ਸਾਕਾ ਜੂਨ 84 : ਸ਼ਹੀਦੀ ਅਰਦਾਸ ਦਾ ਸਤਿਕਾਰ ਕਰੋ
ਦਮਦਮੀ ਟਕਸਾਲ ਤੇ ਨਿਹੰਗ ਸਿੰਘ ਜਥੇਬੰਦੀਆਂ ਦਾ ਸਿੱਖ ਘਲੂਘਾਰੇ ਦੀ ਬਰਸੀ ਦੌਰਾਨ ਜਥੇਦਾਰ ਅਕਾਲ ਤਖਤ ਦਾ ਵਿਰੋਧ ਕਰਨਾ, ਸ਼ਹੀਦੀ ਅਰਦਾਸ ਦਾ ਅਪਮਾਨ ਹੈ, ਜਦੋਂ ਕਿ ਇਸ ਦਿਨ  ਸਿੱਖ ਜਗਤ ਹੱਥ ਜੋੜ ਕੇ ਅਰਦਾਸ ਕਰ ਰਿਹਾ ਹੈਵੇਗਾ, ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰ ਰਿਹਾ ਹੋਵੇਗਾ| ਇਹ ਕਿਸ ਤਰ੍ਹਾਂ ਦਾ ਦ੍ਰਿਸ਼ ਹੈ, ਜਿੱਥੇ ਇਕ ਪਾਸੇ ਸਿੱਖ ਪੰਥ ਦੇ ਦਿਲ ਵਿੱਚ ਦੁਖਾਂਤਕ ਯਾਦਾਂ ਦਾ ਸਮੁੰਦਰ ਉਛਲ ਰਿਹਾ ਹੋਵੇਗਾ, ਸ਼ਹੀਦਾਂ  ਦੀ ਤਪਸਿਆ ਨੂੰ ਸਿਜਦਾ ਕਰ ਰਿਹਾ ਹੋਵੇਗਾ, ਅਤੇ ਦੂਜੇ ਪਾਸੇ ਧੜੇਬੰਦੀ ਦੀਆਂ ਤਲਵਾਰਾਂ ਖੜਕ ਰਹੀਆਂ ਹੋਣਗੀਆਂ, ਅਰਦਾਸ ਦੇ ਪਵਿੱਤਰ ਪਲਾਂ ਨੂੰ ਖੰਡਿਤ ਕਰ ਰਹੀਆਂ ਹੋਣਗੀਆਂ? ਸਾਕਾ ਜੂਨ 1984 ਦਾ ਉਹ ਖੂਨੀ ਅਧਿਆਇ, ਜਦੋਂ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ  ਨੂੰ ਫੌਜੀ ਬੂਟਾਂ ਨੇ ਕੁਚਲਿਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਤੇ ਸੈਂਕੜੇ ਸ਼ਰਧਾਲੂਆਂ  ਨੇ ਦਰਬਾਰ ਸਾਹਿਬ ਦੀ ਰਖਿਆ ਲਈ ਆਪਣਾ ਲਹੂ ਡੋਲਿਆ, ਸ਼ਹਾਦਤਾਂ ਪਾਈਆਂ| ਇਸ ਦੀ 41ਵੀਂ ਬਰਸੀ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ &rsquoਤੇ ਮਨਾਈ ਜਾ ਰਹੀ ਹੈ| ਪਰ ਕੀ ਅਸੀਂ, ਸਿੱਖ ਪੰਥ ਦੇ ਵਾਰਸ, ਇਸ ਪਵਿੱਤਰ ਸਮਾਗਮ ਨੂੰ ਏਕਤਾ ਦਾ ਪ੍ਰਤੀਕ ਬਣਾਉਣ ਦੀ ਥਾਂ, ਮਤਭੇਦਾਂ ਦੀ ਅੱਗ ਵਿੱਚ ਝੋਕ ਰਹੇ ਹਾਂ?
ਇਹ ਠੀਕ ਹੈ ਕਿ ਜਥੇਦਾਰ ਦੀ ਨਿਯੁਕਤੀ ਤੇ ਸੇਵਾ-ਮੁਕਤੀ ਦਾ ਨਿਯਮ ਬਣਨਾ ਚਾਹੀਦਾ ਹੈ| ਇਸ ਸੰਬੰਧ ਵਿੱਚ ਇੱਕ ਵਿਸ਼ਵ ਕੌਂਸਲ ਬਣੇ, ਜਿਸ ਵਿੱਚ ਚਿੰਤਕ, ਸਾਬਕਾ ਜੱਜ, ਇਤਿਹਾਸਕਾਰ, ਪੰਥਕ ਆਗੂ ਸ਼ਾਮਲ ਹੋਣ|ਇਹ ਇੱਕ ਅਜਿਹਾ ਮੰਚ ਹੋਵੇ, ਜੋ ਲੋਕਤੰਤਰਿਕ ਢੰਗ ਨਾਲ, ਸਿੱਖ ਪੰਥ ਦੀ ਆਵਾਜ਼ ਨੂੰ ਸੁਣੇ, ਨਿਯਮ ਘੜੇ, ਅਤੇ ਜਥੇਦਾਰ ਦੀ ਚੋਣ ਨੂੰ ਸਰਬਸੰਮਤੀ ਦਾ ਜਾਮਾ ਪਹਿਨਾਵੇ|
ਪਰ ਅੱਜ, ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ, ਗਰੀਬ ਸਿੱਖਾਂ ਨੂੰ ਜੋੜ ਰਿਹਾ ਹੈ, ਦਬੇ-ਕੁਚਲੇ ਲੋਕਾਂ ਦੀਆਂ ਬਸਤੀਆਂ ਵਿੱਚ ਜਾ ਰਿਹਾ ਹੈ, ਉਸ ਦਾ ਸਤਿਕਾਰ ਕਿਉਂ ਨਹੀਂ ਕੀਤਾ ਜਾ ਰਿਹਾ? ਉਹ ਉਨ੍ਹਾਂ ਦੀਆਂ ਝੁੱਗੀਆਂ ਵਿੱਚ  ਗੁਰਮਤਿ ਦਾ ਦੀਵਾ ਬਾਲ ਰਿਹਾ ਹੈ, ਉਨ੍ਹਾਂ ਦੇ ਦੁੱਖਾਂ ਨੂੰ ਸਾਂਝਾ ਕਰ ਰਿਹਾ ਹੈ, ਗੁਰੂ ਨਾਨਕ ਦੇ ਸੰਦੇਸ਼ ਨੂੰ  ਨੀਵੇਂ ਵਿਹੜਿਆਂ, ਪਿੰਡਾਂ-ਗਲੀਆਂ ਤੱਕ ਪਹੁੰਚਾ ਰਿਹਾ ਹੈ|ਉਸਦਾ ਵਿਰੋਧ ਕਿਉਂ?
ਜਥੇਦਾਰ ਪੁਜਾਰੀ ਨਹੀਂ, ਸਿੱਖ ਪ੍ਰਚਾਰਕ ਤੇ ਵਿਦਵਾਨ ਹੋਣਾ ਚਾਹੀਦਾ-ਇੱਕ ਅਜਿਹਾ ਸ਼ਖਸ, ਜਿਸ ਦੀ ਬਾਣੀ ਤੇ ਕਿਰਿਆ ਤੋਂ ਸਿੱਖ ਤੇ ਆਮ ਲੋਕ ਪ੍ਰਭਾਵਿਤ ਹੋ ਕੇ ਨਾਨਕ ਪੰਥ ਨਾਲ ਜੁੜਨ, ਗੁਰੂ ਦੇ ਰਾਹ &rsquoਤੇ ਚੱਲਣ| ਪਰ ਅਸੀਂ ਉਸ ਦੀ ਇਸ ਯੋਗਤਾ ਦੀ ਪ੍ਰਸੰਸਾ ਕਰਨ ਦੀ ਥਾਂ, ਧੜੇਬੰਦੀ ਦੀਆਂ ਲਕੀਰਾਂ ਵਿੱਚ ਉਲਝ ਰਹੇ ਹਾਂ?
