26 ਜੁਲਾਈ ਨੂੰ ਜਨਮ ਦਿਨ ਤੇ ਵਿਸ਼ੇਸ਼, ਬੁੱਧੀਜੀਵੀ ਸਿੱਖ ਆਗੂ - ਪ੍ਰਿੰ: ਬਾਵਾ ਹਰਕਿਸ਼ਨ ਸਿੰਘ ਨੂੰ ਯਾਦ ਕਰਦਿਆਂ

20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਿਥੇ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਚੱਲ ਰਿਹਾ ਸੀ, ਇਸ ਨਾਲ ਪੰਜਾਬ ਦੀ ਧਰਤੀ ਤੇ ਗੁਰਦੁਆਰਾ ਸੁਧਾਰ ਲਹਿਰ ਵੀ ਆਪਣੇ ਸਿਖਰ ਨੂੰ ਛੋਹ ਰਹੀ ਸੀ । ਪੰਜਾਬ ਦੀ ਧਰਤੀ ਤੇ ਵੱਸਣ ਵਾਲੇ ਲੋਕ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਪਛੜੇ ਹੋਏ ਸਨ । ਸਿੱਖਾਂ ਅਤੇ ਦੂਸਰੀਆਂ ਕੌਮਾਂ ਵਿੱਚ ਬੁੱਧੀਜੀਵੀ ਆਗੂਆਂ ਦੀ ਘਾਟ ਵਜੋਂ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਨਜ਼ਰ ਆ ਰਿਹਾ ਸੀ । ਪਹਿਲੀ ਸੰਸਾਰ ਜੰਗ ਅਤੇ ਦੂਜੀ ਸੰਸਾਰ ਜੰਗ ਦਾ ਅਸਰ ਪੰਜਾਬ ਉੱਪਰ ਵੀ ਸਾਫ਼ ਨਜ਼ਰ ਆ ਰਿਹਾ ਸੀ । ਸਿੱਖਾਂ ਵਿੱਚ ਬੁੱਧੀਜੀਵੀ ਸਿੱਖ ਆਗੂ ਵੀ ਉਂਗਲਾਂ &lsquoਤੇ ਗਿਣਨ ਯੋਗ ਹੀ ਸਨ । ਉਸੇ ਸਮੇਂ ਦੇ ਸਿੱਖ ਆਗੂਆਂ ਵਿੱਚੋਂ ਪ੍ਰਿੰਸੀਪਲ ਹਰਕਿਸ਼ਨ ਸਿੰਘ ਅਜਿਹੇ ਸਿੱਖਿਆ ਸ਼ਾਸਤਰੀ ਸਨ, ਜਿਨ੍ਹਾਂ ਨੂੰ ਉਸ ਸਮੇਂ ਦੇ ਪੰਜਾਬ ਦੇ ਸਿਆਣੇ ਲੋਕ ਉਨ੍ਹਾਂ ਨੂੰ ਅਥਾਹ ਪਿਆਰ ਕਰਦੇ ਸਨ । ਲਹਿੰਦੇ ਪੰਜਾਬ ਦੇ ਬਾਵਾ ਪਰਿਵਾਰ ਵਿੱਚ ਸ। ਦਸੌਂਧਾ ਸਿੰਘ ਬਾਵਾ ਦੇ ਘਰ ਡੇਰਾ ਇਸਮਾਈਲ ਖਾਨ ਵਿੱਚ 26 ਜੁਲਾਈ 1892 ਈ: ਵਿੱਚ ਬਾਵਾ ਹਰਕਿਸ਼ਨ ਸਿੰਘ ਦਾ ਜਨਮ ਹੋਇਆ । ਬਾਵਾ ਹਰਕਿਸ਼ਨ ਸਿੰਘ ਨੇ 1912 ਈ: ਵਿੱਚ ਕ੍ਰਿਸ਼ਚੀਅਨ ਕਾਲਜ ਲਾਹੌਰ ਤੋਂ ਐੱਮ।ਏ। (ਅੰਗ੍ਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ । ਇਸ ਤੋਂ ਪਿੱਛੋਂ ਜਲਦ ਹੀ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗ੍ਰੇਜ਼ੀ ਦੇ ਪ੍ਰੋਫੈਸਰ ਵਜੋਂ ਸੇਵਾ ਆਰੰਭ ਕੀਤੀ । ਇਸ ਤੋਂ ਥੋੜ੍ਹਾ ਸਮਾਂ ਬਾਅਦ ਗੁਰੂ ਨਾਨਕ ਕਾਲਜ ਗੁਜਰਾਂਵਾਲਾ ਵਿਖੇ ਨਿਯੁਕਤੀ ਹੋ ਗਈ । ਇਥੇ ਇਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਬੜੀ ਤਨਦੇਹੀ ਨਾਲ ਨਿਭਾਈ । ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਅਤੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਸੇਵਾ ਕਰਦਿਆਂ ਸਿੱਖਿਆ ਦੇ ਖੇਤਰ ਵਿੱਚ ਕਾਰਜਸ਼ੀਲ ਲੋਕ ਬਤੌਰ ਬੁੱਧੀਜੀਵੀ ਉਨ੍ਹਾਂ ਨਾਲ ਰਾਜਨੀਤਿਕ ਹਾਲਾਤਾਂ ਤੇ ਚਰਚਾ ਕਰਕੇ ਸਿੱਖਾਂ ਦੇ ਭਵਿੱਖ ਬਾਰੇ ਆਪਣੀ ਰਾਏ ਬਣਾਉਂਦੇ ਸਨ । ਪ੍ਰਿੰਸੀਪਲ ਵਜੋਂ ਲੰਬੀ ਸੇਵਾ ਨਿਭਾਉਂਦਿਆਂ ਨਾਲ-ਨਾਲ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡਾ ਯੋਗਦਾਨ ਪਾਇਆ ਬਿਨਾਂ ਕਿਸੇ ਚੌਧਰ ਤੇ ਲਾਲਚ ਅਗਾਂਹਵਧੂ ਆਗੂ ਵਜੋਂ ਵਿਚਰੇ । ਉਨ੍ਹਾਂ ਦੀਆਂ ਸੇਵਾਵਾਂ ਦੀ ਚਰਚਾ ਸਿੱਖਾਂ ਦੇ ਹਰ ਇਕੱਠ ਵਿੱਚ ਹੁੰਦੀ ਸੀ ।
ਇਸੇ ਦੌਰ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਥਾਂ-ਪੁਰ-ਥਾਂ ਸੰਘਰਸ਼, ਮੋਰਚੇ ਤੇ ਸਿੱਖ ਸ਼ਹੀਦੀ ਜਾਮ ਪੀ ਰਹੇ ਸਨ । ਇਸ ਦੌਰਾਨ ਪ੍ਰਿੰਸੀਪਲ ਹਰਕਿਸ਼ਨ ਸਿੰਘ ਨੇ ਹਮੇਸ਼ਾਂ ਉਸਾਰੂ ਭੂਮਿਕਾ ਨਿਭਾਈ । ਉਨ੍ਹਾਂ ਹਮੇਸ਼ਾਂ ਖਿੜੇ ਮੱਥੇ ਕੌਮੀ ਫਰਜ਼ ਸਮਝਦਿਆਂ ਸਿਧਾਂਤਕ ਤੇ ਉਸਾਰੂ ਵਿਚਾਰ ਦਿੱਤੇ । 1922 ਈ: ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ ਭਰਪੂਰ ਯੋਗਦਾਨ ਦਿੱਤਾ । ਆਪ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਵਜੋਂ ਮਹਾਰਾਜਾ ਰਿਪੁਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਰਾਜ-ਗੱਦੀ ਨੂੰ ਬਹਾਲ ਕਰਨ ਲਈ ਚੱਲ ਰਹੀ ਜੱਦੋ-ਜਹਿਦ ਵਿੱਚ ਹਿੱਸਾ ਲੈਣ ਲਈ ਚੱਲ ਰਹੇ ਸੰਘਰਸ਼ ਦੇ ਮੋਢੀ ਆਗੂਆਂ ਵਿੱਚੋਂ ਸਨ । ਇਸੇ ਸਬੰਧ ਵਿੱਚ ਅੰਗ੍ਰੇਜ਼ ਹਕੂਮਤ ਨੇ 13 ਅਕਤੂਬਰ, 1923 ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ । 1927 ਈ: ਵਿੱਚ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਇਮ ਕੀਤੀ ਰਹਿਤ ਮਰਿਯਾਦਾ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ । ਇਸ ਸੇਵਾ ਨੂੰ ਵੀ ਉਨ੍ਹਾਂ ਗੁਰਮਤਿ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਬਾਖੂਬੀ ਨਿਭਾਇਆ ।
1925 ਈ: ਵਿੱਚ ਜਦੋਂ ਗੁਰਦੁਆਰਾ ਐਕਟ ਬਨਾਉਣ ਸਮੇਂ ਸਿੱਖ ਆਗੂ ਦੋ ਹਿੱਸਿਆਂ ਵਿੱਚ ਵੰਡੇ ਗਏ । ਪਿੰ੍ਰ: ਹਰਕਿਸ਼ਨ ਸਿੰਘ ਨੇ ਨਿਰਪੱਖ ਤੇ ਉਸਾਰੂ ਵਿਚਾਰ ਦੇ ਕੇ ਸਮਝੌਤਾ ਕਰਵਾਉਣ ਲਈ ਵੀ ਯਤਨ ਕੀਤੇ । ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਹੋਰ ਸਿੱਖ ਨੇਤਾਵਾਂ ਨਾਲ ਮਿਲ ਕੇ ਦਸੰਬਰ, 1933 ਵਿੱਚ ਗੁਰ ਸੇਵਕ ਸਭਾ ਵੀ ਬਣਾਈ । 