ਆਖਰੀ ਟੈਸਟ ਲਈ ਇੰਗਲੈਂਡ ਦੀ ਟੀਮ 'ਚ ਜੈਮੀ ਓਵਰਟਨ ਦੀ ਵਾਪਸੀ, ਓਵਲ 'ਚ ਭਾਰਤ ਨਾਲ ਹੋਵੇਗੀ ਟੱਕਰ

ਲੰਡਨ: ਇੰਗਲੈਂਡ ਨੇ ਭਾਰਤ ਵਿਰੁੱਧ ਓਵਲ ਵਿੱਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਲਈ ਆਪਣੀ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਲਰਾਊਂਡਰ ਜੈਮੀ ਓਵਰਟਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 31 ਸਾਲਾ ਓਵਰਟਨ ਨੇ ਆਪਣਾ ਇਕੱਲਾ ਟੈਸਟ ਮੈਚ 2022 ਵਿੱਚ ਨਿਊਜ਼ੀਲੈਂਡ ਵਿਰੁੱਧ ਲੀਡਜ਼ 'ਚ ਖੇਡਿਆ ਸੀ, ਜਿਸ ਵਿੱਚ ਉਸਨੇ 2 ਵਿਕਟਾਂ ਨਾਲ਼ 97 ਰਨਾਂ ਦੀ ਮਹੱਤਵਪੂਰਨ ਪਾਰੀ ਖੇਡੀ ਸੀ। ਤਿੰਨ ਸਾਲ ਬਾਅਦ ਟੈਸਟ ਟੀਮ 'ਚ ਵਾਪਸੀ ਕਰਨ ਵਾਲੇ ਓਵਰਟਨ ਨੇ ਇਸ ਸਾਲ IPL ਵਿੱਚ ਚੇਨਈ ਸੁਪਰ ਕਿੰਗਜ਼ ਵਾਸਤੇ ਤਿੰਨ ਮੈਚ ਖੇਡੇ ਸਨ।
ਇੰਗਲੈਂਡ ਟੀਮ 'ਚ ਹੋਰ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ, ਸਿਰਫ਼ ਓਵਰਟਨ ਨੂੰ ਸ਼ਾਮਲ ਕਰਕੇ ਪਿਛਲੇ ਮੈਚ ਦੀ 14 ਮੈਂਬਰੀ ਟੀਮ ਨੂੰ ਬਰਕਰਾਰ ਰੱਖਿਆ ਗਿਆ ਹੈ। ਓਵਰਟਨ ਦੀ ਵਾਪਸੀ ਨਾਲ ਇੰਗਲੈਂਡ ਦੀ ਟੀਮ ਨੂੰ ਮਜ਼ਬੂਤ ਆਲਰਾਊਂਡ ਵਿਕਲਪ ਮਿਲੇਗਾ, ਜੋ ਮੈਚ ਵਿੱਚ ਫਰਕ ਪਾ ਸਕਦਾ ਹੈ।