image caption: -ਰਜਿੰਦਰ ਸਿੰਘ ਪੁਰੇਵਾਲ

ਭਾਜਪਾ ਆਗੂ ਸੁਕਾਂਤਾ ਮਜੂਮਦਾਰ ਦੀ ਫਿਰਕੂ ਹਰਕਤ : ਸਿੱਖ ਦਸਤਾਰ ਦੀ ਬੇਅਦਬੀ ਅਤੇ ਸਿੱਖ ਪੰਥ ਦੇ ਅਦਬ ਦਾ ਸਵਾਲ

ਕੋਲਕਾਤਾ ਦੀ ਧਰਤੀ, ਜਿੱਥੇ ਸਿੱਖ ਭਾਈਚਾਰੇ ਨੇ ਸਦੀਆਂ ਤੋਂ ਸੇਵਾ ਅਤੇ ਸਤਿਕਾਰ ਦੀਆਂ ਮਿਸਾਲਾਂ ਕਾਇਮ ਕੀਤੀਆਂ, ਉੱਥੇ ਹੀ ਬੀਤੇ ਦਿਨੀਂ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਿੱਖ ਪੰਥ ਦੇ ਜਜ਼ਬਾਤਾਂ ਨੂੰ ਡੂੰਘੀ ਸੱਟ ਮਾਰੀ ਹੈ| ਕੇਂਦਰੀ ਮੰਤਰੀ ਅਤੇ ਬੰਗਾਲ ਦੇ ਭਾਜਪਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ, ਜਿਸ ਦੀ ਗੱਲਬਾਤ ਵਿੱਚ ਅਕਸਰ ਸਭ ਕਾ ਸਾਥ, ਸਭ ਕਾ ਵਿਕਾਸ ਦੇ ਨਾਅਰੇ ਗੂੰਜਦੇ ਹਨ, ਇੱਕ ਸਿੱਖ ਪੁਲੀਸ ਅਫਸਰ ਦੀ ਦਸਤਾਰ &rsquoਤੇ ਚੱਪਲ ਵਰਗਾ ਕਾਗਜ਼ ਸੁੱਟ ਕੇ ਸਿੱਖ ਕੌਮ ਦੀ ਸ਼ਾਨ ਨੂੰ ਠੇਸ ਪਹੁੰਚਾਈ ਹੈ|  ਇਥੇ ਜ਼ਿਕਰਯੋਗ ਹੈ ਕਿ  12 ਜੂਨ ਦੌਰਾਨ ਕੋਲਕਾਤਾ ਦੇ ਕਾਲੀਘਾਟ ਇਲਾਕੇ ਵਿੱਚ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ਹੈ, ਸੁਕਾਂਤਾ ਮਜੂਮਦਾਰ ਦੀ ਅਗਵਾਈ ਵਿੱਚ ਭਾਜਪਾ ਵਰਕਰ ਮਹੇਸ਼ਤਲਾ ਦੇ ਹਿੰਸਾ ਪ੍ਰਭਾਵਿਤ ਇਲਾਕੇ ਵੱਲ ਜਾ ਰਹੇ ਸਨ| ਪੁਲੀਸ ਨੇ ਉਨ੍ਹਾਂ ਨੂੰ ਰੋਕਿਆ, ਜਿਸ ਤੋਂ ਬਾਅਦ ਰੋਸ ਪ੍ਰਦਰਸ਼ਨ ਸ਼ੁਰੂ ਹੋਇਆ| ਇਸ ਦੌਰਾਨ, ਮਜੂਮਦਾਰ ਨੇ ਪੁਲੀਸ ਵੈਨ ਵਿੱਚੋਂ ਮਮਤਾ ਦੀਆਂ ਚੱਪਲਾਂ ਵਰਗਾ ਇੱਕ ਕਾਗਜ਼ੀ ਕਟਆਊਟ ਸੁੱਟਿਆ, ਜੋ ਸਿੱਖ ਪੁਲੀਸ ਅਫਸਰ ਦੀ ਦਸਤਾਰ ਨਾਲ ਜਾ ਟਕਰਾਇਆ|
