image caption: -ਭਗਵਾਨ ਸਿੰਘ ਜੌਹਲ
(10 ਜੂਨ ਲਈ) ਬਰਸੀ ਤੇ ਵਿਸ਼ੇਸ਼, ਦਰਵੇਸ਼ ਸਿਆਸਤਦਾਨ - ਗਿਆਨੀ ਕਰਤਾਰ ਸਿੰਘ ਨੂੰ ਯਾਦ ਕਰਦਿਆਂ
ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਕਾਰਜ ਹੈ । ਅਜਿਹੇ ਬਹੁਤ ਵਿਰਲੇ ਇਨਸਾਨ ਮਿਲਣਗੇ, ਜਿਨ੍ਹਾਂ ਸਮੁੱਚਾ ਜੀਵਨ ਹੀ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੋਵੇ । ਅਜੋਕੇ ਸਮੇਂ ਵਿੱਚ ਅਜਿਹੇ ਇਨਸਾਨ ਲੱਭਿਆਂ ਵੀ ਨਹੀਂ ਮਿਲਦੇ । ਸਮੁੱਚਾ ਜੀਵਨ ਕੌਮੀ ਹਿੱਤਾਂ ਨੂੰ ਸਮਰਪਿਤ ਕਰਨ ਵਾਲੇ, ਸਹੀ ਅਰਥਾਂ ਵਿੱਚ ਦਰਵੇਸ਼ ਸਿਆਸਤਦਾਨ ਸਨ, ਗਿਆਨੀ ਕਰਤਾਰ ਸਿੰਘ । ਤਾਅ ਜ਼ਿੰਦਗੀ ਨਾ ਕਿਸੇ ਅਹੁਦੇ ਦੀ ਇੱਛਾ ਰੱਖੀ ਅਤੇ ਨਾ ਹੀ ਕੋਈ ਜਾਇਦਾਦ ਬਣਾਈ । 20ਵੀਂ ਸਦੀ ਦੀ ਰਾਜਨੀਤੀ ਵਿੱਚ ਕੌਮ ਦਾ ਦਿਮਾਗ ਸਮਝੇ ਜਾਣ ਵਾਲੇ ਗਿਆਨੀ ਕਰਤਾਰ ਸਿੰਘ ਦਾ ਜਨਮ 20 ਫ਼ਰਵਰੀ, 1902 ਈ: ਨੂੰ ਲਾਇਲਪੁਰ ਜ਼ਿਲ੍ਹੇ ਦੇ ਚੱਕ ਨੰ: 40 ਕੰਗ ਬ੍ਰਾਂਚ (ਲਹਿੰਦਾ ਪੰਜਾਬ) ਪਿਤਾ ਸ। ਭਗਤ ਸਿੰਘ ਅਤੇ ਮਾਤਾ ਜਿਓ ਦੇ ਗ੍ਰਹਿ ਵਿਖੇ ਹੋਇਆ । ਉਸ ਸਮੇਂ ਸਿੱਖਿਆ ਦਾ ਪਾਸਾਰ ਹੁਣ ਵਾਂਗ ਨਹੀਂ ਸੀ ਹੋਇਆ । ਮੁੱਢਲੀ ਸਿੱਖਿਆ ਅਤੇ ਅੱਖਰ ਗਿਆਨ ਧਾਰਮਿਕ ਅਸਥਾਨਾਂ &lsquoਤੇ ਹੁੰਦਾ ਸੀ । ਗਿਆਨੀ ਜੀ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਹੀ ਸ਼ੁੁਰੂ ਕੀਤੀ । ਇਸ ਤੋਂ ਪਿੱਛੋਂ ਫਿਰ ਚੱਕ ਨੰ: 41 ਦੇ ਖ਼ਾਲਸਾ ਹਾਈ ਸਕੂਲ ਵਿੱਚ ਦਾਖਲਾ ਪ੍ਰਾਪਤ ਕੀਤਾ । ਇਸੇ ਸਕੂਲ ਵਿੱਚੋਂ 1921 ਈ: ਵਿੱਚ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ । ਇਸ ਤੋਂ ਬਾਅਦ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲ ਤਾਂ ਹੋ ਗਏ, ਅਜੇ ਐੱਫ।ਏ। ਹੀ ਕਰਦੇ ਸਨ, ਅਚਾਨਕ ਬੀਮਾਰੀ ਨੇ ਘੇਰ ਲਿਆ, ਬੀਮਾਰੀ ਦੀ ਹਾਲਤ ਵਿੱਚ ਕਾਲਜ ਛੱਡਣਾ ਪਿਆ । ਪੜ੍ਹਾਈ ਦੀ ਰੁਚੀ ਰੱਖਣ ਦੀ ਲੋਚਾ ਮਨ ਵਿੱਚ ਹੀ ਰਹਿ ਗਈ । 
ਗਿਆਨੀ ਜੀ ਦੇ ਘਰ ਦਾ ਮਾਹੌਲ ਧਾਰਮਿਕ ਹੋਣ ਕਰਕੇ ਗੁਰਬਾਣੀ ਕੀਰਤਨ ਨਾਲ ਵਿਸ਼ੇਸ਼ ਲਗਾਅ ਰੱਖਦੇ ਸਨ । ਅਜਿਹੀ ਧਾਰਮਿਕ ਰੁਚੀ ਹੋਣ ਕਾਰਨ ਅਤੇ ਸਿੱਖ ਇਤਿਹਾਸ ਨੂੰ ਜਾਨਣ ਦੀ ਉਤਸੁੱਕਤਾ ਕਾਰਨ ਲੋਕਾਂ ਵੱਲੋਂ (ਗਿਆਨੀ) ਸ਼ਬਦ ਨਾਲ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ । ਅੰਤ ਸਮੇਂ ਤੱਕ ਇਹੋ ਸ਼ਬਦ ਆਪ ਦੇ ਨਾਂਅ ਨਾਲ ਜੁੜਿਆ ਰਿਹਾ । 1925 ਈ: ਵਿੱਚ ਗੁਰਦੁਆਰਾ ਲਹਿਰ ਸਿਖਰ ਦੇ ਦਿਨਾਂ ਵਿੱਚ ਸੀ, ਇਸੇ ਸਾਲ ਗੁਰਦੁਆਰਾ ਐਕਟ ਭਾਰਤ ਦੀ ਅੰਗ੍ਰੇਜ਼ ਹਕੂਮਤ ਵੱਲੋਂ ਲਾਗੂ ਕੀਤਾ ਗਿਆ । ਉਸ ਸਮੇਂ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ । ਉਸ ਸਮੇਂ ਦੇ ਪੰਜਾਬ ਵਿੱਚ ਪਾਕਿਸਤਾਨ ਵਿੱਚ ਵੱਸਦਾ ਲਹਿੰਦਾ ਪੰਜਾਬ, ਮੌਜੂਦਾ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਸ਼ਾਮਿਲ ਪੁਰਾਣੇ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਵੀ ਸ਼ਾਮਿਲ ਸਨ । ਗਿਆਨੀ ਜੀ ਧਾਰਮਿਕ ਵਿਚਾਰਾਂ ਵਿੱਚ ਪ੍ਰਪੱਕਤਾ ਹੋਣ ਕਾਰਨ 1926 ਈ: ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਮੇਂ ਗਿਆਨੀ ਕਰਤਾਰ ਸਿੰਘ ਮੈਂਬਰ ਚੁਣ ਲਏ ਗਏ । ਇਸ ਤੋਂ ਅਗਲੇ ਵਰੇ੍ਹ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣ ਲਏ ਗਏ । ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਚੱਲ ਰਿਹਾ । 30 ਅਕਤੂਬਰ, 1928 ਈ: ਨੂੰ ਲਾਹੌਰ ਦੇ ਰੇਲਵੇ ਸਟੇਸ਼ਨ &lsquoਤੇ ਸਾਈਮਨ ਕਮਿਸ਼ਨ ਪ੍ਰਤੀ ਰੋਸ ਪ੍ਰਗਟ ਕੀਤਾ । ਇਸ ਤੋਂ ਬਾਅਦ 1930-31 ਵਿੱਚ ਚੱਲੇ ਨਾਫ਼ੁਰਮਾਨੀ ਅੰਦੋਲਨ ਵਿੱਚ ਹਿੱਸਾ ਲੈਣ ਕਾਰਨ ਇਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਕੱਟਣੀ ਪਈ ।
