ਕੌਮਾਂ ਬਾਹਰਮੁੱਖੀ ਹਾਦਸਿਆਂ ਹੱਥੋਂ ਨਹੀਂ ਮਰਦੀਆਂ ਇਨ੍ਹਾਂ ਨੂੰ ਇਨ੍ਹਾਂ ਦੇ ਅੰਦਰਲੇ ਭਭੀਖਣ ਹੀ ਲੈ ਡੁੱਬਦੇ ਹਨ

13 ਜੁਲਾਈ 2025 ਦਿਨ ਐਤਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਹੋਈ ਪੰਥਕ ਕਾਨਫਰੰਸ ਦੀ ਰਿਪੋਰਟ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਲਈ ਸਾਰੀਆਂ ਪੰਥਕ ਧਿਰਾਂ ਨੂੰ ਸੁਹਿਰਦ ਹੋਣ ਦੀ ਲੋੜ, ਦੇ ਸਿਰਲੇਖ ਹੇਠ ਇਸ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਅੰਕ 3089 ਦੇ ਸਫ਼ਾ 42 ਉੱਤੇ ਛੱਪੀ ਹੈ । ਇਸੇ ਪੰਜਾਬ ਟਾਈਮਜ਼ ਦੇ ਅੰਕ 3089 ਦੇ ਸਫ਼ਾ 45 ਉੱਤੇ ਇਕ ਹੋਰ ਖ਼ਬਰ : ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੌਰਾਨ ਸ਼੍ਰੋਮਣੀ ਕਮੇਟੀ ਤਿਆਰੀਆਂ ਵਿੱਚ ਜੁਟੀ, ਦਾਸ ਨੇ ਇਸ ਖ਼ਬਰ ਦੇ ਕੇਵਲ ਉਸ ਹਿੱਸੇ ਦਾ ਹੀ ਜ਼ਿਕਰ ਕਰਨਾ ਹੈ ਜਿਸ ਦਾ ਸਬੰਧ ਦਾਸ ਦੇ ਹੱਥਲੇ ਲੇਖ ਦੇ ਵਿਸ਼ੇ ਨਾਲ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾਗੱਦੀ ਦਿਵਸ ਨੂੰ ਵੀ ਇਸੇ ਸ਼ਤਾਬਦੀ ਨਾਲ ਜੋੜ ਕੇ ਮਨਾਇਆ ਜਾਵੇਗਾ । ਜਿਸ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਅਤੇ ਪ੍ਰੋਗਰਾਮ ਸ਼ਾਮਿਲ ਹੋਣਗੇ । ਉੱਚ ਪੱਧਰੀ ਤਾਲਮੇਲ ਕਮੇਟੀ ਦੀ ਪਲੇਠੀ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਾਹਬ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ, ਰਘੂਜੀਤ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ, ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਗਿਆਨੀ ਸਾਹਿਬ ਸਿੰਘ, ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਗੁਰਪ੍ਰੀਤ ਸਿੰਘ, ਬਾਬਾ ਸੁੱਖਵਿੰਦਰ ਸਿੰਘ ਭੂਰੀ ਵਾਲੇ, ਸੀਨੀਅਰ ਆਗੂ ਡਾ: ਦਿਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਸੁਆਮੀ ਜੀ ਸੁਕੀ ਚੋਈ ਵਾਲੇ ਹੁਸ਼ਿਆਰਪੁਰ, ਸਿੱਖ ਵਿਦਵਾਨ ਡਾ। ਬਲਕਾਰ ਸਿੰਘ, ਡਾ। ਇੰਦਰਜੀਤ ਸਿੰਘ ਗੋਗੋ ਆਣੀ, ਡਾ। ਕੇਹਰ ਸਿੰਘ, ਡਾ। ਅਮਰਜੀਤ ਸਿੰਘ, ਡਾ। ਪਰਮਵੀਰ ਸਿੰਘ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਆਦਿ ਤੋਂ ਇਲਾਵਾ 2 ਭਗਵਾਂਧਾਰੀ ਆਰ। ਐੱਸ। ਐੱਸ। ਦੇ ਮੈਂਬਰ ਵੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਪਲੇਠੀ ਇਕੱਤਰਤਾ ਵਿੱਚ ਬੈਠੇ ਦਿੱਸ ਰਹੇ ਹਨ । ਉਕਤ ਆਰ।ਐੱਸ।ਐੱਸ। ਦੀ ਤਸਵੀਰਾਂ ਸਮੇਤ ਛਪੀ ਖ਼ਬਰ ਤੋਂ ਇਹ ਗੱਲ ਸੁਤੇ ਸਿੱਧ ਹੀ ਸਮਝ ਪੈ ਜਾਂਦੀ ਹੈ ਕਿ ਆਰ।ਐੱਸ।ਐੱਸ।, ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਮਨਾਉਣ ਵਾਲੇ ਪੋ੍ਰਗਰਾਮਾਂ ਵਿੱਚ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਹੈ । ਇਹ ਜਾਨਣ ਲਈ ਕਿ ਆਰ।ਐੱਸ।ਐੱਸ। ਦਖਲ ਅੰਦਾਜ਼ੀ ਕਿਉਂ ਕਰ ਰਹੀ ਹੈ ਸਾਨੂੰ ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਅੰਕ 3088 ਦੇ ਸਫ਼ਾ 4 ਤੇ ਛਪੀ ਇਸ ਖ਼ਬਰ ਕਿ : ਸੰਘ ਪਰਿਵਾਰ ਸਿੱਖ ਇਤਿਹਾਸ ਕਿਉਂ ਬਦਲ ਰਿਹਾ ਹੈ, ਨਾਲ ਜੋੜ ਕੇ ਵੇਖਣਾ ਪਵੇਗਾ । ਉਕਤ ਇਸ ਖ਼ਬਰ ਦੀਆਂ ਇਹ ਸਤਰਾਂ ਚਿੰਤਾ ਦਾ ਵਿਸ਼ਾ ਅਤੇ ਵਿਚਾਰਨ ਯੋਗ ਹਨ : ਸੰਘ ਦੀਆਂ ਸੰਸਥਾਵਾਂ, ਜਿਵੇਂ ਵੀ।ਐੱਚ।ਪੀ। ਨੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਚੁਣੌਤੀ ਦਿੱਤੀ ਹੈ । ਸੰਘ ਪਰਿਵਾਰ ਵਾਲੇ ਸਿੱਖ ਸੱਭਿਆਚਾਰ ਦੇ ਪ੍ਰਤੀਕਾਂ (ਜਿਵੇਂ ਕਿਰਪਾਨ, ਪੰਜ ਕਕਾਰ) ਨੂੰ ਹਿੰਦੂ ਰੀਤੀ ਰਿਵਾਜਾਂ ਨਾਲ ਜੋੜਦੇ ਹਨ । ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਣ ਨਾਲ ਸਿੱਖਾਂ ਦੀ ਵੱਖਰੀ ਪਛਾਣ ਨੂੰ ਕਮਜ਼ੋਰ ਕਰਨਾ ਹੈ, ਤਾਂ ਜੋ ਹਿੰਦੂ ਰਾਸ਼ਟਰ ਨੂੰ ਹੁਲਾਰਾ ਮਿਲ ਸਕੇ । ਸੰਘ ਮੰਨਦਾ ਹੈ ਕਿ ਸਿੱਖ ਗੁਰੂਆਂ ਨੇ ਮੁਗ਼ਲਾਂ ਵਿਰੁੱਧ ਲੜਾਈ ਹਿੰਦੂ ਧਰਮ ਦੀ ਰਾਖੀ ਲਈ ਕੀਤੀ । ਆਰ।