ਦਿਲਜੀਤ ਦੁਸਾਂਝ ਦੀ ਸਰਦਾਰ ਜੀ -3
ਵਾਦ ਵਿਵਾਦ ਪਾਕਿਸਤਾਨੀ ਹੀਰੋਇਨ ਦਾ ਨਹੀਂ ਬਲਕਿ ਮੂੱਦੇ ਦੀ ਜੜ੍ਹ ਈਰਖਾ ਦਾ ਸਾੜਾ ਹੈ| ਦਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀ 3 ਪਾਕਿਸਤਾਨੀ ਹੀਰੋਇਨ ਹਾਨੀਆ ਆਮਿਰ ਨੂੰ ਲੈ ਕੇ ਕਥਿਤ ਵਾਦ ਵਿਵਾਦ ਜੋਰਾਂ ਤੇ ਹੈ| ਭਾਰਤ ਵਿਚ ਇਹ ਫਿਲਮ ਬੈਨ ਕੀਤੀ ਜਾ ਚੁੱਕੀ ਹੈ ਜਦ ਕਿ ਪੂਰੇ ਵਿਸ਼ਵ ਵਿਚ ਇਹ ਫਿਲਮ ਕੱਲ੍ਰ ਰਿਲੀਜ ਹੋ ਚੁੱਕੀ ਹੈ ਤੇ ਸਿਨੇਮਿਆਂ ਵਿਚ ਚੱਲ ਰਹੀ ਹੈ|
ਵਿਵਾਦ ਇਸ ਗੱਲੋਂ ਸ਼ੁਰੂ ਹੋਇਆ ਕਿ ਇਸ ਫਿਲਮ ਵਿਚ ਹੀਰੋਇਨ ਵਜੋਂ ਪਾਕਿਸਤਾਨੀ ਕਲਾਕਾਰ ਹਾਨੀਆਂ ਆਮਿਰ ਨੂੰ ਕਿਓਂ ਲਿਆ ਗਿਆ? ਦੋਸ਼ ਇਹ ਲਾਇਆ ਗਿਆ ਕਿ ਪਾਕਿਸਤਾਨੀ ਅੱਤਵਾਦੀਆਂ ਨੇ ਬੀਤੀ 22 ਅਪਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿਚ ਹਮਲਾ ਕਰਕੇ 28 ਭਾਰਤੀ ਸੈਲਾਨੀਆ ਮਾਰ ਮੁਕਾਇਆ ਜਿਸ ਦੋ ਬਹਾਨੇ ਭਾਰਤ ਨੇ ਪਾਕਿਸਤਾਨ ਉੱਤੇ ਬੀਤੀ 7 ਮਈ ਨੂੰ ਹਮਲਾ ਵੀ ਕੀਤਾ|
ਗੱਲ ਨੂੰ ਅੱਗੇ ਤੋਰਦਿਆਂ ਬਾਲੀਵੁੱਡ ਦੇ ਸੁਪਰਸਿੱਧ ਫਿਲਮ ਲੇਖਕ ਤੇ ਗੀਤਕਾਰ ਜਨਾਬ ਜਵੇਦ ਅਖਤਰ ਦਾ ਇਕ ਬਿਆਨ ਇਥੇ ਕਾਬਲੇ ਗੌਰ ਹੈ| ਉਹਨਾ ਦਾ ਕਹਿਣਾ ਹੈ ਕਿ, ਇਸ ਫਿਲਮ ਨੂੰ ਚੱਲਣ ਦੇਣਾ ਚਾਹੀਦਾ ਹੈ ਕਿਉਕਿ ਜਿਸ ਵੇਲੇ ਫਿਲਮ ਬਣੀ ਹੈ , ਉਸ ਵੇਲੇ ਦੋਵਾਂ ਮੁਲਕਾਂ ਦੇ ਹਾਲਾਤ ਬਿਲਕੁਲ ਨਾਰਮਲ ਸਨ| ਪਰ ਫਿਲਮ ਨੂੰ ਪੂਰੇ ਭਾਰਤ ਵਿਚ ਬੈਨ ਕਰ ਦਿੱਤਾ ਗਿਆ| ਇਥੇ ਸਵਾਲ ਪੈਦਾ ਇਹ ਹੁੰਦਾ ਹੈ ਕਿ ਹਾਨੀਆ ਆਮਿਰ ਨੇ ਭਾਰਤ ਉਤੇ ਕਿਹੜੀਆਂ ਮਿਜਾਇਲਾਂ ਦਾਗੀਆਂ, ਉਹ ਤਾਂ ਜਿਸ ਤਰਾਂ ਭਾਰਤ ਅਤੇ ਪਾਕਿਸਤਾਨ ਦੇ ਬਾਕੀ ਆਮ ਸ਼ਹਿਰੀ ਹਨ ਤੇ ਉਹਨਾ ਦਾ ਕੋਈ ਕਸੂਰ ਨਹੀਂ ਉਸੇ ਤਰਾਂ ਉਹ ਹੈ|
ਦੂਜੀ ਗੱਲ ਇਹ ਕਿ ਕਲਾਕਾਰਾਂ ਨੂੰ ਸਰਹੱਦਾਂ ਦੀ ਵਲਗਣ ਵਿਚ ਵੰਡਣਾ ਕਿੰਨਾ ਕੁ ਜਾਇਜ ਹੈ? ਮੇਰੀ ਜਾਚੇ ਇਹ ਤਾਂ ਮੂਰਖਤਾ ਦੀ ਇੰਤਹਾ ਹੈ ਤੇ ਭਾਰਤ ਸਰਕਾਰ ਨੇ ਦਲਜੀਤ ਦੀ ਫਿਲਮ ਉੱਤੇ ਬੈਨ ਲਗਾ ਇਹ ਸਭ ਕੁੱਝ ਆਪ ਹੀ ਸਾਬਤ ਕਰ ਦਿੱਤਾ ਹੈ|
ਦਰਅਸਲ ਗੱਲ ਇਹ ਨਹੀਂ ਕਿ ਹਾਨੀਆ ਆਮਿਰ ਨੂੰ ਫਿਲਮ ਦੀ ਹੀਰੋਇਨ ਕਿਓਂ ਬਣਾਇਆ ਗਿਆ, ਬਲਕਿ ਵਿਚਲੀ ਗੱਲ ਇਹ ਹੈ ਕਿ ਦਲਜੀਤ ਦੁਸਾਂਝ ਪੰਜਾਬੀ ਹੈ, ਪੱਗ ਬੰਨ੍ਹਦਾ ਹੈ, ਪੰਜਾਬੀ ਪਹਿਰਾਵਾ ਪਹਿਨਦਾ ਹੈ, ਬਾਲੀਵੁੱਡ ਦਾ ਝੋਲੀ ਚੁੱਕ ਨਹੀਂ, ਇਸ ਸਮੇਂ ਉਹ ਵੱਡਾ ਸਟਾਰ ਹੈ, ਉਸ ਦੇ ਸ਼ੋਆਂ ਵਿਚ ਦਰਸ਼ਕਾਂ ਦੀ ਸੱਖਿਆ ਲੱਖਾਂ ਵਿਚ ਹੁੰਦੀ ਹੈ ਤੇ ਬੌਲੀਵੁੱਡ ਦੇ ਬਹੁਤਿਆਂ ਲੱਠਮਾਰਾਂ ਨੂੰ ਇਹ ਸਭ ਕੁੱਝ ਹਜਮ ਨਹੀਂ ਹੋ ਰਿਹਾ, ਪੰਜਾਬੀ ਪਹਿਰਾਵੇ ਵਿਚ ਸਟੇਜ &rsquoਤੇ ਜਾ ਕੇ ਜਦ ਉਹ ਆ ਗਏ ਪੰਜਾਬੀ ਓਏ ਕਹਿੰਦਾ ਹੈ ਤਾਂ ਬਾਲੀਵੁੱਡ ਦੇ ਵੱਡੇ ਵੱਡੇ ਸਟਾਰਾਂ ਦੀ ਧਰਨ ਹਿੱਲ ਜਾਂਦੀ ਹੈ|
ਕਹਿਣ ਦਾ ਭਾਵ ਇਹ ਹੈ ਕਿ ਅਸਲ ਵਿਚ ਸਰਦਾਰ ਜੀ 3 ਫਿਲਮ ਦਾ ਮਸਲਾ ਨਹੀਂ, ਬਲਕਿ ਮਸਲਾ ਇਹ ਹੈ ਕਿ ਉਹ ਆਪਣੀਆਂ ਸਟੇਜਾਂ ਉੱਤੇ ਆ ਗਏ ਪੰਜਾਬੀ ਓਏ ਦੀ ਬਜਾਏ ਆ ਗਏ ਭਾਰਤੀ ਓਏ ਕਿਓਂ ਨਹੀਂ ਬੋਲਦਾ, ਆਪਣੀਆਂ ਬਹੁਤੀਆਂ ਫਿਲਮਾਂ ਸਿੱਖ ਵਿਰਸੇ ਬਾਰੇ ਹੀ ਕਿਓਂ ਬਣਾਉਂਦਾ? ਸਿਰ &rsquoਤੇ ਪੱਗ ਕਿਓਂ ਬੰਨ੍ਹਦਾ? ਬਾਲੀਵੁੱਡ ਦੇ ਫਿਲਮੀ ਡਾਇਰੈਕਟਰਾਂ ਦਾ ਪਾਣੀ ਕਿਓਂ ਨਹੀਂ ਭਰਦਾ?  ਮੀਕਾ ਸਿੰਘ ਤੇ ਗੁਰੂ ਰੰਧਾਵੇ ਵਾਂਗ ਉਹਨਾਂ ਦਾ ਪਿੱਠੂ ਤੇ ਝੋਲੀ ਚੁੱਕ ਕਿਓਂ ਨਹੀਂ ਬਣਦਾ, ਉਹ ਸਿਰਫ ਪੰਜਾਬੀ ਸੱਭਿਆਚਾਰ, ਪੰਜਾਬੀਅਤ ਤੇ ਸਿੱਖ ਵਿਰਸੇ ਨੂੰ ਹੀ ਪਰੋਮੇਟ ਕਿਓਂ ਕਰਦਾ?
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਉਸ ਨੂੰ ਮਿਲਦਾ ਹੈ ਤਾਂ ਓਹੀ ਦਲਜੀਤ ਦੁਸਾਂਝ ਨਫਰਤੀਆਂ ਵਾਸਤੇ ਚੰਗਾ ਹੁੰਦਾ ਹੈ ! ਜਦੋਂ ਕਿਸਾਨ ਮੋਰਚੇ ਦੀ ਹਿਮਾਇਤ ਕਰਦਾ ਹੈ ਤਾਂ ਉਸ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ|
ਪਹਿਲਗਾਮ ਕਾਂਡ ਕਿਸ ਨੇ ਕਰਵਾਇਆ ਤੇ ਕਿਸ ਨੇ ਕੀਤਾ, ਅਜੇ ਤੱਕ ਇਸ ਦਾ ਖੁਰਾ ਨਹੀਂ ਨੱਪਿਆ ਗਿਆ, ਬਿਨਾ ਕਿਸੇ ਠੋਸ ਅਧਾਰ ਦੇ ਪਾਕਿਸਤਾਨ ਵੱਲ ਉੰਗਲ ਚੁੱਕ ਦਿੱਤੀ ਗਈ, ਹਮਲਾ ਵੀ ਕਰ ਦਿੱਤਾ ਤੇ ਡੋਨਾਲਡ ਟਰੰਪ ਦੀ ਮਾਰਫਤ ਪਾਕਿਸਤਾਨ ਨਾਲ ਜੰਗਬੰਦੀ ਵਾਲਾ ਸਮਝੌਤਾ ਵੀ ਕਰ ਲਿਆ|
ਪੁਲਵਾਮਾ ਵਾਲੇ ਕਾਂਡ ਦਾ ਅੱਜ ਤੱਕ ਕੀ ਬਣਿਆ? ਉੜੀ ਕਾਂਡ ਵਾਸਤੇ ਕੌਣ ਜਿੰਮੇਵਾਰ ਰਿਹਾ? ਦਰਅਸਲ ਲੋਕਾਂ ਦਾ ਧਿਆਨ ਅਸਲ ਮੁੰਦੇ ਤੇਂ ਭਟਕਾਉਣ ਵਾਸਤੇ ਇਸ ਤਰਾਂ ਦੀਆਂ ਬਿਨਾ ਸਿਰ ਪੈਰ ਵਾਲੀਆਂ ਕਾਰਵਾਈਆਂ ਭਾਜਪਾ ਸਰਕਾਰ ਵਲੋਂ ਕਥਿਤ ਰੂਪ ਵਿਚ ਪਹਿਲਾਂ ਵੀ ਕੀਤੀਆਂ ਗਈਆਂ ਤੇ ਹੁਣ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਰਕਾਰ ਲੋਕਾਂ ਦੇ ਅਸਲ ਮਸਲਿਆਂ ਦੀ ਜਵਾਬਦੇਹੀ ਤੋਂ ਬਚਕੇ ਆਪਣੀ ਕੁਰਸੀ ਤੇ ਚੌਧਰ ਨੂੰ ਬਹਾਲ ਰੱਖ ਸਕੇ|