ਕੌਮੀ ਦਰਦ ਦੀ ਚੀਸ ਹਰ ਸਮੇਂ ਹਿਰਦੇ ਵਿੱਚ ਕਾਇਮ ਰਹੀ । ਉਨ੍ਹਾਂ ਦੀ ਇਕੋ-ਇਕ ਖਾਹਿਸ਼ ਸੀ, ਸਾਡੇ ਸਿਆਸਤਦਾਨ ਸੱਚੇ-ਸੁੱਚੇ ਦੇਸ਼ ਭਗਤਾਂ ਵਾਂਗ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ । ਉਹ ਹਮੇਸ਼ਾਂ ਕਹਿੰਦੇ ਸਨ, ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼ ਨੂੰ ਗੁਲਾਮੀ ਤੋਂ ਛੁਟਕਾਰਾ ਮਿਲ ਸਕਦਾ । 1937 ਈ: ਵਿੱਚ ਸਾਂਝੇ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੋਈ । ਉਨ੍ਹਾਂ ਇਹ ਚੋਣ ਸਮੁੰਦਰੀ ਜੜ੍ਹਵਾਲਾ (ਲਹਿੰਦਾ ਪੰਜਾਬ) ਦੇ ਵਿਧਾਨ ਸਭਾ ਹਲਕਾ ਤੋਂ ਲੜੀ । ਇਸ ਚੋਣ ਵਿੱਚ ਇਸ ਹਲਕੇ ਤੋਂ ਵਿਧਾਨ ਸਭਾ ਮੈਂਬਰ ਚੁਣੇ ਗਏ । 1943 ਈ: ਵਿੱਚ ਉਨ੍ਹਾਂ ਪੰਜਾਬੀਆਂ ਦੇ ਦਰਦ ਨੂੰ ਸਮਝਦਿਆਂ ਅਜ਼ਾਦ ਪੰਜਾਬ ਬਣਾਉਣ ਦਾ ਵਿਚਾਰ ਪੇਸ਼ ਕੀਤਾ । ਉਨ੍ਹਾਂ ਦਾ ਵਿਚਾਰ ਸੀ, ਦੇਸ਼ ਦੀ ਆਜ਼ਾਦੀ ਦੀ ਲੜਾਈ ਜਿਹੜੀ ਉਸ ਸਮੇਂ ਸਿਖਰ &lsquoਤੇ ਸੀ, ਉਸ ਵਿੱਚ ਪੰਜਾਬੀ ਆਪਣਾ ਪੂਰਾ ਯੋਗਦਾਨ ਪਾ ਰਹੇ ਸਨ । ਉਨ੍ਹਾਂ ਨੂੰ ਜਾਪਦਾ ਸੀ ਜੇ ਇਸ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਪਛੜ ਗਈ ਤਾਂ ਅਜ਼ਾਦ ਪੰਜਾਬ ਬਣਾਉਣ ਦਾ ਇਹ ਸੁਪਨਾ ਭਵਿੱਖ ਦੇ ਗਰਭ ਵਿੱਚ ਚਲਾ ਜਾਵੇਗਾ । ਉਸ ਸਮੇਂ ਦੂਜਾ ਸੰਸਾਰ ਯੁੱਧ ਚੱਲ ਰਿਹਾ ਸੀ, ਗਿਆਨੀ ਜੀ ਦਾ ਵਿਚਾਰ ਸੀ, ਸੰਸਾਰ ਜੰਗ ਦੀ ਭੱਠੀ ਵਿੱਚ ਲੱਖਾਂ ਸਿੱਖ ਨੌਜਵਾਨਾਂ ਨੂੰ ਬਾਲਣ ਵਜੋਂ ਅੰਗ੍ਰੇਜ਼ ਹਕੂਮਤ ਮੌਤ ਦੇ ਮੂੰਹ ਵਿੱਚ ਧੱਕ ਰਹੀ ਹੈ ।
