5 ਅਗਸਤ ਨੂੰ ਬਰਸੀ ਤੇ ਵਿਸ਼ੇਸ਼ ਮਾਨਵਤਾ ਦਾ ਅਮਰ ਪੁਜਾਰੀ-ਭਗਤ ਪੂਰਨ ਸਿੰਘ ਪਿੰਗਲਵਾੜਾ

-ਭਗਵਾਨ ਸਿੰਘ ਜੌਹਲ

ਸਮੁੱਚੀ ਮਨੁੱਖਤਾ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਨ ਵਾਲੇ ਅਤੇ ਮਨੁੱਖੀ ਦਰਦ ਨਾਲ ਓਤ-ਪ੍ਰੋਤ ਭਗਤ ਪੂਰਨ ਸਿੰਘ ਅਤੇ ਪਿੰਗਲਵਾੜਾ ਦੋਵੇਂ ਸ਼ਬਦ ਆਪਸ ਵਿੱਚ ਰਲਗੱਡ ਹੋ ਚੁੱਕੇ ਹਨ । ਜਦੋਂ ਪਿੰਗਲਵਾੜਾ ਸ਼ਬਦ ਸਹਿਜ-ਸੁਭਾਅ ਹੀ ਜ਼ਿਹਨ ਵਿੱਚ ਆਉਂਦਾ ਹੈ ਤਾਂ ਭਗਤ ਪੂਰਨ ਸਿੰਘ ਦਾ ਸਰੂਪ ਧਿਆਨ ਗੋਚਰੇ ਆ ਜਾਂਦਾ ਹੈ । ਉਨ੍ਹਾਂ 88 ਵਰੇ੍ਹ ਆਪਣਾ ਘਰ ਨਹੀਂ ਵਸਾਇਆ, ਬਿਨਾਂ ਕਿਸੇ ਜਾਤ, ਮਜ਼੍ਹਬ, ਨਸਲੀ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤੇ । ਸਾਰੀ ਜ਼ਿੰਦਗੀ ਲੋਕ-ਭਲੇ ਦੇ ਦਰਦ ਨੂੰ ਹੰਢਾਉਂਦੇ ਸਨੇਹ ਤੇ ਪਿਆਰ ਦੀ ਖੁਸ਼ਬੂ ਵੰਡਦੇ ਰਹੇ । ਅੱਜ ਸਮੁੱਚੀ ਲੋਕਾਈ ਲਈ ਮੂੰਹ ਅੱਡੀ ਖੜ੍ਹੀਆਂ ਸਮੱਸਿਆਵਾਂ ਪ੍ਰਤੀ ਸੁਚੇਤ ਹੋ ਕੇ ਅੱਜ ਤੋਂ 60-65 ਸਾਲ ਪਹਿਲਾਂ ਸਮਾਜ ਨੂੰ ਜਾਗ੍ਰਿਤ ਕਰਨਾ ਸ਼ੁਰੂ ਕੀਤਾ । ਅੱਜ ਅਸੀਂ ਘੱਟ ਰਹੇ ਪਾਣੀ ਦੇ ਪੱਧਰ, ਪ੍ਰਦੂਸ਼ਣ, ਵੱਧ ਰਹੀ ਅਬਾਦੀ, ਦਰਖੱਤਾਂ ਤੋਂ ਸੱਖਣੀ ਧਰਤੀ ਦੀਆਂ ