image caption: -ਰਜਿੰਦਰ ਸਿੰਘ ਪੁਰੇਵਾਲ

ਸਵਾਮੀ ਸ਼ੰਕਰਾਨੰਦ ਦਾ ਸੈਕਸ ਸਕੈਂਡਲ ਤੇ ਪੰਜਾਬ ਦੇ ਡੇਰਿਆਂ ਦਾ ਸੱਚ

ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾ ਨੰਦ ਦਾ ਅਸ਼ਲੀਲ ਵੀਡੀਓ ਮਾਮਲਾ ਸਮਾਜ ਵਿਚ ਤੇੜ ਪਾ ਰਿਹਾ ਹੈ| ਮੁੱਲਾਂਪੁਰ ਦਾਖਾ ਪੁਲਿਸ ਨੇ ਉਸ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ, ਕਿਉਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ| ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਹੋਇਆ, ਪਰ ਅਜੇ ਗ੍ਰਿਫਤਾਰੀ ਨਹੀਂ ਹੋ ਸਕੀ| ਅਦਾਲਤ ਨੇ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ| ਪੁਲਿਸ ਦਾ ਕਹਿਣਾ ਹੈ ਕਿ ਸਵਾਮੀ ਸ਼ੰਕਰਾ ਨੰਦ ਵਿਦੇਸ਼ ਨਹੀਂ ਭੱਜਿਆ, ਪਰ ਲੁਕਆਊਟ ਨੋਟਿਸ ਨਾਲ ਉਸ ਦੀ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਹੈ| ਡੇਰੇ ਦੇ ਸ਼ਰਧਾਲੂ ਇਸ ਵੀਡੀਓ ਨੂੰ ਫਰਜ਼ੀ ਦੱਸ ਰਹੇ ਨੇ, ਜਦਕਿ ਸਵਾਮੀ ਓਮਾ ਨੰਦ ਨੇ ਕਿਹਾ ਕਿ ਜਾਂਚ ਨਾਲ ਸੱਚ ਸਾਹਮਣੇ ਆ ਜਾਵੇਗਾ|
 ਸਵਾਲ ਇਹ ਹੈ ਕਿ ਡੇਰਿਆਂ ਦੇ ਮੁਖੀ ਅਕਸਰ ਅਜਿਹੇ ਬਲਾਤਕਾਰ ਜਾਂ ਸਕੈਂਡਲ ਦੇ ਮਾਮਲਿਆਂ ਚ ਕਿਉਂ ਫਸਦੇ ਨੇ? ਇਸ ਦਾ ਜਵਾਬ ਸਮਾਜ ਦੀ ਮਾਨਸਿਕਤਾ, ਸ਼ਰਧਾ ਦੇ ਨਾਂ ਤੇ ਅੰਨ੍ਹੇਵਾਹ, ਅਤੇ ਡੇਰਿਆਂ ਦੀ ਅਥਾਹ ਸੰਪਤੀ ਤੇ ਤਾਕਤ ਵਿਚ ਲੁਕਿਆ ਹੈ| ਬਾਬੇ ਆਪਣੇ ਆਸਰੇ ਤੇ ਆਏ ਸ਼ਰਧਾਲੂਆਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ| ਉਹ ਆਪਣੇ ਆਪ ਨੂੰ ਰੱਬ ਦਾ ਰੂਪ ਦੱਸ ਕੇ ਲੋਕਾਂ ਤੇ ਮਾਨਸਿਕ ਕਬਜ਼ਾ ਕਰ ਲੈਂਦੇ ਨੇ| ਅਜਿਹੇ ਮਾਹੌਲ ਵਿਚ ਔਰਤਾਂ ਤੇ ਬੱਚਿਆਂ ਦਾ ਸੋਸ਼ਣ ਸੰਭਵ ਹੋ ਜਾਂਦਾ ਹੈ| ਪੰਜਾਬ ਵਿਚ ਰਾਮ ਰਹੀਮ, ਅਸ਼ੂਤੋਸ਼ ਵਰਗੇ ਮਾਮਲੇ ਇਸ ਦੀਆਂ ਮਿਸਾਲਾਂ ਨੇ| ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਕੀ ਅਜਿਹੇ ਡੇਰਿਆਂ ਨੂੰ ਜ਼ਮੀਨਾਂ ਦੇਣੀਆਂ ਚਾਹੀਦੀਆਂ ਨੇ? ਕੀ ਇਨ੍ਹਾਂ ਦੀ ਅੰਨ੍ਹੀ ਭਗਤੀ ਕਰਨੀ ਚਾਹੀਦੀ ਹੈ? ਡੇਰੇ ਸੇਵਾ ਦੇ ਨਾਂ ਤੇ ਸ਼ੁਰੂ ਹੁੰਦੇ ਨੇ, ਪਰ ਬਹੁਤ ਸਾਰੇ ਸੰਪਤੀ, ਸਿਆਸੀ ਤਾਕਤ ਅਤੇ ਅਪਰਾਧ ਦਾ ਅੱਡਾ ਬਣ ਜਾਂਦੇ ਨੇ| ਲੋਕਾਂ ਨੂੰ ਆਪਣੀ ਅਕਲ ਨਾਲ ਸੋਚਣ ਦੀ ਲੋੜ ਹੈ| ਸਰਕਾਰ ਨੂੰ ਵੀ ਡੇਰਿਆਂ ਤੇ ਨਜ਼ਰ ਰੱਖਣ ਲਈ ਸਖਤ ਨਿਯਮ ਬਣਾਉਣੇ ਚਾਹੀਦੇ| ਜੇ ਅਸੀਂ ਅੰਨ੍ਹੇਵਾਹ ਚ ਡੁੱਬੇ ਰਹੇ, ਤਾਂ ਅਜਿਹੇ ਸਕੈਂਡਲ ਸਾਡੇ ਸਮਾਜ ਨੂੰ ਖੋਖਲਾ ਕਰਦੇ ਰਹਿਣਗੇ| ਸਮੇਂ ਦੀ ਮੰਗ ਹੈ ਕਿ ਅਸੀਂ ਸ਼ਰਧਾ ਨੂੰ ਅਕਲ ਨਾਲ ਜੋੜੀਏ, ਨਾ ਕਿ ਅੰਨ੍ਹੀ ਭਗਤੀ ਨਾਲ|
ਦਿਲਜੀਤ ਦੁਸਾਂਝ ਦਾ ਟੀਐੱਮਯੂ ਸਿਲੇਬਸ - ਪੰਜਾਬੀ ਸਭਿਆਚਾਰ ਦੀ ਆਲਮੀ ਛਾਪ
ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਨੇ ਆਪਣੇ ਸੰਗੀਤ, ਅਦਾਕਾਰੀ ਅਤੇ ਸਭਿਆਚਾਰਕ ਪ੍ਰਭਾਵ ਨਾਲ ਨਾ ਸਿਰਫ਼ ਪੰਜਾਬ ਸਗੋਂ ਸਾਰੇ ਸੰਸਾਰ &rsquoਚ ਆਪਣੀ ਛਾਪ ਛੱਡੀ ਹੈ| ਹੁਣ ਕੈਨੇਡਾ ਦੀ ਪ੍ਰਤਿਸ਼ਠਿਤ ਟੋਰਾਂਟੋ ਮੈਟਰੋਪਾਲਿਟਨ ਯੂਨੀਵਰਸਿਟੀ (ਟੀਐੱਮਯੂ) ਵੱਲੋਂ ਦਿਲਜੀਤ ਦੁਸਾਂਝ ਤੇ ਇੱਕ ਵਿਸ਼ੇਸ਼ ਸਿਲੇਬਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਪੰਜਾਬੀ ਸਭਿਆਚਾਰ ਅਤੇ ਪਰਵਾਸੀ ਪਛਾਣ ਦੀ ਆਲਮੀ ਪੱਧਰ ਤੇ ਮਹੱਤਤਾ ਨੂੰ ਉਜਾਗਰ ਕਰਦਾ ਹੈ| ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੈਨੇਡੀਅਨ ਯੂਨੀਵਰਸਿਟੀ ਨੇ ਕਿਸੇ ਪੰਜਾਬੀ ਕਲਾਕਾਰ ਤੇ ਅਕਾਦਮਿਕ ਪ੍ਰੋਗਰਾਮ ਦੀ ਸਥਾਪਨਾ ਕੀਤੀ ਹੈ| ਇਸ ਦੇ 2026 ਵਿੱਖੇ ਅੰਤ ਵਿਚ ਸ਼ੁਰੂ ਹੋਣ ਵਾਲੇ ਇਸ ਸਿਲੇਬਸ ਦਾ ਮਹੱਤਵ ਅਤੇ ਪੰਜਾਬੀਆਂ ਲਈ ਇਸ ਦੇ ਲਾਭ ਵਿਚਾਰਨਯੋਗ ਹਨ|
