image caption: -ਰਜਿੰਦਰ ਸਿੰਘ ਪੁਰੇਵਾਲ

ਪੰਜਾਬ ਦੀ ਵਿਗੜਦੀ ਆਬੋ-ਹਵਾ, ਜਾਗੋ ਪੰਜਾਬੀਓ!

ਪੰਜਾਬ, ਪੰਜ ਆਬਾਂ ਦਾ ਦੇਸ, ਜਿੱਥੇ ਹਵਾ ਸੁਰਗ ਦੀਆਂ ਮਹਿਕਾਂ ਦਿੰਦੀ ਸੀ, ਜਿੱਥੇ ਪਾਣੀ ਅੰਮ੍ਰਿਤ ਵਰਗਾ ਸੀ, ਅੱਜ ਉਹੀ ਹਵਾ ਤੇ ਪਾਣੀ ਸਾਡੇ ਲਈ ਜ਼ਹਿਰ ਬਣ ਗਏ ਨੇ| ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਤਾਜ਼ਾ ਰਿਪੋਰਟ ਨੇ ਪੰਜਾਬ ਦੇ ਵਾਤਾਵਰਨ ਦੀ ਅਜਿਹੀ ਕੌੜੀ ਸੱਚਾਈ ਸਾਹਮਣੇ ਲਿਆਂਦੀ ਹੈ, ਜਿਸ ਨੂੰ ਸੁਣ ਕੇ ਹਰ ਪੰਜਾਬੀ ਦਾ ਮੱਥਾ ਠਣਕਦਾ ਹੈ| ਇਹ ਰਿਪੋਰਟ ਦੱਸਦੀ ਹੈ ਕਿ ਪ੍ਰਦੂਸ਼ਣ ਕਰਕੇ ਪੰਜਾਬੀਆਂ ਦੀ ਔਸਤ ਉਮਰ ਸਾਢੇ ਚਾਰ ਸਾਲ ਘਟ ਗਈ ਹੈ| ਪੰਜਾਬ ਦੀ ਹਵਾ, ਪਾਣੀ ਤੇ ਮਿੱਟੀ, ਸਭ ਕੁਝ ਪ੍ਰਦੂਸ਼ਣ ਦੀ ਭੇਟ ਚੜ੍ਹ ਰਿਹਾ ਹੈ| ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਵਰਗੇ ਸ਼ਹਿਰਾਂ ਵਿੱਚ ਹਵਾ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ| ਬੱਚਿਆਂ ਵਿੱਚ ਦਮਾ, ਸਾਹ ਦੀਆਂ ਬਿਮਾਰੀਆਂ ਤੇ ਚਮੜੀ ਦੇ ਰੋਗ ਵਧ ਰਹੇ ਨੇ| ਇਹ ਬਿਮਾਰੀਆਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਨਮ ਤੋਂ ਹੀ ਜਕੜ ਰਹੀਆਂ ਨੇ|
ਧਰਤੀ ਹੇਠਲਾ ਪਾਣੀ, ਜੋ ਸਾਡੀ ਜਾਨ ਸੀ, ਉਹ ਵੀ ਕੈਮੀਕਲਾਂ ਨਾਲ ਜ਼ਹਿਰੀਲਾ ਹੋ ਗਿਆ ਹੈ| 80% ਤੋਂ ਵੱਧ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਡਿੱਗ ਚੁੱਕਿਆ ਹੈ| ਪੰਜਾਬ ਦੀ ਮਿੱਟੀ, ਜੋ ਸਾਡਾ ਸੋਨਾ ਸੀ, ਉਹ ਵੀ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਮਾਰ ਹੇਠ ਬੰਜਰ ਹੋ ਰਹੀ ਹੈ| ਇਸ ਨਾਲ ਨਾ ਸਿਰਫ਼ ਅਨਾਜ ਦਾ ਝਾੜ ਘਟ ਰਿਹਾ ਹੈ, ਸਗੋਂ ਕਿਸਾਨਾਂ ਦੀ ਮਾਲੀ ਹਾਲਤ ਵੀ ਮੰਦੜੀ ਹੋ ਰਹੀ ਹੈ| ਪੰਜਾਬ ਦੇ ਅੰਨ-ਭੰਡਾਰ, ਜਿਨ੍ਹਾਂ ਤੇ ਸਾਨੂੰ ਮਾਣ ਸੀ,  ਹੁਣ ਖਤਰੇ ਵਿੱਚ ਨੇ| ਜੇ ਅਸੀਂ ਹੁਣ ਵੀ ਨਾ ਸੰਭਲੇ, ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਨਾ ਸਿਰਫ਼ ਬਿਮਾਰੀਆਂ ਨਾਲ ਜੂਝਣਗੇ, ਸਗੋਂ ਕੁਪੋਸ਼ਣ ਤੇ ਮਾਨਸਿਕ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਨਾਲ ਵੀ ਘਿਰ ਜਾਣਗੇ|
ਇਹ ਸਭ ਸਾਡੀਆਂ ਆਪਣੀਆਂ ਕਰਤੂਤਾਂ ਦਾ ਨਤੀਜਾ ਹੈ| ਅਸੀਂ ਆਪਣੇ ਪੈਰੀਂ ਕੁਹਾੜਾ ਮਾਰਿਆ ਹੈ| ਫੈਕਟਰੀਆਂ ਦਾ ਧੂੰਆਂ, ਕੂੜੇ ਦੀ ਅਣਗਹਿਲੀ, ਰਸਾਇਣਕ ਖੇਤੀ ਤੇ ਪਾਣੀ ਦੀ ਬਰਬਾਦੀ ਨੇ ਸਾਨੂੰ ਇਸ ਮੋੜ &rsquoਤੇ ਲਿਆ ਖੜ੍ਹਾ ਕੀਤਾ ਹੈ| ਪਰ ਹੁਣ ਵੀ ਸਮਾਂ ਹੈ| ਹੁਣ ਨਹੀਂ ਤਾਂ ਕਦੇ ਨਹੀਂ ਵਾਲਾ ਪਲ ਸਾਡੇ ਸਾਹਮਣੇ ਹੈ| ਹਰ ਪੰਜਾਬੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ| ਘਰੋਂ ਸ਼ੁਰੂਆਤ ਕਰੋ-ਕੂੜਾ ਵੱਖਰਾ ਕਰੋ, ਪਾਣੀ ਬਚਾਓ, ਰੁੱਖ ਲਾਓ, ਰਸਾਇਣਕ ਖਾਦਾਂ ਦੀ ਵਰਤੋਂ ਘਟਾਓ| ਸਰਕਾਰਾਂ ਨੂੰ ਵੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ-ਫੈਕਟਰੀਆਂ ਤੇ ਨਿਗਰਾਨੀ, ਸਾਫ਼ ਪਾਣੀ ਦੀ ਸਹੂਲਤ ਤੇ ਵਾਤਾਵਰਨ ਸੰਭਾਲ ਲਈ ਸਖ਼ਤ ਨੀਤੀਆਂ ਬਣਾਉਣੀਆਂ ਪੈਣਗੀਆਂ| 
ਲੁਧਿਆਣਾ ਜ਼ਿਮਨੀ ਚੋਣ - ਸਿਆਸਤ ਦਾ ਸੱਚ ਅਤੇ ਸਮੱਸਿਆਵਾਂ
