image caption: ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਦਸ਼ਮੇਸ਼ ਪਿਤਾ ਦਾ ਜ਼ਫ਼ਰਨਾਮਾ ਬਨਾਮ ਔਰੰਗਜ਼ੇਬ ਦਾ ਸ਼ਿਕਸ਼ਤਨਾਮਾ

ਆਪਣੇ ਆਪ ਨੂੰ ਅਜਿੱਤ ਸਮਝਣ ਵਾਲੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਮਿਲਿਆ ਔਰੰਗਜ਼ੇਬ ਨੇ ਜਦੋਂ ਜ਼ਫ਼ਰਨਾਮੇ ਵਿੱਚ ਲਿਖੀ ਤਰਕਵਾਰਤਾ ਪੜ੍ਹੀ ਤਾਂ ਉਹ ਧੁਰ ਆਤਮਾ ਤੱਕ ਹਿੱਲ ਗਿਆ ਸੀ । ਜ਼ਫ਼ਰਨਾਮੇ ਦਾ ਔਰੰਗਜ਼ੇਬ &lsquoਤੇ ਪਿਆ ਅਸਰ, ਉਸ ਦਾ ਪ੍ਰਮਾਣ ਉਸ ਦੇ ਹੀ ਲਿਖੇ ਸ਼ਿਕਸ਼ਤਨਾਮੇ ਤੋਂ ਪ੍ਰਗਟ ਹੁੰਦਾ ਹੈ । ਜਾਦੂ ਨਾਥ ਸਰਕਾਰ ਦੇ ਕਥਨ ਅਨੁਸਾਰ ਔਰੰਗਜ਼ੇਬ ਨੇ ਆਪਣੇ ਬੇਟੇ ਆਜ਼ਮ ਨੂੰ ਲਿਖਿਆ ਕਿ ਮੈਂ ਇਕੱਲਾ ਹੀ ਆਇਆ ਸੀ ਤੇ ਇਕੱਲਾ ਹੀ ਜਾ ਰਿਹਾ ਹਾਂ । ਮੈਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਕੌਣ ਹਾਂ, ਕੀ ਕਰਦਾ ਰਿਹਾ ਹਾਂ ਅਤੇ ਕਿਥੇ ਜਾਣਾ ਹੈ ਜੋ ਸਮਾਂ ਬੰਦਗੀ ਤੋਂ ਬਗੈਰ ਮੈਂ ਗੁਜ਼ਾਰ ਦਿੱਤਾ ਉਸ ਦਾ ਮੈਨੂੰ ਪਛਤਾਵਾ ਹੈ ਮੈਂ ਆਪਣੇ ਰਾਜ ਵਿੱਚ ਚੰਗੀ ਹਕੂਮਤ ਨਹੀਂ ਕਰ ਸਕਿਆ ਅਤੇ ਨਾ ਹੀ ਪਰਜਾ ਦਾ ਪਿਆਰ ਜਿੱਤ ਸਕਿਆ ਹਾਂ ਮੈਂ ਦੁਨੀਆਂ ਵਿੱਚ ਖਾਲੀ ਹੱਥੀਂ ਆਇਆ ਸਾਂ ਪਰ ਜਾਂਦੀ ਵਾਰ ਪਾਪਾਂ ਦਾ ਭਾਰ ਨਾਲ ਲੈ ਕੇ ਜਾ ਰਿਹਾ ਹਾਂ ਸਭ ਕੁਝ ਕੋਲ ਹੁੰਦਿਆਂ ਔਰੰਗਜ਼ੇਬ ਨੇ ਸ਼ਿਕੱਸ਼ਤਨਾਮਾ (ਹਾਰ ਦੀ ਚਿੱਠੀ) ਲਿਖਿਆ । ਹਮੀਦ-ਉਦ-ਦੀਨ ਨੇ ਆਪਣੀ ਪੁਸਤਕ ਵਿੱਚ ਔਰੰਗਜ਼ੇਬ ਦੀ ਆਖਰੀ ਵਸੀਅਤ ਦਾ ਜੋ ਹਵਾਲਾ ਦਿੱਤਾ ਹੈ ਉਸ ਦੀ ਇਬਾਰਤ ਵੀ ਔਰੰਗਜ਼ੇਬ ਦੇ ਸ਼ਿਕੱਸ਼ਤਨਾਮੇ ਨਾਲ ਮਿਲਦੀ ਜੁਲਦੀ ਹੈ । 
    ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਤੋਂ ਸਾਰਾ ਸਰਬੰਸ ਵਾਰ ਕੇ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਿਆ। ਜ਼ਫ਼ਰਨਾਮਾ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈਆਂ ਵਧੀਕੀਆਂ ਦਾ ਪਛਤਾਵਾ ਗੁਰੂ ਸਾਹਿਬ ਨੂੰ ਸੰਬੋਧਨ ਹੋ ਕੇ ਹੇਠ ਲਿਖੇ ਅਨੁਸਾਰ ਕੀਤਾ।
  ਮੈਂ ਚੰਗੀ ਤਰ੍ਹਾਂ ਜਣ ਲਿਆ ਹੈ ਕਿ ਤੁਸੀਂ ਉਸ ਸੱਚੇ ਸਤਿਗੁਰੂ ਨਾਨਕ ਦੀ ਗੱਦੀ ਦੇ ਵਾਰਿਸ, ਸੱਚੇ ਖ਼ੁਦਾ-ਪ੍ਰਸਤ ਹੋ। ਮੇਰੇ ਅਮਲੇ ਨੇ ਬੁੱਤ-ਪ੍ਰਸਤ ਹਿੰਦੂ ਪਹਾੜੀ ਰਾਜਿਆਂ ਦੇ ਆਖੇ ਲੱਗ ਕੇ ਤੁਹਾਡੇ ਉਪਰ ਜ਼ੋਰ-ਜ਼ੁਲਮ ਦਾ ਵਰਤਾਵਾ ਕੀਤਾ ਹੈ। ਜਿਸ ਦੀ ਸਜ਼ਾ ਮੈਂ ਖੁਦ ਉਹਨਾਂ ਨੂੰ ਦੇਵਾਂਗਾ, ਤੇ ਨਾਲ ਹੀ ਗੁਰੂ  ਗੋਬਿੰਦ ਸਿੰਘ ਜੀ ਨੂੰ ਦੱਖਣ ਵਿਖੇ ਆ ਕੇ ਮਿਲਣ ਲਈ ਸੱਦਾ ਭੇਜਿਆ । (ਹਵਾਲਾ - ਤਵਾਰੀਖ਼ ਗੁਰੂ ਖਾਲਸਾ ਭਾਗ-ਦੂਜਾ, ਪੰਨਾ 1085) ਗੁਰੂ ਸਾਹਿਬ ਅਜੇ ਰਾਜਪੂਤਾਨੇ ਦੇ ਸ਼ਹਿਰ ਬਘੌਰ ਵਿੱਚ ਹੀ ਸਨ ਕਿ ਫਰਵਰੀ 1707 ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ।
ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਔਰੰਗਜ਼ੇਬ ਦੇ ਪੁੱਤਰਾਂ ਦੀ ਦਿੱਲੀ ਦੇ ਤਖ਼ਤ ਬਦਲੇ ਆਪਸੀ ਲੜਾਈ ਸ਼ੁਰੂ ਹੋਈ ਤਾਂ ਔਰੰਗਜ਼ੇਬ ਦੇ ਵੱਡੇ ਪੁੱਤਰ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਸਿੰਘ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਬਹਾਦਰ ਸ਼ਾਹ ਨੂੰ ਦਿੱਲੀ ਦਾ ਤਖ਼ਤ ਦਿਵਾਉਣ ਵਿੱਚ ਮਦਦ ਕਰਨ, ਗੁਰੂ ਸਾਹਿਬ ਜੀ ਨੇ ਭਾਈ ਨੰਦ ਲਾਲ ਸਿੰਘ ਨੂੰ ਕਿਹਾ ਕਿ ਬਹਾਦਰ ਸ਼ਾਹ ਸਾਡੀਆਂ ਕੁਝ ਸ਼ਰਤਾਂ ਮੰਨਣ ਨੂੰ ਤਿਆਰ ਹੈ ਤਾਂ ਅਸੀਂ ਉਸ ਦੀ ਯੁੱਧ ਵਿੱਚ ਮਦਦ ਕਰਾਂਗੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦੀਆਂ ਸ਼ਰਤਾਂ ਮੰਨ ਲਈਆਂ ਅਤੇ ਉਹ ਸ਼ਰਤਾਂ ਸਨ :
(1) ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਇਕ ਸਮਾਨ ਜਾਣੇਂਗਾ । (2) ਇਨਸਾਫ ਕਰੇਂਗਾ । (3) ਦੂਜੇ ਦੇ ਧਰਮ ਵਿੱਚ ਦਖਲ ਨਹੀਂ ਦੇਵੇਂਗਾ । (4) ਜਿਨ੍ਹਾਂ ਨੇ ਬੇਦੋਸ਼ਿਆਂ ਨੂੰ ਮਾਰਿਆ ਹੈ ਉਨ੍ਹਾਂ ਨੂੰ ਸਜ਼ਾਵਾਂ ਦੇਵੇਂਗਾ (ਇਥੇ ਗੁਰੂ ਸਾਹਿਬ ਦਾ ਇਸ਼ਾਰਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਵੱਲ ਸੀ ਜਿਸ ਨੇ ਗੁਰੂ ਸਾਹਿਬ ਦੇ ਦੋਵੇਂ ਨਿਰਦੋਸ਼ ਅਤੇ ਮਾਸੂਮ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਵਾਉਣ ਤੋਂ ਬਾਅਦ ਜਦੋਂ ਦੀਵਾਰ ਡਿੱਗ ਪਈ ਤਾਂ ਸ਼ਾਸ਼ਲਬੇਗ ਅਤੇ ਬਾਸ਼ਲ ਕੋਲੋਂ ਕੋਹ-ਕੋਹ ਕੇ ਸ਼ਹੀਦ ਕਰਵਾ ਦਿੱਤਾ ਸੀ)
ਜੂਨ 1707 ਨੂੰ ਜੈਜੂ ਦੇ ਮੈਦਾਨ ਵਿੱਚ ਆਪਣੇ ਛੋਟੇ ਭਰਾ ਤਾਰਾ ਆਜ਼ਮ ਨਾਲ ਬਹਾਦਰ ਸ਼ਾਹ ਨੇ ਜੰਗ ਲੜੀ । ਗੁਰੂ ਸਾਹਿਬ ਨੇ ਧਰਮ ਸਿੰਘ ਦੀ ਅਗਵਾਈ ਵਿੱਚ ਜਥਾ ਬਹਾਦਰ ਸ਼ਾਹ ਦੀ ਮਦਦ ਲਈ ਭੇਜਿਆ । ਇਸ ਜੰਗ ਵਿੱਚ ਤਾਰਾ ਆਜ਼ਮ ਮਾਰਿਆ ਗਿਆ ਅਤੇ ਗੁਰੂ ਸਾਹਿਬ ਦੀ ਜੰਗੀ ਮਦਦ ਨਾਲ ਬਹਾਦਰ ਸ਼ਾਹ ਦੀ ਜਿੱਤ ਹੋਈ । 
ਬਹਾਦਰ ਸ਼ਾਹ ਜੇਤੂ ਬਾਦਸ਼ਾਹ ਬਣ ਕੇ 19 ਜੂਨ, 1707 ਨੂੰ ਆਗਰੇ ਦਾਖਲ ਹੋਇਆ । ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਇਨ੍ਹਾਂ ਸ਼ਬਦਾਂ ਨਾਲ ਧੰਨਵਾਦ ਕੀਤਾ ਕਿ
ਅੱਜ ਦੀਦਾਰੇ ਫ਼ੇਜ਼ ਆਸਰੇ ਏਸ਼ਾ ਤਮਾਮ । 
ਗਮ ਅਜ਼ ਜਾਮ ਦੂਰ ਸ਼ੁਦਹ । (ਉਮਦਾਤ-ਉਲ-ਤ੍ਵਾਰੀਖ਼, ਪੰਨਾ 62)
