ਇੰਸਟਾ ਗਰਾਮ ਸਟਾਰ ਕਮਲ ਕੌਰ ਦੇ ਕਤਲ ਦਾ ਮਾਮਲਾ
  ਜਿਥੋਂ ਤੱਕ ਕਾਨੂੰਨ ਦੇ ਦਾਇਰੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਗੈਰ ਕਾਨੂੰਨੀ, ਗੈਰ ਇਖਲਾਕੀ ਜਾਂ ਗੈਰ ਸੱਭਿਅਕ ਕੰਮ ਕਰਦਾ ਹੈ, ਆਪਣੇ ਸਮਾਜ ਦੀਆਂ ਸੱਭਿਆਚਾਰਕ ਪਰੰਪਰਾਵਾਂ ਦੀ ਅਵੱਗਿਆ ਕਰਦਾ ਹੈ ਤਾਂ ਅਜਿਹੇ ਰਾਲਾਤਾਂ ਵਿਚ ਸਰਕਾਰ ਦਾ ਪਹਿਲਾ ਫਰਜ ਬਣਦਾ ਹੈ ਕਿ ਉਹ ਇਸ ਤਰਾਂ ਦੇ ਅਨਸਰਾਂ ਉਤੇ ਬਣਦੀ ਕਾਰਵਾਈ  ਕਰੋ ਤੇ ਗੰਦੇ ਅਨਸਰਾਂ ਨੂੰ ਨੱਥ ਪਾਵੇ, ਪਰ ਹੋ ਸਭ ਕੁੱਝ ਇਸ ਤੋਂ ਉਲਟ ਰਿਹਾ ਹੈ । ਕਮਲ ਕੌਰ ਨੂੰ ਮਾਰਨ ਵਾਲਿਆਂ ਨੇ ਬੇਸ਼ੱਕ ਕਾਨੂੰਨ ਨੂੰ ਹੱਥ ਚ ਲਿਆ ਤੇ ਉਸ ਦਾ ਕਤਲ ਕੀਤਾ ਪਰ ਦੂਜੇ ਪਾਸੇ ਸੱਚ ਇਹ ਵੀ ਉਠਦਾ ਹੈ ਕਿ ਹੁਣ ਘਟਨਾ ਵਾਪਰ ਜਾਣ ਤੋਂ ਬਾਅਦ ਸਾਰਾ ਪੁਲਿਸਤੰਤਰ ਤੇ ਸਰਕਾਰੀਤੰਤਰ ਦੌੜਾ ਭੱਜਾ ਫਿਰ ਰਿਹਾ ਹੈ, ਬੇਸ਼ੱਕ ਸਰਕਾਰੀਤੰਤਰ, ਕਾਤਲਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਫੜ ਵੀ ਲਵੇਗਾ, ਪਰ ਸੋਚਣ ਵਾਲੀ ਗੱਲ ਇਥੇ ਇਹ ਵੀ ਹੈ ਕਿ ਇਹ ਉਕਤ ਤੰਤਰ ਪਹਿਲਾਂ ਕਿਥੇ ਕੁੰਭਕਰਨੀ ਨੀਂਦੇ ਸੁੱਤਾ ਪਿਆ ਸੀ ?
  ਕਮਲ ਕੌਰ ਦੈ ਇੰਸਟਾਗਰਾਮ ਉਤੇ ਫੋਲੋਵਰਾਂ ਦੀ ਸੰਖਿਆ ਚਾਰ ਲੱਖ ਤੋਂ ਵੱਧ ਦੱਸੀ ਜਾਂਦੀ ਹੈ ਜਦ ਕਿ ਉਸਦੇ ਜਨਾਜ਼ੇ ਵਿਚ ਸਿਰਫ ਅੱਠ ਦਸ ਲੋਕ ਹੀ ਸ਼ਾਮਲ ਹੋਏ । ਇਥੇ ਫਿਰ ਅਗਲਾ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਜੇਕਰ ਉਹ ਲੋਕਾਂ ਦੀ ਹਰਮਨ ਪਿਆਰੀ ਸੀ ਤਾਂ ਫੇਰ ਉਸ ਦੇ ਅੰਤਿਮ ਸਮੇਂ, ਉਹ ਚਾਰ ਲੱਖ ਤੋਂ ਵੱਧ  ਲੋਕ ਕਿਥੇ ਗਏ ? ਉਥੇ ਸ਼ਮਸ਼ਾਨਘਾਟ ਵਿਚ ਤਾਂ ਫਿਰ ਤਿੱਲ ਸੁੱਟਣ ਨੂੰ ਵੀ ਜਗਾ ਨਹੀਂ ਸੀ ਮਿਲਣੀ ਚਾਹੀਦੀ, ਸੜਕਾਂ ਉਤੇ ਹੋ ਹੱਲਾ, ਜਿੰਦਾਬਾਦ/ ਮੁਰਦਾਬਾਦ ਅਤੇ ਕਮਲ ਕੌਰ ਅਮਰ ਰਹੇ ਦਾ ਹੰਗਾਮਾ ਕਿਓਂ ਨਹੀਂ ਹੋਇਆ ?
  ਦਰਅਸਲ ਇਹ ਦੁਨੀਆ ਮਤਲਬੀ ਹੈ, ਸਵਾਦ ਲੈਂਦੀ ਹੈ, ਗੰਦੀ ਮਾਨਸਿਕਤਾ ਦੀ ਬਿਰਤੀ ਮੱਖੀ ਵਾਲੀ ਹੁੰਦੀ ਹੈ ਤੇ ਹਮੇਸ਼ਾ ਗੰਦ ਉੱਤੇ ਹੀ ਬੈਠਦੀ ਹੈ, ਜਦੋਂ ਉਸ ਨੂੰ ਮਾੜਾ ਜਿਹਾ ਵੀ ਖਤਰਾ ਹੁੰਦਾ ਹੈ ਤਾਂ ਭੀਂ ਕਰਕੇ ਉੱਡ ਜਾਂਦੀ ਹੈ । ਅਸੀਂ ਇਹ ਸਭ ਜਾਣਦੇ ਵੀ ਹਾਂ ਤੇ ਕਮਲ ਕੌਰ ਦੇ ਮਾਮਲੇ ਵਿਚ ਪਰਤੱਖ ਦੇਖ ਵੀ ਲਿਆ ਹੈ ।ਇਸ ਕਾਂਡ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਅਮ੍ਰਿਤਪਾਲ ਸਿੰਘ ਮਹਿਰੋ ਨੂੰ ਕੀ ਹੱਕ ਹੈ ਕਿ ਉਹ ਕਿਸੇ ਦੀ ਨਿੱਜੀ ਜਿੰਦਗੀ ਵਿਚ ਦਖਲ ਦੇਵੇ ਤੇ ਫੈਸਲਾ ਕਰੋ ਕਿ ਕੋਈ ਕੀ ਕਰੇ ਤੇ ਕੀ ਨਾ ਕਰੇ ? ਇਥੇ ਮੈ 1947 ਤੋਂ ਬਾਅਦ ਮਹਾਤਮਾ ਗਾਂਧੀ ਦੀ ਉਸ ਮੰਗ ਦਾ ਜ਼ਿਕਰ ਕਰਦਾ ਹਾਂ ਜਿਸ ਵਿਚ ਉਸ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਅਜੰਤਾ ਤੇ ਅਲੋਰਾ  ਦੀਆਂ ਗੁਫਾਵਾਂ ਹੁਣ ਮਿੱਟੀ ਵਿਚ ਦਫਨ ਕਰ ਦਿੱਤੀਆਂ ਜਾਣ, ਅੰਗਰੇਜਾਂ ਦੇ ਚਲੇ ਜਾਣ ਤੋਂ ਬਾਅਦ, ਇਹਨਾਂ ਦੀ ਹੁਣ ਕੋਈ ਲੋੜ ਨਹੀਂ ਕਿਓਂਕਿ ਇਹ ਸਾਡੀ ਸੱਭਿਅਤਾ ਦੇ ਮੇਚ ਦੀਆਂ ਨਹੀਂ ਹਨ ਅਤੇ ਸਾਡੇ ਸਮਾਜ ਵਿਚ ਗੰਦ ਤੇ ਵਿਭਚਾਰ ਫੈਲਾਉਂਦੀਆਂ ਹਨ  । ਇਹ ਜਿਕਰ ਕਰਨਾ ਵੀ ਕੁਥਾਹ ਨਹੀਂ ਹੋਵੇਗਾ ਕਿ ਸਮੇਂ ਸਮੇਂ ਭਾਰਤ ਦੇ ਕਈ ਮੰਤਰੀਗਣ ਵੀ ਲੜਕੀਆਂ ਨੂੰ ਕਿਹੜਾ ਪਹਿਰਾਵਾ ਪਹਿਨਣਾ ਹੈ ਤੇ ਕਿਹੜਾ ਨਹੀਂ ਪਹਿਨਣਾ ਹੈ ਆਦਿ ਦੇ ਬਿਆਨ ਅਕਸਰ ਹੀ ਦਿੰਦੇ ਰਹਿੰਦੇ ਹਨ ਜਦ ਕਿ ਅਸਲ ਗੱਲ ਇਹ ਹੈ ਕਿ ਅਜੰਤਾ ਤੇ ਅਲੋਰਾ ਦੀਆਂ ਮੂਰਤੀਆਂ ਮਨੁੱਖੀ ਮਨ ਦੇ ਅੰਦਰ ਚਲਦੀ ਅਤ੍ਰਿਪਤ ਕਾਮ ਚੇਸ਼ਟਾ ਦਾ ਕੁਦਰਤੀ ਪ੍ਰਗਟਾਵਾ ਹਨ ਤੇ ਇਹ ਸਾਡੇ ਮਹਾਂਪੁਰਖ ਵੀ ਦੱਸਦੇ ਹਨ ਕਿ ਕਾਮ ਜੀਵ ਦੀਆਂ ਪੰਜ ਮੁੱਖ ਬਿਰਤੀਆਂ (ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ) ਵਿਚ ਪ੍ਰਧਾਨ ਹੈ, ਬਾਕੀ ਚਾਰ ਬਿਰਤੀਆਂ ਵੀ ਮੂਲ ਰੂਪ ਵਿਚ  ਇਸ ਦੀ ਪੂਰਤੀ ਜਾਂ ਅਪੂਰਤੀ ਵਿਚੋਂ ਹੀ ਪੈਦਾ ਹੁੰਦੀਆਂ ਹਨ ।
  ਜੇਕਰ ਕਿਸੇ ਵਿਅਕਤੀ ਦੀ ਕਾਮ ਪੂਰਤੀ ਸਮਾਜਿਕ ਰੀਤਾਂ ਰਿਵਾਇਤਾਂ ਮੁਤਾਬਿਕ ਨਹੀਂ ਹੁੰਦੀ ਤਾਂ ਫਿਰ ਸਬੰਧਿਤ ਵਿਅਕਤੀ ਵਿਚ ਇਸ ਸਬੰਧੀ ਉਲਾਰਤਾ ਦਾ ਪੈਦਾ ਹੋਣਾ ਅਚੰਭਾ ਨਹੀ, ਕਮਲ ਕੌਰ ਨਾਲ ਦਰਅਸਲ ਏਹੀ ਹੋਇਆ, ਉਸ ਦੀ ਜਿੰਦਗੀ ਵਿਚ ਕੀ ਚੱਲ ਰਿਹਾ ਸੀ ? ਉਹ ਕਿਓਂ ਅਤ੍ਰਿਪਤ ਸੀ? ਉਸ ਦੀ ਮਾਨਸਿਕਤਾ ਉਤੇ ਕਾਮ ਵੇਗ ਕਿਓਂ ਭਾਰੂ ਸੀ ਤੇ ਸ਼ੋਸ਼ਲ ਮੀਡੀਆ ਉੱਤੇ ਉਸ ਦੇ ਚਾਰ ਲੱਖ ਤੋਂ ਵੱਧ ਫੌਲੋਵਰ ਕਿਓਂ ਸਨ ? ਇਹਨਾਂ ਸਾਰੇ ਸਵਾਲਾਂ ਦੀਆਂ ਜੜ੍ਹਾਂ ਸਾਡੇ ਸਮਾਜ ਵਿਚਲੀਆਂ ਗਲਤ ਪਰੰਪਰਾਵਾਂ, ਉਹਨਾਂ ਨੂੰ ਤਾਲਿਬਾਨੀ ਢੰਗ ਨਾਲ ਲਾਗੂ ਕਰਨ ਅਤੇ ਸਰਕਾਰੀ ਕੁਨੀਤੀਆਂ ਵਿਚੋਂ ਲੱਭੀਆਂ ਜਾ ਸਕਦੀਆਂ ਹਨ।ਰਹੀ ਗੱਲ ਮਹਾਤਮਾ ਗਾਂਧੀ ਦੀ ਉਕਤ ਮੰਗ ਦੀ, ਉਸ ਬਾਰੇ ਮੈਂ ਸਿਰਫ ਏਹੀ ਕਹਾਂਗਾ ਕਿ ਲੋਚਾ ਮੂਰਤੀਆਂ ਵਿਚ ਨਹੀਂ, ਕੁੜੀਆਂ ਦੇ ਪਹਿਨੇ ਹੋਏ ਕੱਪੜਿਆਂ ਵਿਚ ਨਹੀਂ ਤੇ ਨਾ ਹੀ ਉਹਨਾਂ ਦੁਆਰਾ ਬੋਲੇ ਗਏ ਦੋ ਅਰਥੇ ਬੋਲਾਂ ਤੇ ਸ਼ੋਸ਼ਲ ਮੀਡੀਏ ਉਤੇ ਅਪਲੋਡ ਕੀਤੀਆਂ ਅੱਧਨੰਗੀਆ ਤਸਵੀਰਾਂ ਤੇ ਵੀਡੀਓ ਕਲਿੱਪਾਂ ਵਿਚ ਹੈ, ਅਜੰਤਾ ਤੇ ਅਲੋਰਾ ਦੀਆਂ ਮੂਰਤੀਆਂ ਕਾਮ ਨਹੀਂ ਫੈਲਾਉਂਦੀਆਂ, ਸਗੋਂ ਇਹ ਸਭ ਕੁੱਜ ਸਾਡੀਆਂ ਅਤ੍ਰਿਪਤ ਮਾਨਸਿਕ ਚੇਸਟਾਵਾਂ ਦਾ ਵੇਗ ਹੈ, ਕਿਸੇ ਸਰੀਰਕ ਜਾਂ ਮਾਨਸਿਕ ਲੋੜ ਦੀ ਅਪੂਰਤੀ  ਵਿਚੋਂ ਪੈਦਾ ਹੋਈਆਂ ਕੁਦਰਤੀ ਭਾਵਨਾਵਾਂ ਦਾ ਪ੍ਰਗਟਾਵਾ ਹਨ। ਇਹ ਵੀ ਸੱਚ ਹੈ ਜੇਕਰ ਲੜਕੀਆਂ ਨੂੰ ਦੇਖ ਕੇ ਕਾਮ ਉਤਸੁਕਤਾ ਪੈਦਾ ਹੁੰਦੀ ਹੈ ਤਾਂ ਫਿਰ ਆਪਣੀਆਂ ਲੜਕੀਆਂ ਤੇ ਭੈਣਾ ਪ੍ਰਤੀ ਵੀ ਇਹੀ ਮਨ ਤਰੰਗ ਪੈਦਾ ਹੋਣੀ ਚਾਹੀਦੀ ਹੈ, ਉਹ ਕਿਓਂ ਨਹੀਂ ਹੁੰਦੀ ਹੁੰਦੀ ? ਇਕ ਅਲਫ ਨੰਗੇ ਛੋਟੇ ਬੱਚੇ ਨੂੰ ਦੇਖ ਕੇ ਇਹ ਤਰੰਗ ਕਿਥੇ ਚਲੇ ਜਾਂਦੀ ਹੈ ?
  ਮੁੱਕਦੀ ਗੱਲ ਇਹ ਕਿ ਕਿਸੇ ਕੁਦਰਤੀ ਲੋੜ ਦੀ ਪੂਰਤੀ ਜਾਂ ਅਪੂਰਤੀ ਦਾ ਮਾਨਸਿਕ ਵੇਗ ਸਾਡੇ ਵਿਵਹਾਰ ਨੂੰ ਚੰਗੇ ਜਾਂ ਬੁਰੇ ਪੱਖੋਂ ਪ੍ਰਭਾਵਤ ਕਰਦਾ ਹੈ । ਕਮਲ ਕੌਰ ਦਾ ਨਾਮ ਕੰਵਲ ਕੌਰ ਹੋਵੇ ਜਾਂ ਕੰਚਨ ਰਾਣੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੁਦਰਤ ਦੇ ਨਿਯਮ ਮੁਤਾਬਿਕ ਜੀਊਂਦੇ ਰਹਿਣ ਵਾਸਤੇ ਸਰੀਰਕ ਲੋੜਾਂ ਸਭ ਦੀਆਂ ਲਗਭਗ ਇਕੋ ਜਿਹੀਆਂ ਹੀ ਹੁੰਦੀਆਂ ਹਨ। ਕਮਲ ਕੌਰ ਜਿਥੇ ਮਾਨਸਿਕ ਪੱਖੋਂ ਅਤ੍ਰਿਪਤ ਸੀ, ਉਥੇ ਆਰਥਿਕ ਤੇ ਪਰਿਵਾਰਕ ਪੱਖੋਂ ਵੀ ਉਸ ਦੀ ਜਿੰਦਗੀ ਵਿਚ ਵੱਡੀ ਉਥਲ ਪੁਥਲ ਚੱਲ ਰਹੀ ਸੀ, ਜਿਸ ਕਾਰਨ ਉਹ ਸਮਾਜਿਕ ਕਾਇਦੇ ਤੋਂ ਬਾਗੀ ਹੋ ਕੇ ਆਪਣੇ ਹਾਲਾਤਾਂ ਉਤੇ ਕਾਬੂ ਪਾਉਣ ਵਾਸਤੇ ਆਪਣੀ ਜਿੰਦਗੀ ਆਪਣੇ ਢੰਗ ਨਾਲ ਜੀਊਣ ਲੱਗ ਪਈ ਤੇ ਆਖਿਰ ਵਿਚ ਸਮਾਜਿਕ ਤੇ ਧਾਰਮਿਕ ਬੰਦਿਸ਼ਾਂ ਤੋਂ ਬਾਗੀ ਹੋਣ ਦੇ ਦੋਸ਼ ਹੇਠ ਕਤਲ ਦਾ ਸ਼ਿਕਾਰ ਹੋ ਗਈ ।
  ਕਮਲ ਕੌਰ ਦੇ ਕਤਲ ਬਾਰੇ ਇਸ ਵੇਲੇ ਪੱਖ ਤੇ ਵਿਰੋਧ ਵਿਚ ਦੋ ਰਾਵਾਂ ਚੱਲ ਰਹੀਆਂ ਹਨ । ਆਪੋ ਆਪਣੀ ਸਮਝ ਮੁਤਾਬਿਕ ਕੁੱਝ ਲੋਕ ਕਮਲ ਕੌਰ ਦੇ ਹੱਕ ਵਿਚ ਖੜ੍ਹੇ ਹਨ ਤੇ ਕੁੱਝ ਵਿਰੋਧ ਵਿਚ । ਇਸੇ ਤਰਾਂ ਕੁੱਝ ਲੋਕ ਇਸ ਮਾਮਲੇ ਵਿਚ ਭਾਈ ਅੰਮ੍ਰਿਤਪਾਲ  ਸਿੰਘ ਦੀ ਪ੍ਰਸੰਸਾ ਕਰਦੇ ਹਨ ਕਿ ਉਸ ਨੇ ਕਮਲ ਕੌਰ ਨੂੰ ਮਾਰਕੇ ਬਹੁਤ ਚੰਗਾ ਕੀਤਾ ਤੇ ਕੁੱਝ ਉਸ ਦੇ ਵਿਰੋਧ ਵਿਚ ਖੜ੍ਹੇ ਹਨ ਕਿ ਕਿ ਕਿਸੇ ਤੋਂ ਜਿੰਦਗੀ ਦਾ ਹੱਕ ਖੋਹਣ ਵਾਲਾ ਅੰਮ੍ਰਿਤਪਾਲ ਸਿੰਘ ਕੌਣ ਹੁੰਦਾ ? ਦਰਅਸਲ  ਇਹ ਉਕਤ ਦੋਵੇਂ ਤਰਾਂ ਦੀ ਸੋਚ ਵੱਖੋ ਵੱਖਰੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ ।
  ਇਥੇ ਇਹ ਜਰੂਰ ਸੋਚਣਾ ਬਣਦਾ ਹੈ ਕਿ ਕੀ ਕਮਲ ਕੌਰ ਜਮਾਂਦਰੂ ਲੁੱਚੀ ਸੀ? ਕੀ ਉਹ ਜੰਮਦਿਆਂ ਹੀ ਇਸ ਪਾਸੇ ਲੱਗ ਗਈ? ਜਾਂ ਸਮਾਜ ਵਲੋਂ ਵਰਜਿਤ ਵਿਵਹਾਰ ਉਸ ਨੂੰ ਮਾਪਿਆਂ ਨੇ ਦਿੱਤਾ ?  ਇਹਨਾਂ ਸਾਰੇ ਉਕਤ ਸਵਾਲਾਂ ਦਾ ਉੱਤਰ ਸਾਨੂੰ ਹਮੇਸ਼ਾ ਨਾਂਹ ਵਿਚ ਮਿਲੇਗਾ, ਜਿਸ ਤੋਂ ਬਾਅਦ ਅਗਲੇ ਸਵਾਲ ਪੈਦਾ ਹੋਣਗੇ ਕਿ ਉਹ ਕਿਹੜੇ ਹਾਲਾਤ ਸਨ ਜਿਹਨਾਂ ਕਰਕੇ ਉਹ ਸਮਾਜਿਕ ਬੰਦਿਸ਼ਾਂ ਤੋਂ ਬਾਗੀ ਹੋ ਗਈ ?
  ਹੁਣ ਇਸ ਸਵਾਲ ਦੇ ਉੱਤਰ ਦੀ ਜਦ ਪੁਣ ਛਾਣ ਕੀਤੀ ਜਾਵੇਗੀ ਤਾਂ ਸੱਚ ਸਾਹਮਣੇ ਆਵੇਗਾ ਕਿ ਉਹ ਸਮਾਜਿਕ, ਰਾਜਨੀਤਕ ਤੇ ਆਰਥਿਕ ਥਪੇੜਿਆਂ ਦਾ ਸ਼ਿਕਾਰ ਹੋ ਕੇ ਬਾਗੀ ਹੋਈ, ਉਸ ਨੇ ਆਪਣੇ ਢੰਗ ਨਾਲ ਜਿੰਦਗੀ ਜੀਊਣ ਦੀ ਕੋਸ਼ਿਸ਼ ਕੀਤੀ, ਆਪਣੀਆਂ ਜੀਵਨ ਲੋੜਾਂ ਦੀ ਪੂਰਤੀ ਵਾਸਤੇ ਸ਼ੋਸ਼ਲ ਮੀਡੀਏ ਨੂੰ ਸਾਧਨ ਬਣਾਇਆ, ਬਹੁਤੇ ਲੋਕਾਂ ਵਲੋਂ ਉਸ  ਦੇ ਸ਼ੋਸ਼ਲ ਮੀਡੀਆ ਕੰਟੇਂਟ ਦੇਖ ਕੇ ਉਸ ਨੂੰ ਪਰਵਾਨ ਹੀ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਹੱਲਾ ਸ਼ੇਰੀ ਵੀ ਦਿੱਤੀ ਗਈ । ਜੇਕਰ ਇਸ ਨਜਰੀਏ ਤੋ ਦੇਖਿਆ ਜਾਵੇ ਤਾਂ ਕਮਲ ਕੌਰ ਦਾ ਕਸੂਰ ਹੋਣ ਦੀ ਬਜਾਏ ਸਾਡੇ ਸਮਾਜ ਦਾ ਕਸੂਰ ਵਧੇਰੇ ਜਾਪਦਾ ਹੈ । ਇਸ ਨੂੰ ਥੋਹੜਾ ਹੋਰ ਵਿਸ਼ਥਾਰ ਨਾਲ ਸਮਝਾਉਣ ਵਾਸਤੇ ਮੈਂ ਇਥੇ ਇਕ ਹੱਡਬੀਤੀ ਦਾ ਜਿਕਰ ਕਰਨਾ ਜਰੂਰੀ ਸਮਝਦਾ ਹਾਂ ।
  ਇਹ ਗੱਲ 1989 - 90 ਦੀ ਹੈ, ਮੈਂ ਪੱਤਰਕਾਰੀ ਦਾ ਵਿਦਿਆਰਥੀ ਸਾਂ, ਸਾਡੇ  ਸਤਿਕਾਰਤ ਅਧਿਆਪਕ ਡਾ: ਕਮਲੇਸ਼ ਸਿੰਘ ਦੁੱਗਲ ਜੀ ਪੂਰੀ ਕਲਾਸ ਨੂੰ ਜਲੰਧਰ ਦੇ ਜੱਗਬਾਣੀ ਅਖਬਾਰ ਦੇ ਦਫਤਰ ਫੇਰੀ &lsquoਤੇ ਲੈ ਗਏ, ਜਿਥੇ ਪੱਤਰਕਾਰੀ ਦੇ ਸਮੁੱਚੇ ਪਰਬੰਧ ਨੂੰ ਅਸਾਨ ਤਰੀਕੇ ਨਾਲ ਸਮਝਾਉਣ ਵਾਸਤੇ ਅਖਬਾਰ ਦੇ ਛਾਪੇਖਾਨੇ ਸਮੇਤ ਮੁੱਖ ਸੰਪਾਦਕ ਮਰਹੂਮ ਵਿਜੈ ਚੋਪੜਾ ਨਾਲ ਮੁਲਾਕਾਤ ਵੀ ਕਰਵਾਈ ਗਈ । ਉਸ ਮੁਲਾਕਾਤ ਵਿਚ ਅਖਬਾਰ ਦੇ ਸੰਪਾਦਕ ਨੂੰ ਮੈਂ ਇਕ ਸਵਾਲ ਇਹ ਵੀ ਪੁੱਛਿਆ ਸੀ ਕਿ ਜੱਗਬਾਣੀ ਇਕ ਪੰਜਾਬੀ ਅਖਬਾਰ ਹੈ, ਸਾਡੇ ਸੱਭਿਆਚਾਰ ਵਿੱਚ ਨੰਗੇਜ ਤੇ ਕਾਮ ਭੜਕਾਊ ਸਮੱਗਰੀ ਵਾਸਤੇ ਕੋਈ ਥਾਂ ਨਹੀਂ, ਪਰ ਤੁਸੀਂ ਹਰ ਰੋਜ ਅਖਬਾਰ ਦੇ ਪਹਿਲੇ ਸਫੇ ਉੱਤੇ ਕੱਚੀ ਉਮਰ ਦੀਆਂ ਅੱਧਨੰਗੀਆਂ ਕੁੜੀਆਂ ਦੀਆਂ ਤਸਵੀਰਾਂ ਛਾਪ ਰਹੇ ਹੋ, ਅਜਿਹਾ ਕਿਓਂ ?
  ਇਸ ਸਵਾਲ ਦੇ ਜਵਾਬ ਵਿਚ ਵਿਜੇ ਚੋਪੜਾ ਨੇ ਇਹ ਕਿਹਾ ਸੀ ਕਿ, ਹਾਂ ! ਬਿਲਕੁਲ ਸਹੀ, ਅਸੀਂ ਅੱਧਨੰਗੀਆਂ ਲੜਕੀਆਂ ਦੀਆਂ ਤਸਵੀਰਾਂ ਆਪਣੀ ਅਖਬਾਰ ਦੇ ਪਹਿਲੇ ਪੰਨੇ ਉੱਤੇ ਜਰੂਰ ਛਾਪਦੇ ਹਾਂ, ਸਾਡੀ ਅਖਬਾਰ ਸਾਡਾ ਵਪਾਰ ਹੈ ਤੇ ਅਸੀਂ ਇਹ ਵਪਾਰ ਘਾਟਾ ਖਾਣ ਵਾਸਤੇ ਨਹੀਂ ਕਰਦੇ, ਪਰ ਮੁੱਦੇ ਦਾ ਸਵਾਲ ਇਹ ਵੀ ਹੈ ਕਿ ਤੁਸੀਂ ਉਹ ਤਸਵੀਰਾਂ ਕਿਓਂ ਦੇਖਦੇ ਹੋ ? ਤੁਸੀਂ ਸਿਰਫ ਦੇਖਦੇ ਹੀ ਨਹੀਂ ਬਲਕਿ ਵਾਰ ਵਾਰ ਦੇਖਦੇ ਹੋ, ਲੋਕਾਂ ਤੋਂ ਅੱਖ ਬਚਾ ਕੇ ਦੇਖਦੇ ਹੋ, ਜੇਕਰ ਉਹ ਤਸਵੀਰਾਂ ਗਲਤ ਹਨ ਤਾਂ ਫਿਰ ਤੁਸੀਂ ਸਾਡਾ ਅਖਬਾਰ ਖਰੀਦਦੇ ਹੀ ਕਿਓਂ ਹੋ ? ਉਹਨਾਂ ਅੱਗੇ ਹੋਰ ਕਿਹਾ ਕਿ ਅਸੀਂ ਛਾਪਦੇ ਹਾਂ ਜੋ ਲੋਕਾਂ ਨੂੰ ਪਸੰਦ ਹੈ ਤੇ ਲੋਕ ਉਥੇ ਹੀ ਪੈਸਾ ਖਰਚਦੇ ਹਨ ਜੋ ਉਹਨਾਂ ਦੀ ਪਸੰਦ ਹੈ ।