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਮੰਚ ਸਜਿਆ ਹੈ, ਪਰ ਇਹ ਮੰਚ ਨਾ ਤਾਂ ਵਿਕਾਸ ਦੀਆਂ ਗੱਲਾਂ ਨਾਲ ਗੂੰਜ ਰਿਹਾ, ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਨਾਲ| ਇਸ ਦੀ ਥਾਂ, ਸਿਆਸੀ ਆਗੂਆਂ ਦੀ ਆਪਸੀ ਦੂਸ਼ਣਬਾਜ਼ੀ ਨੇ ਸਾਰਾ ਮਾਹੌਲ ਪ੍ਰਦੂਸ਼ਿਤ ਕਰ ਦਿੱਤਾ ਹੈ| ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਇਕ-ਦੂਜੇ ਤੇ ਦੋਸ਼ ਲਗਾ ਰਹੇ ਨੇ, ਪਰ ਹਲਕੇ ਦੀਆਂ ਸੜਕਾਂ, ਸੀਵਰੇਜ, ਵਿਦਿਅਕ ਜਾਂ ਸਰਕਾਰੀ ਹਸਪਤਾਲਾਂ ਦੇ ਵਿਕਾਸ ਦੀ ਗੱਲ ਕੋਈ ਨਹੀਂ ਕਰਦਾ| ਮੁੱਖ ਮੰਤਰੀ ਤੋਂ ਲੈ ਕੇ ਸਟਾਰ ਪ੍ਰਚਾਰਕਾਂ ਤੱਕ, ਸਾਰੇ ਆਪਣੀ ਜੁਬਾਨ ਦੀਆਂ ਤੀਰਅੰਦਾਜ਼ੀਆਂ ਵਿੱਚ ਰੁੱਝੇ ਹੋਏ ਹਨ| 
ਇਸ ਚੋਣ ਦਾ ਦੂਜਾ ਪਹਿਲੂ ਹੈ ਦਲ-ਬਦਲੂਆਂ ਦੀ ਭੀੜ| ਲੁਧਿਆਣਾ ਦੀ ਸਿਆਸਤ ਚ ਦਲ-ਬਦਲੀ ਦਾ ਰੁਝਾਨ ਨਵਾਂ ਨਹੀਂ, ਪਰ ਇਸ ਵਾਰ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ| ਪਿਛਲੇ ਦਸ ਦਿਨਾਂ ਵਿਚ ਸੈਂਕੜੇ ਵਰਕਰ ਅਤੇ ਆਗੂ ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ| ਇਕ ਕੌਂਸਲਰ ਤਾਂ ਚਾਰ ਦਿਨ ਵਿਚ ਹੀ ਪਾਰਟੀ ਬਦਲ ਕੇ ਵਾਪਸ ਆਪਣੇ ਪੁਰਾਣੇ ਘਰ ਆ ਗਿਆ! ਇਹ ਰੁਝਾਨ ਸਿਆਸੀ ਪਾਰਟੀਆਂ ਦੇ ਇਮੇਜ ਲਈ ਖਤਰੇ ਦੀ ਘੰਟੀ ਹੈ, ਜਿਸ ਨੇ ਆਪਣੇ ਭਰੋਸੇ ਨੂੰ ਖੋਰਾ ਲਾ ਦਿੱਤਾ|
ਚੋਣ ਵਿਚ ਕਿਸੇ ਇਕ ਪਾਰਟੀ ਦੀ ਸਪੱਸ਼ਟ ਜਿੱਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ| ਆਮ ਆਦਮੀ ਪਾਰਟੀ ਨੂੰ ਸੱਤਾ ਦਾ ਸਹਾਰਾ ਹੈ, ਪਰ ਦੂਸ਼ਣਬਾਜ਼ੀ ਵਿਚ ਉਲਝਣ ਨੇ ਉਸ ਦੀ ਪਕੜ ਕਮਜ਼ੋਰ ਕੀਤੀ ਹੋਈ ਹੈ| ਕਾਂਗਰਸ ਪਿਛਲੀ ਸਰਕਾਰ ਦੇ ਕੰਮ ਗਿਣਾ ਰਹੀ ਹੈ, ਪਰ ਸਥਾਨਕ ਮੁੱਦਿਆਂ ਤੇ ਚੁੱਪੀ ਤੇੜ ਆਪਸੀ ਫੁਟ ਉਸ ਨੂੰ ਮਹਿੰਗੀ ਪੈ ਸਕਦੀ ਹੈ| ਅਕਾਲੀ ਦਲ ਨੇ ਸੀਨੀਅਰ ਆਗੂਆਂ ਦੀ ਵਾਪਸੀ ਨਾਲ ਥੋੜ੍ਹੀ ਜ਼ਮੀਨ ਮਜ਼ਬੂਤ ਕੀਤੀ ਹੈ| ਭਾਜਪਾ ਕੇਂਦਰ ਦੀ ਸੱਤਾ ਅਤੇ ਪ੍ਰਧਾਨ ਮੰਤਰੀ ਦੇ ਗੁਣਗਾਨ ਤੇ ਜ਼ੋਰ ਦੇ ਰਹੀ ਹੈ, ਪਰ ਸਥਾਨਕ ਮੁੱਦਿਆਂ ਦੀ ਅਣਹੋਂਦ ਉਸ ਦੀ ਰਣਨੀਤੀ ਨੂੰ ਫਿੱਕਾ ਕਰ ਰਹੀ ਹੈ|ਲੁਧਿਆਣਾ ਚੋਣ ਦਾ ਦ੍ਰਿਸ਼ ਚੋਣ ਦਾ ਮਾਹੌਲ ਤਿੱਖੀ ਦੂਸ਼ਣਬਾਜ਼ੀ ਅਤੇ ਦਲ-ਬਦਲੀ ਦੇ ਪ੍ਰਦੂਸ਼ਣ ਨਾਲ ਭਰਿਆ ਹੈ| ਲੋਕਾਂ ਦੇ ਮੁੱਦੇ-ਸਾਫ਼ ਪਾਣੀ, ਸੜਕਾਂ, ਸਿੱਖਿਆ, ਸਿਹਤ-ਪਿੱਛੇ ਛੁੱਟ ਗਏ| ਵੋਟਰ ਚੁੱਪ-ਚਾਪ ਸਿਆਸੀ ਤਮਾਸ਼ੇ ਨੂੰ ਵੇਖ ਰਿਹਾ ਹੈ, ਪਰ ਉਸ ਦੇ ਮਨ ਵਿਚ ਬੇਚੈਨੀ ਹੈ| ਇਹ ਚੋਣ ਸਿਆਸਤ ਦੀ ਨੀਚੀ ਪੱਧਰ ਦੀ ਮਿਸਾਲ ਬਣ ਰਹੀ ਹੈ| ਪੰਜਾਬੀ ਨੀਤੀ ਪੰਜਾਬੀ ਵੋਟਰ ਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ| ਸਿਆਸੀ ਗੁੰਡ-ਗਰਦੀ ਅਤੇ ਦਲ-ਬਦਲੀ ਦੇ ਖੇਡ ਨੂੰ ਨਕਾਰਦਿਆਂ, ਉਸ ਨੂੰ ਅਜਿਹੀ ਪਾਰਟੀ ਜਾਂ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ, ਜੋ ਸਥਾਨਕ ਮੁੱਦਿਆਂ ਤੇ ਸਪੱਸ਼ਟ ਰਣਨੀਤੀ ਅਤੇ ਵਿਕਾਸ ਦਾ ਨਕਸ਼ਾ ਪੇਸ਼ ਕਰੇ| ਸਿਆਸੀ ਸਿਧਾਂਤਾਂ ਅਤੇ ਵਫ਼ਾਦਾਰੀ ਨੂੰ ਮਹੱਤਵ ਦੇਣ ਵਾਲੇ ਉਮੀਦਵਾਰ ਹੀ ਲੁਧਿਆਣੇ ਦੀ ਤਸਵੀਰ ਬਦਲ ਸਕਦੇ ਨੇ| ਪੰਜਾਬੀਆਂ ਨੂੰ ਆਪਣੀ ਵੋਟ ਦੀ ਤਾਕਤ ਨਾਲ ਇਸ ਗੰਦੀ ਸਿਆਸਤ ਨੂੰ ਸਬਕ ਸਿਖਾਉਣਾ ਹੋਵੇਗਾ, ਤਾਂ ਜੋ ਆਉਣ ਵਾਲੀ ਸਿਆਸਤ ਵਿਕਾਸ ਅਤੇ ਲੋਕ-ਮੁੱਦਿਆਂ ਦੀ ਗੱਲ ਕਰੇ, ਨਾ ਕਿ ਦੂਸ਼ਣਬਾਜ਼ੀ ਦੀ|
-ਰਜਿੰਦਰ ਸਿੰਘ ਪੁਰੇਵਾਲ