ਭਾਈ ਖੰਡਾ ਮਾਮਲੇ 'ਚ ਆਪਸੀ ਖਾਨਾਜੰਗੀ ਖਤਰਨਾਕ, ਓਸ ਦੀ ਹੋਈ ਮੌਤ ਦੀ ਨਿਰਪੱਖ ਰਿਪੋਰਟ ਲਈ ਸੁਹਿਰਦ ਯਤਨ ਕਰਣ ਦੀ ਲੋੜ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਯੂਕੇ)

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਰ ਜਵਾਨ ਪੁੱਤਰ ਦੀ ਸ਼ਹਾਦਤ ਦਾ ਮਾਂ ਨੂੰ ਅਕਿਹ ਅਤੇ ਅਸਿਹ ਦਰਦ ਹੁੰਦਾ ਹੈ, ਸਾਰੀ ਉਮਰ ਇਹ ਕਮੀ ਪੂਰੀ ਨਹੀਂ ਹੁੰਦੀ। ਇਸ ਤੋਂ ਪਹਿਲਾਂ ਚੜ੍ਹਦੀ ਉਮਰ ਵਿੱਚ ਪਤੀ ਦੀ ਸ਼ਹਾਦਤ ਉਸਤੋਂ ਉਪਰੰਤ ਸਮੁੱਚਾ ਜੀਵਨ ਸਰਕਾਰੀ ਵਧੀਕੀਆਂ ਨਾਲ ਜੂਝਦੇ ਹੋਏ ਵੀ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੜ੍ਹਦੀ ਕਲਾ ਨਾਲ ਵਿਚਰਨ ਵਾਲੇ ਬੀਬੀ ਚਰਨਜੀਤ ਕੌਰ ਜੀ ਦੇ ਦੁੱਖ ਵਿੱਚ ਸਰੀਕ ਹੁੰਦੇ ਹੋਏ ਅਸੀਂ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਭਾਈ ਸਤਿੰਦਰ ਸਿੰਘ ਮੰਗੂਵਾਲ ਨੇ ਕਿਹਾ ਕਿ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਦੁਨੀਆਂ ਭਰ ਦੇ ਯੁਨਿਟ ਹਰ ਪ੍ਰਕਾਰ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ। ਭਾਈ ਖੰਡਾ ਦੀ ਸ਼ਹਾਦਤ ਇੰਗਲੈਂਡ ਵਿੱਚ ਹੋਈ ਹੋਣ ਕਾਰਨ ਪਾਰਟੀ ਦੇ ਯੂ. ਕੇ. ਯੁਨਿਟ ਦੇ ਸਮੂਹ ਮੈਂਬਰ ਕਿਸੇ ਵੀ ਪ੍ਰਕਾਰ ਦੀ ਜਾਂਚ ਜਾਂ ਕਾਰਵਾਈ ਵਿੱਚ ਸਹਿਯੋਗ ਕਰਨ ਲਈ ਹਰ ਸਮੇਂ ਹਾਜ਼ਰ ਹਾਂ ਅਤੇ ਅਸੀਂ ਸ: ਸਰਬਜੀਤ ਸਿੰਘ ਬਾਵਾ ਅਤੇ ਉਨ੍ਹਾ ਦੇ ਪਰਿਵਾਰ ਵੱਲੋਂ ਵੀ ਇਹੀ ਭਰੋਸਾ ਦਿਵਾਉਂਦੇ ਹਾਂ। ਭਾਈ ਅਵਤਾਰ ਸਿੰਘ ਖੰਡਾ ਇੰਗਲੈਂਡ ਯੂ. ਕੇ. ਆਉਣ ਤੋਂ ਲੈ ਕੇ ਪਾਰਟੀ ਦੇ ਯੂਥ ਵਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਅਤੇ ਬਾਅਦ ਵਿੱਚ ਸੀਨੀਅਰ ਵਿੰਗ ਵਿੱਚ ਮੁੱਖ ਬੁਲਾਰੇ ਵਜੋਂ ਆਖਰੀ ਸਮੇਂ ਤੱਕ ਸੇਵਾਵਾਂ ਨਿਭਾਉਂਦੇ ਰਹੇ। ਸ਼ਹੀਦ ਭਾਈ ਖੰਡਾ ਭਾਈ ਸਰਬਜੀਤ ਸਿੰਘ ਬਾਵਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਿੱਚ ਉਨ੍ਹਾਂ ਦੇ ਪੁੱਤਰ ਵਾਂਗ ਅਤੇ ਪਰਿਵਾਰਕ ਮੈਂਬਰ ਵਾਂਗ ਵਿਚਰਦੇ ਰਹੇ, ਜਿਸਦੇ ਅਸੀਂ ਪ੍ਰਤੱਖ ਗਵਾਹ ਹਾਂ। ਅਸੀਂ ਸਮੂਹ ਪੰਥ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਪਸੀ ਖਾਨਾਜੰਗੀ ਖਤਰਨਾਕ ਹੈ ਅਤੇ ਪੰਥ ਵਿਰੋਧੀ ਤਾਕਤਾਂ ਦੇ ਮਿਸ਼ਨਪੂਰਤੀ ਵਿੱਚ ਸਹਾਇਕ ਹੁੰਦੀ ਹੈ। ਹਰ ਪੰਥ ਦਰਦੀ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਆਪੋ-ਆਪਣਾ ਅਸਰ ਰਸੂਖ ਵਰਤਕੇ ਅਤੇ ਹਰ ਢੰਗ ਨਾਲ ਸਹਿਯੋਗ ਕਰਕੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਅਸਲ ਸੱਚ ਸਾਹਮਣੇ ਆਵੇ। ਕਿਤੇ ਇਹ ਨਾਂ ਹੋਵੇ ਕਿ ਅਸਲੀ ਦੋਸ਼ੀ ਬਚ ਨਿਕਲਣ ਤੇ ਅਸੀਂ ਆਪਸ ਵਿੱਚ ਹੀ ਈਰਖਾ, ਦਵੈਸ਼ ਅਤੇ ਕਿੜਾਂ ਕੱਢਦੇ ਰਹੀਏ ਇਹ ਸ਼ਹੀਦ ਸਿੰਘ ਦੀ ਰੂਹ ਨਾਲ ਇਨਸਾਫ ਨਹੀਂ ਹੋਵੇਗਾ।