  ਹੁਣ ਇਥੇ ਇਕ ਵਾਰ ਫੇਰ ਇਹ ਜਰੂਰ ਸੋਚਣਾ ਬਣਦਾ ਹੈ ਕਿ ਜੇਕਰ ਸਮਾਜ ਦਾ ਕਸੂਰ ਹੈ ਤਾਂ ਫਿਰ ਕਮਲ ਕੌਰ ਨੂੰ ਹੀ ਬਲੀ ਦਾ ਬੱਕਰਾ ਕਿਓਂ ਬਣਾਇਆ ਗਿਆ ? ਅੰਮ੍ਰਿਤਪਾਲ ਸਿੰਘ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਉਹ ਸਾਰੇ ਸਮਾਜ ਦੀ ਗਲਤੀ ਦੀ ਸਜਾ ਕਾਨੂੰਨ ਨੂੰ ਆਪਣੇ ਹੱਥ ਲੈ ਕੇ ਸਿਰਫ ਇੱਕ ਨੂੰ ਦੇਵੇ ?
  ਸਮੁੱਚੇ ਤੌਰ ਤੇ ਕਹਿਣ ਦਾ ਭਾਵ ਇਹ ਹੈ ਕਿ ਕਮਲ ਕੌਰ/ ਕੰਚਨ ਦੇਵੀ ਦਾ ਜੀਵਨ ਤੇ ਕਤਲ ਸਾਡੇ ਵਾਸਤੇ ਬਹੁਤ ਸਾਰੇ ਅਣਸੁਲਝੇ ਸਵਾਲ ਪਿਛੇ ਛੱਡ ਗਿਆ ਹੈ, ਜੋ ਸਾਡੇ ਵਾਸਤੇ, ਸਾਡੇ ਸਮਾਜ ਵਾਸਤੇ ਤੇ ਸਰਕਾਰੀਤੰਤਰ ਵਾਸਤੇ ਖੁੱਲ੍ਹੇ ਚੈਲੰਜ ਹਨ । ਕਿਸੇ ਉੱਤੇ ਵੀ ਤੁਰਿਆ ਜਾਂਦਿਆਂ ਉੰਗਲੀ ਉਠਾ ਕੇ ਦੋ਼ਸ਼ ਲਗਾ ਕੇ ਉਸ ਨੂੰ ਕਸੂਰਵਾਰ ਠਹਿਰਾਉਣਾ, ਸਾਡੀ ਫਿਤਰਤ ਬਣ ਚੁੱਕੀ ਹੈ ਜੋ ਕਿ ਇਕ ਬਹੁਤ ਹੀ ਘਾਤੁਕ ਰੂਝਾਨ ਹੈ। ਕੋਈ ਚੰਗਾ ਹੈ ਜਾਂ ਬੁਰਾ, ਉਹ ਆਪਣੇ ਵਾਸਤੇ ਹੈ, ਉਸ ਨਾਲ ਕਾਨੂੰਨੀ ਤੌਰ ਤੇ ਉਲਝਿਆ ਜਾਂ ਸੁਲਝਿਆ ਜਾ ਸਕਦਾ ਹੈ, ਪਰ ਕਿਸੇ ਤੋਂ ਜੀਉਣ ਦਾ ਹੱਕ ਖੋਹਣਾ ਬਿਲਕੁਲ ਗਲਤ ਹੈ, ਤੇ ਸਰਾਸਰ ਗਲਤ ਹੈ।
ਪੋ੍: ਸ਼ਿੰਗਾਰਾ ਸਿੰਘ ਢਿਲੋਂ