ਸਕਾਟਲੈਂਡ ਅਤੇ ਭਾਰਤ ਵਿਚਕਾਰ ਟੈਰਿਫ ਮੁਕਤ ਵਪਾਰ ਸਮਝੌਤਾ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਯੂਕੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਇਰਾਸਵਾਮੀ ਨੇ ਸਕਾਟਲੈਂਡ ਦੇ ਰੋਸਾਈਥ ਵਿੱਚ ਮੋਵੀਂ ਫੈਕਟਰੀ ਜੋਕਿ ਸਾਲਮਨ ਮੱਛੀ ਪ੍ਰੋਸੈਸਿੰਗ ਦਾ ਯੂਕੇ ਦਾ ਸੱਭ ਤੋਂ ਵੱਡਾ ਪਲਾਂਟ ਹੈ, ਦਾ ਵਪਾਰਕ ਪੈਮਾਨਾ ਅਤੇ ਗੁਣਵੱਤਾ ਜਾਣਨ ਲਈ ਦੌਰਾ ਕੀਤਾ। ਸਕਾਟਿਸ਼ ਸਾਲਮਨ ਮੱਛੀ ਉਦਯੋਗ ਇਸ ਸਮੇਂ ਭਾਰਤ ਵਿੱਚ 33% ਟੈਰਿਫ ਦਾ ਸਾਹਮਣਾ ਕਰ ਰਿਹਾ ਹੈ, ਪਰ ਅਗਲੇ ਸਾਲ ਯੂਕੇ ਸਰਕਾਰ ਦੁਆਰਾ ਕੀਤਾ ਗਿਆ ਇੱਕ ਫ੍ਰੀ ਟੈਰਿਫ ਵਪਾਰ ਸੌਦਾ ਲਾਗੂ ਹੋਣ 'ਤੇ ਇਸਨੂੰ ਹਟਾ ਦਿੱਤਾ ਜਾਵੇਗਾ। ਅਗਲੇ ਸਾਲ ਤੋਂ 0% ਟੈਰਿਫ 'ਤੇ ਨਿਰਯਾਤ ਹੋਵੇਗਾ । ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਇਰਾਸਵਾਮੀ ਨੇ ਕਿਹਾ ਕਿ ਇਹ ਵਪਾਰ ਸਮਝੌਤਾ ਖਪਤਕਾਰਾਂ ਦੀ ਪਸੰਦ ਨੂੰ ਵਧਾਏਗਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਇਰਾਸਵਾਮੀ ਤੋਂ ਇਲਾਵਾ ਐਡਿਨਬਰਾ ਵਿੱਚ ਭਾਰਤ ਦੇ ਵਾਈਸ ਕੌਂਸਲ ਅਮਿਤ ਚੌਧਰੀ ਅਤੇ ਯੂਕੇ ਦੇ ਸਕਾਟਿਸ਼ ਸਕੱਤਰ ਇਆਨ ਮਰੇ , ਸਕਾਟਿਸ਼ ਸਾਲਮਨ ਦੇ ਵਪਾਰਕ ਵਿਕਾਸ ਪ੍ਰਬੰਧਕ ਜੈਮੀ ਮੈਕਐਲਡਾਇਨ, ਵਿਕਰੀ ਅਤੇ ਸੰਚਾਲਨ ਨਿਰਦੇਸ਼ਕ ਸਕਾਟ ਨੋਲਨ, ਬੇਨ ਹੈਡਫੀਲਡ ਮੁੱਖ ਸੰਚਾਲਨ ਅਧਿਕਾਰੀ ਫਾਰਮਿੰਗ ਸਕਾਟਲੈਂਡ ਤੇ ਆਇਰਲੈਂਡ, ਅਤੇ ਜੇਮਸ ਪਾਰਕ, ਇਨਸਾਈਟਸ ਦੇ ਮੁਖੀ ਸੈਲਮਨ ਸਕਾਟਲੈਂਡ ਵੀ ਇਸ ਦੌਰੇ ਵਿੱਚ ਸ਼ਾਮਲ ਹੋਏ, ਜਿਸ ਦੌਰਾਨ ਸਕਾਟਲੈਂਡ ਅਤੇ ਭਾਰਤ ਨੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਕਿਉਂਕਿ ਭਾਰਤ ਇੱਕ ਵੱਡੀ ਮੰਡੀ ਦੇ ਰੂਪ ਵਿੱਚ ਤੇਜ਼ੀ ਨਾਲ ਦੁਨੀਆ ਦੇ ਬਾਜ਼ਾਰ ਵਿੱਚ ਫੈਲਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੱਛੀ ਬਾਜ਼ਾਰ ਹੈ, ਜਿਸਦੀ ਘਰੇਲੂ ਵਰਤੋਂ 2021 ਵਿੱਚ ਲਗਭਗ 12 ਮਿਲੀਅਨ ਟਨ ਤੱਕ ਪਹੁੰਚ ਗਈ ਸੀ। ਭਾਰਤ ਵਿੱਚ ਹਾਲਾਂਕਿ ਜ਼ਿਆਦਾਤਰ ਮੱਛੀਆਂ ਵਰਤਮਾਨ ਵਿੱਚ ਸਥਾਨਕ ਤੌਰ 'ਤੇ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਪਰ ਆਯਾਤ ਲਈ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰ ਪ੍ਰਮੁੱਖ ਹਨ ।