1955 ਈ: ਵਿੱਚ ਪੰਜਾਬੀ ਸੂਬੇ ਦੇ ਮੋਰਚੇ ਦੇ ਸਮੇਂ ਬਾਵਾ ਹਰਕਿਸ਼ਨ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ । ਜਦੋਂ ਪੰਜਾਬੀ ਸੂਬਾ ਮੋਰਚੇ ਦੇ ਦੌਰਾਨ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬਾਵਾ ਹਰਕਿਸ਼ਨ ਸਿੰਘ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਵੀ ਫਰਜ਼ ਨਿਭਾਉਣੇ ਪਏ । ਜਦੋਂ ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕੀਤਾ ਗਿਆ ਤਾਂ ਇਨ੍ਹਾਂ ਅਹੁਦਾ ਛੱਡ ਕੇ ਮੁੜ ਸਿੱਖ ਬੁੱਧੀਜੀਵੀ ਵਜੋਂ ਆਪਣੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ । ਇਸ ਤੋਂ ਪਿੱਛੋਂ ਕਈ ਵਾਰ ਇਨ੍ਹਾਂ ਨੂੰ ਕਈ ਕਮੇਟੀਆਂ, ਕਮਿਸ਼ਨਾਂ ਵਿੱਚ ਮੈਂਬਰ ਵਜੋਂ ਕਾਰਜਸ਼ੀਲ ਰਹਿਣ ਲਈ ਹੁਕਮ ਮਿਲਦੇ ਰਹੇ, ਪਰ ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਨੇ ਹਮੇਸ਼ਾ ਪਰਦੇ ਪਿੱਛੇ ਰਹਿੰਦਿਆਂ ਆਪਣੀ ਕੀਮਤੀ ਰਾਏ ਦਿੰਦਿਆਂ, ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ ।
ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਨੇ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਲਈ ਇਕ ਨਿਸ਼ਠਾਵਾਨ ਵਜੋਂ ਵੱਡੇ ਕਾਰਜ ਕੀਤੇ । ਉਨ੍ਹਾਂ ਵੱਲੋਂ ਬਣਾਈ ਗੁਰ ਸੇਵਕ ਸਭਾ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਰ ਜਿਲਦਾਂ ਵਿੱਚ ਸ਼ਬਦਾਰਥ ਤਿਆਰ ਕਰਨ ਲਈ ਜਿਨ੍ਹਾਂ ਤਿੰਨ ਵਿਦਵਾਨਾਂ ਦੀ ਅਗਵਾਈ ਵਿੱਚ ਪ੍ਰੋਜੈਕਟ ਉਲੀਕਿਆ ਸੀ, ਉਹ 1941 ਵਿੱਚ ਮੁਕੰਮਲ ਕੀਤਾ ਗਿਆ । ਇਨ੍ਹਾਂ ਤਿੰਨ ਵਿਦਵਾਨਾਂ ਵਿੱਚ ਪ੍ਰਿੰਸੀਪਲ ਹਰਕਿਸ਼ਨ ਸਿੰਘ ਤੋਂ ਇਲਾਵਾ ਪ੍ਰੋ: ਤੇਜਾ ਸਿੰਘ ਅਤੇ ਪ੍ਰੋ: ਨਾਰਾਇਣ ਸਿੰਘ ਸ਼ਾਮਿਲ ਸਨ । ਇਸ ਮਹਾਨ ਕਾਰਜ ਨੂੰ ਪ੍ਰਮਾਣਿਕ ਕਾਰਜ ਸਮਝਿਆ ਜਾਂਦਾ ਹੈ । ਪਿੰ੍ਰਸੀਪਲ ਬਾਵਾ ਹਰਕਿਸ਼ਨ ਸਿੰਘ 86 ਵਰ੍ਹਿਆਂ ਦੀ ਉਮਰ ਭੋਗ ਕੇ 20 ਅਗਸਤ, 1948 ਈ: ਵਿੱਚ ਦਿੱਲੀ ਦੇ ਮਿਲਟਰੀ ਹਸਪਤਾਲ ਵਿੱਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਅਜਿਹੇ ਨਿਸ਼ਕਾਮ ਬੁੱਧੀਜੀਵੀ ਸਿੱਖ ਆਗੂ ਨੂੰ ਅੱਜ ਵੀ ਪ੍ਰੇਰਨਾ ਸਰੋਤ ਵਜੋਂ ਯਾਦ ਕੀਤਾ ਜਾਂਦਾ ਹੈ ।
-ਭਗਵਾਨ ਸਿੰਘ ਜੌਹਲ