ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੇਖ
ਜਿਹੜੀ ਕੌਮ ਦੇ ਸੂਰਬੀਰ ਸਿਧਾਂਤਾਂ ਲਈ ਮਰ ਮਿਟਣ ਦਾ ਤਹੱਈਆ ਕਰ ਲੈਣ, ਉਹ ਕੌਮਾਂ ਖ਼ਤਮ ਨਹੀਂ ਹੁੰਦੀਆਂ
ਭਾਈ ਮਨੀ ਸਿੰਘ ਜੀ ਬੜੇ ਹੀ ਮਾਨਯੋਗ, ਸੰਤ ਲੋਕ, ਪੂਰਨ ਬੁੱਧੀ ਵਾਲੇ, ਸਤ ਪ੍ਰਤੱਗੀ ਅਤੇ ਸ਼ਬਦ ਸੁਰਤ ਦੇ ਅਭਿਆਸੀ ਪੂਰਨ ਗੁਰਸਿੱਖ ਸਨ । ਜਿਥੇ ਆਪ ਜੀ ਤਪੱਸਵੀ, ਸ਼ਾਂਤ ਚਿੱਤ, ਦੂਸਰੇ ਦੀ ਵਧੀਕੀ ਨੂੰ ਸਹਾਰਨ ਵਾਲੇ ਸੂਰਮੇ ਅਤੇ ਕਿਸੇ ਦਾ ਭੈਅ ਨਾ ਮੰਨਣ ਵਾਲੇ ਨਿਰਭੈ ਸਿੱਖ ਸਨ, ਉਥੇ ਆਪਣੇ ਕਰਮ-ਧਰਮ ਵਿੱਚ ਪੂਰੇ ਭਗਤ, ਗਿਆਨਵਾਨ, ਆਪਣੀ ਬੱੁਧ ਨੂੰ ਸਤਿਗੁਰਾਂ ਦੀ ਬਾਣੀ ਅਨੁਸਾਰ ਢਾਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਹੁਤ ਚਿਰ ਰਹੇ ।
ਮਨੀ ਸਿੰਘ ਥੇ ਸੰਤ ਸੁਜਾਨ, ਜਤੀ ਸਤੀ ਔ ਧਯਾਨੀ ਮਾਨ,
ਹਠੀ ਤਪੀ ਔ ਮਤ ਕੋ ਪੂਰੋ, ਸਹਿਨਸ਼ੀਲ ਔ ਦਿਲ ਕੋ ਸੂਰੋ । 
ਕਰਮੀ ਧਰਮੀ ਭਗਤਿ ਗਿਆਨੀ, ਸਤਿਗੁਰ ਬਚਨਨ ਪਰ ਮਤ ਠਾਨੀ,
ਹੁਤ ਸਤਿਗੁਰ ਸੋ ਰਹਿਤ ਹਜੂਰ, ਤਿਸ ਪਰ ਭਯੋ ਸੁ ਗੁਰਮਤ ਪੂਰ ।
(ਪ੍ਰਾਚੀਨ ਪੰਥ ਪ੍ਰਕਾਸ਼ (ਸਟੀਕ) ਭਾਗ ਦੂਜਾ ਪੰਨਾ 58)
ਸੇਵਾ ਸਿੰਘ ਜੀ ਦਾ ਭੱਟ ਵਹੀਆਂ ਦੇ ਆਧਾਰ ਤੇ ਲਿਖਿਆ ਸ਼ਹੀਦ ਬਿਲਾਸ ਅਤੇ ਪ੍ਰਸਿੱਧ ਇਤਿਹਾਸਕਾਰ ਗਿਆਨੀ ਗਰਜਾ ਸਿੰਘ ਜੀ ਅਨੁਸਾਰ ਭਾਈ ਮਨੀ ਦਾ ਜਨਮ ਭਾਈ ਮਾਈ ਦਾਸ ਦੇ ਘਰ 7 ਅਪ੍ਰੈਲ 1644 ਨੂੰ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ (ਪੱਛਮੀ ਪਾਕਿਸਤਾਨ) ਵਿੱਚ ਹੋਇਆ । ਭਾਈ ਮਾਈ ਦਾਸ ਜੀ ਪਹਿਲਾਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ । ਆਪ ਜੀ ਦੇ ਦਾਦਾ ਜੀ ਭਾਈ ਬੱਲੂ ਬੜੇ ਬਹਾਦਰ ਸਨ ਅਤੇ ਛੇਵੇਂ ਪਾਤਿਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਮੁਗ਼ਲਾਂ ਨਾਲ ਲੜਦੇ ਹੋਏ ਅਪ੍ਰੈਲ 1734 ਈ: ਨੂੰ ਸ਼ਹੀਦ ਹੋਏ ਸਨ ।
ਭਾਈ ਮਨੀ ਸਿੰਘ ਜੋ 12 ਸਕੇ ਭਰਾ ਸਨ । ਸਿਵਾਇ ਇਕ ਭਰਾ ਭਾਈ ਅਮਰ ਚੰਦ ਤੋਂ ਬਾਕੀ ਸਾਰਿਆਂ ਭਰਾਵਾਂ ਨੇ ਗੁਰਸਿੱਖੀ ਨੂੰ ਰਹਿੰਦੀ ਦੁਨੀਆਂ ਤੱਕ ਸੁਰਜੀਤ ਰੱਖਣ ਲਈ ਸ਼ਹੀਦੀਆਂ ਪਾਈਆਂ । ਇਤਿਹਾਸ ਵਿੱਚ ਇਨ੍ਹਾਂ ਦੇ ਨਾਂ ਅਤੇ ਸ਼ਹੀਦੀ ਅਸਥਾਨ ਹਨ (2) ਭਾਈ ਹਰੀ ਚੰਦ (ਭੰਗਾਣੀ ਦਾ ਯੁੱਧ) (3) ਭਾਈ ਸੋਹਣ ਚੰਦ (ਨੰਦੌਣ ਦੀ ਜੰਗ ਵਿੱਚ) (4) ਭਾਨ ਸਿੰਘ (ਚਮਕੌਰ) (5) ਭਾਈ ਲਹਿਣਾ ਸਿੰਘ (ਗੁਲੇਰ ਵਿਖੇ) (6) ਭਾਈ ਰਾਇ ਸਿੰਘ (ਮੁਕਤਸਰ) (7, 8) ਭਾਈ ਜੇਠਾ ਸਿੰਘ ਤੇ ਰੂਪ ਸਿੰਘ (ਆਲੋਵਾਲ) (9) ਭਾਈ ਮਾਨ ਸਿੰਘ ਗੰਭੀਰ (ਚਿਤੌੜ) (10) ਭਾਈ ਜਗਤ ਸਿੰਘ । ਇਥੇ ਸਾਰਿਆਂ ਭਰਾਵਾਂ ਦੀਆਂ ਸ਼ਹੀਦੀਆਂ ਦੇਣ ਲਈ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ । ਗੁਰੂ ਤੇਗ਼ ਬਹਾਦਰ ਜੀ ਨਾਲ ਦੇਗ ਵਿੱਚ ਉਬਾਲ ਕੇ ਸ਼ਹੀਦ ਹੋਣ ਵਾਲੇ (ਭਾਈ ਦਿਆਲਾ ਜੀ) ਵੀ ਮਨੀ ਸਿੰਘ ਜੀ ਦੇ ਸਕੇ ਭਰਾ ਸਨ ।
ਭਾਈ ਮਨੀ ਸਿੰਘ ਜੀ ਦਾ ਵਿਆਹ ਭਾਈ ਲੱਖੀ ਰਾਇ ਦੀ ਸਪੁੱਤਰੀ ਬੀਬੀ ਸੀਤੋ ਨਾਲ ਹੋਇਆ । ਭਾਈ ਲੱਖੀ ਰਾਇ ਸਿੱਖ ਇਤਿਹਾਸ ਵਿੱਚ ਲੱਖੀ ਸ਼ਾਹ ਵਣਜਾਰੇ ਨਾਲ ਜਾਣਿਆ ਅਤੇ ਸਤਿਕਾਰਿਆ ਜਾਂਦਾ ਹੈ । ਲੱਖੀ ਸ਼ਾਹ ਵਣਜਾਰੇ ਨੇ ਹੀ ਨੌਵੇਂ ਗੁਰੂ ਤੇਗ਼ ਬਹਾਦਰ ਦੀ ਦਿੱਲੀ ਸ਼ਹੀਦੀ ਸਮੇਂ ਉਨ੍ਹਾਂ ਦੇ ਧੜ ਦਾ ਸਸਕਾਰ ਆਪਣੇ ਘਰ ਲਿਜਾ ਕੇ ਸਾਰੇ ਘਰ ਨੂੰ ਅੱਗ ਲਾ ਕੇ ਕੀਤਾ ਸੀ । ਜਿਥੇ ਹੁਣ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ । ਭਾਈ ਮਨੀ ਸਿੰਘ ਜੀ ਦੇ ਦੱਸ ਪੱੁਤਰ ਸਨ । (1) ਭਾਈ ਬਚਿੱਤਰ ਸਿੰਘ (2) ਭਾਈ ਉਦੈ ਸਿੰਘ (3) ਚਿੱਤਰ ਸਿੰਘ (4) ਅਨਿਕ ਸਿੰਘ (5) ਅਜਬ ਸਿੰਘ (6) ਅਜਾਇਬ ਸਿੰਘ (7) ਗੁਰਬਖ਼ਸ਼ ਸਿੰਘ (8) ਭਗਵਾਨ ਸਿੰਘ (9) ਬਲਰਾਮ ਸਿੰਘ ਅਤੇ (10)ਵਾਂ ਸੀ ਦੇਸਾ ਸਿੰਘ ਰਹਿਤਨਾਮੀਆਂ ।
ਭਾਈ ਬਚਿੱਤਰ ਸਿੰਘ ਉਹੀ ਹਨ, ਜਿਨ੍ਹਾਂ ਨੇ ਨਾਗਨੀ ਬਰਸ਼ਾ ਮਾਰ ਕੇ ਦੁਸ਼ਮਣ ਦੇ ਸ਼ਰਾਬੀ ਹਾਥੀ ਨੂੰ ਮਾਰ ਭਜਾਇਆ ਸੀ ਅਤੇ ਇਹ ਉਹੀ ਉਦੈ ਸਿੰਘ ਹਨ, ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਉਤਾਰਿਆ ਸੀ । ਇਹ ਦੋਵੇਂ ਭਾਈ ਮਨੀ ਸਿੰਘ ਦੇ ਹੀ ਬੇਟੇ ਸਨ । ਭਾਈ ਉਦੈ ਸਿੰਘ ਜੀ ਸਰਸਾ ਦੇ ਕੰਢੇ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਬੜੀ ਸੂਰਮਤਗਤੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਤੇ ਇਨ੍ਹਾਂ ਦੇ ਤਿੰਨ ਭਰਾ, ਅਜਬ ਸਿੰਘ, ਅਜਾਇਬ ਸਿੰਘ ਅਤੇ ਅਨਿਕ ਸਿੰਘ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦੀਆਂ ਪਾਈਆਂ ।