ਸਿੱਖ ਪੰਥ ਅੱਜ ਰਾਜਨੀਤਕ, ਧਾਰਮਿਕ ਤੇ ਸਮਾਜਿਕ ਚੁਣੌਤੀਆਂ ਦੇ ਤੂਫਾਨ ਵਿੱਚ ਘਿਰਿਆ ਹੋਇਆ ਹੈ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਹਜ਼ੂਰ ਸਾਹਿਬ, ਹਰਿਆਣਾ ਗੁਰਦੁਆਰਾ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ-ਇਹ ਸੰਸਥਾਵਾਂ, ਜੋ ਸਿੱਖ ਹਿੱਤਾਂ ਦੀ ਰਾਖੀ ਤੇ ਧਰਮ ਪ੍ਰਚਾਰ ਦਾ ਝੰਡਾ ਚੁੱਕਣ ਲਈ ਬਣੀਆਂ, ਅੱਜ ਆਪਸੀ ਮਤਭੇਦਾਂ ਦੀ ਭੇਂਟ ਚੜ੍ਹ ਰਹੀਆਂ ਹਨ| ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਚਕਾਰ ਤਿੱਖਾ ਵਿਵਾਦ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਹਿਣ ਦਾ ਇਲਜ਼ਾਮ-ਇਹ ਸਭ ਇੱਕ ਅਜਿਹਾ ਚੱਕਰਵਿਊ ਹੈ, ਜਿਸ ਵਿੱਚ ਪੰਥ ਦੀ ਏਕਤਾ ਖੰਡਿਤ ਹੋ ਰਹੀ ਹੈ| ਸ਼੍ਰੋਮਣੀ ਕਮੇਟੀ ਦਾ ਵਫ਼ਦ ਪਟਨਾ ਗਿਆ, ਪੰਜ ਪਿਆਰਿਆਂ ਨੇ ਸੁਖਬੀਰ ਸਿੰਘ ਨੂੰ 10 ਜੂਨ ਤੱਕ ਪੇਸ਼ ਹੋਣ ਦਾ ਹੁਕਮ ਦਿੱਤਾ, ਪਰ ਮਸਲਾ ਹੱਲ ਨਾ ਹੋਇਆ| ਇਸ ਦਰਮਿਆਨ, ਸ਼੍ਰੋਮਣੀ ਅਕਾਲੀ ਦਲ ਖੁਦ ਧੜਿਆਂ ਵਿੱਚ ਵੰਡਿਆ ਹੋਇਆ ਹੈ-2 ਦਸੰਬਰ ਨੂੰ ਸਿੰਘ ਸਾਹਿਬਾਨ ਦੇ ਯਤਨ ਵੀ ਨਾਕਾਮ ਰਹੇ, ਤਿੰਨ ਤਖਤਾਂ ਦੇ ਜਥੇਦਾਰਾਂ ਦੀ ਤਬਦੀਲੀ ਨੇ ਵਿਵਾਦ ਨੂੰ ਹੋਰ ਉਛਾਲ ਦਿੱਤਾ| 
 ਇਸ ਕਾਰਣ ਪੰਥ ਦੀਆਂ ਰਾਜਨੀਤਕ ਤੇ ਧਾਰਮਿਕ ਸੰਸਥਾਵਾਂ ਤੇ ਲੋਕਾਂ ਦਾ ਵਿਸ਼ਵਾਸ ਡੋਲ ਰਿਹਾ ਹੈ| ਇਸ ਪ੍ਰਸੰਗ ਵਿੱਚ, ਸਾਕਾ ਨੀਲਾ ਤਾਰਾ ਦੀ 41ਵੀਂ ਬਰਸੀ ਦਾ ਮਸਲਾ ਸਿੱਖ ਪੰਥ ਲਈ ਇੱਕ ਹੋਰ ਚਿੰਤਾ ਦਾ ਸਬੱਬ ਬਣ ਗਿਆ ਹੈ| ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਚੌਂਕ ਮਹਿਤਾ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਜਾਰੀ ਕਰਨ ਜਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋਂ ਰੋਕਿਆ ਜਾਵੇ, ਕਿਉਂਕਿ ਉਹ ਸਰਬ ਪ੍ਰਵਾਨਤ ਜਥੇਦਾਰ ਨਹੀਂ|
