image caption: -ਭਗਵਾਨ ਸਿੰਘ ਜੌਹਲ
3 ਜੁਲਾਈ ਨੂੰ ਵਿਆਹ ਪੁਰਬ ਤੇ ਵਿਸ਼ੇਸ਼, ਜਦੋਂ ਪਿੰਡ ਬਿਲਗਾ ਵਿਖੇ ਪੰਚਮ ਪਾਤਸ਼ਾਹ ਬਰਾਤ ਸਮੇਤ ਠਹਿਰੇ
ਦੁਆਬੇ ਦੀ ਧਰਤੀ ਦਾ ਇਤਿਹਾਸਕ ਪਿੰਡ ਬਿਲਗਾ (ਜਲੰਧਰ) ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਹੈ । ਇਹ ਪਿੰਡ ਪੰਜਾਬ ਦੇ ਵੱਡੇ ਪਿੰਡਾਂ ਵਿੱਚੋਂ ਪ੍ਰਸਿੱਧੀ ਪ੍ਰਾਪਤ ਨਗਰ ਹੈ । ਇਸ ਧਰਤੀ ਨੇ ਸਮੇਂ-ਸਮੇਂ ਅਨੇਕਾਂ ਧਾਰਮਿਕ, ਰਾਜਨੀਤਿਕ ਅਤੇ ਉੱਘੀਆਂ ਸਮਾਜ ਸੇਵਕ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ । ਇਹ ਪਿੰਡ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਵਿਖੇ ਸਥਿਤ ਹੈ । ਇਤਿਹਾਸਕ ਤੱਥਾਂ ਮੁਤਾਬਕ ਇਹ ਪਿੰਡ ਗੁਰੂ-ਕਾਲ ਸਮੇਂ ਝੌਂਪੜੀਆਂ ਵਿੱਚ ਵੱਸਦਾ ਸੀ । ਇਹ ਝੌਂਪੜੀਆਂ ਹਰ ਸਾਲ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦੀਆਂ ਸਨ । ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਲਈ ਇਥੋਂ ਨੇੜੇ ਵੱਸੇ ਪਿੰਡ ਮੌ-ਸਾਹਿਬ ਬਰਾਤ ਸਮੇਤ ਪਿੰਡ ਬਿਲਗਾ ਤੋਂ ਗੁਜ਼ਰ ਰਹੇ ਸਨ । ਇਸ ਸਮੇਂ ਪਿੰਡ ਬਿਲਗਾ ਵਿੱਚ ਵੱਸਣ ਵਾਲੇ ਸ਼ਰਧਾਵਾਨ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਦੇ ਬੇਨਤੀ ਕਰਨ &lsquoਤੇ ਕੁਝ ਅਰਸੇ ਲਈ ਗੁਰੂ ਸਾਹਿਬ ਨੇ ਪੜਾਅ ਕੀਤਾ ਸੀ । ਸਮੁੱਚੇ ਪਿੰਡ ਵਾਸੀਆਂ ਨੇ ਗੁਰੂ ਸਾਹਿਬ ਅਤੇ ਬਰਾਤ ਦੀ ਆਉ ਭਗਤ ਅਤੇ ਸੇਵਾ ਬੜੀ ਸ਼ਰਧਾ ਤੇ ਪ੍ਰੇਮ ਨਾਲ ਕੀਤੀ । ਇਤਿਹਾਸਕ ਹਵਾਲਿਆਂ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪੜਾਅ ਦੌਰਾਨ ਇਸ਼ਨਾਨ ਤੋਂ ਬਾਅਦ ਪਹਿਨਣ ਵਾਲੇ ਬਸਤਰ ਬਦਲੇ ਸਨ । ਇਸ ਸਮੇਂ ਗੁਰੂ ਸਾਹਿਬ ਦੇ ਨਾਲ ਆਏ ਸੰਗੀ ਬਰਾਤੀਆਂ ਵਿੱਚ ਆਏ ਭਾਈ ਸੱਤਾ ਜੀ ਅਤੇ ਭਾਈ ਬਲਵੰਤ ਜੀ ਨੇ ਧੁਰ ਕੀ ਬਾਣੀ ਦਾ ਕੀਰਤਨ ਵੀ ਕੀਤਾ ।
ਪਿੰਡ ਵਾਸੀਆਂ ਨੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਕਿ ਸਾਡੀਆਂ ਕੱਚੀਆਂ ਕੱਖਾਂ ਕਾਨਿਆਂ ਦੀਆਂ ਕੁੱਲੀਆਂ ਹਰ ਸਾਲ ਅੱਗ ਨਾਲ ਸੜ ਕੇ ਤਬਾਹ ਹੋ ਜਾਂਦੀਆਂ ਹਨ । ਕਈ ਵਾਰ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋ ਜਾਂਦੀਆਂ ਹਨ । ਤੁਸੀਂ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਹੋ ਸਾਡੇ ਤੇ ਕ੍ਰਿਪਾ ਕਰੋ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ, ਸ੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਤੇ ਸ਼ਹਿਰ ਤੋਂ ਇਲਾਵਾ, ਛੇਹਰਟਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ (ਜਲੰਧਰ), ਸ੍ਰੀ ਹਰਗੋਬਿੰਦਪੁਰ ਆਦਿ ਸ਼ਹਿਰਾਂ ਤੇ ਨਗਰਾਂ ਦੀ ਉਸਾਰੀ ਕਰਵਾਈ, ਨੇ ਬਚਨ ਕੀਤਾ ਸਮਾਂ ਆਉਣ &lsquoਤੇ ਸ੍ਰੀ ਅਕਾਲ ਪੁਰਖ ਦੇ ਹੁਕਮ ਮੁਤਾਬਕ ਵੱਡਾ ਪਿੰਡ/ਨਗਰ ਵੱਸੇਗਾ । ਅੱਜ ਪਿੰਡ ਬਿਲਗਾ ਦੀਆਂ ਸਤ ਪੱਤੀਆਂ ਹਨ । ਪੰਜਾਬ ਦਾ ਵੱਡਾ ਪਿੰਡ ਹੋਣ ਕਰਕੇ ਹਜ਼ਾਰਾਂ ਲੋਕ ਦੇਸ਼-ਵਿਦੇਸ਼ ਵਿੱਚ ਚੰਗਾ ਕਾਰੋਬਾਰ ਕਰ ਰਹੇ ਹਨ ।
ਗੁਰੂ ਸਾਹਿਬ ਦਾ ਵਿਆਹ ਮਾਤਾ ਗੰਗਾ ਜੀ ਨਾਲ 1589 ਈ: ਵਿੱਚ ਹੋਇਆ, ਪਿੰਡ ਬਿਲਗਾ ਜਿਥੇ ਗੁਰੂ ਸਾਹਿਬ ਬਰਾਤ ਸਮੇਤ ਠਹਿਰੇ, ਉਸੇ ਪਵਿੱਤਰ ਅਸਥਾਨ ਤੇ ਸਿੱਖ ਸੰਗਤ ਨੇ ਸ਼ਰਧਾ ਸਹਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਾਰੀ ਕੀਤੀ । ਜਿਥੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀਆਂ ਰਸਮਾਂ ਮਾਤਾ ਗੰਗਾ ਜੀ ਨਾਲ ਸੰਪੂਰਨ ਹੋਈਆਂ, ਉਥੇ ਵੀ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਤੇ ਪਿੰਡ ਮੌ-ਸਾਹਿਬ ਵਿੱਚ ਵੀ ਸੁਸ਼ੋਭਿਤ ਹੈ । ਬਿਲਗਾ ਪਿੰਡ ਦੇ ਵਿੱਚਕਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਭਾਇਮਾਨ ਹੈ । ਦੱਸਿਆ ਜਾਂਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਇਸ ਪਵਿੱਤਰ ਅਸਥਾਨ ਦੇ ਨਾਂਅ ਜਗੀਰ ਵੀ ਲੱਗਵਾਈ । ਅੱਜ ਕੱਲ੍ਹ ਇਸ ਬਿਲਗਾ ਦੇ ਇਸ ਗੁਰਦੁਆਰਾ ਸਾਹਿਬ ਅਤੇ ਮੌ-ਸਾਹਿਬ (ਮਾਉ-ਸਾਹਿਬ) ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ । ਗੁ: ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਵਿਖੇ ਗੁਰੂ ਸਾਹਿਬ ਜੀ ਦੀਆਂ ਸਰੀਰਕ ਛੋਹ ਪ੍ਰਾਪਤ ਪਵਿੱਤਰ ਬਸਤਰ, ਕੁੜਤਾ, ਪਜਾਮਾ, ਸਿਮਰਨਾ, ਸੇਲੀ-ਟੋਪੀ, ਚੰਦਨ ਦੀ ਚੌਕੀ ਆਦਿ ਸੁਸ਼ੋਭਿਤ ਹਨ । ਇਨ੍ਹਾਂ ਦੇ ਦਰਸ਼ਨ ਸਮੇਂ-ਸਮੇਂ ਕਰਵਾਏ ਜਾਂਦੇ ਹਨ । ਪ੍ਰਵਾਸੀ ਭਾਰਤੀ ਇਲਾਕੇ ਦੀ ਸੰਗਤ ਦੇ ਉੱਦਮ ਨਾਲ ਮਾਹਿਰਾਂ ਦੇ ਸਹਿਯੋਗ ਨਾਲ ਇਨ੍ਹਾਂ ਵਸਤੂਆਂ ਦੀ ਸਾਂਭ ਸੰਭਾਲ ਵਿਗਿਆਨਕ ਢੰਗ ਨਾਲ ਸੁਚੱਜੀ ਤਰ੍ਹਾਂ ਕੀਤੀ ਜਾਂਦੀ ਹੈ । ਗੁਰੂ ਸਾਹਿਬ ਦੀ ਬਰਾਤ ਵਿੱਚ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਭਾਈ ਸੰਗ ਜੀ, ਸਾਂਈ ਮੀਆਂ ਮੀਰ ਜੀ, ਭਾਈ ਮੰਝ ਜੀ, ਭਾਈ ਸਾਹਲੋ ਆਦਿ ਵਰਗੀਆਂ ਅਨੇਕਾਂ ਆਤਮ-ਰਸੀ ਪਵਿੱਤਰ ਰੂਹਾਂ ਦੇ ਮਾਲਕ ਗੁਰਸਿੱਖ ਵੀ ਸ਼ਾਮਿਲ ਸਨ ।
ਇਸ ਪਵਿੱਤਰ ਅਸਥਾਨ &lsquoਤੇ ਹਰ ਸਾਲ ਵਿਆਹ ਪੁਰਬ ਦੇ ਸਬੰਧ ਵਿੱਚ 18 ਤੋਂ 20 ਹਾੜ ਨੂੰ ਤਿੰਨ ਦਿਨਾਂ ਸਲਾਨਾ ਜੋੜ-ਮੇਲਾ ਹੁੰਦਾ ਹੈ । ਇਸ ਤੋਂ ਅਗਲੇ ਤਿੰਨ ਦਿਨ ਮੌ-ਸਾਹਿਬ ਵਿਖੇ ਵੀ ਵਿਆਹ ਪੁਰਬ ਦੇ ਸਮਾਗਮ ਹੁੰਦੇ ਹਨ । ਲਗਾਤਾਰ ਧਾਰਮਿਕ ਦੀਵਾਨ ਸਜਦੇ ਹਨ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਵਾਰ ਵੀ ਤਿੰਨ ਜੁਲਾਈ ਦੀ ਰਾਤ ਨੂੰ ਸੋਦਰ ਰਹਿਰਾਸ ਜੀ ਦੇ ਪਾਠ ਤੋਂ ਉਪਰੰਤ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ । ਇਸੇ ਰਾਤ ਅੰਮ੍ਰਿਤ ਵੇਲੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਵੀ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਰਾਤ ਭਰ ਪੰਥ ਪ੍ਰਸਿੱਧ ਜਥੇ ਪਾਵਨ ਬਾਣੀ ਦੇ ਕੀਰਤਨ ਨਾਲ ਸੰਗਤ ਨੂੰ ਸਰਸ਼ਾਰ ਕਰਦੇ ਹਨ । ਇਹ ਕਾਰਜ ਪਿੰਡ ਵਾਸੀਆਂ, ਇਲਾਕਾ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਸਹਿਯੋਗ ਨਾਲ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ (ਜੋ ਇਸੇ ਪਿੰਡ ਦੇ ਜੰਮਪਲ ਹਨ) ਦੁਆਰਾ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਹੋਰ ਸਮਾਜ ਸੇਵੀ ਕਾਰਜਾਂ ਵਿੱਚ ਲੋੜ-ਵੰਦ ਪਰਿਵਾਰਾਂ ਵਿੱਚ ਮੁਫ਼ਤ ਰਾਸ਼ਨ, ਲੋੜ-ਵੰਦ ਬੱਚਿਆਂ ਦੀ ਪੜ੍ਹਾਈ ਆਦਿ ਕਾਰਜ ਵੀ ਕੀਤੇ ਜਾਂਦੇ ਹਨ । ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਲਗਾਤਾਰ ਦੀਵਾਨ ਸਜਦਾ ਹੈ । ਲੰਗਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵਿਆਹ ਪੁਰਬ ਜਾਣ ਕੇ ਸੰਗਤ ਦੀ ਸੇਵਾ ਲਈ ਤਿਆਰ ਕਰਕੇ ਵਰਤਾਏ ਜਾਂਦੇ ਹਨ । ਪਿੰਡ ਬਿਲਗਾ ਅਤੇ ਮੌ-ਸਾਹਿਬ ਵਿਖੇ ਲਗਾਤਾਰ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਗੁਰੂ-ਘਰਾਂ ਵਿੱਚ ਸੰਗਤ ਹਾਜ਼ਰੀ ਭਰਦੀ ਹੈ । ਹਰ ਸਾਲ ਇਹ ਸਮਾਗਮ ਯਾਦਗਾਰੀ ਹੋ ਨਿਬੜਦਾ ਹੈ ।
-ਭਗਵਾਨ ਸਿੰਘ ਜੌਹਲ