image caption: -ਭਗਵਾਨ ਸਿੰਘ ਜੌਹਲ
24 ਜੂਨ ਨੂੰ ਜਨਮ ਦਿਨ ‘ਤੇ ਵਿਸ਼ੇਸ਼, ਸੰਘਰਸ਼ਸ਼ੀਲ ਆਗੂ ਸਨ - ਮਾਸਟਰ ਤਾਰਾ ਸਿੰਘ
20ਵੀਂ ਸਦੀ ਦੇ ਉੱਘੇ ਸਿੱਖ ਆਗੂਆਂ ਵਿੱਚੋਂ ਇਕ ਸਨ, ਮਾਸਟਰ ਤਾਰਾ ਸਿੰਘ । ਜਿਨ੍ਹਾਂ ਸਮੁੱਚਾ ਜੀਵਨ ਸ਼੍ਰੋਮਣੀ ਅਕਾਲੀ ਦਲ ਅਤੇ ਦੇਸ਼ ਵਿੱਚ ਵੱਸਦੇ ਸਮੁੱਚੇ ਸਿੱਖ-ਹਿੱਤਾਂ ਦੇ ਵੱਡੇ ਹਿੱਤਾਂ ਲਈ ਸੰਘਰਸ਼ ਕੀਤਾ । ਮਾਸਟਰ ਜੀ ਦਾ ਜਨਮ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਪਿੰਡ ਵਿੱਚ ਪਿਤਾ ਬਖਸ਼ੀ ਮੂਲ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਅਤੇ ਮਾਤਾ ਮੂਲਾਂ ਦੇਵੀ ਦੇ ਗ੍ਰਹਿ ਵਿਖੇ 24 ਜੂਨ, 1885 ਨੂੰ ਹੋਇਆ । ਮਾਸਟਰ ਜੀ ਦਾ ਪਹਿਲਾ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਨਾ ਦੇ ਪ੍ਰਭਾਵ ਵਿੱਚ 1902 ਈ: ਵਿੱਚ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ । ਹੁਣ ਆਪ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ । ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ । ਮਾਸਟਰ ਜੀ ਨੇ ਉੱਚ ਸਿੱਖਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ । ਇਥੋਂ ਗ੍ਰੈਜੂਏਸ਼ਨ ਕਰਨ ਤੋਂ ਪਿੱਛੋਂ ਲਾਹੌਰ ਤੋਂ ਬੀ।ਟੀ। ਪਾਸ ਕੀਤੀ । ਟੀਚਰ ਟ੍ਰੇਨਿੰਗ ਲਈ ਬੈਚੂਲਰ ਦੀ ਡਿਗਰੀ ਪ੍ਰਾਪਤ ਹੋਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁੱਕਤ ਹੋਏ । 
ਗੁਰਦੁਆਰਾ ਸੁਧਾਰ ਲਹਿਰ ਅਜਿਹੀ ਲਹਿਰ ਸੀ, ਜਿਸ ਦਾ ਅਸਰ ਹਰ ਸਿੱਖ ਨੌਜਵਾਨ ਨੇ ਕਬੂਲ ਕੀਤਾ । ਮਾਸਟਰ ਜੀ ਵੀ ਇਸ ਲਹਿਰ ਵਿੱਚ ਕੁੱਦ ਪਏ । ਛੇਤੀ ਹੀ ਅੰਗ੍ਰੇਜ਼ ਹਕੂਮਤ ਨੇ ਬਾਕੀ ਅਕਾਲੀ ਆਗੂਆਂ ਵਾਂਗ ਮਾਸਟਰ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ । ਜਦੋਂ ਬਾਕੀ ਲੀਡਰਾਂ ਨਾਲ ਮਾਸਟਰ ਜੀ ਜੇਲ੍ਹ ਤੋਂ ਬਾਹਰ ਆਏ, ਉਸ ਸਮੇਂ ਅੰਗ੍ਰੇਜ਼ ਸਰਕਾਰ ਵੱਲੋਂ ਗੁਰਦੁਆਰਾ ਐਕਟ-1925 ਈ: ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਲਾਗੂ ਕੀਤਾ । ਅਕਾਲੀ ਦਲ ਨੂੰ ਇਸੇ ਐਕਟ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ । ਮਾਸਟਰ ਜੀ ਦੂਜੇ ਧੜੇ ਨਾਲ ਜੁੜ ਗਏ । ਜਿਹੜਾ ਧੜਾ ਇਸ ਐਕਟ ਨੂੰ ਮੰਨਣ ਤੋਂ ਇਨਕਾਰੀ ਸੀ । ਜਦੋਂ 1926 ਈ: ਵਿੱਚ ਦੂਜੇ ਧੜੇ ਦੇ ਆਗੂ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਇਆ ਗਿਆ । ਇਸ ਤੋਂ ਪਿੱਛੋਂ ਸਮੇਂ-ਸਮੇਂ ਮਾਸਟਰ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹੇ । 
ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ, 1949 ਈ: ਵਿੱਚ ਜਦੋਂ ਦਿੱਲੀ ਵਿੱਚ ਆਪ ਅਕਾਲੀ ਕਾਨਫਰੰਸ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਅਜ਼ਾਦ ਦੇਸ਼ ਵਿੱਚ ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਨਰੇਲਾ ਸਟੇਸ਼ਨ &lsquoਤੇ ਗ੍ਰਿਫਤਾਰ ਕਰ ਲਿਆ ਗਿਆ । ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ &lsquoਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ । 1960 ਈ: ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਦੀ ਅਗਵਾਈ ਵਿੱਚ ਅਕਾਲੀ ਦਲ ਨੇ 140 ਸੀਟਾਂ ਵਿੱਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ । ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ । ਛੇਤੀ ਹੀ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦੇ ਅੰਦੋਲਨ ਨੂੰ ਸ਼ੁਰੂ ਕਰ ਦਿੱਤਾ ।
ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਵਿੱਚ ਪੰਜਾਬੀ ਸੂਬਾ ਬਨਾਉਣ ਲਈ ਮਤਾ ਪਾਸ ਕਰਵਾਇਆ । ਦਿੱਲੀ ਵਿੱਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ । ਇਸ ਜਲੂਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਾਸਟਰ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਪਰ ਗ੍ਰਿਫਤਾਰੀ ਪਿੱਛੋਂ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ । 4 ਜਨਵਰੀ, 1961 ਨੂੰ ਰਿਹਾਅ ਹੋ ਕੇ ਸੰਤ ਬਾਬਾ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁੱਲ੍ਹਵਾਇਆ ।
ਮਾਸਟਰ ਜੀ ਵੱਲੋਂ ਸੱਚਾ ਢੰਡੋਰਾ ਅਤੇ ਪ੍ਰਦੇਸੀ ਖ਼ਾਲਸਾ ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਗਏ, ਜੋ ਪਿੱਛੋਂ ਜਾ ਕੇ ਅਕਾਲੀ ਅਖ਼ਬਾਰ ਦੇ ਰੂਪ ਵਿੱਚ ਬਦਲ ਗਏ । 1961 ਈ: ਵਿੱਚ ਜਥੇਦਾਰ ਅਖ਼ਬਾਰ ਛਪਣਾ ਸ਼ੁਰੂ ਹੋਇਆ । ਉਰਦੂ ਵਿੱਚ ਪੰਥਕ ਹਿੱਤਾਂ ਲਈ ਅਤੇ ਮਹਾਸ਼ਾ ਪ੍ਰੈਸ ਦੇ ਜਵਾਬ ਲਈ ਪ੍ਰਭਾਤ ਅਖ਼ਬਾਰ ਵੀ ਕੱਢਿਆ । 1946 ਈ: ਵਿੱਚ ਆਪ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੰਤ ਸਿਪਾਹੀ ਮਾਸਿਕ ਪੱਤਰ ਹੁਣ ਤੱਕ ਛੱਪ ਰਿਹਾ ਹੈ । ਮਾਸਟਰ ਤਾਰਾ ਸਿੰਘ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਪੂਰਾ ਜੀਵਨ ਸਿੱਖ ਹਿੱਤਾਂ ਲਈ ਸੰਘਰਸ਼ ਕਰਦਿਆਂ ਬੀਤਿਆ । ਮਾਸਟਰ ਜੀ ਆਪਣੇ ਲੱਖਾਂ ਸਨੇਹੀਆਂ ਤੇ ਪਿਆਰਿਆਂ ਨੂੰ 22 ਨਵੰਬਰ, 1967 ਈ: ਨੂੰ ਸਦੀਵੀ ਵਿਛੋੜਾ ਦੇ ਗਏ । ਅੱਜ ਕੇਵਲ ਉਨ੍ਹਾਂ ਦੀ ਯਾਦ ਹੀ ਬਾਕੀ ਹੈ ।
-ਭਗਵਾਨ ਸਿੰਘ ਜੌਹਲ