ਅਰਥਾਤ ਠੀਕ ਗੱਲ ਤਾਂ ਇਹ ਹੈ ਕਿ ਇਹ ਸਲਤਨਤ ਤੇ ਬਾਦਸ਼ਾਹਤ ਆਪ ਜੀ ਦੇ ਰਹਿਮ ਤੇ ਦਇਆ ਸਦਕਾ ਹੀ ਪ੍ਰਾਪਤ ਹੋਈ ਹੈ । ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਲਈ ਗੁਰੂ ਸਾਹਿਬ ਜੀ ਨੂੰ ਆਗਰੇ ਸ਼ਾਹੀ ਦਰਬਾਰ ਵਿਖੇ ਦਰਸ਼ਨ ਦੇਣ ਦੀ ਬੇਨਤੀ ਕੀਤੀ ਅਤੇ ਜਦੋਂ ਗੁਰੂ ਸਾਹਿਬ ਜੀ ਨੇ ਆਗਰੇ ਦਰਬਾਰ ਵਿਖੇ ਦਰਸ਼ਨ ਦਿੱਤੇ ਤਾਂ ਬਹਾਦਰ ਸ਼ਾਹ ਨੇ ਇਨ੍ਹਾਂ ਸ਼ਬਦਾਂ ਨਾਲ ਗੁਰੂ ਸਾਹਿਬ ਜੀ ਨੂੰ ਜੀ ਆਇਆਂ ਆਖਿਆ, ਆਮ ਤੌਰ ਤੇ ਸ਼ਸ਼ਤਰਾਂ ਸਮੇਤ ਕਿਸੇ ਨੂੰ ਸ਼ਾਹੀ ਦਰਬਾਰ ਵਿੱਚ ਜਾਣ ਦੀ ਆਗਿਆ ਨਹੀਂ ਸੀ ਹੁੰਦੀ, ਪਰ ਗੁਰੂ ਗੋਬਿੰਦ ਸਿੰਘ ਸ਼ਸ਼ਤਰਾਂ ਸਮੇਤ ਸ਼ਾਹੀ ਦਰਬਾਰ ਵਿੱਚ ਬਹਾਦਰ ਸ਼ਾਹ ਨੂੰ ਮਿਲੇ ਅਤੇ ਉਸ ਨੇ ਹੇਠ ਲਿਖੇ ਅਨੁਸਾਰ ਗੁਰੂ ਸਾਹਿਬ ਦੇ ਚਰਨੀਂ ਹੱਥ ਲਾਕੇ ਉਨ੍ਹਾਂ ਦਾ ਸੁਆਗਤ ਕੀਤਾ । ਕਵੀ ਸੈਨਾਪਤਿ ਸ੍ਰੀ ਗੁਰ ਸੋਭਾ ਵਿੱਚ ਲਿਖਦਾ ਹੈ :
ਚੜੀ ਕਮਾਨ ਸ਼ਸ਼ਤਰ ਸਬ ਸਾਰੇ ।
ਕਲਗੀ ਛਬ ਹੈ ਅਪਰ ਅਪਾਰੇ
ਲਟਕਤ ਚਲਤ ਤਹਾਂ ਚਲ ਆਏ
ਸ਼ਾਹ ਪਾਸ ਬੈਠੇ ਇਮ ਜਾਏ । 
ਬਹਾਦਰ ਸ਼ਾਹ ਨੇ ਗੁਰੂ ਦੇ ਚਰਨੀਂ ਹੱਥ ਲਾਕੇ ਆਖਿਆ ਕਿ ਮੈਨੂੰ ਇਸ ਮੁਲਕ ਦਾ ਤਖ਼ਤ ਆਪ ਜੀ ਦੀ ਕ੍ਰਿਪਾ ਦੁਆਰਾ ਹੀ ਪ੍ਰਾਪਤ ਹੋਇਆ ਹੈ : 
ਚਰਨ ਕਵਲ ਕੋ ਹਾਥ ਚਲਾਏ ।
ਥਾਪੀ ਦਈ ਪ੍ਰਭੂ ਬਿਗਸਾਏ 
(ਗੁਰੂ ਸਾਹਿਬ ਨੇ ਬਹਾਦਰ ਸ਼ਾਹ ਨੂੰ ਥਾਪੀ ਦਿੱਤੀ)
ਧੰਨ ਧੰਨ ਪ੍ਰਭ ਅਲਖ ਅਪਾਰਾ
ਨਿਹਚਲ ਕੀਨੋ ਰਾਜ ਹਮਾਰਾ
ਦਯਾ ਧਾਰਿ ਹਮਰੇ ਘਰ ਆਏ,
ਤਖ਼ਤ ਬਖ਼ਤ ਤੁਮ ਤੇ ਪ੍ਰਭ ਪਾਏ ॥
ਆਦਰ ਬਹੁਤ ਪ੍ਰਭੂ ਕਾ ਕੀਨਾ ।
ਤਾਹੀ ਸਮੈ ਬਿਦਾ ਕਰ ਦੀਨਾ ।
ਕਲਗੀ ਔਰ ਧੁਗਧੁਗੀ ਆਨੀ ।
ਖ਼ਿਲਅਤ ਏਕ ਸ਼ਾਹ ਮਨਮਾਨੀ ।
ਸ਼ਾਹ ਪ੍ਰਭੂ ਕੋ ਭੇਟ ਚੜ੍ਹਾਈ ।
ਖੁਸ਼ੀ ਕਰੋ ਤੁਮ ਸੋ ਬਨ ਆਈ । 
ਆਮ ਤੌਰ ਤੇ ਬਾਦਸ਼ਾਹ ਵੱਲੋਂ ਦਿੱਤੀ ਖਿਲਅਤ ਬਾਦਸ਼ਾਹ ਦੇ ਸਾਹਮਣੇ ਦਰਬਾਰ ਵਿੱਚ ਹੀ ਪਹਿਨਣੀ ਪੈਂਦੀ ਸੀ । ਪੂਰੂ ਗੁਰੂ ਸਾਹਿਬ ਨੇ ਸਿੰਘਾਂ ਨੂੰ ਅੰਦਰ ਬੁਲਾ ਕੇ ਆਖਿਆ ਕਿ ਸਭ ਵਸਤਾਂ ਉਠਾ ਕੇ ਡੇਰੇ ਲੈ ਚੱਲੋ, ਅਰਥਾਤ-
ਤਾਂਹਿ ਸਮੇਂ ਪ੍ਰਭ ਨੇ ਫੁਰਮਾਯੋ ।
ਅੰਦਰਿ ਸ਼ਾਹਿ ਪੈ ਸਿੰਘ ਬੁਲਾਯੋ ।
ਬਸਤ੍ਰ ਤਾਂਹਿ ਪਾਸ ਉਠਵਾਏ ।
ਬਿਦਾ ਭਏ ਪ੍ਰਭ ਡੇਰੇ ਆਏ ॥
ਕਰਤ ਅਨੰਦ ਕੇਲ ਪ੍ਰਭ ਘਨੀ ।
ਪ੍ਰਭ ਕੀ ਉਪਮਾ ਪ੍ਰਭ ਕੋ ਬਨੀ ।
ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਤੋਂ ਵਿਦਾਇਗੀ ਲੈਣ ਤੋਂ ਪਹਿਲਾਂ ਜਦੋਂ ਉਸ ਨੂੰ ਗੁਰੂ ਨਾਲ ਕੀਤੇ ਚਾਰ ਸ਼ਰਤਾਂ ਵਾਲੇ ਅਹਿਦਨਾਮੇ ਦਾ ਚੇਤਾ ਕਰਾਇਆ ਤਾਂ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਕੋਲੋਂ ਇਹ ਅਹਿਦਨਾਮਾ ਲਾਗੂ ਕਰਨ ਲਈ ਇਹ ਆਖ ਕੇ ਇਕ ਸਾਲ ਦਾ ਸਮਾਂ ਮੰਗ ਲਿਆ ਕਿ ਐਸਾ ਕਰਨ ਨਾਲ ਬਾਕੀ ਦੇ ਸੂਬੇ ਵੀ ਬਿਗੜ ਕੇ ਆਕੀ ਹੋ ਜਾਣਗੇ ਅਤੇ ਸ਼ਰਾ ਦੀ ਫਾਹੀ ਵੀ ਮੇਰੇ ਗੱਲ ਵਿੱਚ ਪਈ ਹੋਈ ਹੈ ਅਤੇ ਮੈਨੂੰ ਇਕ ਸਾਲ ਦਾ ਸਮਾਂ ਚਾਹੀਦਾ ਹੈ ।
ਮੈਂ ਭੂਲਿਓ ਤੁਮ ਬਖਸ਼ਣਹਾਰੇ । ਬੋਲਿਯੋ ਕਰੂਰ ਤ੍ਰਾਸ ਉਰਧਾਰੇ ।
ਬਿਗਰੈਂ ਸੂਬੇ ਹੋਇੰ ਮੁਵਾਸੀ-ਪੁਨ ਲਗ ਪਰੀ ਸ਼ਰਾ ਕੀ ਫਾਂਸੀ (ਗੁਰਪ੍ਰਤਾਪ ਸੂਰਜ ਅੇਨ 2 ਅੰਸੂ 14)
ਇਸ ਮੁਲਾਕਾਤ ਤੋਂ ਬਾਅਦ ਬਹਾਦਰ ਸ਼ਾਹ ਦੱਖਣ ਨੂੰ ਚਲਾ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਸਿੱਖੀ ਦਾ ਪ੍ਰਸਾਰ ਪ੍ਰਚਾਰ ਕਰਦੇ ਹੋਏ ਨਾਂਦੇੜ ਪਹੁੰਚ ਗਏ । ਨਾਂਦੇੜ ਵਿਖੇ ਹੀ ਇਕ ਦਿਨ ਜਦੋਂ ਗੁਰੂ ਸਾਹਿਬ ਜੀ ਗੋਦਾਵਰੀ ਨਦੀ ਦੇ ਕੰਢੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ ਤਾਂ ਬਹਾਦਰ ਸ਼ਾਹ ਨੇ ਆ ਕੇ ਇਕ ਕੀਮਤੀ ਹੀਰਾ ਭੇਂਟ ਕੀਤਾ, ਅੱਜ ਕੱਲ੍ਹ ਉਸ ਅਸਥਾਨ ਵਿਖੇ ਹੀਰਾ ਘਾਟ ਗੁਰਦੁਆਰਾ ਸੁਸ਼ੋਭਿਤ ਹੈ । ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਨੂੰ ਆਖਿਆ ਕਿ ਸਾਨੂੰ ਹੀਰਿਆਂ ਦੀ ਲੋੜ ਨਹੀਂ ਹੈ, ਸਗੋਂ ਅਸੀਂ ਤਾਂ ਤੁਹਾਨੂੰ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਜੂਨ 1707 ਨੂੰ ਦਿੱਲੀ ਵਿਖੇ ਸਾਡੇ ਨਾਲ ਕੀਤੇ ਅਹਿਦਨਾਮੇ ਨੂੰ ਅਮਲੀ ਰੂਪ ਦੇਣ ਲਈ ਤੁਸੀਂ ਇਕ ਸਾਲ ਦਾ ਸਮਾਂ ਮੰਗਿਆ ਸੀ ਅਤੇ ਅੱਜ ਇਹ ਸਮਾਂ ਇਕ ਸਾਲ ਤੋਂ ਉੱਤੇ ਹੋ ਗਿਆ ਹੈ ਤੇ ਹੁਣ ਅਸੀਂ ਤੇਰੇ ਕੋਲੋਂ ਜਵਾਬ ਚਾਹੁੰਦੇ ਹਾਂ । ਬਹਾਦਰ ਸ਼ਾਹ ਇਸ ਦਾ ਕੋਈ ਸਪੱਸ਼ਟ ਜਵਾਬ ਨਾ ਦੇ ਸਕਿਆ ਸਗੋਂ ਆਪਣੀ ਪਹਿਲਾਂ ਵਾਲੀ ਮਜ਼ਬੂਰੀ ਦੱਸ ਕੇ ਹੀ ਆਨਾ-ਕਾਨੀ ਕਰਦਾ ਰਿਹਾ । ਜਾਣੀ ਜਾਣ ਗੁਰੂ ਭਾਂਪ ਗਏ ਕਿ ਬਹਾਦਰ ਸ਼ਾਹ ਅਹਿਦਨਾਮੇ ਨੂੰ ਅਮਲੀ ਰੂਪ ਦੇਣ ਲਈ ਸੁਹਿਰਦ ਨਹੀਂ ਹੈ ਅਤੇ ਟਾਲ ਮਟੋਲ ਕਰ ਰਿਹਾ ਹੈ । 
ਗੁਰੂ ਸਾਹਿਬ ਜੀ ਨੂੰ ਵਿਸ਼ਵਾਸ਼ ਹੋ ਗਿਆ ਕਿ ਬਹਾਦਰ ਸ਼ਾਹ ਗੱਲੀਂ ਬਾਤੀਂ ਇਕਰਾਰ ਨਾਮੇ ਤੋਂ ਮੁਕਰ ਰਿਹਾ ਹੈ ਤੇ ਹੁਣ ਸਾਨੂੰ ਆਪ ਹੀ ਕੁਝ ਕਰਨਾ ਪਵੇਗਾ ।
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਖ਼ਾਲਸਾ ਰਾਜ ਸਥਾਪਤ ਕਰਨ ਲਈ ਥਾਪੜਾ ਦੇ ਕੇ ਪੰਜਾਬ ਨੂੰ ਰਵਾਨਾ ਕਰਨਾ
ਇਨ੍ਹੀਂ ਦਿਨੀਂ ਗੁਰੂ ਸਾਹਿਬ ਦੀ ਨਜ਼ਰ ਉਸ ਨੌ-ਜੁਆਨ ਤਾਂਤਰਿਕ ਸਾਧੂ ਮਾਧੋਦਾਸ ਦੇ ਡੇਰੇ &lsquoਤੇ ਗਈ ਜਿਸ ਬਾਰੇ ਉਨ੍ਹਾਂ ਨੇ ਦਾਦੂ-ਪੰਥੀ ਮਹੰਤ ਜੋਤ ਰਾਮ ਪਾਸੋਂ ਸੁਣਿਆ ਹੋਇਆ ਸੀ । ਮਾਧੋ ਦਾਸ ਬਾਰੇ ਇਹ ਮਸ਼ਹੂਰ ਸੀ ਕਿ ਉਹ ਜੰਤਰਾਂ-ਮੰਤਰਾਂ ਨਾਲ ਅਭਿਆਗਤ ਸਾਧੂਆਂ ਅਤੇ ਅਤਿਥੀਆਂ ਦੀ ਹੇਠੀ ਕਰਕੇ ਖੁਸ਼ ਹੁੰਦਾ ਸੀ । ਉਸ ਦੇ ਡੇਰੇ ਵਿੱਚ ਇਕ ਪਲੰਘ ਸੀ ਜਦੋਂ ਕੋਈ ਹੋਰ ਸਾਧੂ ਜਾਂ ਅਜਨਬੀ ਉਸ ਪਲੰਘ ਉੱਤੇ ਆਕੇ ਬੈਠ ਜਾਂਦਾ ਸੀ ਤਾਂ ਇਹ ਉਸ ਦਾ ਮਜ਼ਾਕ ਉਡਾਉਣ ਲਈ ਜੰਤਰਾਂ-ਮੰਤਰਾਂ ਨਾਲ ਪਲੰਘ ਉਲਟਾ ਕੇ ਉਸ ਨੂੰ ਭੁੰਜੇ ਸੁੱਟ ਦਿੰਦਾ ਸੀ । ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਸਮੇਤ ਮਾਧੋ ਦਾਸ ਦੇ ਡੇਰੇ ਪਹੁੰਚੇ ਅਤੇ ਉਸ ਦੇ ਪਲੰਘ ਉੱਤੇ ਸਜ ਗਏ । ਮਾਧੋ ਦਾਸ ਆਪ ਡੇਰੇ ਵਿੱਚ ਨਹੀਂ ਸੀ । ਮਾਧੋ ਦਾਸ ਦੇ ਚੇਲਿਆਂ ਨੇ ਅਜਿਹੇ ਪ੍ਰਭਾਵਸ਼ਾਲੀ ਚਿਹਰਿਆਂ ਵਾਲੇ ਸ਼ਸ਼ਤਰਧਾਰੀ ਸਿੰਘਾਂ ਦੇ ਪਹਿਲਾਂ ਕਦੇ ਦਰਸ਼ਨ ਨਹੀਂ ਸੀ ਕੀਤੇ । ਉਨ੍ਹਾਂ ਦੇ ਨੂਰਾਨੀ ਜਾਹੋ ਜਲਾਲ ਵਾਲੇ ਮੁੱਖੀ ਨੂੰ ਇਸ ਤਰ੍ਹਾਂ ਬੇ-ਖੌਫ਼ ਹੋ ਕੇ ਮਾਧੋ ਦਾਸ ਦੇ ਪਲੰਘ &lsquoਤੇ ਆਕੇ ਬੈਠ ਜਾਣਾ ਉਨ੍ਹਾਂ ਲਈ ਅਚੰਭੇ ਵਾਲੀ ਗੱਲ ਸੀ । ਮਾਧੋ ਦਾਸ ਦੇ ਚੇਲਿਆਂ ਨੇ ਮਾਧੋ ਦਾਸ ਨੂੰ ਸੱਦ ਕੇ ਲਿਆਂਦਾ । ਮਾਧੋ ਦਾਸ ਨੇ ਬਾਹਰੋਂ ਆਉਂਦਿਆਂ ਹੀ ਜਦੋਂ ਗੁਰੂ ਸਾਹਿਬ ਨੂੰ ਪਲੰਘ &lsquoਤੇ ਸਜਿਆ ਹੋਇਆ ਵੇਖਿਆ ਤਾਂ ਉਸ ਨੇ ਜੰਤਰਾਂ-ਮੰਤਰਾਂ ਨਾਲ ਗੁਰੂ ਸਾਹਿਬ ਨੂੰ ਸਮੇਤ ਪਲੰਘ ਉਲਟਾਉਣ ਦੀ ਕੋਸ਼ਿਸ਼ ਕੀਤੀ ਪਰ ਪਲੰਘ ਉਲਟਾ ਨਾ ਸਕਿਆ । ਜਦੋਂ ਸਭ ਕੋਸ਼ਿਸ਼ਾਂ ਬੇ-ਅਰਥ ਗਈਆਂ ਤਾਂ ਹੰਕਾਰੀ ਮਾਧੋ ਦਾਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਹ ਗੁਰੂ ਦੇ ਚਰਨੀਂ ਢਹਿ ਪਿਆ । ਹੰਕਾਰ ਨਾਲ ਭਰਿਆ ਹੋਇਆ ਉਸ ਦਾ ਸਿਰ ਨਿਮਰਤਾ ਨਾਲ ਝੁੱਕ ਗਿਆ ਅਤੇ ਅੱਗੇ ਵੱਧ ਕੇ ਉਸ ਨੇ ਸਤਿਗੁਰੂ ਜੀ ਦੀ ਹਜੂਰੀ ਵਿੱਚ ਸਤਿਕਾਰ ਨਾਲ ਬੈਠ ਕੇ ਕੁਝ ਸਵਾਲ ਗੁਰੂ ਸਾਹਿਬ ਕੋਲੋਂ ਪੁੱਛੇ, ਮਾਧੋ ਦਾਸ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋ ਵਾਰਤਾਲਾਪ ਹੋਈ, ਉਸ ਦਾ ਵਿਸਥਾਰ ਅਹਿਮਦ ਸ਼ਾਹ ਬਟਾਲੀਏ ਦੀ ਫ਼ਾਰਸੀ ਦੀ ਕਿਤਾਬ, ਇਬਤਿਦਾਇ ਸਿੰਘਾਂ ਵਾ ਮਜ਼ਹਬਿ ਏਸ਼ਾ ਵਿੱਚ ਹੇਠ ਲਿਖੇ ਅਨੁਸਾਰ ਦਿੱਤਾ ਹੋਇਆਿ ਹੈ :
ਮਾਧੋ ਦਾਸ : (ਮਹਾਰਾਜ) ਆਪ ਕੌਣ ਹੋ ?
ਗੁਰੂ ਸਾਹਿਬ : ਉਹ ਜਿਸ ਨੂੰ ਤੂੰ ਜਾਣਦਾ ਹੈਂ ।
ਮਾਧੋ ਦਾਸ : ਮੈਂ ਕੀ ਜਾਣਦਾ ਹਾਂ ?
ਗੁਰੂ ਸਾਹਿਬ : ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸੋਚ ।
ਮਾਧੋ ਦਾਸ : (ਸੋਚ ਕੇ) ਆਪ ਗੁਰੂ ਗੋਬਿੰਦ ਸਿੰਘ ਹੋ । ਗੁਰੂ ਸਾਹਿਬ - ਹਾਂ
ਮਾਧੋ ਦਾਸ : ਆਪ ਇਥੇ ਕਿਸ ਤਰ੍ਹਾਂ ਪਧਾਰੇ ਹੋ ?
ਗੁਰੂ ਸਾਹਿਬ, ਮਾਧੋਦਾਸ, ਮੈਂ ਏਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ ।
ਮਾਧੋ ਦਾਸ : ਮੈਂ ਹਾਜ਼ਰ ਹਾਂ ਹਜ਼ੂਰ ! ਮੈਂ ਆਪ ਦਾ (ਗੁਲਾਮ) ਬੰਦਾ ਹਾਂ । 
ਗੁਰੂ ਗੋਬਿੰਦ ਸਿੰਘ ਜੀ ਦੇ ਇਸ ਵਚਨ ਵਿੱਚ ਕਿ ਮੈਂ ਏਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ ਕੋਈ ਐਸੀ ਅਕ੍ਰਿਸ਼ਟ ਦੈਵੀ ਸ਼ਕਤੀ ਦਾ ਪ੍ਰਭਾਵ ਸੀ ਕਿ ਰਿਧੀਆਂ, ਸਿੱਧੀਆਂ, ਅਦ੍ਰਿਸ਼ਟ ਚਾਲਾਂ ਤੇ ਗੁਮਨਾਮ ਸ਼ਕਤੀਆਂ ਤੇ ਮਾਣ ਕਰਨ ਵਾਲਾ ਹੰਕਾਰੀ ਮਾਧੋ ਦਾਸ ਬੜੀ ਅਧੀਨਗੀ ਨਾਲ ਬਿਨਾਂ ਕਿਸੇ ਹੀਲ ਹੁਜਤ ਦੇ ਖੰਡੇ ਦੀ ਪਾਹੁਲ ਲੈ ਕੇ ਸਿੰਘ ਸਜਣ ਨੂੰ ਤਿਆਰ ਹੋ ਗਿਆ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੌ-ਜੁਆਨ ਸਾਧੂ ਦੇ ਅੰਤਰ-ਆਤਮੇ ਇਕ ਚਮਕਦੀ ਚਿਣ੍ਹਗ ਵੇਖੀ ਜਿਸ ਨੂੰ ਆਪ ਜੀ ਨੇ ਆਪਣੀ ਮਿਹਰ ਨਾਲ ਜੋਤ ਬਣਾ ਕੇ ਜਗਾ ਦਿੱਤਾ ।
ਮਾਧੋ ਦਾਸ ਦੀ ਬਦਲੀ ਹੋਈ ਮਾਨਸਿਕ ਹਾਲਤ ਵਿੱਚ ਉਸ ਨੂੰ ਇਕ ਨਵੇਂ ਸੱਚੇ ਵਿੱਚ ਢਾਲ ਦੇਣ ਲਈ ਗੁਰੂ ਗੋਬਿੰਦ ਸਿੰਘ ਨੇ ਉਸ ਵੇਲੇ ਉਸ ਨੂੰ ਸ਼ਸ਼ਤਰਧਾਰੀ ਸਿੰਘਾਂ ਵਾਲਾ ਬਾਣਾ ਧਾਰਨ ਕਰਵਾਇਆ ਅਤੇ ਸਿੱਖ ਰਹੁ-ਰੀਤ ਅਨੁਸਾਰ ਉਸ ਨੂੰ ਖੰਡੇ ਦੀ ਪਾਹੁਲ ਛਕਾ ਕੇ ਸਿੰਘ ਸਜਾ ਦਿੱਤਾ । ਜਦੋਂ ਮਾਧੋ ਦਾਸ ਨੂੰ ਖੰਡੇ ਦੀ ਪਾਹੁਲ ਛਕਾਈ ਤਾਂ ਗੁਰੂ ਗੋਬਿੰਦ ਸਿੰਘ ਖੁਦ ਪੰਜਾਂ ਪਿਆਰਿਆਂ ਵਿੱਚੋਂ ਇਕ ਸਨ । ਖੰਡੇ ਦੀ ਪਾਹੁਲ ਛਕਾ ਕੇ ਰਹਿਤਾਂ, ਕੁਰਹਿਤਾਂ ਦੱਸੀਆਂ, ਨਾਂਅ ਬਦਲ ਕੇ ਬੰਦਾ ਸਿੰਘ ਰੱਖਿਆ ਗਿਆ, ਜੋ ਮਗਰੋਂ (ਬਾਬਾ) ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ (ਨੋਟ ਕਈ ਇਤਿਹਾਸਕਾਰਾਂ ਨੇ ਨਵਾਂ ਨਾਉਂ ਗੁਰਬਖਸ਼ ਸਿੰਘ ਲਿਖਿਆ ਹੈ) ਖੰਡੇ ਬਾਟੇ ਦੀ ਪਾਹੁਲ ਛਕਣ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦਾ ਧਰਮ ਨਾਸ਼, ਕੁਲ ਨਾਸ਼, ਕਰਮਨਾਸ਼, ਭਰਮ ਨਾਸ਼ ਅਤੇ ਕਿਰਤ ਨਾਸ਼ ਪੁੱਤਰ ਬਣ ਗਿਆ ।
ਪ੍ਰੋ: ਹਰਿੰਦਰ ਸਿੰਘ ਮਹਿਬੂਬ ਨੇ ਉਕਤ ਘਟਨਾ ਦਾ ਜ਼ਿਕਰ ਸਹਿਜੇ ਰਜਿਓ ਖ਼ਾਲਸਾ ਵਿੱਚ ਪੰਥ ਦਾ ਵਾਲੀ ਦੇ ਸਿਰਲੇਖ ਹੇਠ ਪੰਨਾ 437 ਉੱਤੇ ਹੇਠ ਲਿਖੇ ਅਨੁਸਾਰ ਕੀਤਾ ਹੈ : ਅਗਸਤ 1708 ਦੇ ਮੱਧ ਵਿੱਚ ਉਨ੍ਹਾਂ ਨੇ (ਗੁਰੂ ਗੋਬਿੰਦ ਸਿੰਘ) ਬੰਦਾ ਸਿੰਘ ਨੂੰ ਪੰਜਾਬ ਭੇਜਣ ਦਾ ਸੰਕਲਪ ਕੀਤਾ । ਇਸ ਭਾਵਨਾ ਨੂੰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਪ੍ਰਗਟ ਕਰ ਦਿੱਤਾ ਸੀ ਸਵੇਰ ਵੇਲੇ ਗੋਦਾਵਰੀ ਦੇ ਕੰਢੇ ਉੱਤੇ ਇਕ ਦੀਵਾਨ ਲਗਾਇਆ ਗਿਆ, ਉਸ ਵੇਲੇ ਬੰਦਾ ਸਿੰਘ ਖ਼ਾਲਸੇ ਦੀਆਂ ਪੰਜੇ ਦੈਵੀ ਨਿਸ਼ਾਨੀਆਂ ਪਹਿਣੇ ਹੋਏ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਾ ਸੀ-ਇਕ ਸੋਹਣੇ ਸਜੀਲੇ ਦੀਦਾਰੀ ਸਿੰਘ ਵਾਂਗ । ਤਦੋਂ ਪੰਥ ਦੀ ਚੜ੍ਹਦੀ ਕਲਾ ਦੀ ਗੂੰਜ ਯੁਗਾਂ ਯੁਗਾਂ ਦੀ ਸੁਰਤਿ ਉਤੇ ਪਈ, ਸੱਚੇ ਸਾਹਿਬ ਫੁਰਮਾਉਣ ਲੱਗੇ, ਖ਼ਾਲਸਾ ਜੀ ਅੱਜ ਮੈਂ ਬੰਦੇ (ਬੰਦਾ ਸਿੰਘ) ਨੂੰ ਪੰਥ ਦਾ ਸਰਦਾਰ ਥਾਪਦਾ ਹਾਂ । ਮੈਂ ਇਸ ਨੂੰ ਪੰਜਾਬ ਵਿੱਚ ਜਾ ਕੇ ਖ਼ਾਲਸਾ ਰਾਜ ਕਾਇਮ ਕਰਨ ਦਾ ਆਦੇਸ਼ ਦਿੰਦਾ ਹਾਂ । ਬੰਦਾ ਸਿੰਘ ਉੱਠਿਆ ਅਤੇ ਉਸ ਨੇ ਸੱਚੇ ਸਾਹਿਬ ਦੇ ਅੱਗੇ ਇਹ ਅਰਜ ਕੀਤੀ : ਮੇਰੇ ਬਾਜਾਂ ਵਾਲੇ ਪਾਤਸ਼ਾਹ ਮੈਂ ਇਕ ਕਮਜ਼ੋਰ ਆਦਮੀ ਹਾਂ ਐਨਾ ਭਾਰ ਕਿਵੇਂ ਉਠਾਵਾਂਗਾ ? ਮੇਰੇ ਵਿੱਚ ਇਸ ਭਾਰੀ ਕਾਰਜ ਨੂੰ ਸਿਰੇ ਚਾੜਨ ਦਾ ਤਾਣ ਨਹੀਂ । ਹਜ਼ੂਰ ਉੱਠੇ ਬੰਦੇ (ਬੰਦਾ ਸਿੰਘ) ਦੀ ਪਿੱਠ ਉੱਤੇ ਹੱਥ ਰੱਖਿਆ ਅਤੇ ਉਸ ਨੂੰ ਬਰਕਤਾਂ ਨਾਲ ਭਰ ਦਿੱਤਾ । ਬੰਦੇ ਦੀ ਆਤਮਾ ਸ਼ੁਕਰ ਦੀ ਕਿਸੇ ਮਿੱਠੀ ਤਾਨ ਨਾਲ ਥਰਥਰਾਈ । ਉਸ ਦੇ ਨੈਣਾਂ ਵਿੱਚ ਸਿਦਕ ਦਾ ਇਕ ਐਸਾ ਪਹੁ ਫੁਟਾਲਾ ਹੋਇਆ ਜਿਸ ਦੀ ਸਬਰ ਭਰੀ ਲੋਅ ਦੇ ਉਦਾਲੇ ਅਸੰਖਾਂ ਦੁਪਹਿਰਾਂ ਦਾ ਜ਼ਮਾਲ ਕਿਸੇ ਇੰਤਜ਼ਾਰ ਵਿੱਚ ਖੜ੍ਹਾ ਸੀ । ਤਦੋਂ ਬਾਜਾਂ ਵਾਲੇ ਨੇ ਫੁਰਮਾਇਆ ਮੈਂ ਆਪਣੇ ਬੰਦੇ ਦੇ ਨਾਲ ਹਾਂ, ਜੇ ਬੰਦਾ ਮੇਰੇ ਖ਼ਾਲਸੇ ਦੇ ਨਾਲ ਹੈ । ਮੈਂ ਬੰਦੇ ਦੇ ਨਾਲ ਹਾਂ ਜੇ ਬੰਦਾ ਖ਼ਾਲਸੇ ਨੂੰ ਗੁਰੂ-ਰੂਪ ਮੰਨੇਗਾ ।