ਐੱਸ।ਐੱਸ। ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਮਨਾਉਣ ਵਾਲੀ ਉੱਚ ਪੱਧਰੀ ਤਾਲਮੇਲ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ ਦਲ) ਦੇ ਕਾਰਕੁਨਾਂ ਦੇ ਬਰਾਬਰ ਮੇਜ ਤੇ ਬੈਠ ਕੇ ਆਰ।ਐੱਸ।ਐੱਸ। ਵਾਲੇ ਦੱਸਣਾ ਚਾਹੁੰਦੇ ਹਨ ਕਿ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਕੇਵਲ ਹਿੰਦੂ ਧਰਮ ਬਚਾਉਣ ਲਈ ਹੀ ਦਿੱਤੀ । ਜਦਕਿ ਸੱਚਾਈ ਇਸ ਦੇ ਬਿਲਕੁੱਲ ਉਲਟ ਹੈ । ਗੁਰੂ ਤੇਗ਼ ਬਹਾਦਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਹਲੇਮੀ ਰਾਜ ਦੇ ਮਿਸ਼ਨ ਦੀ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ, ਅੰਗ 966) ਦੀ ਸੰਪੂਰਨਤਾ ਅਤੇ ਸਮੁੱਚੀ ਮਾਨਵਤਾ ਦੇ (ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ) ਭਲੇ ਲਈ ਸ਼ਹਾਦਤ ਦਿੱਤੀ । ਇਕ ਹੀ ਨੂਰ ਤੋਂ ਉਪਜੇ ਕੁਦਰਤ ਦੇ ਬੰਦਿਆਂ (ਅਵਲਿ ਅਲਹੂ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ) ਉੱਤੇ ਔਰੰਗਜ਼ੇਬ ਵੱਲੋਂ ਜੋਰ ਜੁਲਮ ਦੁਆਰਾ ਕਿਸੇ ਦੇ ਧਰਮ ਨੂੰ ਨਸ਼ਟ-ਭ੍ਰਸ਼ਟ ਕਰਕੇ ਧਰਮ ਬਦਲੀ ਲਈ ਮਜਬੂਰ ਕਰਨੋ ਠੱਲ੍ਹ ਪਾਉਣ ਲਈ ਵੀ ਸ਼ਹਾਦਤ ਦਿੱਤੀ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ, ਸੈਨਾਪਤਿ ਨੇ ਗੁਰੂ ਸੋਭਾ ਗ੍ਰੰਥ ਵਿੱਚ ਹੇਠ ਲਿਖੇ ਅਨੁਸਾਰ ਬਿਆਨ ਕੀਤਾ ਹੈ-
ਪ੍ਰਗਟ ਭਏ ਗੁਰ ਤੇਗ਼ ਬਹਾਦਰ । ਸਗਲ ਸ੍ਰਿਸਟਿ ਪੈ ਢਾਪੀ ਚਾਦਰ ।
ਕਰਮ ਧਰਮ ਕੀ ਜਿਨਿ ਪਤਿ ਰਾਖੀ । ਅਟਲ ਕਰੀ ਕਲਯੁਗ ਮੈ ਸਾਖੀ । 
ਸਗਲ ਸ੍ਰਿਸਟਿ ਜਾ ਕਾ ਜਸਭਯੋ । ਜਿਹ ਤੇ ਸਰਬ ਧਰਮ ਬੰਚਯੋ ।
ਤੀਨ ਲੋਕ ਮੈ ਜੈ ਜੈ ਭਈ । ਸਤਿਗੁਰਿ ਪੈਜ ਰਾਖਿ ਇਮ ਲਈ ।
ਤਿਲਕ ਜਨੇਊ ਅਰਿ ਧਰਮਸਾਲਾ । ਅਟਲ ਕਰੀ ਗੁਰ ਭਏ ਦਿਆਲਾ ।
ਸ੍ਰੀ ਗੁਰ ਸੋਭਾ ਦੇ ਲਿਖਾਰੀ ਕਵੀ ਸੈਨਾਪਤਿ (ਅੰਮ੍ਰਿਤ ਛਕੇ ਬਣੇ ਕਵੀ ਸੈਨਾ ਸਿੰਘ) ਦੀਆਂ ਉਕਤ ਸਤਰਾਂ ਨੂੰ ਧਿਆਨ ਨਾਲ ਪੜ੍ਹੀਏ ਤੇ ਇਹ ਗੱਲ ਸੁਤੇ ਸਿਧ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਕੇਵਲ ਤਿਲਕ ਜਨੇਊ ਬਚਾਉਣ ਹੀ ਨਹੀਂ ਸਗੋਂ ਸਭ ਧਰਮਾਂ ਦੀ ਸੁਤੰਤਰਤਾ ਨੂੰ (ਸਰਬ ਧਰਮ ਬੰਚਯੋ) ਬਚਾਉਣ ਅਤੇ ਤਿਲਕ ਜਨੇਊ ਦੇ ਨਾਲ-ਨਾਲ ਸਿੱਖਾਂ ਦੇ ਧਾਰਮਿਕ ਅਸਥਾਨ ਧਰਮਸਾਲਾ ਬਚਾਉਣ ਲਈ ਵੀ ਸ਼ਹਾਦਤ ਦਿੱਤੀ ਹੈ ਅਰਥਾਤ ਤਿਲਕ ਜਨੇਊ ਅਰਿ ਧਰਮਸਾਲਾ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਿੱਚੋਂ ਹੀ ਖ਼ਾਲਸਾ ਪ੍ਰਗਟ ਹੁੰਦਾ ਹੈ । ਸਿੱਖ ਪੰਥ, ਸਿੱਖ ਧਰਮ ਵਿੱਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਪੰਥ ਦੇ ਆਗੂਆਂ ਨੂੰ ਕਿਸੇ ਹੋਰ ਕੌਮ ਦੇ ਆਗੂਆਂ ਨਾਲੋਂ ਵਧੇਰੇ ਜ਼ਿੰਮੇਵਾਰ ਬਣਾਉਂਦਾ ਹੈ । ਸਿਆਸਤ ਵਿੱਚ ਪਏ ਹੋਏ ਵੱਖਰੇਵਿਆਂ ਨੂੰ ਮੇਟਣਾ ਸੌਖਾ ਹੁੰਦਾ ਹੈ ਪਰ ਧਰਮ-ਕਰਮ ਵਿੱਚ ਪਏ ਵੱਖਰੇਵੇਂ ਇਕ ਵਾਰ ਜੜ੍ਹ ਫੜ ਜਾਣ ਤਾਂ ਉਨ੍ਹਾਂ ਨੂੰ ਮੇਟਣਾ ਬਹੁਤ ਔਖਾ ਹੁੰਦਾ ਹੈ (ਲਕੀਰ, ਲੇਖਕ ਗਜਿੰਦਰ ਸਿੰਘ) ਹੁਣ ਅਸੀਂ ਵਿਚਾਰ ਕਰਾਂਗੇ ਕਿ ਸਿੱਖ ਧਰਮ ਵਿੱਚ ਵੱਖਰੇਵੇਂ ਭਾਵ ਦੁਬਿਧਾ ਪਾਉਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਢਾਅ ਲਾਉਣ ਲਈ ਆਰ। ਐੱਸ। ਐੱਸ। ਨੇ ਕਿਸ ਦੇ ਰਾਹੀਂ ਸਿੱਖ ਸੰਸਥਾਵਾਂ ਨੂੰ ਏਨਾ ਆਪਣੇ ਪ੍ਰਭਾਵ ਹੇਠ ਲੈ ਆਂਦਾ ਕਿ ਉਹ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬਰਾਬਰ ਬੈਠ ਕੇ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਨ । ਇਸ ਗੱਲ ਦਾ ਜਵਾਬ ਸਾਨੂੰ ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਸ ਲੇਖ ਵਿੱਚੋਂ ਮਿਲ ਜਾਂਦਾ ਹੈ ਕਿ : ਬੁਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ । ਉਕਤ ਲੇਖ ਪੰਜਾਬ ਟਾਈਮਜ਼ 