾਨ (ਪਾਕਿਸਤਾਨ) ਵਿਖੇ ਅਨੇਕਾਂ ਹੋਰ ਰਾਜਸੀ ਕੈਦੀਆਂ ਨੂੰ ਜੇਲ੍ਹ ਵਿੱਚ ਕਾਲੀ ਦਸਤਾਰ ਅਤੇ ਗਾਂਧੀ ਟੋਪੀ &lsquoਤੇ ਪਾਬੰਦੀ ਲਾ ਦਿੱਤੀ ਗਈ ਤਾਂ ਉਨ੍ਹਾਂ ਰਾਜਸੀ ਕੈਦੀਆਂ ਨੂੰ ਹੱਕ ਦਿਵਾਉਣ ਖਾਤਰ ਸਾਰੀ ਕੈਦ ਇਕੱਲੇ ਕਛਹਿਰੇ ਨਾਲ ਬਿਤਾਉਣ ਦਾ ਪੱਕਾ ਨਿਰਣਾ ਲੈ ਲਿਆ । ਸਾਰੀ ਕੈਦ ਨੰਗੇ ਪਿੰਡੇ ਹੀ ਕੱਟੀ । ਇਸ ਕੈਦ ਵਿੱਚੋਂ 4 ਜੂਨ 1927 ਈ: ਨੂੰ ਰਿਹਾਅ ਕੀਤੇ ਗਏ । 
ਜਦੋਂ 1925 ਈ: ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਤੋਂ ਬਾਅਦ ਅੰਗ੍ਰੇਜ਼ ਹਕੂਮਤ ਵੱਲੋਂ ਗੁਰਦੁਆਰਾ ਐਕਟ ਬਣਾਇਆ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਬਾਬਾ ਜੀ ਜਦੋਂ ਨੰਗੇ ਪਿੰਡੇ ਕੈਦ ਕੱਟ ਰਹੇ ਸਨ ਤਾਂ ਉਨ੍ਹਾਂ ਨੂੰ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ । ਇਸ ਦੌਰਾਨ ਸਮੁੱਚੇ ਸਿੱਖ ਜਗਤ ਵਿੱਚ ਬਿਨਾਂ ਕੱਪੜਿਆਂ ਤੋਂ ਕੈਦ ਕੱਟਣ ਕਰਕੇ ਬਾਬਾ ਜੀ ਨੂੰ ਸਿੱਖਾਂ ਦੇ ਬੇਤਾਜ ਬਾਦਸ਼ਾਹ ਦੇ ਲਕਬ ਨਾਲ ਘਰਾਂ ਵਿੱਚ ਬੈਠੇ ਲੋਕ ਸਤਿਕਾਰ ਦੇ ਰਹੇ ਸਨ । ਭਾਵੇਂ ਉਸ ਸਮੇਂ ਅੱਜ ਵਾਂਗ ਮੀਡੀਆ ਦਾ ਫੈਲਾਉ ਨਹੀਂ ਸੀ, ਇਹ ਸਿਰਫ਼ ਲੋਕ ਮਨਾਂ ਦੀ ਅਵਾਜ਼ ਸੀ । ਇਸ ਤੋਂ ਬਾਅਦ 1930 ਈ: ਵਿੱਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਪਿੱਛੋਂ ਹੋਏ ਜਨਰਲ ਇਜਲਾਸ ਵਿੱਚ ਫਿਰ ਪ੍ਰਧਾਨ ਚੁਣ ਲਿਆ ਗਿਆ । 1928-29 ਈ: ਵਿੱਚ ਨਹਿਰੂ ਕਮੇਟੀ ਰਿਪੋਰਟ ਦਾ ਸਖ਼ਤ ਵਿਰੋਧ ਕੀਤਾ । 1947 ਈ: ਵਿੱਚ ਦੇਸ਼ ਦੇ ਬਟਵਾਰੇ ਤੋਂ ਪਿੱਛੋਂ ਆਪ ਦਿੱਲੀ ਆ ਵੱਸੇ । ਇਥੇ ਇਨ੍ਹਾਂ ਦੇ ਇਕਲੌਤ ਲੜਕੇ ਸ। ਪ੍ਰਿਥੀਪਾਲ ਸਿੰਘ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ । ਉਮਰ ਦੇ ਆਖ਼ਰੀ ਸਾਲਾਂ ਵਿੱਚ ਇਸ ਵੱਡੇ ਦੁੱਖ ਨੂੰ ਵੀ ਗੁਰੂ ਦਾ ਹੁਕਮ ਤੇ ਭਾਣਾ ਮੰਨ ਕੇ ਪ੍ਰਵਾਨ ਕੀਤਾ ।
ਬਾਬਾ ਜੀ 95 ਵਰ੍ਹਿਆਂ ਦੀ ਉਮਰ ਵਿੱਚ 6 ਅਕਤੂਬਰ 1963 ਈ: ਨੂੰ ਦਿੱਲੀ ਵਿਖੇ ਹੀ ਆਪਣੇ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਗਏ । ਬਾਬਾ ਜੀ ਦੀ ਯਾਦ ਵਿੱਚ ਕਨਾਟ ਪਲੇਸ ਤੋਂ ਗੋਲ-ਮਾਰਕੀਟ ਨੂੰ ਜਾਂਦੀ ਸੜਕ ਦਾ ਨਾਂਅ ਬਾਬਾ ਖੜਕ ਸਿੰਘ ਮਾਰਗ ਰੱਖਿਆ ਗਿਆ । ਕੌਮੀ ਮਰਜੀਵੜਿਆਂ ਦੇ ਮਨ ਵਿੱਚ ਉਨ੍ਹਾਂ ਦੀ ਯਾਦ ਹਮੇਸ਼ਾਂ ਬਣੀ ਰਹੇਗੀ ।
-ਭਗਵਾਨ ਸਿੰਘ ਜੌਹਲ