ਦਸੰਬਰ 1704 ਨੂੰ ਸਰਸਾ ਦੇ ਕੰਢੇ ਜਦੋਂ ਕਾਲੀ ਬੋਲੀ ਰਾਤ ਅਤੇ ਘਮਸਾਨ ਦੇ ਯੁੱਧ ਦੌਰਾਨ ਗੁਰੂ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨੂੰ ਕਈ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਦਿੱਲੀ ਪਹੁੰਚਣ ਵਿੱਚ ਸਫ਼ਲ ਹੋ ਗਏ ਸਨ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੇ ਯੁੱਧ ਤੋਂ ਬਾਅਦ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖ ਕੇ ਅਤੇ ਮੁਕਤਸਰ ਦੀ ਫ਼ਤਹਿ ਤੋਂ ਬਾਅਦ ਜਦੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ ਸਨ, ਤਾਂ ਭਾਈ ਮਨੀ ਸਿੰਘ ਜੀ ਵੀ ਗੁਰੂ ਕੇ ਮਹਿਲਾਂ ਨੂੰ ਨਾਲ ਲੈ ਕੇ ਅਤੇ ਸੰਗਤਾਂ ਸਮੇਤ ਕਲਗ਼ੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਨ ਤੇ ਬਾਅਦ ਵਿੱਚ ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਆਪਣੀ ਪਵਿੱਤਰ ਰਸਨਾ ਤੋਂ ਜ਼ੁਬਾਨੀ ਉਚਾਰ ਕੇ ਭਾਈ ਮਨੀ ਸਿੰਘ ਕੋਲੋਂ ਲਿਖਵਾਈ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਵਾ ਕੇ ਬੀੜ ਨੂੰ ਸੰਪੂਰਨਤਾ ਬਖ਼ਸ਼ੀ । ਇਸ ਨੂੰ ਦਮਦਮੀ ਬੀੜ ਵੀ ਕਿਹਾ ਜਾਂਦਾ ਹੈ । ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਦਮਦਮੀ ਬੀੜ ਨੂੰ ਗੁਰੂ ਜੀ ਨੇ 1708 ਈਸਵੀ ਨੂੰ ਨੰਦੇੜ ਵਿਖੇ ਗੁਰਤਾ ਬਖ਼ਸ਼ ਕੇ ਗੁਰ-ਗੱਦੀ ਪ੍ਰਦਾਨ ਕੀਤੀ ।
ਦਮਦਮਾ ਸਾਹਿਬ ਤੋਂ ਗੁਰੂ ਜੀ ਦੱਖਣ ਨੂੰ ਚਲੇ ਗਏ ਅਤੇ ਮਾਤਾਵਾਂ ਸਮੇਤ ਫਿਰ ਦਿੱਲੀ ਆ ਗਏ । ਬਾਬਾ ਬੰਦਾ ਸਿੰਘ ਬਹਾਦਰ 9 ਜੂਨ 1716 ਈਸਵੀ ਫਰੁਖ਼ਸੀਅਰ ਦੇ ਹੁਕਮ ਨਾਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ । ਬਾਬਾ ਬੰਦਾ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਆਗੂ ਰਹਿਤ ਹੋ ਗਈ, ਦੂਸਰਾ ਫਰੁਖ਼ਸੀਅਰ ਦਾ ਕੱਟੜਪੁਣਾ ਇੰਨਾ ਵੱਧ ਗਿਆ ਕਿ ਉਸ ਨੇ ਸਿੰਘਾਂ &lsquoਤੇ ਅਜ਼ਾਦੀ ਨਾਲ ਤੁਰਨ-ਫਿਰਨ ਤੇ ਵੀ ਪਬੰਦੀ ਲਗਾ ਦਿੱਤੀ, ਸਿੱਖਾਂ ਨੂੰ ਜਥੇਬੰਦ ਹੋਣਾ ਮੁਸ਼ਕਿਲ ਹੋ ਗਿਆ । ਫਰੁਖ਼ਸੀਅਰ ਨੇ ਸਿੱਖਾਂ ਦੇ ਕਤਲ-ਏ-ਆਮ ਦੇ ਫੁਰਮਾਨ ਜਾਰੀ ਕਰ ਦਿੱਤੇ । ਉਸ ਨੇ ਆਪਣੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਸਿੱਖਾਂ ਅਤੇ ਹਿੰਦੂਆਂ ਵਿੱਚ ਫ਼ਰਕ ਜਾਨਣ ਲਈ ਸਿਰ ਮੂੰਹ ਮਨਾਉਣ ਦਾ ਹੁਕਮ ਜਾਰੀ ਕੀਤਾ । ਹਿੰਦੂਆਂ ਨੇ ਤਾਂ ਆਪਣਾ ਮੂੰਹ ਸਿਰ ਘੋਨ-ਮੋਨ ਕਰ ਕੇ ਆਪਣਾ ਆਪ ਬਚਾ ਲਿਆ, ਪਰ ਸੀਸ ਭੇਟ ਕਰ ਕੇ ਸਜਿਆ ਸਾਬਤ ਸੂਰਤ ਖ਼ਾਲਸਾ ਆਪਣੇ ਗੁਰੂ ਦੀ ਮੋਹਰ ਨੂੰ ਇੰਨੀ ਸਸਤੀ ਕਿਵੇਂ ਵੇਚ ਸਕਦਾ ਸੀ । ਇਤਿਹਾਸਕਾਰਾਂ ਨੇ ਇਸ ਸਮੇਂ ਨੂੰ ਸਿੱਖਾਂ ਲਈ ਬਿਖੜਾ ਅਤੇ ਬਿਪਤਾ ਭਰਿਆ ਸਮਾਂ ਆਖਿਆ ਹੈ । ਗਸ਼ਤੀ ਫ਼ੌਜਾਂ ਸਿੰਘਾਂ ਦੇ ਸਿਰਾਂ ਦਾ ਮੁੱਲ ਵੱਟਣ ਲਈ ਹਰਲ-ਹਰਲ ਕਰਦੀਆਂ ਫਿਰਦੀਆਂ ਸਨ । ਸਿੰਘਾਂ ਦੇ ਟਿਕਾਣੇ ਅਤੇ ਛੁਪਣਗਾਹਾਂ ਸਾੜ ਦਿੱਤੀਆਂ, ਨਾ ਕੁਝ ਖਾਣ ਵਾਸਤੇ ਤੇ ਨਾ ਪਹਿਨਣ ਵਾਸਤੇ । ਬੱਸ ਉਹੀ ਪੁਰਾਣੇ ਘੱਸੇ ਹੋਏ, ਪਾਟੇ ਹੋਏ ਬਸਤਰ ਅਤੇ ਅੰਨ ਪਾਣੀ ਦੀ ਥਾਂ ਘਾਹ ਕੱਚਾ ਪੱਕਾ ਖਾ ਕੇ ਗੁਜ਼ਾਰਾ ਕਰਦੇ ।
ਸਿੰਘ ਕੜਾਕੇ ਸਯੋ ਰਹੈ, ਦੂਏ ਚੌਥੇ ਦਿਨ ਖਾਹਿ
ਬਿਨਾ ਲੂਣ ਭਾਜੀ ਲਭੈ, ਤੌ ਖਾਵੇਂ ਬਹੁਤ ਸਲਾਹਿ ।8।
ਲੱਭੈ ਸਾਗ ਖਾਂਹਿ ਕੱਚਾ ਪੱਕਾ, ਬ੍ਰਿਛਨ ਫਲ ਫੁਲ ਔ ਸੱਕਾ ।9।
ਇਤਿਹਾਸਕਾਰ ਲਿਖਦੇ ਹਨ ਕਿ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਕੋਈ ਐਸਾ ਜ਼ੁਲਮ ਜਾਂ ਤਸੀਹਾ ਨਹੀਂ, ਜੋ ਸਿੱਖਾਂ ਨੂੰ ਨਾ ਦਿੱਤਾ ਹੋਵੇ । ਸਿੱਖ ਨੂੰ ਵੇਖਦੇ ਸਾਰ ਕਤਲ (ਸ਼ੂਟ ਐਟ ਸਾਈਟ) ਦਾ ਹੁਕਮ ਸੀ । ਭਾਈ ਮਨੀ ਸਿੰਘ ਜੀ ਦੇ ਸਮੇਂ ਜਿਸ ਤਰ੍ਹਾਂ ਦੇ ਤਸੀਹੇ ਸਿੱਖਾਂ ਨੂੰ ਦਿੱਤੇ ਜਾਂਦੇ ਸਨ, ਉਨ੍ਹਾਂ ਦਾ ਵਰਨਣ ਪ੍ਰਾਚੀਨ ਗ੍ਰੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਦਰਜ ਹੈ ।
ਕਈ ਚਰਖ (ਚਰਖੜੀ) ਕਈ ਫਾਂਸੀ ਮਾਰੇ । ਕਈ ਤੋਪਨ ਕਈ ਛੁਰੀ ਕਟਾਰੇ ।
ਕਈਅਨ ਦੇ ਸਿਰ ਮੁੰਗਲੀਂ ਕੁਟੇ । ਕਈ ਡੋਬੇ ਕਈ ਘਸੀਟ ਸੁ ਸੁਟੇ ।3।
ਦੱਬੇ, ਟੰਗੇ ਬੰਦੂਖਨ ਦਏ ਮਾਰ । ਕੌਨ ਗਨੇ ਜੇ ਮਾਰੇ ਹਜ਼ਾਰ ।
ਪਾਂਤ ਪਾਂਤ ਕਈ ਪਕੜ ਬਹਾਏ, ਸਾਥ ਤੇਗਨ ਨੇ ਸੀਸ ਉਡਵਾਇ ।4।
ਕਿਸੇ ਹੱਥ ਕਿਸੇ ਟੰਗ ਕਟਵਾਇ । ਅੱਖ ਕੱਢ ਕਿਸੇ ਖਲ ਕਢਵਾਇ ।