ਫੇਰ ਉਨ੍ਹਾਂ ਨੇ ਬੰਦੇ ਨੂੰ ਪੰਜ ਤੀਰ ਬਖ਼ਸ਼ੇ ਅਤੇ ਕਿਹਾ, ਖ਼ਾਲਸਾ ਜੀ ਯਾਦ ਰੱਖਣਾ, ਮੇਰੀਆਂ ਬਰਕਤਾਂ ਇਨ੍ਹਾਂ ਤੀਰਾਂ ਦੇ ਨਾਲ ਹਨ, ਜਿਨਾ ਚਿਰ ਬੰਦਾ ਖ਼ਾਲਸਾ ਆਦਰਸ਼ ਪਾਲੇਗਾ, ਉਨ੍ਹਾਂ ਚਿਰ ਜਿੱਤ ਦੀਆਂ ਨਿਸ਼ਾਨੀਆਂ ਦੇ ਤੌਰ ਉੱਤੇ ਉਸ ਦੇ ਭੱਖੇ ਵਿੱਚ ਇਹ ਤੀਰ ਚਮਕਦੇ ਰਹਿਣਗੇ । ਇਸਤਰੀ ਨੂੰ ਪਾਵਨ ਅੱਖਾਂ ਨਾਲ ਵੇਖਣਾ, ਵੱਡੀ ਤੋਂ ਵੱਡੀ ਸੁੰਦਰਤਾ ਸਾਹਮਣੇ ਦਿਲ ਕੋਮਲ ਅਡੋਲ ਰੱਖਣਾ । ਜਦ ਜਿਤਾਂ ਹੋਣ ਅਭਿਮਾਨ ਵਿੱਚ ਨਹੀਂ ਆਉਣਾ, ਜਦ ਕਦੇ ਹਾਰ ਹੋਵੇ ਅਸਾਡੀ ਬਖ਼ਸ਼ਿਸ਼ ਦੀ ਉਡੀਕ ਕਰਨੀ । ਗੁਰੂ ਨਹੀਂ ਬਣਨਾ । ਇਹ ਆਖ ਕੇ ਪੰਜਾਂ ਸਿੰਘਾਂ ਦੇ ਵਾਰੀ ਵਾਰੀ ਨਾਂਅ ਲਏ : ਬਿਨੋਦ ਸਿੰਘ, ਕਾਹਨ ਸਿੰਘ, ਬਾਜ਼ ਸਿੰਘ, ਰਣ ਸਿੰਘ ਤੇ ਦਇਆ ਸਿੰਘ (ਨੋਟ ਇਹ ਦਯਾ ਸਿੰਘ ਪਹਿਲਾ ਵਾਲਾ ਨਹੀਂ ਹੈ) ਹਜ਼ੂਰ ਨੇ ਫੁਰਮਾਇਆ ਕਿ ਮੇਰੇ ਵੱਲੋਂ ਥਾਪੇ ਇਹ ਪੰਜ ਪਿਆਰੇ ਹਨ ਅਤੇ ਇਨ੍ਹਾਂ ਦੀ ਨਸੀਹਤ ਉੱਤੇ ਹਮੇਸ਼ਾ ਅਮਲ ਕਰਨਾ । ਇਸ ਪਿੱਛੋਂ ਗੁਰੂ ਸਾਹਿਬ ਨੇ ਪੱਚੀ ਹੋਰ ਸਿੰਘਾਂ ਨੂੰ ਬੰਦਾ ਸਿੰਘ ਨਾਲ ਪੰਜਾਬ ਦੇਸ਼ ਵੱਲ ਜਾਣ ਲਈ ਹੁਕਮ ਦਿੱਤਾ । ਇੰਝ ਸੰਸਾਰ ਵਿੱਚ ਖ਼ਾਲਸਾ ਆਦਰਸ਼ ਦੀ ਜਿੱਤ ਦਰਸਾਉਣ ਅਤੇ ਪੰਜਾਬ ਵਿੱਚ ਖ਼ਾਲਸਾ ਰਾਜ ਸਥਾਪਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕੀਤਾ । (ਨੋਟ - ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਚਪੜ-ਚਿੜੀ ਦੇ ਮੈਦਾਨ ਵਿੱਚ ਮਾਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ (ਅੰਗ 45) ਨੂੰ ਸੰਪੂਰਨ ਕਰਨ ਲਈ ਖ਼ਾਲਸਾ ਰਾਜ ਦੀ ਸਥਾਪਨਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਕੀਤੀ ਦਾ ਵਿਸਥਾਰ ਜਾਨਣ ਤੋਂ ਪਹਿਲਾਂ ਬੰਦਾ ਸਿੰਘ ਬਾਰੇ ਹਿੰਦੂ ਇਤਿਹਾਸਕਾਰਾਂ ਵੱਲੋਂ ਪਾਇਆ ਗਿਆ ਇਕ ਭੁਲੇਖਾ ਦੂਰ ਕਰਨਾ ਬਹੁਤ ਜਰੂਰੀ ਹੈ) ਆਰੀਆ ਸਮਾਜੀ ਲੇਖਕ ਪਰਮਾਨੰਦ ਨੇ ਇਕ ਕਿਤਾਬ ਲਿਖੀ : ਵੀਰ ਬੰਦਾ ਬੈਰਾਗੀ । ਪਰਮਾਨੰਦ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੰਦਾ ਸਿੰਘ ਹਮੇਸ਼ਾ ਵੈਸ਼ਨਵ, ਵੈਰਾਗ ਮੱਤ &lsquoਤੇ ਰਿਹਾ, ਉਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਰਾਗੀ ਨੂੰ ਉਵੇਂ ਹੀ ਲੜਨ ਲਈ ਤਿਆਰ ਕੀਤਾ ਸੀ ਜਿਵੇਂ ਮਹਾਂਭਾਰਤ ਦੇ ਮੈਦਾਨ ਵਿੱਚ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਕੀਤਾ ਸੀ । ਪਰ ਬੰਦੇ ਨੇ ਕਦੇ ਵੀ ਸਿੱਖੀ ਧਾਰਨ ਨਹੀਂ ਸੀ ਕੀਤੀ, ਭਾਵ ਪਾਹੁਲ ਨਹੀਂ ਸੀ ਛਕੀ, ਡਾ: ਗੰਡਾ ਸਿੰਘ ਨੇ ਹੇਠਾਂ ਕੁਝ ਗੈਰ-ਸਿੱਖ ਇਤਿਹਾਸਕਾਰਾਂ ਦੇ ਹਵਾਲੇ ਦਿੱਤੇ ਹਨ ਜੋ ਸਿੱਧ ਕਰਦੇ ਹਨ ਬੰਦਾ ਸਿੰਘ ਪਾਹੁਲ ਛੱਕ ਕੇ ਸਿੱਖੀ ਧਾਰਨ ਕੀਤੀ । 