ਸੋਸ਼ਲ ਮੀਡੀਆ &rsquoਤੇ ਵਾਇਰਲ ਹੋਈ ਵੀਡੀਓ ਨੇ ਇਸ ਘਟਨਾ ਨੂੰ ਹੋਰ ਤੂਫਾਨੀ ਬਣਾ ਦਿੱਤਾ| ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ, ਕਿਉਂਕਿ ਦਸਤਾਰ ਸਿੱਖ ਧਰਮ ਦਾ ਅਟੁੱਟ ਅੰਗ ਹੈ-ਇਹ ਸਿਰਫ਼ ਕੱਪੜਾ ਨਹੀਂ, ਸਗੋਂ ਇੱਜ਼ਤ, ਸ਼ਾਨ ਅਤੇ ਗੁਰੂ ਦੀ ਦੇਣ ਦਾ ਪ੍ਰਤੀਕ ਹੈ| ਕੋਲਕਾਤਾ ਦੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਸੇਖੋਂ ਨੇ ਕਾਲੀਘਾਟ ਪੁਲੀਸ ਸਟੇਸ਼ਨ ਵਿੱਚ ਮਜੂਮਦਾਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ| ਉਨ੍ਹਾਂ ਨੇ ਪ੍ਰੈਸ ਕਲੱਬ ਵਿੱਚ ਸਿੱਖ ਸੰਗਠਨਾਂ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ 
ਇਹ ਸਿੱਖ ਪੰਥ ਦੀ ਦਸਤਾਰ ਦੀ ਬੇਅਦਬੀ ਹੈ| ਮਜੂਮਦਾਰ ਦੀ ਇਹ ਨਸਲਵਾਦੀ ਹਰਕਤ ਜਾਣ ਬੁੱਝ ਕੇ ਕੀਤੀ ਗਈ, ਜੋ ਸਾਡੀਆਂ ਭਾਵਨਾਵਾਂ ਨੂੰ ਠੇਸ ਮਾਰਦੀ ਹੈ| ਗੁਰਦੁਆਰਾ ਬੜਾ ਸਿੱਖ ਸੰਗਤ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਰੋਹ ਨਾਲ ਆਖਿਆ ਕਿ ਇਹ ਪਹਿਲੀ ਵਾਰ ਨਹੀਂ, ਪਿਛਲੇ ਸਾਲ ਸੁਵੇਂਦੁ ਅਧਿਕਾਰੀ ਨੇ ਸਿੱਖ ਅਫਸਰ ਨੂੰ ਖਾਲਿਸਤਾਨੀ ਕਹਿ ਕੇ ਅਪਮਾਨਿਤ ਕੀਤਾ ਸੀ| ਅਸੀਂ ਇਸ ਵਾਰ ਚੁੱਪ ਨਹੀਂ ਰਹਾਂਗੇ| ਸਿੱਖ ਸੰਗਤ ਨੇ ਮਜੂਮਦਾਰ ਦੀ ਗ੍ਰਿਫਤਾਰੀ ਅਤੇ ਬਿਨਾਂ ਸ਼ਰਤ ਮੁਆਫੀ ਦੀ ਮੰਗ ਕੀਤੀ ਹੈ|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ| ਉਨ੍ਹਾਂ ਆਖਿਆ ਕਿ ਦਸਤਾਰ ਸਿੱਖ ਪਛਾਣ ਦਾ ਮਾਣ ਹੈ| ਅਜਿਹੀ ਹਰਕਤ ਕਰਕੇ ਮਜੂਮਦਾਰ ਨੇ ਨਾ ਸਿਰਫ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਸਗੋਂ ਸਮੁੱਚੇ ਸਮਾਜ ਦੇ ਅਦਬ ਨੂੰ ਚੁਣੌਤੀ ਦਿੱਤੀ ਹੈ| ਧਾਮੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਫਿਰਕੂ ਅਨਸਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਨਾ ਕਰੇ|
 ਕਾਲੀਘਾਟ ਪੁਲੀਸ ਨੇ ਮਜੂਮਦਾਰ ਖਿਲਾਫ਼ ਭਾਰਤੀ ਨਿਆਂ ਸੰਹਿਤਾ (2NS) ਦੀਆਂ ਧਾਰਾਵਾਂ 208, 302 ਅਤੇ 115(2) ਅਧੀਨ ਮਾਮਲਾ ਦਰਜ ਕੀਤਾ ਹੈ| ਇਹ ਧਾਰਾਵਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਜਾਣਬੁੱਝ ਕੇ ਸਰੀਰਕ ਸੱਟ ਮਾਰਨ ਅਤੇ ਜਨਤਕ ਸੇਵਕ ਦੇ ਹੁਕਮ ਦੀ ਪਾਲਣਾ ਨਾ ਕਰਨ ਨਾਲ ਸਬੰਧਤ ਹਨ| ਹਾਲਾਂਕਿ, ਅਜੇ ਤੱਕ ਮਜੂਮਦਾਰ ਦੀ ਗ੍ਰਿਫਤਾਰੀ ਨਹੀਂ ਹੋਈ, ਅਤੇ ਨਾ ਹੀ ਉਨ੍ਹਾਂ ਨੇ ਬਿਨਾਂ ਸ਼ਰਤ ਮੁਆਫੀ ਮੰਗੀ ਹੈ| ਮਜੂਮਦਾਰ ਨੇ ਸਫਾਈ ਦਿੱਤੀ ਕਿ ਉਹ ਚੱਪਲ ਨਹੀਂ, ਸਗੋਂ ਕਾਗਜ਼ੀ ਕਟਆਊਟ ਸੀ, ਅਤੇ ਇਹ ਸੰਜੋਗਵਸ ਸਿੱਖ ਅਫਸਰ ਦੀ ਦਸਤਾਰ ਨਾਲ ਟਕਰਾਇਆ| ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਮਮਤਾ ਬੈਨਰਜੀ ਇਸ ਮੁੱਦੇ ਨੂੰ ਸਿਆਸੀ ਰੰਗ ਦੇ ਕੇ ਸਿੱਖ ਸੰਗਤ ਨੂੰ ਭੜਕਾ ਰਹੀ ਹੈ|
ਤ੍ਰਿਣਮੂਲ ਕਾਂਗਰਸ ਨੇ ਇਸ ਘਟਨਾ ਨੂੰ ਸਿੱਖ ਕੌਮ, ਵਰਦੀਧਾਰੀ ਅਫਸਰ ਅਤੇ ਸਤਿਕਾਰ ਦੀਆਂ ਕਦਰਾਂ-ਕੀਮਤਾਂ ਦਾ ਅਪਮਾਨ ਦੱਸਿਆ| ਤ੍ਰਿਣਮੂਲ ਕਾਂਗਰਸ ਨੇ ਐਕਸ ਤੇ ਲਿਖਿਆ ਕਿ ਸੁਕਾਂਤਾ ਮਜੂਮਦਾਰ ਦੀ ਹਰਕਤ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ| ਅਸੀਂ ਸੰਗਤ ਦੀ ਮੰਗ ਨਾਲ ਸਹਿਮਤ ਹਾਂ ਕਿ ਮਜੂਮਦਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ|