ਕੇਸਨ ਵਾਲੇ ਜੋ ਨਰ ਹੋਈ । ਬਾਲ ਬਿਰਧ ਲੱਭ ਛੱਡੈ ਨਾ ਕੋਈ ।5।
ਅਤੇ ਜ਼ਕਰੀਆ ਖ਼ਾਨ ਨੇ ਸਿੱਖਾਂ ਨੂੰ ਪਨਾਹ ਦੇਣ ਵਾਲਿਆਂ ਵਾਸਤੇ ਵੀ ਬੜੇ ਸਖ਼ਤ ਫੁਰਮਾਨ ਜਾਰੀ ਕੀਤੇ :
ਜੋ-ਜੋ ਸਿੰਘ ਕੋ ਕੋਊ ਲੁਕਾਵੇ । ਸੋ ਵਹਿ ਅਪਨੀ ਜਾਨ ਗੁਵਾਵੈ ।
ਆਏ ਸਿੰਘ ਬਤਾਵੈ ਨਾਹੀ, ਵੈ ਭੀ ਆਪਨੀ ਜਿੰਦ ਗੁਵਾਹੀ ॥3॥
ਅਤੇ ਜਿਹੜੇ ਸਿੰਘਾਂ ਨੂੰ ਫੜਾਵੇ ਉਸ ਨੂੰ ਇਨਾਮ ਅਤੇ ਸਿੰਘਾਂ ਦਾ ਖੂਨ ਮੁਆਫ਼ ਸੀ ।
ਸਿਰ ਪਰ ਹੋਵੈਂ ਜਿਸ ਕੇ ਕੇਸ ਰਹਣ ਨਾ ਦੇਨੋਂ ਅਪਣੇ ਦੇਸ ।13।
ਦੋਹਰਾ- ਦੱਸਣ ਵਾਲੇ ਦਸ ਰੁਪਏ ਔ ਮਾਰਨ ਵਾਲੇ ਪਚਾਸ ।
ਯਹ ਲਾਲਚ ਤੁਰਕਨ ਦਯੋ ਤਬ ਬਹੁਤ ਸਿੰਘਨ ਭਯੋ ਨਾਸ਼ ।15।
ਖੇਤੀ ਵਣਜ ਕਰੇ ਜੇ ਕੋਈ । ਕੇਸਨ ਵਾਲਾ ਛਡੋ ਨਾ ਕੋਈ ।17।
ਸਿੰਘਨ ਖ਼ੂਨ ਮਾਫ਼ ਹਮ ਕੀਨੇ । ਜਿਤ ਲੱਭੇ ਤਿਤ ਮਾਰਹੁ ਚੀਨੇ ।
ਮਾਤਾ ਸੁੰਦਰ ਕੌਰ ਜੀ ਨੇ ਸਿੰਘਾਂ ਦੇ ਇਸ ਬਿਖੜੇ ਸਮੇਂ ਲਈ ਅਗਵਾਈ ਕਰਨ ਵਾਸਤੇ, ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦਾ ਇੰਚਾਰਜ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਥਾਪ ਦਿੱਤਾ ਅਤੇ ਹੁਕਮ ਦਿੱਤਾ ਕਿ ਅੱਗੇ ਤੋਂ ਅੰਮ੍ਰਿਤਸਰ ਚੜਾਵਾ ਦਿੱਲੀ ਨਾ ਭੇਜਿਆ ਜਾਵੇ, ਸਗੋਂ ਪੰਜਾਬ ਵਿੱਚ ਲੋੜਵੰਦ ਸਿੰਘਾਂ, ਗੁਰੂ ਕੇ ਲੰਗਰਾਂ ਅਤੇ ਸਿੱਖੀ ਪ੍ਰਚਾਰ ਵਾਸਤੇ ਖ਼ਰਚਿਆ ਜਾਵੇ ।
ਮਾਤਾ ਭੇਜਿਯੋ ਦਿੱਲੀ ਤੇ ਸਮਝਾਇ, ਅੰਮ੍ਰਿਤਸਰ ਚੜ੍ਹਦੀ ਚੜ੍ਹੇ ਸਿਖਨ ਜਾਹਿ ਖੁਵਾਇ ।
ਤਿਸਨੇ ਆਇ ਬੰਦੋਬਸਤ ਕੀਆ, ਮਾਤਾ ਚੜ੍ਹਾਵਾ ਖ਼ਾਲਸੇ ਬਖ਼ਸ਼ੀਆ ।
ਭਾਈ ਮਨੀ ਸਿੰਘ ਜੀ ਨੇ ਸਾਰਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਇਆ । ਅੰਮ੍ਰਿਤਸਰ ਚੜ੍ਹਾਵੇ ਦਾ ਸੁਣ ਕੇ ਅਮਰ ਸਿੰਘ ਮਹੰਤ, ਖੇਮਕਰਨ ਵਾਲੇ ਨੇ ਆਪਣੇ ਆਪ ਨੂੰ ਬੰਦਾ ਸਿੰਘ ਬਹਾਦਰ ਦਾ ਜਾਨਸ਼ੀਨ ਦੱਸ ਕੇ ਚੜ੍ਹਾਵੇ ਦਾ ਹਿੱਸਾ ਮੰਗਿਆ । ਖ਼ਾਲਸਾ ਪੰਥ ਨੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ । ਨੌਬਤ ਆਹਮਣੇ-ਸਾਹਮਣੇ ਤਲਵਾਰਾਂ ਚਲਾਉਣ ਤੱਕ ਆ ਗਈ । ਪਰ ਭਾਈ ਸਾਹਿਬ ਦੀ ਇਸ ਤਜਵੀਜ਼ ਰਾਹੀਂ ਝਗੜਾ ਟਾਲ ਦਿੱਤਾ ਕਿ ਦੋ ਪਰਚੀਆਂ ਲਿਖ ਕੇ ਅਰਦਾਸ ਕਰ ਕੇ ਹਰਿ ਕੀ ਪਉੜੀ ਸਰੋਵਰ ਵਿੱਚ ਪਾਈਆਂ ਜਾਣ । ਮਹੰਤ ਵਾਲੀ ਪਰਚੀ &lsquoਤੇ ਫ਼ਤਹਿ ਦਰਸ਼ਨ ਅਤੇ ਖ਼ਾਲਸੇ ਵਾਲੀ ਪਰਚੀ &lsquoਤੇ ਵਾਹਿਗੁਰੂ ਜੀ ਕੀ ਫ਼ਤਹਿ ਅਤੇ ਫ਼ੈਸਲਾ ਇਹ ਹੋਇਆ ਕਿ ਜਿਸ ਦੀ ਪਰਚੀ ਤਰ ਪਵੇ ਉਹੀ ਧਿਰ ਚੜ੍ਹਾਵੇ ਦੀ ਮਾਲਕ ਹੋਵੇਗੀ ਵਾਹਿਗੁਰੂ ਜੀ ਕੀ ਫ਼ਤਹਿ ਵਾਲੀ ਪਰਚੀ ਤਰ ਆਈ । ਫ਼ੈਸਲਾ ਖ਼ਾਲਸਾ ਪੰਥ (ਤੱਤ ਖ਼ਾਲਸਾ) ਦੇ ਹੱਕ ਵਿੱਚ ਹੋ ਗਿਆ ।
ਭਾਈ ਸਾਹਿਬ ਹਮੇਸ਼ਾ ਪੰਥ ਦੀ ਇਕੱਤ੍ਰਤਾ ਅਤੇ ਚੜ੍ਹਦੀ ਕਲਾ ਵਾਸਤੇ ਯੋਜਨਾਵਾਂ ਉਲੀਕਦੇ ਰਹਿੰਦੇ ਸਨ । ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਅੰਮ੍ਰਿਤਸਰ ਦੀਪਮਾਲਾ ਦਾ ਮੇਲਾ ਹੁਕਮਨ ਬੰਦ ਕੀਤਾ ਹੋਇਆ ਸੀ । ਅੰਮ੍ਰਿਤਸਰ ਦਾ ਪ੍ਰਬੰਧ ਕਾਜ਼ੀ ਅਬਦੁੱਰਜਾਕ ਦੇ ਹੱਥਾਂ ਵਿੱਚ ਸੀ । ਭਾਈ ਮਨੀ ਸਿੰਘ ਜੀ ਨੇ ਕਾਜ਼ੀ ਅਬਦੁੱਰਜਾਕ ਨਾਲ ਰਸਾਈ ਪੈਦਾ ਕਰ ਕੇ, ਚੜ੍ਹਾਵੇ ਵਿੱਚੋਂ ਦੋ ਹਜ਼ਾਰ ਰੁਪਏ ਕਾਜ਼ੀ ਨੂੰ ਦੇਣੇ ਮੰਨ ਲਏ । ਕਾਜ਼ੀ ਅਬਦੁੱਰਜਾਕ ਨੇ ਜ਼ਕਰੀਆ ਖ਼ਾਨ ਨੂੰ ਦੱਸ ਦਿਨ ਦੇ ਦੀਵਾਲੀ ਮੇਲੇ ਦਾ ਪੰਜ ਹਜ਼ਾਰ ਰੁਪਿਆ (ਕਈ ਇਤਿਹਾਸਕਾਰਾਂ ਦੱਸ ਹਜ਼ਾਰ ਲਿਖਿਆ) ਠੇਕਾ ਦੇਣਾ ਕਰਕੇ ਭਾਈ ਸਾਹਿਬ ਨੂੰ ਦੱਸ ਦਿਨਾਂ ਦੇ ਵਾਸਤੇ ਮੇਲਾ ਲਾਉਣ ਦੀ ਆਗਿਆ ਲੈ ਦਿੱਤੀ । ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਮੇਲੇ &lsquoਤੇ ਸੁਨੇਹੇ ਭੇਜੇ ਹੀ ਸਨ ਕਿ ਉਨ੍ਹਾਂ ਨੂੰ ਜ਼ਕਰੀਆ ਖ਼ਾਨ ਦੀ ਕੁਟਲ ਨੀਤੀ ਦਾ ਪਤਾ ਲੱਗਾ ਕਿ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਸਰਕਾਰ ਕੋਲੋਂ ਇਨਾਮ ਲੈਣਾ ਅਤੇ ਬਾਕੀਆਂ ਨੂੰ ਮਾਰ ਕੇ ਖ਼ਤਮ ਕਰਨਾ ਹੈ । ਭਾਈ ਸਾਹਿਬ ਨੇ ਫੌਰਨ ਦੁਬਾਰਾ ਸੁਨੇਹਾ ਭੇਜ ਕੇ ਸਿੰਘਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ । ਸੂਬੇ ਦਾ ਦੀਵਾਨ ਲੱਖਪਤ ਰਾਇ ਜਿਹੜਾ ਸਿੰਘਾਂ ਦੀ ਸੁਰੱਖਿਆ ਦੇ ਬਹਾਨੇ ਅੰਮ੍ਰਿਤਸਰ ਦੇ ਦੁਆਲੇ ਫੌਜ ਲਈ ਬੈਠਾ ਸੀ, ਉਸ ਨੂੰ ਜਦੋਂ ਪਤਾ ਲੱਗਾ ਕਿ ਭਾਈ ਸਾਹਿਬ ਨੂੰ ਸਰਕਾਰ ਦੀ ਚਾਲ ਦਾ ਪਤਾ ਲੱਗ ਗਿਆ ਹੈ ਤਾਂ ਉਸ ਨੇ ਮੇਲੇ ਦੇ ਦੱਸ ਦਿਨ ਬੀਤ ਜਾਣ ਬਾਅਦ, ਭਾਈ ਸਾਹਿਬ ਦੇ ਠੇਕੇ ਦੀ ਰਕਮ ਆਣ ਮੰਗੀ । ਕਾਜ਼ੀ ਅਬਦੁੱਰਜਾਕ ਨੂੰ ਵੀ ਦੋ ਹਜ਼ਾਰ ਰੁਪਏ ਨਹੀਂ ਸੀ ਮਿਲੇ, ਉਹ ਆਪਣੀ ਥਾਂ ਔਖਾ ਸੀ । ਦੋਹਾਂ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ, ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ । ਕਾਜ਼ੀਆਂ ਨੇ ਸੂਬੇ ਨੂੰ ਪਹਿਲਾਂ ਹੀ ਭਾਈ ਸਾਹਿਬ ਦੇ ਵਿਰੁੱਧ ਭੜਕਾਇਆ ਹੋਇਆ ਸੀ । ਸੂਬੇਦਾਰ ਨੇ ਜਦੋਂ ਭਾਈ ਮਨੀ ਸਿੰਘ ਨੂੰ ਠੇਕੇ ਦੀ ਰਕਮ ਨਾ ਤਾਰਨ ਦਾ ਕਾਰਨ ਪੁੱਛਿਆ, ਤਾਂ ਭਾਈ ਸਾਹਿਬ ਨੇ ਨਿਧੜਕ ਹੋ ਕੇ ਉੱਤਰ ਦਿੱਤਾ, ਕੀ ਸਰਕਾਰ ਦੀ ਕੁਟਲ ਨੀਤੀ ਕਰਕੇ ਮੇਲਾ ਰੱਦ ਹੋ ਗਿਆ, ਠੇਕਾ ਕਾਹਦਾ ਤਾਰੀਏ ? ਭਾਈ ਸਾਹਿਬ ਦਾ ਸੱਚਾ ਉੱਤਰ ਸੁਣ ਕੇ ਖ਼ਾਨ ਬਹਾਦਰ ਆਪੇ ਤੋਂ ਬਾਹਰ ਹੋ ਗਿਆ, ਮੁਫਤੀ ਨੂੰ ਕ੍ਰੋਧ ਵਿੱਚ ਕਹਿੰਦਾ ਕਿ ਇਹਨੂੰ (ਭਾਈ ਸਾਹਿਬ ਨੂੰ) ਜਲਦੀ ਤੋਂ ਜਲਦੀ ਠੇਕਾ ਨਾ ਤਾਰਨ ਦੇ ਜ਼ੁਰਮ ਵਿੱਚ ਸਜ਼ਾ ਸੁਣਾਈ ਜਾਵੇ । ਭਾਵੇਂ ਉਸ ਵੇਲੇ ਸਜ਼ਾ ਸੁਣਾਉਣ ਲਈ ਏਨਾ ਹੀ ਬਹੁਤ ਸੀ ਕਿ ਉਹ ਸਿੱਖ ਹੈ । ਮੁਫਤੀ ਨੇ ਭਾਈ ਸਾਹਿਬ ਨੂੰ ਆਖਿਆ ਕਿ ਉਨ੍ਹਾਂ ਦੇ ਬਚਾਉਣ ਦਾ ਇਕ ਰਾਹ ਹੈ ਕਿ ਉਹ ਇਸਲਾਮ ਧਾਰਨ ਕਰ ਲੈਣ, ਕਾਜ਼ੀ ਦੇ ਬਾਕੀ ਸਲਾਹਕਾਰਾਂ ਵੀ ਭਾਈ ਸਾਹਿਬ ਨੂੰ ਇਹੀ ਰਾਇ ਦਿੱਤੀ ਕਿ ਮੁਸਲਮਾਨ ਹੋ ਕੇ ਜਾਨ ਬਚਾ ਲਉ । ਅਤੇ ਜਦੋਂ ਲਾਹੌਰ ਦੇ ਸਿੱਖਾਂ ਨੇ ਠੇਕੇ ਦੀ ਰਕਮ ਤਾਰ ਕੇ ਭਾਈ ਸਾਹਿਬ ਨੂੰ ਬਚਾਣਾ ਚਾਹਿਆ ਤਾਂ ਭਾਈ ਸਾਹਿਬ ਨੇ ਸਿੱਖਾਂ ਨੂੰ ਵੀ ਬਚਨ ਕੀਤੇ :
ਦੇਹੀ ਕਿਸ ਦੀ ਬਾਪਰੀ, ਸਿੱਖੀ ਜਿ ਸਾਬਤ ਹੋਇ ।
ਦੇਹ ਤੋਂ ਆਵਣ ਜਾਣ ਹੈ, ਸਿਖੀ ਲਭੈ ਕਬ ਕੋਇ ।16।
ਭਾਈ ਮਨੀ ਸਿੰਘ ਜੀ ਨੂੰ ਮੁਫਤੀ ਨੇ ਆਖਿਆ ਕਿ ਜੇ ਤੂੰ ਮੁਸਲਮਾਨ ਨਹੀਂ ਹੋਣਾ ਤਾਂ ਸਖ਼ਤ ਸਜ਼ਾ ਵਾਸਤੇ ਤਿਆਰ ਹੋ ਜਾਉ । ਭਾਈ ਸਾਹਿਬ ਨੇ ਬੇਖ਼ੌਫ਼ ਹੋ ਕੇ ਆਖਿਆ ਕਿ ਮੈਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਸਤੇ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ । ਮੁਫਤੀ ਨੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ, ਭਾਈ ਸਾਹਿਬ ਨੂੰ ਨਿਕਾਸ਼ ਚੌਂਕ (ਲਾਹੌਰ) ਕਤਲਗਾਹ ਵਿੱਚ ਲਿਆਂਦਾ ਗਿਆ । ਭਾਈ ਸਾਹਿਬ ਅਡੋਲ ਚੌਂਕੜਾ ਮਾਰ ਕੇ ਬੈਠ ਗਏ । ਜੱਲਾਦ ਭਾਈ ਸਾਹਿਬ ਦਾ ਬੰਦ-ਬੰਦ ਕੱਟਦੇ ਰਹੇ ਅਤੇ ਭਾਈ ਸਾਹਿਬ ਜਪੁਜੀ ਦਾ ਪਾਠ ਕਰਦੇ ਰਹੇ, ਕੇਤੀ ਛੁਟੀ ਨਾਲ ਕਹਿਣ ਦੀ ਦੇਰ ਸੀ ਭਾਈ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ । ਇਤਿਹਾਸਕਾਰਾਂ ਇਹ ਸਾਕਾ 14 ਜੁਲਾਈ 1738 ਦਾ ਲਿਖਿਆ ਹੈ ।