ਇਸ ਵਿਚ ਕੋਈ ਸ਼ੱਕ ਨਹੀਂ ਕਿ ਦਲਜੀਤ ਨੇ ਆਪਣੀ ਕਲਾ ਦੇ ਬਲਬੂਤੇ ਆਪਣੇ ਨਾਮ ਦੇ ਨਾਲ ਨਾਲ ਪੰਜਾਬੀਆ ਦਾ ਨਾਮ ਵੀ ਸੰਸਾਰ ਭਰ ਵਿਚ ਫਖਰ ਨਾਲ ਉੱਚਾ ਕੀਤਾ ਹੈ ਤੇ ਇਸ ਦੇ ਨਾਲ ਹੀ ਸਿੱਖਾਂ ਦੀਆਂ ਸੰਸਾਰ ਪੱਧਰ &rsquoਤੇ ਮਾਨਵਤਾ ਹਿੱਤ ਕੀਤੀਆਂ ਘਾਲਣਾਵਾਂ ਤੇ ਕੁਰਬਾਨੀਆਂ ਨੂੰ ਮੁੜ ਤੋਂ ਲੋਕਾਂ ਦੇ ਧਿਆਨ ਵਿਚ ਲਿਆਦਾ|
ਉਸ ਦੀ ਜਿਸ ਫਿਲਮ ਦਾ ਵਿਰੋਧ ਇਸ ਸਮੇਂ ਕੀਤਾ ਜਾ ਰਿਹਾ, ਉਸ ਦਾ ਉਹ ਸਿਰਫ ਹੀਰੋ ਹੈ, ਪਰੋਡਿਊਸਰ ਜਾਂ ਡਾਇਰੈਕਟਰ ਨਹੀਂ, ਪਰ ਫਿਰ ਵੀ ਟਾਰਗੇਟ ਉਤੇ ਦਲਜੀਤ ਦੁਸਾਂਝ ਹੈ, ਅਜਿਹਾ ਕਿਓਂ? ਇਸ ਦਾ ਸਿੰਧਾ ਜਿਹਾ ਕਾਰਨ ਹੈ ਕਿ ਹੇਟਰਾਂ ਤੋਂ ਉਸ ਦੀ ਪ੍ਰਸਿੱਧੀ ਨਹੀਂ ਝੱਲ ਹੁੰਦੀ ਤੇ ਨਾ ਹੀ ਉਸ ਵਰਗਾ ਪੰਜਾਬੀ ਪੁੱਤਰ ਬਣਿਆ ਜਾਂਦਾ ਹੈ ਤੇ ਜਦੋਂ ਅਜਿਹਾ ਹੋਵੇ ਤਾਂ ਫਿਰ ਅਜਿਹੇ ਸੋਚ ਪੱਖੋਂ ਪਛੜੇ ਹੋਏ ਲੋਕ ਆਪਣਾ ਬਹੁਤਾ ਧਿਆਨ ਸਫਲ ਵਿਅਕਤੀ ਜਾਂ ਕਲਾਕਾਰ ਦੀਆਂ ਨਿਗੋਚਾਂ ਕੱਢਕੇ ਉਹਨਾਂ ਦੀ ਨਿੰਦਿਆ ਕਰਨ ਤੇ ਲੱਤਾਂ ਖਿਚਣ ਵਿਚ ਲਗਾ ਦਿੰਦੇ ਹਨ, ਇਹ ਨਿਗੋਚਾਂ ਬਿਲਕੁਲ ਇਸੇ ਤਰਾਂ ਦੀਆਂ ਹੁੰਦੀਆਂ ਹਨ ਕਿ ਜਿਵੇਂ ਕਿਸੇ ਨੂੰ ਇਹ ਕਹਿ ਦੇਈਏ ਕਿ ਰੋਟੀ ਖਾਂਦਿਆਂ ਉਸ ਦਾ ਮੂੰਹ ਕਿਓਂ ਹਿਲਦਾ ਹੈ, ਤੁਰਿਆਂ ਜਾਂਦਿਆਂ ਚਾਲ ਦਾ ਰਿਦਮ ਕਿਓਂ ਨਹੀਂ ਬਣਦਾ ਜਾਂ ਫਿਰ ਰੇਵੀਏ ਰੇਵੀਏ ਕਿਓਂ ਨਹੀਂ ਤੁਰਦਾ ਆਦਿ| ਅਜਿਹੇ ਨਫਰਤ ਦੀ ਅੱਗ ਵਿਚ ਸੜੇ ਲੋਕਾਂ ਨੇ ਕਦੇ ਆਪਣੇ ਗਿਰੇਵਾਨ ਚ ਝਾਕ ਕੇ ਨਹੀਂ ਦੇਖਿਆ ਹੁੰਦਾ ਕਿ ਆਪ ਕਿੰਨੇ ਕੁ ਪਾਣੀ ਚ ਖੜ੍ਰੇ ਹਨ !
ਸਰਦਾਰ ਜੀ 3, ਕੱਲ੍ਹ ਜਾਣੀ ਸ਼ੁਕਰਵਾਰ, ਭਾਰਤ ਨੂੰ ਛੱਡਕੇ ਪੂਰੀ ਦੁਨੀਆਂ ਵਿਚ ਰਿਲੀਜ ਹੋ ਚੁੱਕੀ ਹੈ, ਸਾਰੇ ਪਾਸਿਓਂ ਚੰਗੀਆਂ ਖਬਰਾਂ ਆ ਰਹੀਆਂ ਹਨ, ਫਿਲਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਯੋਰਪ, ਇੰਗਲੈਂਡ, ਕਨੇਡਾ, ਆਸਟਰੇਲੀਆ, ਅਮਰੀਕਾ ਆਦਿ ਚ ਵਸਦੇ ਪੰਜਾਬੀਆਂ ਵਿਚ ਇਸ ਫਿਲਮ ਨੂੰ ਦੇਖਣ ਪ੍ਰਤੀ ਬਹੁਤ ਉਤਸ਼ਾਹ ਹੈ ਜੋ ਕਿ ਫਿਲਮ ਵਿਰੋਧੀਆਂ ਦੇ ਮੂੰਹ ਉੱਤੇ ਲਫੇੜਾ ਹੀ ਮੰਨਿਆ ਜਾ ਸਕਦਾ ਹੈ|
ਇਕ ਗੱਲ ਹੋਰ ਜਿਹੜੀ ਬਹੁਤ ਖਾਸ ਰੂਪ ਵਿਚ ਸਾਹਮਣੇ ਆਈ ਹੈ, ਉਹ ਇਹ ਹੈ ਕਿ ਕੁੱਝ ਕੁ ਤੁਅਸਬੀ ਲੋਕਾਂ ਦੇ ਕਥਿਤ ਵਿਰੋਧ ਦੇ ਓਹਲੇ ਹੇਠ ਮੁਲਕ ਦੀ ਸਰਕਾਰ ਅਤੇ ਰਾਜ ਸਰਕਾਰਾਂ ਨੇ ਫਿਲਮ ਵਿਰੁੱਧ ਬੈਨ ਲਗਾ ਕੇ ਆਪਣੀ ਹੀ ਅਕਲ ਦਾ ਜਨਾਜ਼ਾ ਆਪ ਹੀ ਪੂਰੀ ਤਰਾਂ ਕੱਢ ਲਿਆ ਹੈ| ਹਾਨੀਆ ਅਤੇ ਦਲਜੀਤ ਦੋਵੇਂ ਆਪੋ ਆਪਣੇ ਮੁਲਕਾਂ ਦੇ ਸ਼ਹਿਰੀ ਹਨ, ਉਹ ਕਲਾਕਾਰ ਹਨ, ਆਪੋ ਆਪਣੇ ਖੇਤਰਾਂ ਵਿਚ ਪਰਬੁੱਧ ਹਨ , ਉਹਨਾਂ ਨੇ ਆਪਣੀ ਜਿੰਦਗੀ ਵਿਚ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ, ਇਹ ਉਹਨਾਂ ਦਾ ਨਿੱਜੀ ਮਸਲਾ ਹੈ , ਪਰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਕਈ ਗੁਰੂ ਰੰਧਾਵੇ ਤੇ ਮੀਕਾ ਸਿੰਘ ਵਰਗੇ ਉਹਨਾ ਨੂੰ ਮੁਫਤ ਤੇ ਬਿਨਾ ਮੰਗੀਆਂ ਸਲਾਹਾਂ ਦੇ ਕੇ ਆਪਣਾ ਆਪ ਹੀ ਜਲੂਸ ਕੱਢੀ ਜਾ ਰਹੇ ਹਨ|
ਰਹੀ ਗੱਲ ਸ਼ੋਸ਼ਲ ਮੀਡੀਏ ਦੀ, ਇਸ ਉੱਤੇ ਕਿਸੇ ਨੂੰ ਕੋਈ ਬੰਦਿਸ਼ ਨਹੀਂ, ਹਰ ਕੋਈ ਆਪੋ ਆਪਣੀ ਸੋਚਣੀ ਮੁਤਾਬਿਕ ਪੋਸਟਾਂ ਪਾਈ ਜਾ ਰਿਹਾ ਹੈ, ਆਪਣੀ ਡੱਫਲੀ ਤੇ ਆਪਣਾ ਰਾਗ ਅਲਾਪ ਰਿਹਾ ਹੈ| ਕੁੱਝ ਦਲਜੀਤ ਦੁਸਾਂਝ ਦੇ ਹੱਕ ਚ ਤੇ ਕੁੱਝ ਵਿਰੋਧ ਵਿਚ ਖੜ੍ਹੇ ਹਨ, ਸਭ ਦਾ ਆਪੋ ਆਪਣਾ ਏਜੰਡਾ ਹੈ, ਪਰ ਚੰਗਾ ਇਹ ਹੋਵੇਗਾ ਜੇਕਰ ਧਿਰਬਾਜੀ ਤੋ ਉਪਰ ਉੱਠਕੇ, ਫੈਨਬਾਜੀ ਦੀ ਐਨਕ ਉਤਾਰ ਕੇ ਮਸਲੇ ਦੀ ਜੜ੍ਹ ਨੂੰ ਦੇਖਿਆ ਜਾਵੇ ਤਾਂ ਇਹ ਬਿਲਕੁਲ ਸ਼ਪੱਸ਼ਟ ਹੋ ਜਾਵੇਗਾ ਕਿ ਦਲਜੀਤ ਦੁਸਾਂਝ ਤੇ ਹਾਨੀਆ ਆਮਿਰ ਦੋਵੇਂ ਚੰਗੇ ਕਲਾਕਾਰ ਹਨ, ਸਮਾਜ ਲਈ ਵਧੀਆ ਕਾਰਜ ਕਰ ਰਹੇ ਹਨ , ਸਹੀ ਦਿਸ਼ਾ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ, ਜਿਸ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਬਣਦੀ ਹੈ, ਪਰ ਭਾਰਤ ਵਿਚ ਅਜਿਹਾ ਹੋਣਾ ਸੰਭਵ ਨਹੀਂ ਹੈ| ਏਹੀ ਕਾਰਨ ਹੈ ਕਿ ਜਦ ਦਲਜੀਤ ਦੁਸਾਂਝ ਕਿਸਾਨ ਮੋਰਚੇ ਦੇ ਹੱਕ ਚ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਖਾਲਿਸਤਾਨੀ ਅਤੇ ਟੁੱਕੜੇ ਟੁੱਕੜੇ ਗੈਂਗ ਦਾ ਮੈਂਬਰ ਕਿਹਾ ਜਾਂਦਾ ਹੈ, ਜਦੋਂ ਉਹ ਅੰਤਰਰਾਸ਼ਟਰੀ ਕਿਸੇ ਗਾਲਾ ਵਿਚ ਹਿੱਸਾ ਲੈ ਕੇ ਮੁੜਦਾ ਹੈ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਉਸ ਨੂੰ ਬਾਹਾਂ ਖਿਲਾਰ ਕੇ ਮਿਲਣ ਦੀ ਇੱਛਾ ਵਿਅਕਤ ਕਰਦਾ ਹੈ, ਪਾਇਲ ਤੇ ਕੰਗਣਾ ਰਣੌਤ ਵਰਗੀਆਂ ਚਵਲ ਔਰਤਾਂ ਆਪਣੀ ਪ੍ਰਸਿੱਧੀ ਵਧਾਉਣ ਵਾਸਤੇ ਉਸ ਨਾਲ ਵਾਦ ਵਿਵਾਦ ਕਰਦੀਆਂ ਹਨ| ਇਥੇ ਰਾਹਤ ਇੰਦੋਰੀ ਦੇ ਇਕ ਸ਼ੇਅਰ ਦਾ ਜਿਕਰ ਕਰਨਾ ਬਹੁਤ ਸਾਰਥਿਕ ਜਾਪਦਾ ਹੈ ਕਿ, Tਹਮਾਰੇ ਮੂੰਹ ਸੇ ਨਿਕਲੇ, ਵੋਹ ਹੀ ਸਦਾਕਤ ਹੈ, ਹਮਾਰੇ ਮੂੰਹ ਮੇ ਤੁਮਹਾਰੀ ਜੁਬਾਨ ਥੋਹੜੀ ਹੈ| ਸਭ ਕਾ ਖੂਨ ਸ਼ਾਮਿਲ ਹੈ, ਜਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋਹੜੀ ਹੈ| 
ਅੱਜ ਭਾਰਤ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਕੋਈ ਵੀ ਕੁੱਛ ਵੀ ਬੋਲੀ ਜਾ ਰਿਹਾ ਹੈ, ਕਿਸੇ ਨੂੰ ਵੀ ਦੇਸ਼ ਭਗਤ ਤੇ ਗਦਾਰ ਗਰਦਾਨਿਆ ਐਲਾਨਿਆ ਜਾ ਰਿਹਾ ਹੈ , ਹੋਰ ਵੀ ਹੈਰਾਨੀ ਹੁੰਦੀ ਹੈ ਕਿ ਕਲਾਕਾਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਉਥੇ ਵੀ ਸੇਹ ਦਾ ਤੱਕਲਾ ਗੱਡਿਆ ਜਾ ਰਿਹਾ ਹੈ|
ਮੁਕਦੀ ਗੱਲ ਇਹ ਹੈ ਕਿ ਸਰਦਾਰ ਜੀ 3 ਦੀ ਟੀਮ ਨੇ ਫਿਲਮ ਵਿਚੋਂ ਹਾਨੀਆ ਆਮਿੋਰ ਨੂੰ ਨਾ ਬਾਹਰ ਕੱਢਣ ਦਾ ਫੈਸਲਾ ਲਿਆ ਹੈ, ਬੇਸ਼ੱਕ ਫਿਲਮ ਮੇਕਰ ਟੀਮ ਨੇ ਇਹ ਵੱਡਾ ਰਿਸਕ ਲਿਆ ਹੈ, ਪਰ ਇਹ ਨਵੀਂ ਪਿਰਤ ਪਾ ਕੇ ਇਸ ਸਦੀ ਦੇ ਫਿਲਮ ਜਗਤ ਵਿਚ ਜੱਗੋਂ ਤੇਹਰਵੀਂ ਵੀ ਕੀਤੀ ਹੈ ਤੇ ਹੱਥ ਤੇ ਸਰੋਂ ਵੀ ਜਮਾਈ ਹੈ| ਫਿਲਮ ਮੇਕਰਾਂ ਨੇ ਫਿਲਮ ਦੇ ਵਿਰੋਧੀਆਂ ਨੂੰ ਮਾਕੂਲ ਜਵਾਬ ਦਿੱਤਾ ਹੈ, ਜਿਸ ਤੋਂ ਇਹ ਸਾਬਤ ਹੋ ਗਿਆ ਕਿ ਸਰਦਾਰ ਜੀ -3 ਦਾ ਉਸ ਦੇ ਰਿਲੀਜ ਹੋਣ ਤੋਂ ਪਹਿਲਾਂ ਹੀ ਵਿਰੋਧ ਕਰਨ ਵਾਲੇ ਲੋਕ ਅਕਲੋਂ ਪੈਦਲ ਹੀ ਨਹੀਂ ਬਲਕਿ ਮਾਨਸਿਕ ਤੌਰ ਤੇ ਅਪਾਹਜ ਵੀ ਹਨ| 
ਜਿਹਨਾਂ ਸਰਕਾਰਾਂ ਨੇ ਇਸ ਫਿਲਮ ਉੱਤੇ ਬੈਨ ਆਇਤ ਕੀਤਾ ਹੈ, ਉਹਨਾਂ ਇਹ ਕਾਰਾ ਸਿਆਸੀ ਮੁਫਾਦ ਵਾਸਤੇ ਜਾਂ ਸਿਆਸੀ ਰੋਟੀਆਂ ਸੇਕਣ ਵਾਸਤੇ ਕੀਤਾ ਹੈ| ਪੂਰੇ ਵਿਸ਼ਵਾਸ ਨਾਲ ਕਹਿ ਸਕਦਾਂ ਕਿ ਦਲਜੀਤ ਦੁਸਾਂਝ ਦੀ ਇਹ ਫਿਲਮ ਭਾਰਤ ਵਿਚ ਬੈਨ ਹੋਣ ਦੇ ਬਾਵਜੂਦ ਵੀ ਸੁਪਰ ਹਿੱਟ ਹੋਵੇਗੀ, ਇਸ ਫਿਲਮ ਨੂੰ ਬਹੁਤ ਭਰਵਾਂ ਹੁੰਗਾਰਾ ਮਿਲੇਗਾ ਤੇ ਦਲਜੀਤ ਦੁਸਾਂਝ ਆਪਣੀ ਕਾਮਯਾਬੀ ਦਾ ਇਕ ਹੋਰ ਮੀਲ ਪੱਥਰ ਗੱਡੇਗਾ| ਫੇਰ ਦੁਹਰਾ ਜਾਵਾਂ ਕਿ ਇਹ ਮਸਲਾ ਅਸਲ ਰੂਪ ਵਿਚ ਫਿਲਮ ਦੀ ਪਾਕਿਸਤਾਨੀ ਹੀਰੋਇਨ ਹਾਨੀਆ ਆਮਿਰ ਦਾ ਫਿਲਮ ਵਿੱਚ ਕੰਮ ਕਰਨ ਨਾਲ ਸਬੰਧਿਤ ਨਹੀਂ ਹੈ, ਦਰਅਸਲ ਇਹ ਮਸਲਾ ਦਲਜੀਤ ਨਾਲ ਈਰਖਾ ਕਰਨ ਵਾਲੇ ਤੇ ਦੋਹਾਂ ਮੁਲਕਾਂ ਵਿਚਕਾਰ ਕੁੜੱਤਣ ਪੈਦਾ ਕਰਕੇ ਲਾਹਾ ਲੈਣ ਵਾਲੇ ਸਿਆਸੀ ਗਿੱਧਾ ਵਲੋਂ ਸਿਆਸੀ ਲਾਹਾ ਲੈਣ ਦਾ ਹੈ| ਇਹ ਉਕਤ ਦੋ ਉਹ ਕੁਰੀਤੀਆਂ ਹਨ ਜੋ ਹਰ ਵਸਦੇ ਰਸਦੇ ਸਮਾਜ ਵਿਚ ਸੇਹ ਦਾ ਤੱਕਲਾ ਗੱਡਕੇ ਪਾੜੇ ਪਾਉਂਦੀਆਂ ਹਨ ਤੇ ਨਫਰਤ ਬੀਜਦੀਆਂ ਹਨ| ਰੱਬ ਖੈਰ ਕਰੇ|
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ.)