ਇਸ ਤੋਂ ਅਗਲੇ ਸਾਲ 12 ਦਸੰਬਰ, 1944 ਈ: ਵਿੱਚ ਉਨ੍ਹਾਂ ਦਾ ਵਿਚਾਰ ਸੀ ਕਿ ਸਿੱਖ ਧਰਮ ਸਰਬੱਤ ਦੇ ਭਲੇ ਦਾ ਸਿਧਾਂਤ ਮੁਤਾਬਿਕ ਕਿਸੇ ਜਾਤ-ਪਾਤ ਵਿੱਚ ਵਿਸ਼ਵਾਸ਼ ਨਹੀਂ ਰੱਖਦਾ, ਸਗੋਂ ਸੰਸਾਰ ਦਾ ਸਰਬ-ਸਾਂਝਾ ਧਰਮ ਹੈ, ਉਨ੍ਹਾਂ ਇਸ ਕੰਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਿੱਖ ਕੌਮ ਦਾ ਧਿਆਨ ਇਸ ਪਾਸੇ ਲਾ ਕੇ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਕਥਿਤ ਪਛੜੀਆਂ ਸ਼੍ਰੇਣੀਆਂ ਨੂੰ ਗੁਰਦੁਆਰਾ ਕਮੇਟੀ ਵਿੱਚ ਪ੍ਰਤੀਨਿੱਧਤਾ ਦਿੱਤੀ ਜਾਵੇ ।
ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ 1952 ਈ: ਵਿੱਚ ਗਿਆਨੀ ਜੀ ਨੂੰ ਪੰਜਾਬ ਵਿਧਾਨ ਕੌਂਸਿਲ ਦਾ ਮੈਂਬਰ ਬਣਾ ਦਿੱਤਾ ਗਿਆ । ਜਦੋਂ ਪੈਪਸੂ ਦਾ ਇਲਾਕਾ ਪੰਜਾਬ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਗਿਆਨੀ ਜੀ ਦੀ ਸੋਚ ਮੁਤਾਬਿਕ 1956 ਈ: ਵਿੱਚ ਫਿਰ ਗੁਰਦੁਆਰਾ ਐਕਟ ਵਿੱਚ ਸੋਧ ਕਰਵਾਈ ਗਈ । 1957 ਈ: ਦੀ ਪੰਜਾਬ ਵਿਧਾਨ ਸਭਾ ਦੀ ਚੋਣ ਸਮੇਂ ਗਿਆਨੀ ਕਰਤਾਰ ਸਿੰਘ ਫਿਰ ਵਿਧਾਇਕ ਚੁਣੇ ਗਏ । ਮੰਤਰੀ ਮੰਡਲ ਬਣਨ ਸਮੇਂ ਸ। ਪ੍ਰਤਾਪ ਸਿੰਘ ਕੈਰੋਂ ਦੇ ਮੰਤਰੀ ਮੰਡਲ ਵਿੱਚ ਆਪ ਨੂੰ ਪੰਜਾਬ ਦੇ ਮਾਲ ਤੇ ਖੇਤੀਬਾੜੀ ਮੰਤਰੀ ਵਜੋਂ ਸ਼ਾਮਿਲ ਕੀਤਾ ਗਿਆ । 1962 ਈ: ਦੀ ਵਿਧਾਨ ਸਭਾ ਦੀ ਚੋਣ ਸਮੇਂ ਵੀ ਆਪ ਮੁੜ ਵਿਧਾਨਕਾਰ ਚੁਣੇ ਗਏ । 16 ਅਪ੍ਰੈਲ, 1967 ਈ: ਨੂੰ ਆਪ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ । ਹੁਣ ਸਿਹਤ ਵਿੱਚ ਵਿਗਾੜ ਆਉਣ ਕਾਰਨ ਸਰਗਰਮ ਰਾਜਨੀਤੀ ਤੋਂ ਵੱਖ ਹੋ ਗਏ । ਆਖਰ ਕੁਦਰਤ ਦੇ ਨੇਮ ਮੁਤਾਬਿਕ 10 ਜੂਨ, 1974 ਈ: ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪ ਸਦੀਵੀ ਵਿਛੋੜਾ ਦੇ ਗਏ । ਇਸ ਦਰਵੇਸ਼ ਸਿਆਸਤਦਾਨ ਦੀ ਯਾਦ ਵਿੱਚ ਉਸਾਰੇ ਗਏ ਗਿਆਨੀ ਕਰਤਾਰ ਸਿੰਘ ਸਰਕਾਰੀ ਕਾਲਜ ਟਾਂਡਾ (ਹੁਸ਼ਿਆਰਪੁਰ) ਦੀ ਇਮਾਰਤ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਵਾ ਰਹੀ ਹੈ ।
-ਭਗਵਾਨ ਸਿੰਘ ਜੌਹਲ