ਇਸ ਸ਼ਹੀਦੀ ਨੇ ਸਿੱਖਾਂ ਵਿੱਚੋਂ ਮੌਤ ਦਾ ਡਰ ਬਿਲਕੁੱਲ ਹੀ ਖ਼ਤਮ ਕਰ ਦਿੱਤਾ । ਇਸ ਸ਼ਹੀਦੀ ਨੇ ਸਿੱਖਾਂ ਵਿੱਚ ਏਨਾ ਜੋਸ਼ ਭਰ ਦਿੱਤਾ ਕਿ ਸਿੱਖਾਂ ਨੇ ਜਿੰਨਾ ਚਿਰ ਲਾਹੌਰ &lsquoਤੇ ਖ਼ਾਲਸੇ ਦਾ ਝੰਡਾ ਨਹੀਂ ਝੁਲਾ ਲਿਆ ਇਹ ਕਿਸੇ ਦੇ ਕਾਬੂ ਨਹੀਂ ਆਏ । ਇਸ ਸ਼ਹੀਦੀ ਦਾ ਬਦਲਾ ਵੀ ਲੱਗਦੇ ਹੱਥ ਲੈ ਲਿਆ । ਭਾਈ ਮਨੀ ਸਿੰਘ ਨੂੰ ਜਿਸ ਮੁਫਤੀ (ਕਾਜ਼ੀ) ਨੇ ਸਜ਼ਾ ਸੁਣਾਈ ਸੀ, ਉਸ ਨੂੰ ਸ। ਬਰਾਜ ਸਿੰਘ ਨੇ ਕਤਲ ਕਰ ਦਿੱਤਾ ਅਤੇ ਭਾਈ ਮਨੀ ਸਿੰਘ ਦੇ ਭਤੀਜੇ ਅਘੜ ਸਿੰਘ ਨੇ ਕਾਜ਼ੀ ਅਬਦੁੱਰਜਾਕ ਨੂੰ ਕਤਲ ਕਰ ਕੇ ਉਹਦਾ ਪਿੰਡ ਅਲੀਗੜ੍ਹ (ਗੁਜਰਾਂਵਾਲਾ) ਉਜਾੜ ਕੇ ਉਸ ਦਾ ਨਾਂ ਅਕਾਲਗੜ੍ਹ ਰੱਖ ਦਿੱਤਾ ।
ਜਿਮ ਕੱਟੇ ਤੇ ਫਲੇ ਗੁਲਾਬ, ਤਿਮ ਪੰਥ ਵਡੇ ਭਈ ਅਜਾਬ ।
ਭਾਈ ਮਨੀ ਸਿੰਘ ਜੀ ਨੂੰ ਲੱਖ-ਲੱਖ ਪ੍ਰਣਾਮ ਕਰਦੇ ਹੋਏ ਉਨ੍ਹਾਂ ਦੀ ਸ਼ਹੀਦੀ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥
(ਨੋਟ - ਸਿੱਖ ਕੌਮ ਦੀ ਅਜ਼ਾਦੀ ਲਈ ਲੜੇ ਜਾ ਰਹੇ ਅਜੋਕੇ ਸੰਘਰਸ਼ ਲਈ, ਪੰਥਕ ਮੀਡੀਏ ਨੂੰ ਚੱਲਦਾ ਰੱਖਣਾ ਖ਼ਾਲਸਾ ਪੰਥ ਦੀ ਸਭ ਤੋਂ ਵੱਡੀ ਜਰੂਰਤ ਹੈ । ਪਰ ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਸ਼ਹੀਦ ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਦੇ ਸ਼ਹੀਦੀ ਦਿਹਾੜੇ ਮਨਾਉਣ ਵਾਲੇ ਇਸ਼ਤਿਹਾਰ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਪੰਜਾਬ ਟਾਈਮਜ਼ ਵਿੱਚ ਨਾਂਹ ਦੇ ਬਰਾਬਰ ਵੇਖਣ ਨੂੰ ਮਿਲਦੇ ਹਨ । ਪੰਜਾਬ ਟਾਈਮਜ਼ ਨੂੰ ਚੱਲਦਾ ਰੱਖਣ ਲਈ ਆਉ ਸਾਰੇ ਰਲਕੇ ਯਥਾਸ਼ਕਤ ਇਸ਼ਤਿਹਾਰਾਂ ਰਾਹੀਂ ਪੰਥਕ ਪੰਜਾਬੀ ਮੀਡੀਏ ਦਾ ਸਹਿਯੋਗ ਦੇ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ -
ਭੁੱਲਾਂ ਚੁੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।