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਪੁੱਤਰ ਈਸ਼ਰ ਸਿੰਘ ਤੇ ਇੰਦਰਜੀਤ ਸਿੰਘ ਨੇ ਵੀ ਐਲਾਨ ਕੀਤਾ ਕਿ ਉਹ 6 ਜੂਨ ਨੂੰ ਕੁਲਦੀਪ ਸਿੰਘ ਤੋਂ ਸਨਮਾਨ ਨਹੀਂ ਲੈਣਗੇ| ਇਹ ਮਤਭੇਦ, ਇਹ ਟਕਰਾਅ, ਸਿੱਖ ਪੰਥ ਦੇ ਦਿਲ ਨੂੰ ਚੀਰ ਰਿਹਾ ਹੈ| ਸਿੱਖ ਪੰਥ ਦੀ ਇਸ ਦੁਰਦਸ਼ਾ ਵਿੱਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਉਸਾਰੂ ਪਹਿਲ ਕੀਤੀ, ਚੌਂਕ ਮਹਿਤਾ ਜਾ ਕੇ ਹਰਨਾਮ ਸਿੰਘ ਖਾਲਸਾ ਨਾਲ ਵਿਚਾਰ-ਚਰਚਾ ਕੀਤੀ, ਪਰ ਮਸਲਾ ਹੱਲ ਨਾ ਹੋਇਆ|  ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪਟਿਆਲਾ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਮਿਲ ਕੇ ਕਿਹਾ ਕਿ ਰਾਜੋਆਣਾ ਵੀ ਚਾਹੁੰਦੇ ਹਨ ਕਿ 6 ਜੂਨ ਦਾ ਸਮਾਗਮ ਪੁਰਅਮਨ ਹੋਵੇ| ਸ਼ਹੀਦਾਂ ਦੀ ਅਰਦਾਸ ਤੇ ਬਰਸੀ ਇੱਕ ਸੰਵੇਦਨਸ਼ੀਲ ਪਲ ਹੈ-ਸਿੱਖ ਹਿਰਦਿਆਂ ਵਿੱਚ ਦੁਖਾਂਤਕ ਯਾਦਾਂ ਦਾ ਸਾਗਰ ਉਛਲਦਾ ਹੈ, ਦੁੱਖ ਦੀਆਂ ਲਹਿਰਾਂ ਉਸਦੇ ਹਿਰਦੇ ਨੂੰ ਵਲੂੰਧਰੀਆਂ  ਹਨ| ਅਜਿਹੇ ਵਿੱਚ, ਟਕਰਾਅ ਤੇ ਮਤਭੇਦ ਸਿੱਖ ਪੰਥ ਨੂੰ ਹੋਰ ਦੁਖੀ ਕਰਦੇ ਹਨ, ਇਸ ਦੀ  ਇਤਿਹਾਸਕ ਮਾਨਤਾ ਨੂੰ ਠੇਸ ਪਹੁੰਚਾਉਂਦੇ ਹਨ| ਸਾਨੂੰ, ਸਿੱਖ ਪੰਥ ਦੇ ਸਾਰੇ ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ-ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ, ਦਮਦਮੀ ਟਕਸਾਲ-ਨੂੰ ਤਿਆਗ ਤੇ ਕੁਰਬਾਨੀ ਦੀ ਭਾਵਨਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ| ਸ਼੍ਰੋਮਣੀ ਕਮੇਟੀ ਨੂੰ ਸਾਰੀਆਂ ਧਿਰਾਂ ਨਾਲ ਸੰਵਾਦ ਕਰਨਾ ਚਾਹੀਦਾ| ਕਿਸੇ ਵੀ ਧਿਰ ਨੂੰ ਕੋਈ ਅਜਿਹਾ ਕਾਰਜ ਨਹੀਂ ਕਰਨਾ, ਜੋ ਪੰਥ ਵਿੱਚ ਟਕਰਾਅ ਨੂੰ ਹਵਾ ਦੇਵੇ|ਆਓ, ਸਿੱਖ ਪੰਥ ਦੇ ਵਾਰਸੋ, ਗੁਰੂ ਨਾਨਕ ਦੇ ਸੰਦੇਸ਼ ਨੂੰ ਦਿਲ ਵਿੱਚ ਧਾਰੀਏ-ਸਰਬੱਤ ਦਾ ਭਲਾ, ਏਕਤਾ ਦਾ ਸੁਰ, ਸ਼ਹੀਦੀ ਯਾਦਾਂ ਦਾ ਸਤਿਕਾਰ| 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ, ਇੱਕ ਦੀਵੇ ਵਾਂਗ ਜਗਮਗਾਈਏ, ਨਾ ਕਿ ਅੱਗ ਦੀਆਂ ਲਪਟਾਂ ਵਾਂਗ ਇਕ-ਦੂਜੇ ਨੂੰ ਸਾੜੀਏ| ਇਸ ਵਿੱਚ ਹੀ ਪੰਥ ਤੇ ਪੰਜਾਬ ਦੀ ਬਿਹਤਰੀ ਹੈ, ਇਸ ਵਿੱਚ ਹੀ ਗੁਰੂ  ਤੇ ਸ਼ਹੀਦਾਂ ਦਾ ਸੁਪਨਾ ਸਾਕਾਰ ਹੈ|
-ਰਜਿੰਦਰ ਸਿੰਘ ਪੁਰੇਵਾਲ