ਟੀਐੱਮਯੂ ਦੇ ਕ੍ਰਿਏਟਿਵ ਸਕੂਲ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਸਿਲੇਬਸ ਵਿਚ ਦਿਲਜੀਤ ਦੁਸਾਂਝ ਦੇ ਸੰਗੀਤਕ ਸਫ਼ਰ, ਪੰਜਾਬੀ ਸਭਿਆਚਾਰ ਤੇ ਉਨ੍ਹਾਂ ਦੇ ਪ੍ਰਭਾਵ ਅਤੇ ਪਰਵਾਸੀ ਭਾਈਚਾਰੇ ਵਿਚ ਉਨ੍ਹਾਂ ਦੀ ਪਛਾਣ ਨੂੰ ਅਧਿਐਨ ਦਾ ਹਿੱਸਾ ਬਣਾਇਆ ਜਾਵੇਗਾ| ਇਸ ਵਿਚ ਦਿਲਜੀਤ ਦੇ ਗੀਤਾਂ, ਫ਼ਿਲਮਾਂ ਅਤੇ ਆਲਮੀ ਪੌਪ ਸਭਿਆਚਾਰ ਵਿਚ ਉਨ੍ਹਾਂ ਦੇ ਯੋਗਦਾਨ ਦੀ ਡੂੰਘੀ ਜਾਣਕਾਰੀ ਦਿੱਤੀ ਜਾਵੇਗੀ| ਇਹ ਸਿਲੇਬਸ ਪੰਜਾਬੀ ਸੰਗੀਤ ਦੀ ਵਿਸ਼ਵ ਪੱਧਰ ਤੇ ਵਧ ਰਹੀ ਪ੍ਰਵਾਨਗੀ ਅਤੇ ਪਰਵਾਸੀ ਪੰਜਾਬੀਆਂ ਦੀ ਸਭਿਆਚਾਰਕ ਵਿਰਾਸਤ ਨੂੰ ਸਮਝਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ| ਇਸ ਦਾ ਐਲਾਨ ਟੋਰਾਂਟੋ ਦੇ ਐੱਨਐੱਕਸਐੱਨਈ ਫ਼ੈਸਟੀਵਲ ਵਿਚ ਹੋਏ ਬਿਲਬੋਰਡ ਸਮਿਟ ਦੌਰਾਨ ਕੀਤਾ ਗਿਆ, ਜਿਸ ਨੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ| ਦਿਲਜੀਤ ਨੂੰ ਇਸ ਪ੍ਰੋਗਰਾਮ ਚ ਸਿੱਧੀ ਜਿੰਮੇਵਾਰੀ ਨਹੀਂ ਦਿੱਤੀ ਗਈ, ਪਰ ਉਨ੍ਹਾਂ ਦੀ ਜੀਵਨੀ, ਸੰਗੀਤ ਅਤੇ ਸਭਿਆਚਾਰਕ ਪ੍ਰਭਾਵ ਨੂੰ ਅਕਾਦਮਿਕ ਪੱਧਰ ਤੇ ਪੜ੍ਹਾਇਆ ਜਾਣਾ ਉਨ੍ਹਾਂ ਦੀ ਸਫ਼ਲਤਾ ਦਾ ਪ੍ਰਤੀਕ ਹੈ| ਦਿਲਜੀਤ ਨੇ ਪੰਜਾਬੀ ਸੰਗੀਤ ਨੂੰ ਬਾਲੀਵੁੱਡ, ਹਾਲੀਵੁੱਡ ਅਤੇ ਵਿਸ਼ਵ ਦੇ ਵੱਡੇ ਸੰਗੀਤਕ ਮੰਚਾਂ ਤੇ ਪਹੁੰਚਾਇਆ ਹੈ| ਉਨ੍ਹਾਂ ਦੇ ਗੀਤ ਜਿਵੇਂ ਬੌਰਨ ਟੂ ਸ਼ਾਈਨ ਅਤੇ ਜੀ.ਓ.ਏ.ਟੀ. ਨੇ ਨੌਜਵਾਨਾਂ ਚ ਸਭਿਆਚਾਰਕ ਮਾਣ ਜਗਾਇਆ ਹੈ| 
ਇਸ ਸਿਲੇਬਸ ਰਾਹੀਂ ਵਿਦਿਆਰਥੀ ਨਾ ਸਿਰਫ਼ ਦਿਲਜੀਤ ਦੇ ਕੰਮ ਨੂੰ ਸਮਝਣਗੇ, ਸਗੋਂ ਪੰਜਾਬੀ ਸਭਿਆਚਾਰ ਦੀ ਵਿਸ਼ਵੀਕਰਨ ਵਿੱਚ ਉਸ ਦੀ ਭੂਮਿਕਾ ਨੂੰ ਵੀ ਜਾਣਨਗੇ|ਇਸ ਪ੍ਰੋਗਰਾਮ ਦਾ ਮਹੱਤਵ ਕਈ ਪੱਖਾਂ ਤੋਂ ਅਹਿਮ ਹੈ| ਪਹਿਲਾਂ, ਇਹ ਪੰਜਾਬੀ ਸਭਿਆਚਾਰ ਨੂੰ ਅਕਾਦਮਿਕ ਸੰਸਥਾਵਾਂ ਚ ਸਥਾਨ ਦਿੰਦਾ ਹੈ, ਜੋ ਅਕਸਰ ਮੁੱਖਧਾਰਾ ਦੀਆਂ ਯੂਨੀਵਰਸਿਟੀਆਂ ਵਿਚ ਨਜ਼ਰਅੰਦਾਜ਼ ਹੁੰਦਾ ਹੈ| ਦੂਜਾ ਇਹ ਪਰਵਾਸੀ ਪੰਜਾਬੀਆਂ ਦੀਆਂ ਕਹਾਣੀਆਂ ਅਤੇ ਸੰਘਰਸ਼ਾਂ ਨੂੰ ਵਿਸ਼ਵ ਪੱਧਰ ਤੇ ਉਜਾਗਰ ਕਰਦਾ ਹੈ| ਤੀਜਾ, ਇਹ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੁੜਨ ਅਤੇ ਮਾਣ ਮਹਿਸੂਸ ਕਰਨ ਦਾ ਮੌਕਾ ਦਿੰਦਾ ਹੈ| ਇਸ ਨਾਲ ਪੰਜਾਬੀ ਸੰਗੀਤ ਅਤੇ ਸਭਿਆਚਾਰ ਦੀ ਖੋਜ ਨੂੰ ਵਿਗਿਆਨਕ ਅਤੇ ਅਕਾਦਮਿਕ ਅਧਾਰ ਮਿਲੇਗਾ, ਜੋ ਇਸ ਨੂੰ ਹੋਰ ਮਜ਼ਬੂਤ ਕਰੇਗਾ|
ਪੰਜਾਬੀ ਭਾਈਚਾਰੇ ਲਈ ਇਸ ਦੇ ਲਾਭ ਵੀ ਗਹਿਰੇ ਹਨ| ਸਭ ਤੋਂ ਪਹਿਲਾਂ, ਇਹ ਪੰਜਾਬੀਆਂ ਦੀ ਵਿਸ਼ਵ ਪੱਧਰ ਤੇ ਮਾਨਤਾ ਵਧਾਏਗਾ| ਵਿਦਿਆਰਥੀਆਂ ਨੂੰ ਆਪਣੀ ਸਭਿਆਚਾਰਕ ਪਛਾਣ ਤੇ ਮਾਣ ਮਹਿਸੂਸ ਹੋਵੇਗਾ ਅਤੇ ਉਹ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਹੋਣਗੇ| ਇਸ ਤੋਂ ਇਲਾਵਾ, ਇਹ ਪੰਜਾਬੀ ਸੰਗੀਤਕਾਰਾਂ ਅਤੇ ਕਲਾਕਾਰਾਂ ਲਈ ਨਵੇਂ ਮੌਕੇ ਪੈਦਾ ਕਰ ਸਕਦਾ ਹੈ, ਕਿਉਂਕਿ ਅਕਾਦਮਿਕ ਅਧਿਐਨ ਨਾਲ ਉਨ੍ਹਾਂ ਦੇ ਕੰਮ ਨੂੰ ਹੋਰ ਸਤਿਕਾਰ ਅਤੇ ਸਮਰਥਨ ਮਿਲੇਗਾ| ਇਹ ਪ੍ਰੋਗਰਾਮ ਪੰਜਾਬੀ ਨੌਜਵਾਨਾਂ ਨੂੰ ਆਪਣੀ ਪਛਾਣ ਨੂੰ ਸੰਭਾਲਣ ਅਤੇ ਆਲਮੀ ਮੰਚ ਤੇ ਲਿਜਾਣ ਦੀ ਪ੍ਰੇਰਣਾ ਦੇਵੇਗਾ|
ਅੰਤ ਵਿਚ ਟੀਐੱਮਯੂ ਦਾ ਇਹ ਕਦਮ ਪੰਜਾਬੀ ਸਭਿਆਚਾਰ ਦੀ ਵਿਸ਼ਵੀਕਰਨ ਦੀ ਦਿਸ਼ਾ ਚ ਇੱਕ ਮੀਲ ਪੱਥਰ ਸਾਬਤ ਹੋਵੇਗਾ| ਦਿਲਜੀਤ ਦੁਸਾਂਝ ਵਰਗੇ ਕਲਾਕਾਰ, ਜਿਨ੍ਹਾਂ ਨੇ ਸਖ਼ਤ ਮਿਹਨਤ ਅਤੇ ਪ੍ਰਤਿਭਾ ਨਾਲ ਵਿਸ਼ਵ ਮੰਚ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਉਨ੍ਹਾਂ ਤੇ ਅਧਾਰਿਤ ਇਹ ਸਿਲੇਬਸ ਪੰਜਾਬੀਆਂ ਲਈ ਮਾਣ ਦੀ ਗੱਲ ਹੈ| ਇਹ ਸਾਨੂੰ ਸਿਖਾਉਂਦਾ ਹੈ ਕਿ ਸਾਡੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ|
-ਰਜਿੰਦਰ ਸਿੰਘ ਪੁਰੇਵਾਲ