image caption: -ਭਗਵਾਨ ਸਿੰਘ ਜੌਹਲ

ਗੁਰਪੁਰਬ ਤੇ ਵਿਸ਼ੇਸ਼, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦੁਖ ਜਾਇ ॥

ਸਰਬੰਸਦਾਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿਬ-ਦ੍ਰਿਸ਼ਟੀ ਵਿੱਚ ਅੱਠਵੇਂ ਗੁਰੂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਜਿਹੀ ਆਤਮ-ਰਸੀ ਸ਼ਖ਼ਸੀਅਤ ਦੇ ਮਾਲਕ ਸਨ, ਕਿ ਉਨ੍ਹਾਂ ਦੇ ਦਰਸ਼ਨ-ਦੀਦਾਰੇ ਹਰ ਦਰਸ਼ਨ-ਅਭਿਲਾਸ਼ੀ ਦੇ ਦੁੱਖਾਂ-ਦਲਿਦਰਾਂ ਦਾ ਨਾਸ਼ ਕਰ ਦਿੰਦੇ ਹਨ । ਸਮਕਾਲੀ ਮਹਾਨ ਵਿਦਵਾਨ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਅਜਿਹੀ ਆਤਮਿਕ ਬੱਲ ਵਾਲੀ ਹਸਤੀ ਦੇ ਮਾਲਕ ਸਨ, ਡਰਨਾ ਤੇ ਡਰਾਉਣਾ ਉਨ੍ਹਾਂ ਦੇ ਸੁਭਾਅ ਵਿੱਚ ਹੀ ਨਹੀਂ ਸੀ । ਸੱਤਵੇਂ ਪਾਤਸ਼ਾਤ ਗੁਰੂ ਹਰਿ ਰਾਇ ਸਾਹਿਬ ਜੀ ਆਪਣੇ ਸਪੁੱਤਰ ਰਾਮਰਾਇ ਬਾਰੇ ਸਿੱਖ ਜਗਤ ਨੂੰ ਸੁਚੇਤ ਕਰਦਿਆਂ ਬਚਨ ਕੀਤੇ ਸਨ, ਇਸ ਦੋਖੀ ਦੇ ਦਰਸ਼ਨ ਨਾ ਕੀਤੇ ਜਾਣ, ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦਾ ਨਿਰਾਦਰ ਕੀਤਾ ਹੈ, ਪਰ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਦੀ ਬਾਲ-ਅਵਸਥਾ ਵਿੱਚ ਹੀ ਆਤਮ-ਬਲ ਅਤੇ ਉਚੇਰੀ ਸੋਚ ਨੂੰ ਦੇਖਦਿਆਂ ਐਲਾਨ ਕਰ ਦਿੱਤਾ, ਜਿਹੜਾ ਗੁਰੂ ਹਰਿਕ੍ਰਿਸ਼ਨ ਦੇ ਦਰਸ਼ਨ ਕਰੇਗਾ ਜਾਂ ਹਿਰਦੇ ਤੋਂ ਗੁਰੂ ਹਰਿਕ੍ਰਿਸ਼ਨ ਦਾ ਧਿਆਨ ਧਰੇਗਾ, ਉਸ ਦੇ ਜਨਮਾਂ-ਜਨਮਾਂਤਰਾਂ ਦੇ ਦੁੱਖ ਦੂਰ ਹੋਣਗੇ ਅਤੇ ਉਸ ਨੂੰ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਨਸੀਬ ਹੋਵੇਗੀ ।
ਇਤਿਹਾਸਕ ਜ਼ਿਕਰ ਹੈ, ਜਦੋਂ 1661 ਈ: ਨੂੰ ਸੱਤਵੇਂ ਗੁਰੂ ਨਾਨਕ ਗੁਰੂ ਹਰਿ ਰਾਏ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਰੀਰਕ ਉਮਰ ਕੇਵਲ ਪੰਜ ਵਰ੍ਹਿਆਂ ਦੀ ਸੀ । ਸੱਤਵੇਂ ਪਾਤਸ਼ਾਹ ਨੇ ਸ੍ਰੀ ਹਰਿਕ੍ਰਿਸ਼ਨ ਜੀ ਦੇ ਸੁਭਾਅ ਭੈਅ ਅਤੇ ਭਰਮ ਤੋਂ ਮੁਕਤੀ ਵਾਲੇ ਗੁਣ ਦੇਖਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਅੱਠਵਾਂ ਵਾਰਿਸ ਨਿਯੁਕਤ ਕਰਦੇ ਸਮੇਂ ਆਪਣੀ ਜੋਤਿ ਤੇ ਜੁਗਤਿ ਟਿਕਾ ਦਿੱਤੀ । ਪਹਿਲਾਂ ਆਪ ਨੂੰ ਗੁਰੂ ਸਿੰਘਾਸਨ ਉੱਪਰ ਬਿਠਾਇਆ, ਉਪਰੰਤ ਮੱਥਾ ਟੇਕ ਕੇ ਗੁਰੂ ਰੂਪ ਵਿੱਚ ਪ੍ਰਗਟ ਕਰ ਦਿੱਤਾ । ਇਹ ਵੱਡਿਆਈ ਤੇ ਵਚਿੱਤਰ ਗੁਣ ਕੇਵਲ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਹੀ ਹੈ ਕਿ ਪੰਜ ਸਾਲ ਦੀ ਬਾਲ ਅਵਸਥਾ ਵਿੱਚ ਹੀ ਗੁਰੂ ਨਾਨਕ ਦੀ ਜੋਤਿ ਦੀ ਦਾਤ ਅਤੇ ਵੱਡਿਆਈ ਪ੍ਰਾਪਤ ਹੀ ਨਹੀਂ ਕੀਤੀ, ਸਗੋਂ ਗੁਰਤਾਗੱਦੀ ਤੇ ਬਿਰਾਜਦਿਆਂ ਸਿੱਖ ਸੋਚ, ਸਿੱਖ ਫਲਸਫ਼ਾ, ਸਿੱਖ ਸਿਧਾਂਤਾਂ &lsquoਤੇ ਪਹਿਰਾ ਦਿੰਦਿਆਂ ਸਿੱਖ ਸੰਗਤ ਤੇ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਗੁਰੂ ਵਜੋਂ ਅਗਵਾਈ ਦਿੰਦਿਆਂ, ਗੁਰੂ ਜੋਤਿ ਵਾਲੇ ਮਾਣ ਤੇ ਸਤਿਕਾਰ ਨੂੰ ਕਾਇਮ ਰੱਖਿਆ ।
ਇਤਿਹਾਸ ਦੇ ਪੰਨਿਆਂ &lsquoਤੇ ਇਸ ਗੱਲ ਦਾ ਜ਼ਿਕਰ ਵੀ ਮਿਲਦਾ ਹੈ । ਸਮਕਾਲੀ ਸਮਾਜ ਦਾ ਵਿਚਾਰ ਸੀ, ਛੋਟੀ ਅਵਸਥਾ ਦਾ ਬਾਲ ਗੁਰੂ ਕਿਵੇਂ ਹੋ ਸਕਦਾ ਹੈ ? ਅਜਿਹੀ ਸੋਚ ਸਮਕਾਲੀ ਲੋਕਾਂ ਦੀ ਸੋਚ ਸੀ ਕਿ ਪੰਜ ਸਾਲ ਦੀ ਉਮਰ ਤਾਂ ਕੇਵਲ ਬਾਲ-ਬੁੱਧੀ ਹੀ ਹੁੰਦੀ ਹੈ । ਅਨੁਭਵ ਜਾਂ ਤਜਰਬਾ ਤਾਂ ਵਡੇਰੀ ਉਮਰ ਦੇ ਲੋਕਾਂ ਕੋਲ ਹੀ ਹੁੰਦਾ ਹੈ । ਇਸ ਉਮਰ ਵਿੱਚ ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਨੂੰ ਸਮਝਣਾ ਵੀ ਕਠਿਨ ਹੁੰਦਾ ਹੈ । ਬਾਲ ਉਮਰ ਵਿੱਚ ਤਾਂ ਕੇਵਲ ਸੁਰਤ, ਮਨ, ਬਲ ਦਾ ਵਿਕਾਸ ਹੁੰਦਾ ਹੈ । ਲੋਕ ਭਲਾਈ ਤੇ ਪਰਉਪਕਾਰੀ ਕਾਰਜਾਂ ਨੂੰ ਸਮਝਣਾ ਤੇ ਪਹਿਚਾਨਣਾ ਔਖਾ ਕਾਰਜ ਹੈ । ਪਰ ਜਦੋਂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਕਾਲ ਉੱਤੇ ਝਾਤ ਮਾਰਦੇ ਹਾਂ ਤਾਂ ਪੰਜ ਤੋਂ ਅੱਠ ਸਾਲ ਦੀ ਬਾਲ ਅਵਸਥਾ ਦੇ ਤਿੰਨ ਸਾਲਾਂ ਵਿੱਚ ਜਿਹੜੇ ਕਾਰਜ ਬਾਬਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤੇ, ਉਹ ਕਿੰਨੇ ਵਿਲੱਖਣ ਅਤੇ ਵਿਸ਼ੇਸ਼ ਹਨ ।
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰਤਾ ਗੱਦੀ ਦੇ ਤਿੰਨ ਵਰ੍ਹਿਆਂ ਵਿੱਚ ਗੁਰੂ ਘਰ ਦੀ ਸੇਵਾ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਕੇਵਲ ਸਿੱਖ ਸੰਗਤ ਦੀ ਅਗਵਾਈ ਹੀ ਨਹੀਂ ਕੀਤੀ, ਸਗੋਂ ਗੁਰੂ ਨਾਨਕ ਸਾਹਿਬ ਦੇ ਧਰਮ-ਆਦਰਸ਼ਾਂ ਨੂੰ ਕਾਇਮ ਰੱਖਦਿਆਂ ਪ੍ਰਚਾਰ ਤੇ ਪ੍ਰਸਾਰ ਪੂਰੀ ਸਰਗਰਮੀ ਨਾਲ ਕੀਤਾ । ਸਮਾਜਿਕ ਤੇ ਰਾਜਨੀਤਿਕ ਤੌਰ &lsquoਤੇ ਸਿੱਖ ਸੰਗਤ ਨੂੰ ਆਪਣੇ ਪੂਰਵਜਾਂ ਵਾਂਗ ਹੀ ਜਾਗ੍ਰਿਤ ਕਰਦੇ ਰਹੇ । ਜਦੋਂ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚ ਬੁਲਾਇਆ ਤਾਂ ਉਸ ਦੀ ਕੂਟਨੀਤੀ ਨੂੰ ਸਮਝਦਿਆਂ ਦਰਸ਼ਨ-ਦੀਦਾਰੇ ਦੇਣ ਤੋਂ ਨਾਂਹ ਕਰਦਿਆਂ ਉਸ ਨੂੰ ਅਤਿਆਚਾਰੀ ਤੇ ਜ਼ਾਲਮ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ।
ਆਪਣੀ ਬਿਬੇਕ ਬੁੱਧੀ ਅਤੇ ਜਾਗਤਿ-ਜੋਤ ਦਾ ਪ੍ਰਮਾਣ ਦਿੰਦਿਆਂ ਆਪਣੇ ਜੋਤਿ-ਜੋਤ ਸਮਾਉਣ ਸਮੇਂ ਬਾਬਾ-ਬੁਕਾਲੇ ਦਾ ਸੰਕੇਤ ਦੇ ਕੇ ਆਪਣੀ ਸਿਆਣਪ, ਤੀਖਣ ਬੁੱਧੀ ਅਤੇ ਦੂਰ ਦ੍ਰਿਸ਼ਟੀ ਨਾਲ ਗੁਰੂ ਨਾਨਕ ਦੀ ਨੌਵੀਂ ਜੋਤਿ ਦਾ ਐਲਾਨ ਕਰ ਦਿੱਤਾ । ਆਪ ਜੀ ਆਪਣੇ ਥੋੜ੍ਹੇ ਸਮੇਂ ਦੇ ਗੁਰੂ ਕਾਲ ਦੌਰਾਨ ਗੁਰੂ ਘਰ ਦੇ ਦੋਖੀਆਂ, ਦਾਅਵੇਦਾਰਾਂ, ਨਿੰਦਕਾਂ ਵਜੋਂ ਵਿਚਰ ਰਹੇ ਧੀਰਮੱਲੀਆਂ, ਸੋਢੀਆਂ, ਰਾਮਰਾਈਆਂ ਤੇ ਸ਼ਾਹੀ ਦਾਅਵੇਦਾਰਾਂ ਦੀਆਂ ਕੋਝੀਆਂ ਕੂਟਨੀਤਿਕ ਚਾਲਾਂ ਨੂੰ ਸਮਝ ਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰੇ । ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਗਮਨ ਅੱਜ ਦੇ ਦਿਨ 1656 ਈ: ਵਿੱਚ ਹੋਇਆ । ਆਪ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਪਿਤਾ ਗੁਰੂ ਹਰਿ ਰਾਇ ਸਾਹਿਬ ਅਤੇ ਮਾਤਾ ਕ੍ਰਿਸ਼ਨ ਕੌਰ ਦੇ ਗ੍ਰਹਿ ਵਿਖੇ ਪ੍ਰਗਟ ਹੋਏ । ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੀਰਤਪੁਰ ਸਾਹਿਬ ਵਿੱਚ ਗੁਰੂ ਪਿਤਾ ਗੁਰੂ ਹਰਿ ਰਾਇ ਸਾਹਿਬ ਦੇ ਦਰਬਾਰ ਵਿੱਚ ਹਰ ਰੋਜ਼ ਅੰਮ੍ਰਿਤ ਵੇਲੇ ਤੇ ਸੰਧਿਆ ਸਮੇਂ ਹੋਣ ਵਾਲੇ ਗੁਰੂ-ਕੀਰਤੀ ਸਮਾਗਮਾਂ ਸਮੇਂ ਆਪ ਜੀ ਸੰਗਤੀ ਰੂਪ ਵਿੱਚ ਸ਼ਾਮਿਲ ਹੋ ਕੇ ਗੁਰੂ ਮਹਿਮਾਂ ਦੇ ਕਾਰਜ ਕਰਦੇ ਸਨ ।
ਅਸਲ ਵਿੱਚ ਪ੍ਰਭੂ ਦਾ ਗਿਆਨ ਭਾਵ ਬ੍ਰਹਮ ਗਿਆਨ ਦੀ ਕੋਈ ਅਵਸਥਾ ਨਹੀਂ । ਵੱਡੀ ਉਮਰ ਜਾਂ ਬਾਲ ਅਵਸਥਾ ਨਾਲ ਇਸ ਗੱਲ ਦਾ ਕੋਈ ਸਬੰਧ ਨਹੀਂ । ਬਾਬਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਚਪਨ ਵਿੱਚ ਹੀ ਵਿਕਾਰਾਂ ਤੋਂ ਰਹਿਤ ਸਨ । ਲਾਲਚ, ਕ੍ਰੋਧ, ਧੋਖਾ, ਕਪਟ, ਦੁਬਿਧਾ ਵਰਗੇ ਔਗੁਣ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਸਨ ਆਉਂਦੇ । ਬਾਲ ਅਵਸਥਾ ਵਿੱਚ ਹੀ ਉਨ੍ਹਾਂ ਦੇ ਅਨੁਭਵ ਅਤੇ ਬ੍ਰਹਮ-ਗਿਆਨ ਦੀ ਅਵਸਥਾ ਵੱਡੇ-ਵੱਡੇ ਜਪੀਆਂ, ਤਪੀਆਂ ਨੂੰ ਮਾਤ ਪਾਉਂਦੀ ਸੀ । ਹਿਰਦੇ ਦੀ ਕੋਮਲਤਾ, ਪਰਉਪਕਾਰ ਵਾਲੀ ਬਿਰਤੀ, ਨਿਮਰਤਾ, ਨਿਰਛਲਤਾ ਤੇ ਨਿਆਂ ਦੇਣ ਵਾਲੇ ਵੱਡੇ ਗੁਣ ਉਨ੍ਹਾਂ ਦੀ ਸ਼ਖ਼ਸੀਅਤ ਦੇ ਉੱਭਰਵੇਂ ਗੁਣ ਸਨ । ਦੋ ਵੱਡੇ ਗੁਣ ਕਿਸੇ ਰੱਬੀ-ਰੂਹ ਨੂੰ ਵੱਡਾ ਬਣਾਉਂਦੇ ਹਨ-ਪਹਿਲਾ ਗੁਣ ਬ੍ਰਹਮ-ਗਿਆਨ ਤੇ ਦੂਜਾ ਆਤਮਿਕ ਬਲ । ਇਹ ਦੋਵੇਂ ਗੁਣ ਬਾਬਾ ਪ੍ਰੀਤਮ ਦੀ ਬਾਲ-ਸ਼ਖ਼ਸੀਅਤ ਦੇ ਸ਼ਿੰਗਾਰ ਸਨ । ਗੁਰੂ ਪਰੰਪਰਾ ਮੁਤਾਬਿਕ ਹਰ ਸ਼ੰਕੇ ਦੀ ਨਵਿਰਤੀ ਗਿਆਨ ਨਾਲ ਹੋ ਸਕਦੀ ਹੈ । ਸਾਰੇ ਗੁਰੂ ਸਾਹਿਬਾਨ ਨੇ ਹਰ ਕਠਿਨ ਪ੍ਰਸ਼ਨ ਦਾ ਸਮਾਧਾਨ ਤਰਕ ਤੇ ਪਿਆਰ ਨਾਲ ਕੀਤਾ । ਪੰਜੋਖਰਾ ਸਾਹਿਬ ਦੀ ਸਾਖੀ ਮੁਤਾਬਿਕ ਹੰਕਾਰੀ ਪੰਡਿਤ ਲਾਲ ਚੰਦ ਦੇ ਸਵਾਲ ਦਾ ਸਮਾਧਾਨ ਅਨਪੜ੍ਹ ਅਤੇ ਗੂੰਗੇ ਛੱਜੂ ਦੇ ਸਿਰ ਉੱਤੇ ਸਮਰੱਥ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਹੱਥ ਰੱਖਦਿਆਂ ਆਪਣੇ ਆਤਮਿਕ ਬਲ ਦੇ ਪ੍ਰਗਟਾਵੇ ਨਾਲ ਕੀਤਾ । ਰਾਜਾ ਜੈ ਸਿੰਘ ਦੇ ਬੰਗਲੇ (ਬੰਗਲਾ ਸਾਹਿਬ) ਪਟਰਾਣੀ ਦੀ ਪਛਾਣ ਦਾ ਸੱਚ ਵੀ ਆਪਣੀ ਸਮਰੱਥਾ ਨਾਲ ਕੀਤਾ ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਿਹੜਾ ਪ੍ਰਚਾਰ ਤੇ ਪ੍ਰਸਾਰ ਪੰਜ ਤੋਂ ਅੱਠ ਸਾਲ ਦੀ ਸਰੀਰਕ ਅਵਸਥਾ ਵਿੱਚ ਕੀਤਾ, ਅਜਿਹਾ ਹੀ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਗੁਰੂ ਨਾਨਕ ਸਾਹਿਬ ਦੀ ਜੋਤਿ ਸ੍ਰੀ ਗੁਰੂ ਅਮਰਦਾਸ ਜੀ (ਤੀਜੇ ਸਤਿਗੁਰੂ) ਨੇ 96 ਸਾਲ ਦੀ ਸਰੀਰਕ ਅਵਸਥਾ ਵਿੱਚ ਕੀਤਾ । ਕਿਉਂਕਿ ਦੋਵੇਂ ਗੁਰੂ ਸਾਹਿਬਾਨ ਦੀ ਜੋਤਿ ਅਤੇ ਜੁਗਤਿ ਇਕੋ ਜਿਹੀ ਸੀ । ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਤੋਂ ਪਹਿਲਾਂ ਸਾਰੀਆਂ ਗੁਰੂ ਜੋਤਾਂ ਵੱਲੋਂ ਪਾਏ ਪੂਰਨਿਆਂ &lsquoਤੇ ਚੱਲਦਿਆਂ, ਉਦੇਸ਼ਾਂ ਤੇ ਆਦਰਸ਼ਾਂ ਦੀ ਪੂਰਤੀ ਲਈ ਨਿਰਵੈਰਤਾ ਅਤੇ ਨਿਰਭੈਤਾ ਨਾਲ ਪਹਿਰਾ ਦਿੱਤਾ । ਛੋਟੀ ਅਵਸਥਾ ਵਿੱਚ ਸਿੱਖ ਫਲਸਫ਼ੇ ਤੇ ਸਿਧਾਂਤਾਂ ਦਾ ਪ੍ਰਚਾਰ ਕਰਦਿਆਂ ਬ੍ਰਹਮ-ਗਿਆਨ ਤੇ ਆਤਮਿਕ ਬਲ ਦਾ ਅਜਿਹਾ ਪ੍ਰਗਟਾਵਾ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਰਾਜਾ ਜੈ ਸਿੰਘ ਨੇ ਸ਼ਰਧਾ ਤੇ ਪਿਆਰ ਦੀ ਮੂਰਤੀ ਬਣ ਕੇ ਆਪਣਾ ਰਿਹਾਇਸ਼ੀ ਅਸਥਾਨ ਵੀ ਸਤਿਗੁਰੂ ਨੂੰ ਸਮਰਪਿਤ ਕਰ ਦਿੱਤਾ । ਜਿਸ ਨੂੰ ਪਹਿਲਾਂ ਸਰਦਾਰ ਬਘੇਲ ਸਿੰਘ ਤੇ ਪਿੱਛੋਂ ਸਿੱਖ ਸੰਗਤਾਂ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਰੂਪ ਵਿੱਚ ਸੰਭਾਲਿਆ, ਗੁਰੂ ਹਰਿਕ੍ਰਿਸ਼ਨ ਸਾਹਿਬ 1664 ਈ: ਵਿੱਚ ਜੋਤੀ ਜੋਤਿ ਸਮਾ ਗਏ । ਦੁੱਖਾਂ ਤੇ ਰੋਗਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਅੱਜ ਲੱਖਾਂ ਸਿੱਖ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਨਤਮਸਤਕ ਹੁੰਦੀ ਹੈ ।
-ਭਗਵਾਨ ਸਿੰਘ ਜੌਹਲ