ਚੁੰਝਾਂ-ਪ੍ਹੌਂਚੇ
*ਹਾਈ ਕੋਰਟ ਦੇ ਸਾਰੇ ਜੱਜ ਪੂਰੀ ਪੈਨਸ਼ਨ ਲੈਣ ਦੇ ਹੱਕਦਾਰ- ਸੁਪਰੀਮ ਕੋਰਟ
-ਸੁਪਰੀਮ ਕੋਰਟ ਜੀ ਕਦੀ ਗ਼ਰੀਬ ਮੁਲਾਜ਼ਮਾਂ ਲਈ ਵੀ ਅਜਿਹਾ ਫ਼ੈਸਲਾ ਦਿਉ। 
*ਭਾਰਤ ਤੇ ਪਾਕਿਸਤਾਨ ਵਿਚਾਲੇ &lsquoਸਥਾਈ ਜੰਗਬੰਦੀ&rsquo ਕਰਵਾਉਣ ਲਈ ਅਸੀਂ ਅਹਿਮ ਭੂਮਿਕਾ ਨਿਭਾਵਾਂਗੇ-ਚੀਨ
-ਯਾਨੀ ਕਿ ਬੋਹਲ ਦੀ ਰਾਖੀ ਬੱਕਰਾ ਬੈਠੇਗਾ। 
*ਰੂਸ ਨੇ ਐਮਨੈਸਟੀ ਇੰਟਰਨੈਸ਼ਨਲ &rsquoਤੇ ਲਾਈ ਪਾਬੰਦੀ- ਇਕ ਖ਼ਬਰ
-ਉੱਪਰ ਢੱਕਣ ਦੇ ਦਿਉ, ਭਾਫ਼ ਨਾ ਨਿਕਲੇ ਬਾਹਰ।
*ਟਰੰਪ ਵਲੋਂ ਰੂਸ- ਯੂਕਰੇਨ ਵਿਚਕਾਰ ਜੰਗਬੰਦੀ ਕਰਵਾਉਣ ਲਈ ਕੋਸ਼ਿਸ਼ਾਂ ਤੇਜ਼- ਇਕ ਖ਼ਬਰ
-ਜ਼ਰੂਰ ਬਈ ਜ਼ਰੂਰ! ਹੁਣ ਤਜਰਬਾ ਜੁ ਹੋ ਗਿਐ ਭਾਰਤ ਤੇ ਪਾਕਿਸਤਾਨ ਦੀ ਜੰਗਬੰਦੀ ਕਰਵਾ ਕੇ।
*ਦੁਨੀਆਂ ਭਰ ਦੀਆਂ ਜੇਲ੍ਹਾਂ &lsquoਚ 23 ਹਜ਼ਾਰ ਤੋਂ ਵੱਧ ਪਾਕਿਸਤਾਨੀ ਬੰਦ- ਇਕ ਖ਼ਬਰ
-ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
*ਰਾਹੁਲ ਗਾਂਧੀ ਨੇ ਜੈ ਸ਼ੰਕਰ ਦੇ ਬਿਆਨ &lsquoਤੇ ਫਿਰ ਨਿਸ਼ਾਨਾ ਵਿੰਨ੍ਹਿਆਂ- ਇਕ ਖ਼ਬਰ
-ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲਿਆ।
*ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕੇਂਦਰੀ ਟੈਕਸਾਂ ਵਿਚ 50 % ਦੀ ਹਿੱਸੇਦਾਰੀ ਮੰਗੀ- ਇਕ ਖ਼ਬਰ
-ਸਾਡਾ ਹੱਕ, ਏਥੇ ਰੱਖ।
*ਭਾਰਤ ਨਾਲ ਰਿਸ਼ਤੇ ਸੁਧਾਰਨਾ ਚਾਹੁੰਦਾ ਹੈ ਕੈਨੇਡਾ- ਪ੍ਰਧਾਨ ਮੰਤਰੀ ਕਾਰਨੀ
-ਤੇਰੇ ਦਿਲ ਦੀ ਸਮਝ ਲਾਂ ਸਾਰੀ, ਮਿੱਤਰਾ ਤਵੀਤ ਬਣ ਜਾ।
*ਗੜਗੱਜ ਦੇ ਫ਼ੈਸਲੇ ਨਾਲ਼ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਫੇਰ ਆਮਣੋ-ਸਾਹਮਣੇ- ਇਕ ਖ਼ਬਰ
-ਚੰਦ ਕੌਰ ਚੱਕਵਾਂ ਚੁੱਲ੍ਹਾ, ਕਿਤੇ ਯਾਰਾਂ ਨੂੰ ਭਿੜਾ ਕੇ ਮਾਰੂ।
*ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਦੀ ਟਰੰਪ ਨਾਲ ਤਿੱਖੀ ਬਹਿਸ- ਇਕ ਖ਼ਬਰ
-ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।
*ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਚਿੰਤਾਜਨਕ, ਸਰਕਾਰ ਨਹੀਂ ਦੇ ਰਹੀ ਧਿਆਨ- ਇਕ ਖ਼ਬਰ
-ਸਿਆਲਾਂ ਦੇ ਵਿਹੜੇ ਨਿੰਮ ਜੋ, ਉਹਦੇ ਪੱਤ ਗਏ ਕੁਮਲਾਅ।
*ਸ੍ਰੀ ਅਕਾਲ ਤਖ਼ਤ ਅਤੇ ਪੰਥ ਤੋਂ ਭਗੌੜੇ ਹੋਏ ਧੜੇ ਦਾ ਮੈਂਬਰ ਬਣਨ ਦਾ ਮੇਰਾ ਕੋਈ ਵਿਚਾਰ ਨਹੀਂ- ਇਯਾਲੀ
-ਜਿਹੜੇ ਪਿੰਡ ਵੀ ਅਸੀਂ ਨਹੀਂ ਜਾਣਾ, ਰਾਹ ਉਹਦਾ ਕਿਉਂ ਪੁੱਛੀਏ।
*ਭਗੌੜੇ ਨੀਰਵ ਮੋਦੀ ਦੀ ਲੰਡਨ ਹਾਈ ਕੋਰਟ ਵਿਚ ਜ਼ਮਾਨਤ ਅਰਜ਼ੀ ਰੱਦ- ਇਕ ਖ਼ਬਰ
-ਜੱਗ ਡਾਰ ਜਨੌਰਾਂ ਦੀ, ਇਕ ਦਿਨ ਕਾਲ਼ ਬਾਜ਼ ਨੇ ਪੈਣਾ।
*ਅਮਰੀਕਾ ਨੇ ਭਾਰਤੀ ਟਰੈਵਲ ਏਜੰਸੀਆਂ &lsquoਤੇ ਲਾਈ ਵੀਜ਼ਾ ਪਾਬੰਦੀ- ਇਕ ਖ਼ਬਰ
-ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
*ਲਾਲੂ ਆਪਣੇ ਛੋਟੇ ਪੁੱਤਰ ਤੇਜਸਵੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ- ਪ੍ਰਸ਼ਾਂਤ ਕਿਸ਼ੋਰ
-ਹੱਟੀ ਖੋਲ੍ਹ ਹੱਟੀ ਵਾਲਿਆ, ਮੇਰੇ ਪੁੱਤ ਨੇ ਪਤਾਸੇ ਲੈਣੇ।
ਨਿਰਮਲ ਸਿੰਘ ਕੰਧਾਲਵੀ