ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਯਾਦ ਵਿਚ ਟੋਰਾਂਟੋ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖ਼ੇ ਅਖੰਡ ਕੀਰਤਨ ਸਮਾਗਮ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਯਾਦ ਵਿਚ ਅਖੰਡ ਕੀਰਤਨੀ ਜੱਥਾ (ਕੈਨੇਡਾ) ਵਲੋਂ ਟੋਰਾਂਟੋ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖ਼ੇ ਸਾਲਾਨਾ ਸਮਾਗਮ ਦੌਰਾਨ 3 ਜੁਲਾਈ ਤੋਂ 6 ਜੁਲਾਈ ਤਕ ਅੰਮ੍ਰਿਤਵੇਲਾ, ਆਸਾ ਕੀ ਵਾਰ, ਦਿਵਸ ਸੁਹੇਲਾ ਅਤੇ ਰੈਣ ਸਬਾਈ ਕੀਰਤਨੀ ਅਖਾੜੇ ਸਜਾਏ ਗਏ । ਇਸ ਮੌਕੇ ਦੇਸ਼ ਵਿਦੇਸ਼ ਤੋਂ ਕੀਰਤਨੀ ਸਿੰਘ, ਸਿੰਘਣੀਆਂ ਦੇ ਨਾਲ ਵਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਕੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਸੀ । ਇਸ ਮੌਕੇ ਬੀਬੀ ਹਰਕਿਰਨ ਕੌਰ ਜੀ, ਭਾਈ ਤਜਿੰਦਰਪਾਲ ਸਿੰਘ ਦੁੱਲਾ ਜੀ, ਭਾਈ ਪਰਮਿੰਦਰ ਸਿੰਘ ਜੀ, ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ, ਭਾਈ ਰਵਿੰਦਰ ਸਿੰਘ ਦਿੱਲੀ, ਭਾਈ ਹਰਪ੍ਰੀਤ ਸਿੰਘ ਜੀ ਟੋਰਾਂਟੋ ਸਮੇਤ ਕੀਰਤਨੀਆਂ ਨੇ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ । ਭਾਈ ਹਰਪ੍ਰੀਤ ਸਿੰਘ ਜੀ ਟੋਰਾਂਟੋ ਨੇ ਗੱਲਬਾਤ ਕਰਦਿਆਂ ਦਸਿਆ ਕਿ ਭਾਈ ਸਾਹਿਬ ਜੀ 1903 ਨੂੰ ਫਿਲੌਰ ਦੇ ਨੇੜੇ ਇੱਕ ਪਿੰਡ ਬਕਾਪੁਰ ਵਿੱਚ ਹੋਏ ਅੰਮਿ੍ਤ ਸੰਚਾਰ ਸਮਾਗਮ ਵਿੱਚ ਖੰਡੇ ਬਾਟੇ ਦੀ ਪਾਹੁਲ ਲੈ ਕੇ ਤਿਆਰ- ਬਰ-ਤਿਆਰ ਸਿੰਘ ਸਜ ਗਏ ਉਪਰੰਤ ਉਨ੍ਹਾਂ ਨੇ ਸਰਬ-ਲੋਹ- ਬਿਬੇਕ ਧਾਰਨ ਕਰ ਲਿਆ। ਉਨ੍ਹਾਂ ਦਸਿਆ ਕਿ ਭਾਈ ਸਾਹਿਬ ਜੀ ਇਕ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਗ਼ਦਰ ਲਹਿਰ ਦੀ ਜਾਗ ਭਾਰਤੀ ਲੋਕਾਂ ਵਿਚ ਲਾਈ ਤੇ ਅੰਗਰੇਜ਼ ਹਕੂਮਤ ਵਿਰੁੱਧ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਕੈਦ ਕੱਟਣੀ ਪਈ। ਭਾਈ ਸਾਹਿਬ ਦਾ ਜੀਵਨ ਬਹੁ-ਪੱਖੀ ਅਤੇ ਸਰਬ-ਪੱਖੀ ਸੰਪੂਰਨ ਸੀ। ਉਹ ਅਤੁੱਟ ਨਾਮ-ਅਭਿਆਸੀ, ਕੀਰਤਨ-ਰਸੀਅੜੇ, ਅਣਥੱਕ ਕੀਰਤਨੀਏ, ਕਥਨੀ ਤੇ ਕਰਨੀ ਦੇ ਸੂਰੇ, ਰਹਿਤ ਰਹਿਣੀ ਵਿਚ ਪੂਰੇ, ਸਿੱਖੀ ਸਿਦਕ ਵਿਚ ਦ੍ਰਿੜ, ਬੀਰ-ਰਸ ਭਰਭੂਰ, ਸੱਚੇ ਗੁਰਮਤਿ ਖੋਜੀ ਅਤੇ ਗੁਰਮਤਿ ਸਿਧਾਂਤਾਂ ਦੇ ਨਿਧੜਕ ਵਿਆਖਿਆਕਾਰ ਸਨ। ਆਪ ਦੀ ਅਦੁੱਤੀ ਕੁਰਬਾਨੀ ਅਤੇ ਅਧਿਆਤਮਿਕ ਉੱਚਤਾ ਕਰਕੇ ਅਨੇਕ ਗੁਰੂ-ਧਾਮਾਂ ਵਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਸਤੰਬਰ 1931 ਈ. ਨੂੰ ਜਾਰੀ ਹੋਏ ਇਕ ਹੁਕਮਨਾਮੇ ਰਾਹੀਂ ਆਪ ਦੀ ਦ੍ਰਿੜਤਾ, ਨਿਸ਼ਕਾਮ ਸੇਵਾ ਅਤੇ ਅਦੁੱਤੀ ਕੁਰਬਾਨੀ ਲਈ ਪ੍ਰਸ਼ੰਸਾ ਕੀਤੀ ਗਈ। ਅਨੇਕ ਗੁਰੂ-ਧਾਮਾਂ ਦੇ ਨੀਂਹ-ਪੱਥਰ ਰਖਣ ਲਈ ਆਪ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਕੀਤਾ ਗਿਆ। ਆਪ ਆਪਣੇ ਅੰਤ ਤਕ ਅਖੰਡ ਕੀਰਤਨ ਰਾਹੀਂ ਜਿਗਿਆਸੂਆਂ ਨੂੰ ਨਿਹਾਲ ਕਰਦੇ ਰਹੇ। ਪੰਜਾਬੀ ਸਾਹਿਤ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਗੁਰਮਤਿ ਸਾਹਿਤ ਸਿਰਜਣਾ ਹੈ। ਭਾਈ ਸਾਹਿਬ ਨੇ 40 ਦੇ ਕਰੀਬ ਰਚਨਾਵਾਂ ਲਿਖ ਕੇ ਸਿੱਖ ਸਾਹਿਤ ਦੇ ਭੰਡਾਰ ਨੂੰ ਹੀ ਨਹੀਂ ਭਰਿਆ ਸਗੋਂ ਇਨ੍ਹਾਂ ਲਿਖਤਾਂ ਦੁਆਰਾ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਸਿੱਖ ਧਰਮ ਦੇ ਪ੍ਰਚਾਰ ਦੀ ਨਿਸ਼ਕਾਮ ਸੇਵਾ ਕੀਤੀ ਹੈ। ਉਨ੍ਹਾਂ ਦੀਆਂ ਕੁਝ ਪ੍ਰਸਿੱਧ ਪੁਸਤਕਾਂ ਹੇਠ ਲਿਖੀਆਂ ਹਨ ਜੇਲ੍ਹ ਚਿੱਠੀਆਂ, ਗੁਰਮਤਿ ਗੌਰਵਤਾ, ਕਰਮ ਫਿਲਾਸਫੀ, ਗੁਰਮਤਿ ਬਿਬੇਕ, ਅਣਡਿੱਠੀ ਦੁਨੀਆ, ਰੰਗਲੇ ਸੱਜਣ, ਗੁਰਮਤਿ ਨਾਮ ਅਭਿਆਸ ਕਮਾਈ, ਗੁਰਮਤਿ ਲੇਖ, ਗੁਰਮਤਿ ਪ੍ਰਕਾਸ਼, ਗੁਰਬਾਣੀ ਦੀ ਪਾਰਸ ਕਲਾ ਹਨ।