ਜ਼ੇਲੈਂਸਕੀ ਵੱਲੋਂ ਰੂਸ ’ਤੇ ਹੋਰ ਦਬਾਅ ਪਾਉਣ ਦੀ ਅਪੀਲ
ਕੀਵ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਕੀਵ ਦੀ ਨੌਂ ਮੰਜ਼ਿਲਾ ਅਪਾਰਟਮੈਂਟ ਇਮਾਰਤ &rsquoਤੇ ਰੂਸੀ ਮਿਜ਼ਾਈਲ ਹਮਲਾ ਇਸ ਗੱਲ ਦਾ ਸੰਕੇਤ ਹੈ ਕਿ ਮਾਸਕੋ &rsquoਤੇ ਜੰਗਬੰਦੀ ਲਈ ਵਧੇਰੇ ਦਬਾਅ ਪਾਇਆ ਜਾਣਾ ਚਾਹੀਦਾ ਹੈ ਕਿਉਂਕਿ ਮਾਸਕੋ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਵਿੱਚ ਹਮਲੇ ਤੇਜ਼ ਕਰ ਰਿਹਾ ਹੈ। ਕੀਵ &rsquoਤੇ ਮੰਗਲਵਾਰ ਤੜਕੇ ਹੋਇਆ ਡਰੋਨ ਅਤੇ ਮਿਜ਼ਾਈਲ ਹਮਲਾ ਇਸ ਸਾਲ ਰਾਜਧਾਨੀ &rsquoਤੇ ਸਭ ਤੋਂ ਖ਼ਤਰਨਾਕ ਹਮਲਾ ਹੈ। ਇਸ ਹਮਲੇ ਵਿੱਚ ਸ਼ਹਿਰ ਭਰ &rsquoਚ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 142 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਕੀਵ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਅੱਜ ਦਿੱਤੀ। ਜ਼ੇਲੈਂਸਕੀ ਨੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਆਂਦਰੀ ਯਰਮਕ ਅਤੇ ਗ੍ਰਹਿ ਮੰਤਰੀ ਇਹੋਰ ਕਲੀਮੈਂਕੋ ਨਾਲ ਅੱਜ ਸਵੇਰੇ ਕੀਵ ਦੇ ਸੋਲੋਮਿਆਂਸਕੀ ਜ਼ਿਲ੍ਹੇ ਵਿੱਚ ਅਪਾਰਟਮੈਂਟ ਇਮਾਰਤ ਦਾ ਦੌਰਾ ਕੀਤਾ, ਉੱਥੇ ਫੁੱਲ ਚੜ੍ਹਾਏ ਅਤੇ ਉਨ੍ਹਾਂ 23 ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ, ਜੋ ਮਿਜ਼ਾਈਲ ਦੇ ਸਿੱਧੇ ਹਮਲੇ ਵਿੱਚ ਮਾਰੇ ਗਏ ਸਨ। ਜ਼ੇਲੈਂਸਕੀ ਨੇ ਟੈਲੀਗ੍ਰਾਮ &rsquoਤੇ ਲਿਖਿਆ, &lsquo&lsquoਇਹ ਹਮਲਾ ਦੁਨੀਆ ਨੂੰ ਯਾਦ ਦਿਵਾਉਂਦਾ ਹੈ ਕਿ ਰੂਸ ਜੰਗਬੰਦੀ ਨੂੰ ਨਾਮਨਜ਼ੂਰ ਕਰਦਾ ਹੈ ਅਤੇ ਹੱਤਿਆਵਾਂ ਕਰਨ ਨੂੰ ਤਰਜੀਹ ਦਿੰਦਾ ਹੈ।&rsquo&rsquo ਉਨ੍ਹਾਂ ਯੂਕਰੇਨ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜੋ ਕਿ ਰੂਸ &rsquoਤੇ ਜੰਗ ਦੀ ਅਸਲ ਕੀਮਤ ਮਹਿਸੂਸ ਕਰਨ ਲਈ ਦਬਾਅ ਪਾਉਣ ਵਾਸਤੇ ਤਿਆਰ ਹਨ।