ਸਿੱਖ ਆਗੂਆਂ ਦਾ ਮੰਨਣਾ ਹੈ ਕਿ ਇਹ ਘਟਨਾ ਸਿਰਫ਼ ਸੰਜੋਗ ਨਹੀਂ, ਸਗੋਂ ਭਾਜਪਾ ਦੀ ਸਿੱਖ ਵਿਰੋਧੀ ਸੋਚ ਦਾ ਹਿੱਸਾ ਹੈ| ਉਹ ਪਿਛਲੇ ਸਾਲ ਸੁਵੇਂਦੁ ਅਧਿਕਾਰੀ ਦੇ ਖਾਲਿਸਤਾਨੀ ਵਾਲੇ ਬਿਆਨ ਅਤੇ ਪੰਜਾਬ ਦੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਦੇ ਸਟੈਂਡ ਨੂੰ ਇਸ ਨਾਲ ਜੋੜਦੇ ਹਨ| ਸਿੱਖ ਸੰਗਤ ਦਾ ਗੁੱਸਾ ਇਸ ਗੱਲ &rsquoਤੇ ਵੀ ਹੈ ਕਿ ਮਜੂਮਦਾਰ ਨੇ ਤਿੰਨ ਦਿਨ ਬੀਤ ਜਾਣ ਤੇ ਵੀ ਮੁਆਫੀ ਨਹੀਂ ਮੰਗੀ| ਤੇਜਿੰਦਰ ਸਿੰਘ ਨੇ ਚਿਤਾਵਨੀ ਦਿੱਤੀ, ਅਸੀਂ ਭਾਜਪਾ ਦੇ ਰਾਜਨੀਤਕ ਬਾਈਕਾਟ ਦੀ ਮੁਹਿੰਮ ਚਲਾਵਾਂਗੇ, ਜੇਕਰ ਮਜੂਮਦਾਰ ਨੇ ਮੁਆਫੀ ਨਾ ਮੰਗੀ| ਸਿੱਖ ਆਗੂ ਇਸ ਨੂੰ ਫਿਰਕੂ ਅਤੇ ਨਸਲਵਾਦੀ ਵਰਤਾਰੇ ਦਾ ਹਿੱਸਾ ਮੰਨਦੇ ਹਨ, ਕਿਉਂਕਿ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਾਰ-ਵਾਰ ਸਾਹਮਣੇ ਆ ਰਹੀਆਂ ਹਨ|
ਸਿੱਖ ਪੰਥ ਨੇ ਦੇਸ਼ ਦੀ ਆਜ਼ਾਦੀ, ਅਖੰਡਤਾ ਅਤੇ ਮਨੁੱਖਤਾ ਦੀ ਸੇਵਾ ਲਈ ਅਣਮੁੱਲੀਆਂ ਕੁਰਬਾਨੀਆਂ ਦਿੱਤੀਆਂ ਹਨ| ਭੂਚਾਲ, ਹੜ੍ਹ ਜਾਂ ਮਹਾਮਾਰੀ ਵਿੱਚ ਸਿੱਖ ਲੰਗਰ ਅਤੇ ਸੇਵਾ ਨਾਲ ਹਮੇਸ਼ਾ ਅੱਗੇ ਰਹੇ| ਪਰ ਦੁਖਦਾਈ ਹੈ ਕਿ ਸੰਵਿਧਾਨਕ ਅਹੁਦੇ ਤੇ ਬੈਠੇ ਵਿਅਕਤੀ ਅਜਿਹੀਆਂ ਹਰਕਤਾਂ ਕਰਕੇ ਕੌਮ ਦੀ ਸ਼ਾਨ ਨੂੰ ਚੁਣੌਤੀ ਦਿੰਦੇ ਹਨ| ਇਸ ਘਟਨਾ ਨੇ ਸਿੱਖ ਸੰਗਤ ਨੂੰ ਇਕਜੁਟ ਕੀਤਾ ਹੈ, ਅਤੇ ਉਹ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ| ਜਦੋਂ ਸੰਵਿਧਾਨਕ ਅਹੁਦੇ ਤੇ ਬੈਠੇ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ, ਤਾਂ ਆਮ ਲੋਕਾਂ ਦਾ ਨਿਆਂ ਅਤੇ ਸਰਕਾਰ ਤੇ ਭਰੋਸਾ ਡੋਲ ਜਾਂਦਾ ਹੈ| ਸਰਕਾਰ ਨੂੰ ਚਾਹੀਦਾ ਹੈ ਕਿ ਮਜੂਮਦਾਰ ਖਿਲਾਫ਼ ਸਖ਼ਤ ਕਾਰਵਾਈ ਕਰਕੇ ਸੁਨੇਹਾ ਦਿੱਤਾ ਜਾਵੇ ਕਿ ਕਿਸੇ ਵੀ ਧਰਮ ਜਾਂ ਪਛਾਣ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ|
-ਰਜਿੰਦਰ ਸਿੰਘ ਪੁਰੇਵਾਲ