10 ਜੁਲਾਈ ਤੋਂ 17 ਜੁਲਾਈ 2025 ਦੇ ਅੰਕ 3088 ਦੇ ਸਫ਼ਾ 31 ਉੱਤੇ ਛਪਿਆ ਹੈ । ਸ: ਤਰਲੋਚਨ ਸਿੰਘ ਜੀ ਉਕਤ ਲੇਖ ਵਿੱਚ ਲਿਖਦੇ ਹਨ, ਪਰ ਜਦੋਂ ਇਹ ਦੋਵੇਂ ਮੈਂਬਰ (ਸ਼੍ਰੋਮਣੀ ਕਮੇਟੀ ਦੇ) ਖਹਿੜੇ ਹੀ (ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ) ਪੈ ਗਏ ਕਿ ਜੋ ਹੋ ਗਿਆ ਸੋ ਹੋ ਗਿਆ ਘੱਟ ਤੋਂ ਘੱਟ ਸਾਨੂੰ ਹੁਣ ਇਹ ਤਾਂ ਦੱਸ ਦਿਉ ਕਿ ਸ਼੍ਰੋਮਣੀ ਕਮੇਟੀ ਦੇ ਕਾਲਜ ਵਿੱਚ ਵਿੱਦਿਅਕ ਸ਼ਰਤਾਂ ਪੂਰੀਆਂ ਕਰਦੇ ਦੋ ਅੰਮ੍ਰਿਤਧਾਰੀ ਗੁਰਸਿੱਖ ਉਮੀਦਵਾਰਾਂ ਨੂੰ ਛੱਡ ਕੇ ਇਕ ਗੈਰ-ਸਿੱਖ ਨੂੰ ਨੌਕਰੀ ਕਿਸ ਦੇ ਕਹੇ ਤੋਂ ਦਿੱਤੀ ਗਈ ? ਤਾਂ ਫਿਰ ਪ੍ਰਧਾਨ ਜੀ ਨੇ (ਕ੍ਰਿਪਾਲ ਸਿੰਘ ਬਡੂੰਗਰ) ਇਨ੍ਹਾਂ ਨੂੰ ਵਿੱਚਲੀ ਗੱਲ ਦੱਸੀ : ਬਈ ਜਥੇਦਾਰੋ॥॥।! ਪ੍ਰਧਾਨ ਜੀ ਹੌਲੀ ਜਿਹੇ ਬੋਲੇ ਤੁਹਾਡਾ ਰੋਸ ਬਿਲਕੁੱਲ ਜਾਇਜ਼ ਹੀ ਹੈ । ੳਦਣ ਮੇਰੇ ਕੋਲ ਤੁਹਾਡੇ ਤੋਂ ਪਹਿਲਾਂ ਆਏ ਜਥੇਦਾਰ ॥॥। ਸਿੰਘ ਦਾ ਸਿਫ਼ਾਰਸ਼ੀ ਮੁੰਡਾ ਮੈਂ ਸਿਲੈਕਟ ਕਰ ਲਿਆ ਸੀ । ਪਰ ਐਨ ਆਖਰੀ ਪਲਾਂ ਵਿੱਚ ਮੈਨੂੰ ਚੰਡੀਗੜੋ੍ਹਂ, ਪ੍ਰਧਾਨ ਸਾਹਿਬ ਦਾ ਫੋਨ ਆ ਗਿਆ ਸੀ ਕਿ ਮੈਂ ਇਸ ਮੁੰਡੇ (ਗੈਰ-ਸਿੱਖ) ਨੂੰ ਸਲਿਪ ਦੇ ਕੇ ਭੇਜ ਰਿਹਾਂ ਇਹਨੂੰ ਹੀ ਪੋਸਟ &lsquoਤੇ ਜੁਆਇਨ ਕਰਵਾਉਣਾ ਹੈ । ਪ੍ਰਧਾਨ ਬਡੂੰਗਰ ਜ਼ਰਾ ਹੋਰ ਧੀਮੀ ਵਾਜ ਵਿੱਚ ਬੋਲੇ ਕਿ ਬਾਦਲ ਸਾਹਿਬ ਨੂੰ ਇਸ ਮੁੰਡੇ ਦੀ ਸਿਫਾਰਸ਼ ਬਾਰੇ ਦਿੱਲੀਉਂ ਅਡਵਾਨੀ ਸਾਹਿਬ ਦਾ ਫੋਨ ਆ ਗਿਆ ਸੀ । (ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਉਸ ਵੇਲੇ ਕੇਂਦਰੀ ਗ੍ਰਹਿ ਮੰਤਰੀ ਸਨ ਅਤੇ ਇਹ ਉਹ ਹੀ ਲਾਲ ਕ੍ਰਿਸ਼ਨ ਅਡਵਾਨੀ ਹੈ ਜਿਸ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ਼ ਵਿੱਚ ਲਿਖਿਆ ਹੈ ਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਅਸੀਂ ਇੰਦਰਾ ਗਾਂਧੀ &lsquoਤੇ ਜੋਰ ਪਾ ਕੇ ਕਰਵਾਇਆ ਸੀ) ਤੇ ਅੰਤ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਜਥੇਦਾਰੋ ! ਤੁਹਾਨੂੰ ਪਤਾ ਹੀ ਹੈ ਹੀਂ ਹੀਂ ਹੀ ਮਜਬੂਰੀ ਵੱਸ ਕਈ ਕੁਝ ਕਰਨਾ ਪੈਂਦਾ ਹੈ । ਸ: ਤਰਲੋਚਨ ਸਿੰਘ ਦੁਪਾਲਪੁਰੀ ਪੰਥ ਅੱਗੇ ਸੁਆਲ ਖੜ੍ਹਾ ਕਰਦੇ ਹਨ ਕਿ ਬੁੱਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ ? ਪਰ ਪੰਥ ਧੜਿਆਂ, ਧਿਰਾਂ ਵਿੱਚ ਵੰਡਿਆ ਹੋਇਆ ਹੈ ਜਦਕਿ ਗੁਰੂ ਗ੍ਰੰਥ ਗੁਰੂ ਪੰਥ ਦੇ ਵਿਧਾਨ ਅਨੁਸਾਰ ਖ਼ਾਲਸਾ ਪੰਥ ਵਿੱਚ ਧੜਾ ਪ੍ਰਵਾਨ ਨਹੀਂ ਹੈ । ਅੱਜ ਪੰਥ ਆਪਣੀ ਅੱਡਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬਚਾਉਣ ਦੀ ਬਜਾਏ ਆਪਣੇ ਅਲੱਗ ਅਲੱਗ ਧੜਿਆਂ ਦੀ ਹੋਂਦ ਨੂੰ ਬਚਾਉਣ ਵਿੱਚ ਰੁੱਝਾ ਹੋਇਆ ਹੈ । ਸਿੱਖਾਂ ਦੀ ਸਮਾਜਿਕ ਤੇ ਰਾਜਨੀਤਕ ਹਸਤੀ ਨੂੰ ਖੋਰਾ ਲਾ ਕੇ ਪੰਥ ਦੀ ਅਜ਼ਾਦ ਹਸਤੀ ਨੂੰ ਤਹਿਸ ਨਹਿਸ ਕਰਨ ਲਈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹਿੰਦੂਤਵੀ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣਿਆ । ਪੰਥ ਦੀ ਦੁਸ਼ਮਣ ਜਮਾਤ ਆਰ।ਐੱਸ।ਐੱਸ। ਤੇ ਭਾਜਪਾ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀਆਂ ਪ੍ਰਮੁੱਖ ਸੰਸਥਾਵਾਂ ਤੇ ਸਿਰ ਉੱਤੇ ਬਿਠਾ ਦਿੱਤਾ । ਆਪਣੇ ਲਫਾਫਿਆਂ ਵਿੱਚੋਂ ਕੱਢੇ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਅ ਲਾਈ ਜਿਸ ਦਾ ਖ਼ਮਿਆਜਾ ਅੱਜ ਪੂਰੀ ਸਿੱਖ ਕੌਮ ਭੁਗਤ ਰਹੀ ਹੈ । ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਉਕਤ ਵਰਤਾਰੇ &lsquoਤੇ ਇਹ ਟਿੱਪਣੀ ਪੂਰੀ ਤਰ੍ਹਾਂ ਢੁੱਕਦੀ ਹੈ ਕਿ : ਕੌਮਾਂ ਬਾਹਰਮੁੱਖੀ ਹਾਦਸਿਆਂ ਹੱਥੋਂ ਨਹੀਂ ਮਰਦੀਆਂ ਇਨ੍ਹਾਂ ਨੂੰ ਇਨ੍ਹਾਂ ਦੇ ਅੰਦਰਲੇ ਭਭੀਖਣ ਹੀ ਲੈ ਡੁੱਬਦੇ ਹਨ । 
ਭੁੱਲਾਂ ਚੁੱਕਾਂ ਦੀ ਖਿਮਾਂ-ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।