image caption: ਤਸਵੀਰ: ਗੁਰਦੁਆਰਾ ਹੈਂਡ ਬੁੱਕ, ਜੋ 28 ਜੂਨ 2025 ਨੂੰ ਜਾਰੀ ਕੀਤੀ ਜਾਵੇਗੀ

ਗੁਰਦੁਆਰਾ ਹੈਂਡਬੁੱਕ ਡਰਬੀ ਵਿਖੇ 28 ਜੂਨ ਨੂੰ ਸੰਗਤਾਂ ਦੇ ਸਪੁਰਦ ਕੀਤੀ ਜਾਵੇਗੀ

 ਡਰਬੀ (ਪੰਜਾਬ ਟਾਈਮਜ਼) - ਯੂ ਕੇ ਵਿੱਚ ਗੁਰਦੁਆਰਾ ਪ੍ਰਬੰਧਾਂ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਮਸਲੇ ਸਮੇਂ ਸਮੇਂ ਤੇ ਉਠਦੇ ਰਹਿੰਦੇ ਹਨ । ਕਈ ਵਾਰ ਜਾਣੇ ਅਨਜਾਣੇ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਸਬੰਧਿਤ ਧਿਰ ਗੁਰਦੁਆਰਾ ਸਾਹਿਬ ਨੂੰ ਉਸ ਮਾਮਲੇ ਪ੍ਰਤੀ ਅਦਾਲਤ ਵਿੱਚ ਲੈ ਜਾਂਦੀ ਹੈ । ਜਿਸ ਨਾਲ ਗੁਰਦੁਆਰਾ ਸਾਹਿਬ ਅਤੇ ਪ੍ਰਬੰਧਕ ਕਮੇਟੀ ਨੂੰ ਕਾਫ਼ੀ ਦੌੜ ਭੱਜ ਤੇ ਆਰਥਿਕ ਨੁਕਸਾਨ ਹੋ ਸਕਦਾ ਹੈ। ਇਹਨਾਂ ਮਾਮਲਿਆਂ ਨੂੰ ਲੈ ਕੇ ਯੂ ਕੇ ਵਿੱਚ ਗੁਰੂ ਘਰਾਂ ਸਬੰਧੀ ਪਿਛਲੇ ਕਈ ਸਾਲਾਂ ਤੋਂ ਸਰਗਰਮ ਸੰਸਥਾ ਗੁਰਦੁਆਰਾ ਏਡ ਵੱਲੋਂ ਇੱਕ ਕਿਤਾਬ (ਦਾ ਗੁਰਦੁਆਰਾ ਹੈਂਡਬੁੱਕ) ਤਿਆਰ ਕੀਤੀ ਗਈ ਹੈ।
ਗੁਰਦੁਆਰਾ ਏਡ ਦੇ ਸੇਵਾਦਾਰਾਂ ਵੱਲੋਂ ਇਹ ਕਿਤਾਬ ਸਿੱਖ ਮਰਯਾਦਾ ਦੇ ਮੱਦੇ ਨਜ਼ਰ ਅਤੇ ਧਾਰਮਿਕ ਸੰਸਥਾਵਾਂ ਪ੍ਰਤੀ ਯੂ ਕੇ ਦੇ ਕਾਨੂੰਨਾਂ ਨੂੰ ਸਾਹਮਣੇ ਰੱਖ ਕੇ ਲੰਮਾ ਸਮਾਂ ਘੋਖ ਵਿਚਾਰ ਕਰਨ ਉਪਰੰਤ ਤਿਆਰ ਕੀਤੀ ਗਈ ਹੈ। ਜਿਸ ਤੋਂ ਸੇਧ ਲੈ ਕੇ ਯੂ ਕੇ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਆਪਣੇ ਪ੍ਰਬੰਧਾਂ ਨੂੰ ਸਹਿਜ ਤੇ ਸੁਖਾਵੇਂ ਮਾਹੌਲ ਵਿੱਚ ਚਲਾਉਣ ਲਈ ਮਦਦ ਲੈ ਸਕਦੀਆਂ ਹਨ । 228 ਪੰਨਿਆਂ ਦੀ ਇਹ ਬਹੁਤ ਹੀ ਪ੍ਰਭਾਵਸ਼ਾਲੀ, ਖੂਬਸੂਰਤ ਡਿਜ਼ਾਇਨ ਵਿੱਚ ਰੰਗਦਾਰ ਤਸਵੀਰਾਂ ਸਮੇਤ ਬੜੀ ਮਿਹਨਤ ਨਾਲ ਤਿਆਰ ਕੀਤੀ ਗਈ ਕਿਤਾਬ ਹੈ। ਜੇ ਇਸ ਦੀ ਕੀਮਤ ਦੇਖੀ ਜਾਵੇ ਤਾਂ ਪੰਜਾਹ ਪੌਂਡ ਤੋਂ ਘੱਟ ਨਹੀਂ ਹੋ ਸਕਦੀ, ਪਰ ਗੁਰੂ ਘਰਾਂ ਨੂੰ ਇਹ ਮੁਫ਼ਤ ਦਿੱਤੀ ਜਾਵੇਗੀ।
ਗੁਰਦੁਆਰਾ ਏਡ ਦੇ ਸੇਵਾਦਾਰਾਂ ਜਗਤਾਰ ਸਿੰਘ, ਹਰਵਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਇਹ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਹਾਲ, ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ 28 ਜੂਨ 2025 ਦਿਨ ਸ਼ਨਿੱਚਰਵਾਰ ਨੂੰ ਜਾਰੀ ਕੀਤੀ ਜਾਵੇਗੀ ।
ਸਿੱਖ ਅਜਾਇਬਘਰ ਦੇ ਚੇਅਰਮੈਨ ਅਤੇ ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਕਿਤਾਬ ਯੂ ਕੇ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਵਾਸਤੇ ਬਹੁਤ ਲਾਹੇਵੰਦ ਹੋ ਸਕਦੀ ਹੈ । ਇਸ ਵਿੱਚ ਸਿੱਖ ਧਰਮ, ਰਹਿਤ ਮਰਯਾਦਾ ਅਤੇ ਯੂ ਕੇ ਦੇ ਕਾਨੂੰਨਾਂ ਦੇ ਸਾਰੇ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰਾ ਪ੍ਰਬੰਧਕ ਇਸ ਦੀ ਸੇਧ ਲੈ ਕੇ ਕਿਵੇਂ ਪ੍ਰਬੰਧ ਚਲਾਉਣ। ਉਹਨਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀ ਉਹ ਆਪ ਜਾਂ ਆਪਣਾ ਨੁਮਾਇੰਦਾ 28 ਜੂਨ ਨੂੰ ਦੁਪਹਿਰ 12 ਵਜੇ ਤੱਕ ਇਸ ਕਾਨਫਰੰਸ ਵਿੱਚ ਜ਼ਰੂਰ ਭੇਜਣ ਅਤੇ ਇਸ ਕਿਤਾਬ ਦੀ ਮੁਫ਼ਤ ਕਾਪੀ ਹਾਸਲ ਕਰਨ।