image caption: ਭਗਵਾਨ ਸਿੰਘ ਜੌਹਲ

24 ਜੁਲਾਈ ਨੂੰ ਬਰਸੀ ਤੇ ਵਿਸ਼ੇਸ਼, ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ

ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ ਤੇ ਵਾਪਰਿਆ । ਇਸ ਸਾਕੇ ਨੂੰ ਬਜਬਜਘਾਟ ਦੇ ਖੂਨੀ ਸਾਕੇ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ । ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜਘਾਟ ਨਾਂਅ ਦੀ ਬੰਦਰਗਾਹ &lsquoਤੇ 29 ਸਤੰਬਰ, 1914 ਨੂੰ ਵਾਪਰਿਆ । ਇਸ ਖੂਨੀ ਸਾਕੇ ਸਮੇਂ ਜਿਸ ਜੁਝਾਰੂ ਸਿੱਖ ਆਗੂ ਦੀ ਅਗਵਾਈ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਲਈ ਨਵੀਂ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦਿੱਤੀਆਂ, ਉਸ ਮਹਾਨ ਸਿੱਖ ਆਗੂ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਨਾਂਅ ਨਾਲ ਹਰ ਬਸ਼ਰ ਯਾਦ ਕਰਦਾ ਹੈ । ਬਾਬਾ ਗੁਰਦਿੱਤ ਸਿੰਘ ਦਾ ਜਨਮ ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 1861 ਈ: ਨੂੰ ਹੋਇਆ । ਇਨ੍ਹਾਂ ਦੇ ਪਿਤਾ ਜੀ ਸ। ਹੁਕਮ ਸਿੰਘ ਸੰਧੂ ਖੇਤੀਬਾੜੀ ਦਾ ਧੰਦਾ ਕਰਦੇ ਸਨ । ਬਾਬਾ ਜੀ ਨੇ ਮੁੱਢਲੀ ਸਿੱਖਿਆ ਤੋਂ ਪਿੱਛੋਂ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਆਰੰਭ ਕੀਤਾ । ਪਰ ਇਹ ਕਿੱਤਾ ਲਾਭਕਾਰੀ ਨਹੀਂ ਸੀ । ਬਾਬਾ ਜੀ ਦੇ ਮਨ ਵਿੱਚ ਵਿਉਪਾਰ ਕਰਨ ਦੀ ਲਗਨ ਸੀ । ਇਸੇ ਲਗਨ ਨੂੰ ਲੈ ਕੇ ਬਾਬਾ ਜੀ ਪਹਿਲਾਂ ਮਲਾਇਆ ਪਹੁੰਚੇ ਤੇ ਇਸ ਤੋਂ ਪਿੱਛੋਂ ਹਾਂਗਕਾਂਗ ਚਲੇ ਗਏ । ਬਾਬਾ ਜੀ ਨੇ ਵਪਾਰ ਕਰਨ ਦੇ ਆਸ਼ੇ ਨੂੰ ਮੁੱਖ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ । ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਇਕ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ &lsquoਤੇ ਲੈ ਲਿਆ ।
ਬਾਬਾ ਜੀ ਬੜੀ ਤੇਜ਼-ਤਰਾਰ ਬਾਣੀ ਦੇ ਮਾਲਕ ਸਨ । ਉਨ੍ਹਾਂ ਦੇ ਮਨ ਵਿੱਚ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਆਰਥਿਕ ਮੰਦਹਾਲੀ ਦਾ ਦੁੱਖ ਅਤੇ ਗੁਲਾਮੀ ਹੋਣ ਦੀ ਲਾਹਨਤ ਤੋਂ ਇਲਾਵਾ ਅੰਗ੍ਰੇਜ਼ ਸਰਕਾਰ ਦੀ ਲੁੱਟ-ਖਸੁੱਟ ਦੀ ਮਾਰੂ ਨੀਤੀ ਘਰ ਕਰ ਚੁੱਕੀ ਸੀ । ਉਨ੍ਹਾਂ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਰਾਂ ਸਮੇਤ ਇਸ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾਇਆ । ਇਨ੍ਹਾਂ ਮੁਸਾਫਰਾਂ ਵਿੱਚ ਕੇਵਲ 30 ਗੈਰ ਸਿੱਖ ਯਾਤਰੂ ਸਨ, ਬਾਕੀ ਸਾਰੇ ਸਿੱਖ ਹੀ ਸਨ । ਉਨ੍ਹਾਂ ਇਸ ਜਹਾਜ਼ ਦਾ ਨਾਂਅ ਕਾਮਾਗਾਟਾਮਾਰੂ ਦੀ ਥਾਂ &lsquoਤੇ ਗੁਰੂ ਨਾਨਕ ਜਹਾਜ਼ ਰੱਖਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਇਸ ਜਹਾਜ਼ ਵਿੱਚ ਕੀਤਾ । ਵਪਾਰਕ ਨਜ਼ਰੀਏ ਨਾਲ ਕੁਝ ਕੋਲਾ ਵੀ ਇਸ ਜਹਾਜ਼ ਵਿੱਚ ਭਰਿਆ ਗਿਆ । ਜਹਾਜ਼ ਨੂੰ ਰਵਾਨਾ ਕਰਨ ਤੋਂ ਪਹਿਲਾਂ ਇਥੇ ਹਕੂਮਤ ਕਰ ਰਹੀ ਅੰਗ੍ਰੇਜ਼ ਸਰਕਾਰ ਨੇ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ । ਇਨ੍ਹਾਂ ਸਾਰੀਆਂ ਤੰਗੀਆਂ ਤੁਰਸ਼ੀਆਂ ਨੂੰ ਝਲਦਿਆਂ ਆਖਰ ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ, 1914 ਈ: ਰਵਾਨਾ ਹੋਇਆ । ਸਮੁੰਦਰੀ ਸਫ਼ਰ ਤੈਅ ਕਰਕੇ 22 ਮਈ, 1914 ਈ: ਨੂੰ ਇਹ ਜਹਾਜ਼ ਵੈਨਕੂਵਰ (ਕੈਨੇਡਾ) ਪਹੁੰਚਿਆ, ਪਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੋਂ ਹੀ ਰੋਕ ਲਿਆ ਗਿਆ । ਇਸ ਜਹਾਜ਼ ਵਿੱਚ ਸਫ਼ਰ ਕਰ ਰਹੇ ਮੁਸਾਫਰਾਂ ਵਿੱਚੋਂ ਕੇਵਲ ਉਨ੍ਹਾਂ ਨੂੰ ਹੀ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ । ਬਾਕੀ ਸਾਰੇ ਮੁਸਾਫਿਰ ਲਗਪਗ ਦੋ ਮਹੀਨੇ (23 ਜੁਲਾਈ) ਤੱਕ ਸਮੁੰਦਰ ਵਿੱਚ ਸਖ਼ਤ ਪਹਿਰੇ ਹੇਠ ਰੋਕੀ ਰੱਖੇ । ਇਨ੍ਹਾਂ ਦੋ ਮਹੀਨਿਆਂ ਦੌਰਾਨ ਸਮੁੰਦਰੀ ਜਹਾਜ਼ ਵਿੱਚ ਰਾਸ਼ਨ ਆਦਿ ਵੀ ਖਤਮ ਹੋ ਗਿਆ । ਸਮੁੰਦਰ ਵਿੱਚ ਰਹਿਣ ਕਰਕੇ ਬਹੁਤ ਸਾਰੇ ਮੁਸਾਫਿਰ ਅਨੇਕਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ । 
ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਇਹ ਮੁਸਾਫਿਰ 29 ਸਤੰਬਰ, 1914 ਈ: ਵਿਖੇ ਬਾਬਾ ਜੀ ਦੀ ਅਗਵਾਈ ਵਿੱਚ ਹੁਗਲੀ ਬੰਦਰਗਾਹ ਤੇ ਪਹੁੰਚੇ । ਇਸ ਘਾਟ ਦਾ ਨਾਂਅ ਬਜਬਜਘਾਟ ਵਜੋਂ ਜਾਣਿਆ ਜਾਂਦਾ ਹੈ । ਭਾਰਤ ਵਿੱਚ ਰਾਜ ਕਰ ਰਹੀ ਅੰਗ੍ਰੇਜ਼ ਸਰਕਾਰ ਨੂੰ ਇਹ ਸਾਰੇ ਮਰਜੀਵੜੇ ਵਿਦਰੋਹੀ ਨਜ਼ਰ ਆਉਂਦੇ ਸਨ, ਕਿਉਂਕਿ ਲਗਪਗ ਸਾਢੇ ਪੰਜ ਮਹੀਨੇ ਪਿੱਛੋਂ ਇਹ ਭਾਰਤੀ ਬੰਦਰਗਾਹ &lsquoਤੇ ਪੁੱਜੇ ਸਨ । ਇਨ੍ਹਾਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ । ਸਰਕਾਰ ਨੇ ਫੈਸਲਾ ਕੀਤਾ ਕਿ ਇਨ੍ਹਾਂ ਭੁੱਖ ਅਤੇ ਬਿਮਾਰੀਆਂ ਤੋਂ ਤੰਗ ਆਏ ਸਾਰੇ ਬਾਕੀ ਮੁਸਾਫਿਰਾਂ ਨੂੰ ਇਕ ਬੰਦ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ । 17 ਮੁਸਲਮਾਨ ਮੁਸਾਫਿਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿੱਚ ਸਵਾਰ ਹੋ ਗਏ, ਬਾਕੀ ਸਾਰੇ ਮੁਸਾਫਿਰ ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਲੈ ਕੇ ਸਟੇਸ਼ਨ ਵੱਲ ਨੂੰ ਜਲੂਸ ਦੀ ਸ਼ਕਲ ਵਿੱਚ ਪੈਦਲ ਚੱਲ ਪਏ । ਉਨ੍ਹਾਂ ਪਲੇਟਫਾਰਮ &lsquoਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਆਰੰਭ ਕੀਤਾ । ਏਨੇ ਨੂੰ ਫੌਜ ਅਤੇ ਪੁਲਸ ਦੀਆਂ ਟੁੱਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ਉੱਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ । ਸਰਕਾਰੀ ਰਿਕਾਰਡ ਮੁਤਾਬਿਕ 16 ਮੁਸਾਫਿਰ ਸ਼ਹਾਦਤ ਦਾ ਜਾਮ ਪੀ ਗਏ, 25 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਇਸ ਬਜਬਜਘਾਟ ਦੇ ਖੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਅਜ਼ਾਦੀ ਦੀ ਲਹਿਰ ਨੂੰ ਹੋਰ ਤਿੱਖਾ ਕੀਤਾ।
ਇਸ ਖੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ 28 ਸਾਥੀਆਂ ਸਮੇਤ ਉਸ ਜਗ੍ਹਾ ਤੋਂ ਬੱਚ ਕੇ ਨਿਕਲ ਜਾਣ ਵਿੱਚ ਕਾਮਯਾਬ ਹੋ ਗਏ । ਇਹ ਜੁਝਾਰੂ ਬਾਬਾ ਛੇਅ ਸਾਲ ਤੱਕ ਗੁਪਤ ਵਾਸ ਵਿੱਚ ਰਿਹਾ । ਇਸ ਤੋਂ ਪਿੱਛੋਂ ਉਹ ਲੋਕ ਸਾਹਮਣੇ ਆਏ । ਕਈ ਵਾਰ ਇਸ ਦੇਸ਼ ਭਗਤ ਬਾਬੇ ਨੂੰ ਸਖ਼ਤ ਕੈਦ ਕੱਟਣੀ ਪਈ । ਉਹ ਹੁਣ ਪੂਰੀ ਤਰ੍ਹਾਂ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਿਲ ਹੋ ਚੁੱਕੇ ਸੀ । ਇਸ ਦੌਰਾਨ ਆਜ਼ਾਦੀ ਲਈ ਘੋਲ ਕਰ ਰਹੇ ਰਾਸ਼ਟਰੀ ਆਗੂਆਂ ਨੂੰ ਗੁਪਤਵਾਸ ਦੌਰਾਨ ਮਿਲਦਾ ਵੀ ਰਿਹਾ । 1926 ਈ: ਵਿੱਚ ਹੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਹਾਟੀ ਸੈਸ਼ਨ ਵਿੱਚੋਂ 50 ਸਿੱਖ ਡੈਲੀਗੇਟਾਂ ਸਮੇਤ ਵਾਕਆਊਟ ਕੀਤਾ, ਕਿਉਂਕਿ ਉਸ ਸਮੇਂ ਸਬਜੈਕਟ ਕਮੇਟੀ ਨੇ ਆਪਣੇ ਪਾਸ ਹੋਣ ਵਾਲੇ ਮਤਿਆਂ ਵਿੱਚ ਮਹਾਰਾਜਾ ਨਾਭਾ ਸ: ਰਿਪੁਦਮਨ ਸਿੰਘ ਨੂੰ ਅੰਗ੍ਰੇਜ਼ਾਂ ਵੱਲੋਂ ਗੱਦੀ ਤੋਂ ਵੱਖ ਕਰਨ ਦੀ ਬੇਇਨਸਾਫੀ ਵਿਰੁੱਧ ਮਤਾ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਇਸ ਤੋਂ ਪਿੱਛੋਂ 1931 ਈ: ਤੋਂ 1933 ਈ: ਤੱਕ ਰਾਜਨੀਤਿਕ ਗਤੀਵਿਧੀਆਂ ਕਾਰਨ ਤਿੰਨ ਵਾਰ ਜੇਲ੍ਹ ਜਾਣਾ ਪਿਆ । 1937 ਈ: ਵਿੱਚ ਕਾਂਗਰਸ ਵੱਲੋਂ ਵਿਧਾਇਕ ਦੀ ਚੋਣ ਲੜੀ ਪਰ ਹਾਰ ਗਏ । ਇਹ ਮਹਾਨ ਜੁਝਾਰੂ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰ੍ਹਿਆਂ ਦੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ 24 ਜੁਲਾਈ, 1954 ਨੂੰ ਅਕਾਲ ਚਲਾਣਾ ਕਰ ਗਿਆ । ਬਜਬਜਘਾਟ ਦੇ ਖੂਨੀ ਸਾਕੇ ਦੀ ਬਣੀ ਹੋਈ ਸ਼ਹੀਦੀ ਯਾਦਗਾਰ ਅੱਜ ਵੀ ਬਾਬਾ ਜੀ ਦੀ ਅਗਵਾਈ ਵਿੱਚ ਵਾਪਰੇ ਇਸ ਖੂਨੀ ਸਾਕੇ ਦੀ ਯਾਦ ਨੂੰ ਅੱਜ ਵੀ ਤਾਜ਼ਾ ਕਰ ਰਹੀ ਹੈ ।
-ਭਗਵਾਨ ਸਿੰਘ ਜੌਹਲ