image caption: ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪ੍ਹੌਂਚੇ

                               

*ਸੁਖਬੀਰ ਬਾਦਲ ਦੀ ਅਗਵਾਈ ਕਬੂਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਪਰਮਿੰਦਰ ਸਿੰਘ ਢੀਂਡਸਾ
-ਮੱਝ ਲੈ ਦੇ ਮੈਨੂੰ ਬਾਬਲਾ, ਮੈਂ ਜੇਠ ਦੀ ਲੱਸੀ ਨਹੀਂ ਪੀਣੀ।
*ਦਿੱਲੀ ਤੋਂ ਆਏ &lsquoਆਪ&rsquo ਦੇ ਸਾਰੇ ਭ੍ਰਿਸ਼ਟ ਆਗੂਆਂ ਨੇ ਪੰਜਾਬ &lsquoਚ ਡੇਰੇ ਲਾਏ- ਦਿੱਲੀ ਦੀ ਮੁੱਖ ਮੰਤਰੀ
-ਮੇਰੀ ਸੇਜ &lsquoਤੇ ਬਹਿ ਗਿਆ ਨੀ, ਉਹ ਰਾਂਝਣ ਮੱਲੋਜ਼ੋਰੀ।
*ਜੀ-7 ਸੰਮੇਲਨ ਵਿਚੇ ਛੱਡ ਕੇ ਅਮਰੀਕਾ ਪਰਤੇ ਰਾਸ਼ਟਰਪਤੀ ਟਰੰਪ- ਇਕ ਖ਼ਬਰ
-ਛੱਡ ਮਿੱਤਰ ਫੁਲਕਾਰੀ, ਹਾਕਾਂ ਘਰ ਵੱਜੀਆਂ।
*ਇਰਾਨ ਇਜ਼ਰਾਈਲ ਦੀ ਜੰਗ ਜਾਰੀ ਰਹੀ ਤਾਂ ਭਾਰਤੀਆਂ ਦੀ ਜੇਬ &lsquoਤੇ ਕਾਫ਼ੀ ਭਾਰੀ ਪਵੇਗੀ- ਇਕ ਖ਼ਬਰ
-ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ।
*ਪਾਕਿ ਫੌਜ ਮੁਖੀ ਮੁਨੀਰ ਦੀ ਮੇਜ਼ਬਾਨੀ ਕਰੇਗਾ ਟਰੰਪ- ਇਕ ਖ਼ਬਰ
-ਨਵੇਂ ਨਵੇਂ ਮਿੱਤ, ਪੁਰਾਣੇ ਕੀਹਦੇ ਚਿੱਤ।
*ਸਵਿਸ ਬੈਂਕਾਂ &lsquoਚ ਭਾਰਤੀਆਂ ਦਾ ਪੈਸਾ ਤਿੰਨ ਗੁਣਾ ਵਧਿਆ- ਇਕ ਖ਼ਬਰ
-ਗੇਅਰ ਪੁੱਠਾ ਪੈ ਗਿਆ, ਪੈਸਾ ਆਉਣ ਦੀ ਬਜਾਇ ਜਾਣ ਲੱਗ ਪਿਆ।
*ਇਰਾਨ ਆਤਮ ਸਮਰਪਣ ਨਹੀਂ ਕਰੇਗਾ- ਖਾਮੇਨਾਈ
-ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
*ਖਾਮੇਨੇਈ ਦੇ ਖ਼ਾਤਮੇ ਦਾ ਵਕਤ ਆ ਗਿਆ ਹੈ- ਨੇਤਨਯਾਹੂ
-ਨਾ ਰਹੇ ਬਾਂਸ ਤੇ ਨਾ ਵੱਜੇ ਬੰਸਰੀ।
*36 ਹੋਰ ਦੇਸ਼ਾਂ ਦੀ ਐਂਟਰੀ ਅਮਰੀਕਾ ਲਈ ਹੋਵੇਗੀ ਬੰਦ- ਇਕ ਖ਼ਬਰ
-ਗਲ਼ੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।
*ਰੋਜ਼ੀ-ਰੋਟੀ ਚਲਾਉਣ ਲਈ ਕੁਝ ਤਾਂ ਕਰਨਾ ਜ਼ਰੂਰੀ ਹੈ- ਨਵਜੋਤ ਸਿੱਧੂ
-ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ।
*ਇਰਾਨ ਵਲੋਂ ਪ੍ਰਮਾਣੂੰ ਬੰਬ ਨਾ ਬਣਾਏ ਜਾਣ ਦੀ ਖ਼ੁਫ਼ੀਆ ਜਾਣਕਾਰੀ ਟਰੰਪ ਵਲੋਂ ਰੱਦ- ਇਕ ਖ਼ਬਰ
-ਚੰਦਰਾ ਸ਼ੌਕੀਨ ਹੋ ਗਿਆ, ਤੇੜ ਲਾ ਕੇ ਖੱਦਰ ਦਾ ਸਾਫ਼ਾ।
*ਕਾਂਗਰਸ ਦੇ ਕੁਝ ਆਗੂਆਂ ਤੋਂ ਮੇਰੀ ਰਾਇ ਵੱਖ ਹੈ- ਸ਼ਸ਼ੀ ਥਰੂਰ
-ਪਿਛਾਂਹ ਨੂੰ ਗੱਡੀ ਮੋੜ ਬਾਬਲਾ, ਮੇਰੇ ਹਾਣ ਦਾ ਮੁੰਡਾ ਨਾ ਕੋਈ।
*ਗਾਜ਼ਾ ਤੇ ਇਰਾਨ ਬਾਰੇ ਸਰਕਾਰ ਦੀ ਚੁੱਪ ਰੜਕਦੀ ਹੈ- ਸੋਨੀਆਂ ਗਾਂਧੀ
-ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ।
*ਪਾਕਿਸਤਾਨ ਨੇ ਨੋਬੇਲ ਪੁਰਸਕਾਰ ਲਈ ਟਰੰਪ ਨੂੰ ਕੀਤਾ ਨਾਮਜ਼ਦ- ਇਕ ਖ਼ਬਰ
-ਮਿੱਤਰਾਂ ਦੀ ਜਾਕਟ &lsquoਤੇ, ਘੁੰਡ ਕੱਢ ਕੇ ਬੂਟੀਆਂ ਪਾਵਾਂ।
*ਅਸੀਂ ਇਰਾਨ &lsquoਤੇ ਅਮਰੀਕੀ ਹਮਲੇ &lsquoਚ ਸ਼ਾਮਲ ਨਹੀਂ ਪਰ ਸਾਨੂੰ ਪਹਿਲਾਂ ਤੋਂ ਜਾਣਕਾਰੀ ਸੀ- ਬ੍ਰਿਟੇਨ
-ਘੁੰਡ ਕੱਢਦੀ ਤਵੀਤ ਨੰਗਾ ਰੱਖਦੀ, ਛੜਿਆਂ ਦੀ ਹਿੱਕ ਲੂਹਣ ਨੂੰ।
ਨਿਰਮਲ ਸਿੰਘ ਕੰਧਾਲਵੀ