image caption: -ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਹਿੰਦ ਉੱਤੇ 600 ਸਾਲ ਤੋਂ ਵੱਧ ਸਮਾਂ ਰਾਜ ਕਰਦੀ ਆ ਰਹੀ ਮੁਗਲੀਆ ਹਕੂਮਤ ਦਾ ਤਖ਼ਤਾ ਉਲਟਾ ਕੇ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ

ਗੁਰੂ ਗੋਬਿੰਦ ਸਿੰਘ ਜੀ ਦਾ ਹੁੁਕਮ ਮੰਨ ਕੇ ਬੰਦਾ ਸਿੰਘ ਬਹਾਦਰ ਆਪਣੇ ਨਾਲ 25 ਸਿੰਘਾਂ ਦੇ ਜਥੇ ਸਮੇਤ ਰਸਤੇ ਦੀਆਂ ਔਕੜਾਂ ਨੂੰ ਫਤਹਿ ਕਰਦਾ ਅਤੇ ਮੰਜਲਾਂ ਮਾਰਦਾ ਹੋਇਆ ਪੰਜਾਬ ਆ ਪਹੁੰਚਿਆ । ਬੰਦਾ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਸਿੱਖਾਂ ਨੂੰ ਲਿਖੇ ਹੋਏ ਹੁਕਮਨਾਮੇ ਥਾਉਂ ਥਾਈਂ ਭੇਜ ਦਿੱਤੇ । ਐਸੀ ਲਿਖ ਅਰਦਾਸ, ਭੇਜੀ ਖਾਲਸੇ ਪਾਸ । ਸੁਣ ਖਾਲਸੇ ਸਿਰ ਧਰ ਤਲੀ, ਤੁਰਤ ਰਲਣ ਤਿਆਰੀ ਕਰੀ (ਪ੍ਰਾਚੀਨ ਪੰਥ ਪ੍ਰਕਾਸ਼)
ਬੰਦਾ ਸਿੰਘ ਬਹਾਦਰ ਨੇ ਕਿਹਾ ਖ਼ਾਲਸਾ ਜੀ, ਤੁਹਾਨੂੰ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀ ਖੂਨੀ ਦੀਵਾਰ ਅਵਾਜਾਂ ਮਾਰਦੀ ਐ । ਹਜ਼ਾਰਾਂ ਦੀ ਗਿਣਤੀ ਵਿੱਚ ਮਰਜੀਵੜੇ ਧਰਮ ਯੁੱਧ ਲੜਨ ਲਈ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ, ਧਰਮ ਯੁੱਧ ਲੜਨ ਲਈ ਬੰਦਾ ਸਿੰਘ ਪਾਸ ਇੰਨੇ ਕੁ ਸਿਰਲੱਥ ਯੋਧੇ ਪਹੁੰਚ ਗਏ ਕਿ ਜਿਨ੍ਹਾਂ ਨੂੰ ਆਪਣੀ ਖ਼ਾਲਸਾ ਫੌਜ ਵਿੱਚ ਸ਼ਾਮਿਲ ਕਰਕੇ ਬੰਦਾ ਸਿੰਘ ਨੇ ਸਰਹੰਦ ਤੋਂ ਪਹਿਲਾਂ ਸਮਾਣੇ ਤੇ ਸਢੌਰੇ &lsquoਤੇ ਚੜ੍ਹਾਈ ਕਰਨ ਦੀ ਯੋਜਨਾ ਬਣਾਈ ਜਿਹੜੇ ਸਰਹੰਦ ਵਾਗੂੰ ਹੀ ਸਿੱਖਾਂ ਦੀਆਂ ਅੱਖਾਂ ਵਿੱਚ ਰੜਕਦੇ ਸਨ । ਸਮਾਣੇ ਦਾ ਜ਼ਾਲਮ ਫੌਜ਼ਦਾਰ ਜਲਾਲ-ੳ-ਦੀਨ ਸੀ ਜਿਸ ਨੇ ਨੌਵੇਂ ਗੁਰੂ ਤੇਗ਼ ਬਹਾਦਰ ਦਾ ਚਾਂਦਨੀ ਚੌਂਕ ਦਿੱਲੀ ਵਿਖੇ ਸੀਸ ਧੜ ਨਾਲੋਂ ਅਲੱਗ ਕਰਕੇ ਸ਼ਹੀਦ ਕੀਤਾ ਸੀ, ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਵੀ ਸਮਾਣੇ ਹੀ ਰਹਿੰਦੇ ਸਨ । ਸਮਾਣਾ ਸ਼ਹਿਰ ਇਕ ਮਜ਼ਬੂਤ ਗੜ੍ਹੀ ਦੀ ਤਰ੍ਹਾਂ ਸੀ । ਬੰਦਾ ਸਿੰਘ ਨੇ 26 ਨਵੰਬਰ 1709 ਨੂੰ ਇਸ ਗੜ੍ਹੀ &lsquoਤੇ ਹਮਲਾ ਕੀਤਾ ਸੀ, ਕਾਫੀ ਮੁਕਾਬਲੇ ਬਾਅਦ ਸਿੰਘਾਂ ਨੇ ਸਮਾਣੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਫੌਜ਼ਦਾਰ ਜਲਾਲ-ੳ-ਦੀਨ ਅਤੇ ਸ਼ਾਸ਼ਲ ਬੇਗ, ਬਾਸ਼ਲ ਬੇਗ ਨੂੰ ਕਤਲ ਕਰਕੇ ਉਨ੍ਹਾਂ ਦੇ ਕੀਤੇ ਗੁਨਾਹਾਂ ਦਾ ਹਿਸਾਬ ਬਰਾਬਰ ਕੀਤਾ । ਸਮਾਣਾ ਧਨਾਢਾਂ ਦਾ ਸ਼ਹਿਰ ਹੋਣ ਕਰਕੇ ਸਿੰਘਾਂ ਦੇ ਹੱਥ ਚੌਖੀ ਦੌਲਤ ਵੀ ਲੱਗੀ । ਬੰਦਾ ਸਿੰਘ ਨੇ ਇਥੇ ਫਤਹਿ ਸਿੰਘ ਨੂੰ ਫੌਜ਼ਦਾਰ ਨੀਯਤ ਕੀਤਾ ਸੀ । ਏਸੇ ਤਰ੍ਹਾਂ ਸਢੌਰੇ ਦਾ ਫੌਜ਼ਦਾਰ ੳਸਮਾਨ ਖਾਨ ਵੀ ਹੱਦ ਦਰਜੇ ਦਾ ਜ਼ਾਲਮ ਸੀ ਉਸ ਨੇ ਹਿੰਦੂ ਜਨਤਾ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ, ਇਸ ਨੇ ਹਿੰਦੂਆਂ ਦੇ ਮੁਰਦਿਆਂ ਨੂੰ ਸਾੜ੍ਹਨ ਦੀ ਮਨਾਹੀ ਕੀਤੀ ਹੋਈ ਸੀ, ਉਹ ਖੁੱਲੇ੍ਹ ਮੈਦਾਨ ਵਿੱਚ ਗਊ ਬੱਧ ਕਰਵਾਉਂਦਾ ਸੀ ਅਤੇ ਗਊਆਂ ਦੇ ਲਹੂ ਦਾ ਛਿੜਕਾ ਹਿੰਦੂਆਂ ਦੇ ਘਰੀਂ ਕਰਵਾਉਂਦਾ ਸੀ । ਏਸੇ ੳਸਮਾਨ ਖਾਨ ਨੇ ਸਈਅਦ ਪੀਰ ਬੁੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਕਿਉਂਕਿ ਸਈਅਦ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੇ 700 ਮੁਰੀਦਾਂ ਅਤੇ ਆਪਣੇ ਬੇਟਿਆਂ ਨਾਲ ਗੁਰੂ ਗੋਬਿੰਦ ਸਿੰਘ ਦਾ ਸਾਥ ਦੇ ਕੇ ਆਪਣੇ ਪੁੱਤਰ ਤੇ ਮੁਰੀਦ ਸ਼ਹੀਦ ਕਰਵਾਏ ਸਨ । ੳਸਮਾਨ ਖਾਨ ਦੇ ਇਨ੍ਹਾਂ ਪਾਪਾਂ ਕਾਰਨ ਹੀ ਬੰਦਾ ਸਿੰਘ ਬਹਾਦਰ ਨੂੰ ਸਢੌਰੇ &lsquoਤੇ ਹਮਲਾ ਕਰਨਾ ਪਿਆ ਸੀ । ੳਸਮਾਨ ਖਾਨ ਸਿੰਘ ਦੀ ਆਮਦ ਸੁਣ ਕੇ ਆਪਣੇ ਕੁਝ ਸਾਥੀਆਂ ਸਮੇਤ ਸੱਯਦਾਂ ਦੀ ਹਵੇਲੀ ਵਿੱਚ ਜਾ ਲੁਕਿਆ ਪਰ ਸਿੰਘ ਤਲਵਾਰਾਂ ਧੂ ਕੇ ਹਵੇਲੀ ਦੇ ਅੰਦਰ ਹੀ ਜਾ ਵੜੇ ਅਤੇ ਸਾਰਿਆਂ ਨੂੰ ਕਤਲ ਕਰ ਦਿੱਤਾ, ੳਸਮਾਨ ਖਾਨ ਵੀ ਮਾਰਿਆ ਗਿਆ ਅਤੇ ਉਸ ਦੀ ਲਾਸ਼ ਨੂੰ ਸਿੰਘਾਂ ਬਾਹਰ ਦਰੱਖਤ ਨਾਲ ਪੁੱਠੀ ਲਟਕਾ ਦਿੱਤਾ ਅਤੇ ਇਸ ਸੱਯਦਾਂ ਦੀ ਹਵੇਲੀ ਨੂੰ ਕਤਲ ਗੜ੍ਹੀ ਕਹਿੰਦੇ ਹਨ । ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ 12 ਮਈ 1710 ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਹੋਈ ਲੜਾਈ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀਆਂ ਸਾਰੀਆਂ ਜਿੱਤਾਂ ਦਾ ਜ਼ਿਕਰ ਕੀਤਾ ਜਾਵੇ ਕਿਉਂਕਿ ਘੁੜਾਮ, ਠੱਸਕਾ, ਮੁਸਤਫਾ ਬਾਦ, ਕਪੂਰੀ ਅਤੇ ਰੋਪੜ ਨੂੰ ਸਰਹੰਦ ਫਤਹਿ ਕਰਨ ਤੋਂ ਪਹਿਲਾਂ ਹੀ ਮਾਤਹਿਤ ਕਰ ਲਿਆ ਸੀ । ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਵੀ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੀ ਖ਼ਬਰ ਨਾਲੋ ਨਾਲ ਪਹੁੰਚ ਰਹੀ ਸੀ ਅਤੇ ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂ ਸੀ ਕਿ ਬੰਦਾ ਸਿੰਘ ਬਹਾਦਰ ਸਰਹੰਦ &lsquoਤੇ ਵੀ ਇਕ ਦਿਨ ਜ਼ਰੂਰ ਹਮਲਾ ਕਰੇਗਾ, ਆਖਿਰ ਉਹ ਦਿਨ ਆ ਹੀ ਗਿਆ ਜਦੋਂ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਚਿੱਠੀ ਲਿਖ ਕੇ ਜੰਗ ਦਾ ਐਲਾਨ ਕਰ ਦਿੱਤਾ । ਬੰਦਾ ਸਿੰਘ ਬਹਾਦਰ ਦੀ ਚਿੱਠੀ ਮਿਲਣ ਤੋਂ ਬਾਅਦ ਵਜ਼ੀਰ ਖਾਨ ਸਰਹੰਦ ਤੋਂ 10 ਮੀਲ ਦੂਰ ਚੱਪੜ ਚਿੜੀ ਦੇ ਮੈਦਾਨ ਵਿੱਚ ਆਪਣੀ 20 ਹਜ਼ਾਰ ਦੀ ਫੌਜ ਨਾਲ ਲੈ ਕੇ ਬੰਦਾ ਸਿੰਘ ਬਹਾਦਰ ਨਾਲ ਯੁੱਧ ਕਰਨ ਲਈ ਆਣ ਪਹੁੰਚਾ । ਵਜ਼ੀਰ ਖਾਨ ਕੋਲ ਫੌਜ ਤੋਂ ਬਿਨਾਂ ਜਹਾਦ ਦੇ ਨਾਮ &lsquoਤੇ ਲੜਨ ਵਾਲੇ ਜਹਾਦੀਆਂ ਦੀ ਵੀ ਚੌਖੀ ਗਿਣਤੀ ਸੀ । ਘੋੜ ਸਵਾਰ ਫੌਜ, ਤੋਪਖਾਨਾ ਤੇ ਹੋਰ ਜੰਗੀ ਸਮਾਨ ਨਾਲ ਦੀ ਵੀ ਵਜ਼ੀਰ ਖਾਨ ਕੋਲ ਕੋਈ ਘਾਟ ਨਹੀਂ ਸੀ । ਵਜ਼ੀਰ ਖਾਨ ਨੇ ਆਪਣੀ ਫੌਜ ਦੇ ਅੱਗੇ ਇਕ ਹਾਥੀਆਂ ਦੀ ਪਾਲ ਵੀ ਖੜ੍ਹੀ ਕੀਤੀ ਹੋਈ ਸੀ । ਦੂਜੇ ਪਾਸੇ ਬੰਦਾ ਸਿੰਘ ਕੋਲ ਨਾ ਕੋਈ ਤੋਪਖਾਨਾ ਸੀ, ਨਾ ਕੋਈ ਹਾਥੀ ਸੀ, ਸਗੋਂ ਸਾਰੇ ਆਦਮੀਆਂ ਲਈ ਘੋੜੇ ਵੀ ਪੂਰੇ ਨਹੀਂ ਸਨ । ਸਿੰਘਾਂ ਪਾਸ ਤੋਪਾਂ ਅਤੇ ਹਾਥੀਆਂ ਦਾ ਮੁਕਾਬਲਾ ਕਰਨ ਲਈ ਕੇਵਲ ਲੰਮੇ ਨੇਜ਼ੇ, ਤੀਰ ਕਮਾਨ ਤੇ ਤਲਵਾਰਾਂ ਹੀ ਸਨ ਪਰ ਸਿੰਘਾਂ ਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ ਹਥਿਆਰ ਧਰਮ ਯੁੱਧ ਅਤੇ ਮਜ਼ਲੂਮਾਂ ਦੀ ਰਾਖੀ ਲਈ ਖ਼ਾਲਸੇ ਦੇ ਅੰਦਰ ਕੁਰਬਾਨੀ ਦੀ ਜਗਾਈ ਹੋਈ ਜੋਤਿ ਖ਼ਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ ਸੀ । ਗੁਰੂ ਦੇ ਇਸ ਮਹਾਂ ਵਾਕ ਨੇ ਖ਼ਾਲਸੇ ਨੂੰ ਭੈ ਰਹਿਤ ਕਰ ਕੇ ਜੰਗ ਵਿੱਚ ਜੂਝਣ ਦਾ ਬਲ ਬਖ਼ਸ਼ਿਆ ਹੋਇਆ ਸੀ । ਵਜ਼ੀਰ ਖਾਨ ਨੇ ਤੋਪਾਂ ਦੇ ਗੋਲੇ ਸੁੱਟ ਕੇ ਯੁੱਧ ਦੀ ਸ਼ੁਰੂਆਤ ਕਰ ਦਿੱਤੀ । ਅਸਮਾਨ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਪਰ ਸਿੰਘਾਂ ਨੇ ਧੂਏਂ ਅਤੇ ਤੋਪਾਂ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਤੀਰਾਂ ਤੇ ਤਲਵਾਰਾਂ ਨਾਲ ਵਜ਼ੀਰ ਖਾਨ ਦੀ ਫੌਜ &lsquoਤੇ ਐਸਾ ਕਹਿਰੀ ਹੱਲਾ ਬੋਲਿਆ ਕਿ ਵਜ਼ੀਰ ਖਾਨ ਦੀ ਫੌਜ ਪਿੱਛੇ ਹੱਟਣੀ ਸ਼ੁਰੂ ਹੋ ਗਈ, ਸਿੰਘਾਂ ਨੇ ਐਸੀ ਤੀਰਾਂ ਦੀ ਬੁਛਾੜ ਕੀਤੀ ਕਿ ਹਾਥੀਆਂ ਦੀ ਪਾਲ ਜ਼ਖਮੀ ਹੋ ਕੇ ਪਿੱਛੇ ਨੂੰ ਦੌੜ ਤੁਰੀ ਅਤੇ ਆਪਣੀ ਫੌਜ ਨੂੰ ਲਿਤਾੜਨਾ ਸ਼ੁਰੂ ਕਰ ਦਿੱਤਾ । ਦੂਜੇ ਪਾਸੇ ਸੁੱਚਾ ਨੰਦ ਦਾ ਭਤੀਜਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇਹ ਆਖ ਕੇ ਸ਼ਾਮਿਲ ਹੋਇਆ ਸੀ ਕਿ ਵਜ਼ੀਰ ਖਾਨ ਨੇ ਉਨ੍ਹਾਂ ਦੇ ਪਰਿਵਾਰ ਨਾਲ ਵੀ ਧੋਖਾ ਕੀਤਾ ਹੈ ਜਿਸ ਕਰਕੇ ਉਹ ਵੀ ਧੋਖੇਬਾਜ਼ ਬੰਦਾ ਖ਼ਾਲਸੇ ਦੀ ਫੌਜ ਵਿੱਚ ਸ਼ਾਮਿਲ ਹੋ ਗਿਆ ਸੀ । ਸੁੱਚਾ ਨੰਦ ਦੇ ਭਤੀਜੇ ਨੇ ਜਦੋਂ ਵਜ਼ੀਰ ਖਾਨ ਦੀ ਫੌਜ ਪਿੱਛੇ ਹਟਦੀ ਵੇਖੀ ਤਾਂ ਉਸ ਨੇ ਐਨ ਮੌਕੇ &lsquoਤੇ ਬੰਦਾ ਸਿੰਘ ਨਾਲ ਦਗਾ ਕਮਾਇਆ ਅਤੇ ਉਹ ਆਪਣਾ ਹਜ਼ਾਰ ਬੰਦਾ ਲੈ ਕੇ ਯੁੱਧ ਵਿੱਚੋਂ ਨੱਸ ਤੁਰਿਆ ਅਤੇ ਨਾਲ ਹੀ ਨੱਸ ਜਾੳ-ਨੱਸ ਜਾੳ ਦਾ ਰੌਲਾ ਪਾ ਕੇ ਬੰਦਾ ਸਿੰਘ ਦੀਆਂ ਫੌਜਾਂ ਵਿੱਚ ਹਫੜਾ ਦਫੜੀ ਪੈਦਾ ਕਰ ਦਿੱਤੀ । ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖਾਂ ਦੇ ਮੋਰਚੇ ਦੀ ਇਕ ਬਾਹੀ ਟੁੱਟ ਗਈ ਪਰ ਸਿੰਘਾਂ ਨੇ ਹੌਂਸਲਾ ਨਹੀਂ ਹਾਰਿਆ, ਸ। ਬਾਜ ਸਿੰਘ ਨੇ ਬੰਦਾ ਸਿੰਘ ਨੂੰ ਯੁੱਧ ਦੀ ਕਮਾਂਡ ਆਪਣੇ ਹੱਥ ਵਿੱਚ ਲੈਣ ਲਈ ਕਿਹਾ ਕਿਉਂਕਿ ਬੰਦਾ ਸਿੰਘ ਆਪਣੀ ਇਮਦਾਦੀ (ਰਿਜ਼ਰਬ) ਫੌਜ ਲੈ ਕੇ ਉੱਚੀ ਢੇਰੀ &lsquoਤੇ ਬੈਠਾ ਯੁੱਧ ਵੇਖ ਰਿਹਾ ਸੀ । ਬਾਜ ਸਿੰਘ ਦਾ ਸੁਨੇਹਾ ਮਿਲਦਿਆਂ ਹੀ ਬੰਦਾ ਸਿੰਘ ਆਪਣੀ ਇਮਦਾਦੀ ਫੌਜ ਲੈ ਕੇ ਮੈਦਾਨ ਵਿੱਚ ਆ ਗੱਜਿਆ । ਬੰਦਾ ਸਿੰਘ ਦੇ ਆਉਣ ਨਾਲ ਸਿੰਘਾਂ ਦੇ ਹੌਂਸਲੇ ਵੱਧ ਗਏ ਅਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਦੁਸ਼ਮਣ ਦੇ ਜਾ ਗੱਲ ਪਏ । ਬੰਦਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਹੋਏ ਪੰਜ ਤੀਰਾਂ ਵਿੱਚੋਂ ਇਕ ਤੀਰ ਚਿਲ੍ਹੇ ਚਾੜ੍ਹ ਕੇ ਅਤੇ ਕੰਨਾਂ ਤੱਕ ਤੰਦੀ ਖਿੱਚ ਕੇ ਛੱਡਿਆ ਅਤੇ ਬਾਕੀ ਸਿੰਘਾਂ ਨੇ ਵੀ ਤੀਰਾਂ ਦਾ ਮੀਂਹ ਬਰਸਾ ਦਿੱਤਾ, ਭਾਵੇਂ ਵਜ਼ੀਰ ਖਾਨ ਦੇ ਤਨਖਾਹਦਾਰ ਅਤੇ ਤਜ਼ਰਬੇਕਾਰ ਫੌਜੀ ਵੀ ਜਾਨ ਤੋੜ ਕੇ ਲੜ ਰਹੇ ਸਨ ਪਰ ਧਰਮੀ ਸਿੰਘਾਂ ਦੇ ਅਥਾਹ ਜੋਸ਼ ਅਤੇ ਹਵਾ ਨਾਲੋਂ ਤੇਜ਼ ਚੱਲਦੀ ਤਲਵਾਰ ਅੱਗੇ ਠਹਿਰ ਨਾ ਸਕੇ । ਚੱਪੜ ਚਿੜੀ ਦਾ ਮੈਦਾਨ ਲਹੂ ਨਾਲ ਰੰਗਿਆ ਗਿਆ ਚਾਰ ਚੁਫੇਰੇ ਲੋਥਾਂ ਦੇ ਢੇਰ ਲੱਗ ਚੁੱਕੇ ਸਨ । ਸ਼ਾਮ ਹੋਣ ਵਾਲੀ ਸੀ ਕਿ ਇਕ ਸਿੰਘ ਦਾ ਇਕ ਤੀਰ ਵਜ਼ੀਰ ਖਾਨ ਨੂੰ ਜਾ ਲੱਗਾ ਅਤੇ ਉਹ ਹਾਥੀ ਤੋਂ ਥੱਲੇ ਡਿੱਗ ਪਿਆ, ਵਜ਼ੀਰ ਖਾਨ ਦੇ ਜ਼ਖਮੀ ਹੋ ਕੇ ਡਿੱਗਣ ਦੀ ਦੇਰ ਸੀ ਮੁਗਲਈ ਫੌਜ ਮੈਦਾਨ ਛੱਡ ਕੇ ਭੱਜ ਗਈ, ਸਿੰਘਾਂ ਦੀ ਜਿੱਤ ਹੋਈ ਅਤੇ ਉਹ ਆਪਣੇ ਜੇਤੂ ਜਰਨੈਲ ਬੰਦਾ ਸਿੰਘ ਬਹਾਦਰ ਨਾਲ ਜਿੱਤ ਦੇ ਡੰਕੇ ਵਜਾਉਂਦੇ ਸਰਹੰਦ ਅੰਦਰ ਆ ਦਾਖਲ ਹੋਏ । ਵਜ਼ੀਰ ਖਾਨ ਨੂੰ ਵੀ ਘੋੜਿਆਂ ਮਗਰ ਘਸੀਟ ਕੇ ਸਰਹੰਦ ਲਿਆਂਦਾ ਗਿਆ ਅਤੇ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ ਤਾਂ ਕਿ ਲਾਸ਼ ਨੂੰ ਕਾਂ ਅਤੇ ਗਿਰਝ ਨੌਚਦੇ ਰਹਿਣ । ਸਿੰਘਾਂ ਨੇ ਵਜ਼ੀਰ ਖਾਨ ਦੀ ਲਾਸ਼ ਨਾਲ ਇਹ ਵਰਤਾਰਾ ਇਸ ਕਰਕੇ ਕੀਤਾ ਕਿ ਇਸੇ ਵਜ਼ੀਰ ਖਾਨ ਨੇ ਗੁਰੂ ਸਾਹਿਬ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀਆਂ ਪਵਿੱਤਰ ਦੇਹਾਂ ਦਾ ਸਰਹੰਦ ਦੀ ਧਰਤੀ &lsquoਤੇ ਸਸਕਾਰ ਹੋਣ ਤੋਂ ਇਸ ਕਰਕੇ ਰੋਕ ਦਿੱਤਾ ਸੀ ਕਿ ਬਾਗੀ ਦੇ ਬੱਚਿਆਂ ਅਤੇ ਮਾਤਾ ਦੇ ਸਸਕਾਰ ਵਾਸਤੇ ਕੋਈ ਜਗ੍ਹਾ ਨਹੀਂ ਅਤੇ ਇਨ੍ਹਾਂ ਦੀਆਂ ਪਵਿੱਤਰ ਦੇਹਾਂ ਨੂੰ ਦਰੱਖਤ ਨਾਲ ਲਟਕਾਉਣ ਦਾ ਹੁਕਮ ਦੇ ਦਿੱਤਾ ਸੀ । ਇਸ ਕਰਕੇ ਹੀ ਟੋਡਰ ਮੱਲ ਨੇ ਸੋਨੇ ਦੀਆਂ ਮੌਹਰਾਂ ਖੜ੍ਹੀਆਂ ਕਰਕੇ ਜਮੀਨ ਖਰੀਦੀ ਅਤੇ ਦੋਵੇਂ ਸਾਹਿਬਜ਼ਾਦਿਆਂ ਅਤੇ ਮਾਤਾ ਦੀ ਪਵਿੱਤਰ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਸੀ । ਕੁਦਰਤ ਦੇ ਰੰਗ ਵੇਖੋ ਸਰਹੰਦ ਦੇ ਜਾਲਮ ਸੂਬੇਦਾਰ ਵਜ਼ੀਰ ਖਾਨ ਦੀ ਲਾਸ਼ ਦਰਖਤ ਨਾਲ ਲਟਕਦੀ ਵੇਖ ਕੇ ਲੋਕ ਕਹਿ ਰਹੇ ਸਨ ਕਿ ਅੱਜ ਵਜ਼ੀਰ ਖਾਨ ਦੀ ਲਾਸ਼ ਨੂੰ ਦਫਨਾਉਣ ਵਾਲਾ ਵੀ ਕੋਈ ਨਹੀਂ ਹੈ । ਵਜ਼ੀਰ ਖਾਨ ਦਾ ਪੁੱਤਰ ਆਪਣੇ ਪਰਿਵਾਰ ਸਮੇਤ ਸਰਹੰਦ ਛੱਡ ਕੇ ਦਿੱਲੀ ਭੱਜ ਗਿਆ ਅਤੇ ਸਿੰਘਾਂ ਨੇ ਸੁੱਚਾ ਨੰਦ ਅਤੇ ਉਸ ਦੇ ਪਰਿਵਾਰ ਨੂੰ ਵੀ ਉਸ ਦੀ ਕੀਤੀ ਦਾ ਫੱਲ ਭੁਗਤਾ ਦਿੱਤਾ ਸੀ । ਬੰਦਾ ਸਿੰਘ ਬਹਾਦਰ ਨੇ ਸਰਹੰਦ ਵਿਖੇ ਸਿੱਖ ਰਾਜ ਦਾ ਝੰਡਾ ਗੱਡ ਦਿੱਤਾ ਸਰਹੰਦ ਦੇ 28 ਪਰਗਣੇ ਸਿੱਖਾਂ ਦੇ ਅਧੀਨ ਹੋ ਗਏ ਸਨ । ਦਰਿਆ ਜਮਨਾ ਤੋਂ ਸਤਲੁੱਜ ਤੱਕ ਤੇ ਸੋਨੀਪਤ ਤੋਂ ਕੀਰਤਪੁਰ ਤੱਕ 36 ਲੱਖ ਦਾ ਇਲਾਕਾ ਸਿੱਖਾਂ ਦੇ ਕਬਜ਼ੇ ਵਿੱਚ ਆ ਚੁੱਕਾ ਸੀ । ਬੰਦਾ ਸਿੰਘ ਨੇ ਸ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਬਣਾਇਆ, ਆਲੀ ਸਿੰਘ ਨੂੰ ਉਸ ਦਾ ਨਾਇਬ ਨਿਯੁਕਤ ਕੀਤਾ । ਸ। ਫਤਹਿ ਸਿੰਘ ਭਾਈ ਕੇ ਨੂੰ ਨਵਾਬੀ ਦਾ ਖਿਤਾਬ ਦੇ ਕੇ ਸਮਾਣੇ ਦਾ ਫੌਜਦਾਰ ਬਣਾਇਆ । ਰਾਮ ਸਿੰਘ ਨੂੰ ਥਾਨੇਸਰ ਦਾ ਹਾਕਮ ਥਾਪਿਆ । ਕੁਇਰ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਰਦਲ ਵਿੱਚ ਲਗਾਇਆ ਗਿਆ । ਪੰਥ ਦੀ ਚੜ੍ਹਦੀ ਕਲਾ ਦੇਖ ਕੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਅੰਮ੍ਰਿਤ ਛੱਕ ਕੇ ਸਿੰਘ ਸਜ ਗਏ ਅਤੇ ਸਿੱਖ ਪੰਥ ਵਿੱਚ ਸ਼ਾਮਿਲ ਹੋ ਗਏ । ਇਥੋਂ ਤੱਕ ਕਿ ਇਲਾਕੇ ਦਾ ਚੌਧਰੀ ਦੀਨਦਾਰ ਖਾਂ ਅੰਮ੍ਰਿਤ ਛੱਕ ਕੇ ਦੀਨਦਾਰ ਸਿੰਘ ਬਣਿਆ ਤੇ ਸਰਹੰਦ ਦਾ ਖਬਰ ਨਬੀਸ ਨਸੀਰੁਦੀਨ ਅੰਮ੍ਰਿਤ ਪਾਨ ਕਰਕੇ ਨਸੀਰ ਸਿੰਘ ਬਣਿਆ । ਇਲਾਕੇ ਦੇ ਬਾਕੀ ਚੌਧਰੀਆਂ ਨੇ ਵੀ ਈਨ ਮੰਨ ਲਈ ਅਤੇ ਨਜ਼ਰਾਨੇ ਪੇਸ਼ ਕੀਤੇ ਤੇ ਹੁਣ ਬੰਦਾ ਸਿੰਘ ਨੇ ਬਕਾਇਦਾ ਸਿੱਖ ਰਾਜ ਮੁਕੰਮਲ ਕਰ ਲਿਆ ਸੀ । ਲੋਹ ਗੜ੍ਹ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾ ਲਿਆ ਗਿਆ ਸੀ । ਹੁਣ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣ ਗਿਆ ਸੀ, ਇਸ ਨੇ ਕਈ ਇਲਾਕੇ ਜਿੱਤ ਲਏ ਸਨ ਅਤੇ ਆਪਣੇ ਪ੍ਰਤੀਨਿੱਧਾਂ ਰਾਹੀਂ ਉਨ੍ਹਾਂ ਦਾ ਪ੍ਰਬੰਧ ਕਰਨ ਲਈ ਉਸ ਦੇ ਪਾਸ ਖ਼ਾਲਸਈ ਨੁਮਾਇੰਦੇ ਵੀ ਮੌਜੂਦ ਸਨ । ਹੁਣ ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਉ &lsquoਤੇ ਸਿੱਕਾ ਵੀ ਜਾਰੀ ਕਰ ਦਿੱਤਾ ਜਿਸ ਉੱਤੇ ਉਸ ਵੇਲੇ ਦੇ ਰਿਵਾਜ ਅਨੁਸਾਰ, ਇਨ੍ਹਾਂ ਫਾਰਸੀ ਸ਼ਬਦਾਂ ਦਾ ਠੱਪਾ ਲਾਇਆ
(ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਹਾਨ ਫਜ਼ਲਿ ਸੱਚਾ ਸਾਹਿਬ ਅਸਤ ।
ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤੱਤ ਦੇ ਇਹ ਸ਼ਬਦ ਸਨ ।
ਜ਼ਰਬ ਬ ਆਮਨੁ-ਦਹਿਰ, ਮੁਸੱਵਰਤ ਸ਼ਹਿਰ ਜੀਨਤੁ-ਤੱਖ਼ਤੂ, ਮੁਬਾਰਕ ਬਖਤ ।
ਇਸੇ ਹੀ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼ਾਂ ਸਨਦਾ ਪਰਵਾਨਿਆਂ ਆਦਿ ਲਈ ਮੋਹਰ ਬਣਵਾਈ ਜਿਸ ਦੇ ਇਹ ਸ਼ਬਦ ਸਨ
ਦੇਗੋ ਤੇਗ਼ੋ ਫਤਹਿ ਓ ਨੁਸਰਤਿ-ਬੇ-ਦਿਰੰਗ
ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ । ਅਰਥਾਤ ਦੇਗ ਤੇਗ ਜਿੱਤ ਸੇਵ ਨਿਰਾਲਮ ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ ।
-ਜਥੇਦਾਰ ਮਹਿੰਦਰ ਸਿੰਘ ਯੂ।ਕੇ।
ਚਲਦਾ-ਬਾਕੀ ਅਗਲੇ ਹਫ਼ਤੇ