(1) ਅਹਿਮਦ ਸ਼ਾਹ ਬਟਾਲੀਆ : ਮਾਧੋ ਦਾਸ ਨੂੰ ਪਾਹੁਲ ਦੇ ਕੇ ਸਿੰਘ ਬਣਾ ਦਿੱਤਾ ਅਤੇ ਆਪਣੇ ਨਾਲ ਡੇਰੇ ਲੈ ਆਂਦਾ (ਪਸ ਹਮਾਂਗਾਹ ਓ ਰਾ ਪਾਹੁਲ ਦਾਦਾ ਸਿੰਘ ਕਰਦ ਵਾ ਬਾ-ਖੁਦ ਬ-ਡੇਰਾ ਆਵੁਰਦ)-ਜ਼ਿਕਰਿ ਗੁਰੂਆਂ ਇਬਤਿਦਾਇ ਸਿੰਘਾਂ, ਆਦਿ, ਪੰਨਾ 11 । 
(2) ਅਲੀ-ਉ-ਦੀਨ ਮੁਫਤੀ : ਬੰਦਾ ਇਹ ਕੁਝ ਸੁਣ ਕੇ ਤਨ ਮਨ ਨਾਲ ਚੇਲਾ ਬਣ ਗਿਆ ਅਤੇ ਪਾਹੁਲ ਲੈ ਕੇ ਜੰਗ ਲਈ ਤਿਆਰ-ਬਰ-ਤਿਆਰ ਹੋ ਗਿਆ (ਬੰਦਾ ਬ-ਇਸਤਮਾਇ-ਈਂ ਮਾਅਨੀ ਅਜ਼ ਦਿਲੋ ਜਾਨ ਇਰਾਦਤਮੰਦ ਸ਼ੁਦ ਵ ਪਾਹੁਲ ਗਰਿਫ਼ਤਾ ਮੁਸਤਾਦ ਹੰਗਾਮਾ ਓ ਮੁਹਾਰਕਾ ਗਰਦੀਦ)-ਇਬਰਤ ਨਾਮਾ, 39
(3) ਗਣੇਸ਼ ਦਾਸ ਬਡੇਹਰਾ : ਰਾਹ ਵਿੱਚ ਇਕ ਗੁਮਨਾਮ ਤੇ ਨਾਮਾਲੂਮ ਖ਼ਾਨਦਾਨ ਦੇ ਆਦਮੀ ਨੂੰ ਆਪਣੇ ਨਾਲ ਮਿਲਾ ਕੇ ਆਪਣੇ ਧਰਮ ਵਿੱਚ ਲੈ ਆਂਦਾ ਅਤੇ ਆਪਣਾ ਨਾਇਬ ਬਣਾ ਕੇ ਮਾਖੋਵਾਲ (ਅਨੰਦਪੁਰ) ਵੱਲ ਨੂੰ ਭੇਜ ਦਿੱਤਾ (ਦਰ ਅਸਨਾਇ ਰਾਹ ਬਖ਼ਸ਼ੇ ਮਜ਼ਹੂਲ-ਲ-ਇਸਮ ਵਾ ਨਸਬ ਰਾ ਮੁਸਤਮਾਲ ਬ-ਮਜ਼ਹਥਿ ਖੁਦ ਆਵੁਰਦ ਵਾ ਬਰ ਤਰਫ਼ਿ ਮਾਖੋਵਾਲ ਬ-ਨਿਆਬਤਿ ਖੁਦ ਰਵਾਨਾ ਕਰਦ)-ਰਿਸਾਲਾ ਸਾਹਿਬ-ਨੁਮਾ, 186-7
(4) ਕਨ੍ਹੀਆ ਲਾਲ : ਬਾਵਜੂਦੇ ਕਿ ਅੱਵਲ ਵੁਹ ਖਾਨਦਾਨਿ ਬੈਰਾਗ ਕਾ ਚੇਲਾ ਥਾ, ਇਸ ਸਿਲਸਿਲੇ ਸੇ ਅਲਹਿਦਾ ਹੋ ਕਰ ਗੁਰੂ ਗੋਬਿੰਦ ਸਿੰਘ ਦਾ ਚੇਲਾ ਬਣ ਗਿਆ ਔਰ ਪਾਹੁਲ ਲੇ ਕਰ ਗੁਰੂ ਕਾ ਸਿੱਖ ਹੂਆ-ਤਾਰੀਖਿ ਪੰਜਾਬ, 56
ਇਸ ਤਰ੍ਹਾਂ ਬਖਤ ਮੱਲ, ਜ਼ਕਾਉੱਲਾ, ਗ਼ੁਲਾਮ ਹੁਸੈਨ ਖ਼ਾਨ, ਇਰਾਦਤ ਖ਼ਾਨ, ਫਾਰਸਟਰ, ਜੇਮਜ਼ ਬਰਾਊਨ, ਮੈਗ੍ਰੈਗਰ, ਮੁਹੰਮਦ ਲ਼ਤੀਫ਼, ਸਰਧਾ ਰਾਮ ਫਲੌਰੀ ਆਦਿ ਅਠਾਰ੍ਹਵੀਂ ਤੇ ਉਨ੍ਹੀਵੀਂ ਸਦੀ ਦੇ ਲਿਖਾਰੀਆਂ ਨੇ ਇਸ ਗੱਲ ਦੀ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਹੈ ।
(5) ਬੰਦੇ ਨੂੰ ਸੱਭ ਪਾਖੰਡ ਤੇ ਕਰਾਮਾਤਾਂ ਦਾ ਤਿਆਗ ਕਰਕੇ ਬੰਦਾ ਬਣਨ ਦਾ ਉਪਦੇਸ਼ ਦਿੱਤਾ ਅਤੇ ਉਸ ਨੂੰ ਅੰਮ੍ਰਿਤ ਛਕਾ ਕੇ ਮੁਗਲਾਂ ਨਾਲ ਟੱਕਰ ਲੈਣ ਲਈ ਪੰਜਾਬ ਭੇਜਿਆ ਅਤੇ ਬੰਦਾ ਸਿੰਘ ਬਹਾਦਰ ਦੇ ਖਿਤਾਬ ਨਾਲ ਨਿਵਾਜਿਆ । (ਅਮਰਨਾਮਾ)
ਹਜ਼ਾਰ ਸਾਲ ਦੀ ਸਿਆਸੀ ਗੁਲਾਮੀ ਦੌਰਾਨ ਹਿੰਦੂਆਂ ਵਿੱਚ ਜੋਧਿਆਂ ਜਾਂ ਵਰਨਣਯੋਗ ਬੰਦਿਆਂ ਦੀ ਘਾਟ ਤਾਂ ਵਿਚਾਰ ਸ਼ੀਲ ਹੈ । ਪਰ ਹਿੰਦੂਤਵਾ ਤਾਕਤਾਂ ਵੱਲੋਂ ਘੱਟ ਗਿਣਤੀ ਸਿੱਖ ਕੌਮ ਦੇ ਜੋਧਿਆਂ  ਦੀ ਅਯੋਗ ਵਰਤੋਂ ਕਰਨੀ ਤਰਸਯੋਗ ਅਤੇ ਨਿੰਦਣ ਯੋਗ ਹੈ । (ਚਲਦਾ)
-ਜਥੇਦਾਰ ਮਹਿੰਦਰ ਸਿੰਘ ਯੂ।ਕੇ।