ਸਰਕਾਰ ਦਾ ਵਾਤਾਵਰਨ - ਹਿਤੈਸ਼ੀ ਉਪਰਾਲਾ : ਏਕ ਪੇੜ ਮਾਂ ਕੇ ਨਾਮ

ਕੁਦਰਤ ਦੀ ਮਹਾਨਤਾ ਤੋਂ ਕੋਈ ਵੀ ਅਣਜਾਣ ਨਹੀਂ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਹਰ ਪਲ , ਹਰ ਥਾਂ ਜਿੰਦਗੀ ਦੇ ਹਰ ਮੋੜ 'ਤੇ ਕੁਦਰਤ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਆਈ ਹੈ। ਕੁਦਰਤ ਦੇ ਵਿੱਚ ਪਰਮਾਤਮਾ ਦੀ ਸਭ ਤੋਂ ਵਧੀਆ ਤੇ ਉੱਤਮ ਰਚਨਾ ਪੌਦੇ /ਦਰੱਖ਼ਤ ਹਨ , ਜਿਨਾਂ ਤੋਂ ਬਿਨਾਂ ਧਰਤੀ 'ਤੇ ਮਨੁੱਖਤਾ ਦੇ ਨਾਲ਼ - ਨਾਲ਼ ਜੀਵ - ਜੰਤੂਆਂ ਅਤੇ ਹੋਰ ਪ੍ਰਾਣੀਆਂ ਦਾ ਜੀਵਨ ਅਸੰਭਵ ਹੈ। ਸਰਕਾਰ ਨੇ ਇਸੇ ਮਹਾਨਤਾ ਨੂੰ ਦੇਖਦੇ ਹੋਏ ਇੱਕ ਅਭਿਆਨ " ਏਕ ਪੇੜ ਮਾਂ ਕੇ ਨਾਮ " ਚਲਾਇਆ , ਜੋ ਕਿ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ। ਇਹ ਅਭਿਆਨ ਹੋਰ ਵੀ ਵਧੀਆ ਇਸ ਲਈ ਬਣ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਹੇਠਲੇ ਪੱਧਰ 'ਤੇ ਵਿਦਿਆਰਥੀਆਂ , ਅਧਿਆਪਕਾਂ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਅਭਿਆਨ ਨੂੰ ਸਿੱਧੇ ਤੌਰ 'ਤੇ ਮਾਂ ਦੇ ਨਾਲ਼ ਜੋੜਿਆ ਗਿਆ। ' ਜਨਮ ਦੇਣ ਵਾਲੀ ਤੇ ਧਰਤੀ ' ਇਹ ਦੋਵੇਂ ਮਨੁੱਖ ਦੀਆਂ ਮਾਵਾਂ ਹਨ। ਜਦੋਂ ਇਨਸਾਨ ਨੂੰ ਭਾਵਨਾਤਮਕ ਤੌਰ 'ਤੇ ਉਸਦੇ ਅਤਿ ਨਜਦੀਕੀ ਸਰਵਸ੍ਰੇਸ਼ਟ ਰਿਸ਼ਤੇ ਮਾਂ ਦੇ ਨਾਲ਼ ਜੋੜ ਦਿੱਤਾ ਜਾਂਦਾ ਹੈ ਤਾਂ ਉਸ ਅਭਿਆਨ/ ਪ੍ਰੋਜੈਕਟ/ਕੰਮ ਦੇ ਨਤੀਜੇ ਹੋਰ ਵੀ ਸਾਰਥਕ ਆਉਂਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਛੋਟੇ - ਛੋਟੇ ਬੱਚੇ ਜਦੋਂ ਆਪਣੇ ਮਾਪਿਆਂ ਤੇ ਅਧਿਆਪਕਾਂ ਦੀ ਦੇਖਰੇਖ ਵਿੱਚ ਇਹਨਾਂ ਪੌਦਿਆਂ ਨੂੰ ਲਗਾਉਂਦੇ ਹਨ ਤੇ ਇਹਨਾਂ ਦੀ ਸੰਭਾਲ ਕਰਦੇ ਹਨ ਤਾਂ ਉਹ ਵੀ ਸਿੱਧੇ - ਅਸਿੱਧੇ ਢੰਗ ਨਾਲ ਬਚਪਨ ਤੋਂ ਹੀ ਵਾਤਾਵਰਨ ਪ੍ਰਤੀ ਸਮਰਪਿਤ ਹੋ ਜਾਂਦੇ ਹਨ। ਪੌਦਿਆਂ ਦੇ ਕਿੰਨੇ ਲਾਭ ਹਨ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਇਸ ਦੇ ਨਾਲ਼ ਹੀ ਇਹ ਵੀ ਬਹੁਤ ਮਹੱਤਵਪੂਰਨ ਗੱਲ ਹੈ ਕਿ ਜਿਹੜੇ ਪੌਦੇ ਅਧਿਆਪਕਾਂ , ਵਿਦਿਆਰਥੀਆਂ ਜਾਂ ਹੋਰ ਲੋਕਾਂ ਵੱਲੋਂ ਲਗਾਏ ਜਾਂਦੇ ਹਨ ਉਹ ਬਹੁਤ ਹੀ ਵਧੀਆ ਗੱਲ ਹੈ , ਪਰ ਇਹ ਜਰੂਰੀ ਬਣ ਜਾਂਦਾ ਹੈ ਕਿ ਇਹਨਾਂ ਲਗਾਏ ਪੌਦਿਆਂ ਦੀ ਅਸੀਂ ਤਹਿ ਦਿਲੋਂ ਸੰਭਾਲ ਕਰੀਏ , ਬੱਚਿਆਂ ਵਾਂਗ ਇਨ੍ਹਾਂ ਦਾ ਪਾਲਣ - ਪੋਸ਼ਣ ਕਰੀਏ ਤੇ ਇਹਨਾਂ ਦੀ ਚੰਗੀ ਤਰ੍ਹਾਂ ਪਰਵ੍ਰਿਸ਼ ਕਰੀਏ ਕਿਉਂਕਿ ਜੇਕਰ 25% ਪੌਦੇ ਵੀ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਇੱਕ ਬਹੁਤ ਵੱਡੀ ਕ੍ਰਾਂਤੀ ਹੋਵੇਗੀ। ਜੋ ਕਿ ਪੂਰੀ ਦੁਨੀਆ ਵਿੱਚ ਇੱਕ ਨਵੀਂ ਸੇਧ ਦੇਣ ਵਾਲੀ ਉਦਾਹਰਨ ਹੋ ਸਕਦੀ ਹੈ ਤੇ ਧਰਤੀ ਦੇ ਉੱਤੇ ਵਣ - ਰਕਬਾ ਵਧ ਸਕਦਾ ਹੈ। ਜੋ ਕਿ ਭਵਿੱਖ ਲਈ ਸਭ ਦੇ ਲਈ ਹਿਤੈਸ਼ੀ ਹੋਵੇਗਾ। ਬੱਸ ! ਲੋੜ ਹੈ ਕਿ ਇਸ ਅਭਿਆਨ ਵਿੱਚ ਹਰ ਨਾਗਰਿਕ , ਹਰ ਵਿਦਿਆਰਥੀ , ਹਰ ਅਧਿਆਪਕ ਤੇ ਮਾਂ - ਬਾਪ ਸਮਰਪਣ ਭਾਵਨਾ ਨਾਲ ਅੱਗੇ ਆਵੇ ਤੇ ਪਰਉਪਕਾਰ ਦੀ ਭਾਵਨਾ ਬਣਾਵੇ। ਹੋਰ ਵੀ ਚੰਗੀ ਗੱਲ ਹੈ ਕਿ ਜੇਕਰ ਅਧਿਆਪਕ ਯਥਾਸੰਭਵ ਯੋਗਦਾਨ ਪਾ ਕੇ ਵਧੀਆ ਕਿਸਮ ਦੇ ਫਲਦਾਰ ਪੌਦੇ ਆਪਣੇ ਵਲੋਂ ਉਪਰਾਲੇ ਕਰਕੇ , ਖੁਦ ਖਰੀਦ ਕੇ ਆਪਣੇ ਵਿਦਿਆਰਥੀਆਂ ਦੇ ਘਰੇ ਜਾਂ ਉਨ੍ਹਾਂ ਦੇ ਖੇਤਾਂ / ਵਾੜਿਆਂ ਆਦਿ ਥਾਵਾਂ 'ਤੇ ਲਗਾਵੇ ਤਾਂ ਵਿਦਿਆਰਥੀਆਂ ਵਿੱਚ ਹੋਰ ਵੀ ਜਿਆਦਾ ਉਤਸਾਹ ਵਧੇਗਾ ਅਤੇ ਉਹ ਛਾਂਦਾਰ , ਫਲਦਾਰ ਤੇ ਹੋਰ ਹਰ ਤਰ੍ਹਾਂ ਦੇ ਪੌਦਿਆਂ ਨੂੰ ਪਿਆਰ ਵੀ ਕਰਨਗੇ ਤੇ ਫ਼ਲ ਦੀ ਆਸ ਦੇ ਨਾਲ਼ ਇਹਨਾਂ ਦੀ ਸੰਭਾਲ ਵੀ ਕਰਨਗੇ। ਇਸ ਅਭਿਆਨ " ਏਕ ਪੇੜ ਮਾਂ ਕੇ ਨਾਮ " ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਛੋਟੀ ਉਮਰ ਵਿੱਚ ਹੀ ਵਿਦਿਆਰਥੀ ਆਪਣੇ ਮਾਤਾ - ਪਿਤਾ ਅਤੇ ਧਰਤੀ ਮਾਤਾ ਦਾ ਵੀ ਸਤਿਕਾਰ ਕਰਨਾ ਸਿਖਣਗੇ। ਸਰਕਾਰ ਵੱਲੋਂ ਚਲਾਏ ਗਏ ਇਸ ਅਭਿਆਨ " ਏਕ ਪੇੜ ਮਾਂ ਕੇ ਨਾਮ " ਦਾ ਚੰਗਾ ਸੰਦੇਸ਼ ਸਮੁੱਚੀ ਦੁਨੀਆ ਵਿੱਚ ਵੀ ਜਾ ਰਿਹਾ ਹੈ। ਕੁਦਰਤ ਬੇਅੰਤ ਹੈ , ਪਰਮਾਤਮਾ ਦਾ ਦੂਸਰਾ ਨਾਂ ਤੇ ਰੂਪ ਹੀ ਕੁਦਰਤ ਹੈ। ਕੁਦਰਤ ਸਾਡੇ ਵੱਲੋਂ ਕੀਤੇ ਗਏ ਹਰ ਕਰਮ ਦਾ ਫਲ ਦੇਰ - ਸਵੇਰ ਮਨੁੱਖ ਨੂੰ ਦਿੰਦੀ ਹੈ। ਇਸ ਲਈ ਆਓ ! ਸਭ ਰਲ ਕੇ ਸਰਕਾਰ ਦੇ ਵੱਲੋਂ ਚਲਾਏ ਇਸ ਅਭਿਆਨ " ਏਕ ਪੇੜ ਮਾਂ ਕੇ ਨਾਮ " ਵਿੱਚ ਸਮਰਪਣ ਤੇ ਪਰਉਪਕਾਰ ਦੀ ਭਾਵਨਾ ਨਾਲ਼ ਮਾਨਵ - ਹਿਤੈਸ਼ੀ ਬਣਨ ਦਾ ਸਬੂਤ ਦਿੰਦੇ ਹੋਏ ਵੱਧ ਤੋਂ ਵੱਧ ਪੌਦੇ ਲਗਾਈਏ , ਉਹਨਾਂ ਦੀ ਸੰਭਾਲ ਕਰੀਏ ਅਤੇ ਆਪਣੇ ਦੇਸ਼ ਨੂੰ ਪੂਰੀ ਦੁਨੀਆ ਵਿੱਚ ਸਰਵਸ੍ਰੇਸ਼ਟ , ਹਰਾ - ਭਰਾ ਤੇ ਸਾਫ - ਸੁਥਰਾ ਬਣਾਈਏ ਅਤੇ ਖੁਸ਼ਹਾਲ ਜੀਵਨ ਦੀ ਨੀਂਹ ਰੱਖੀਏ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356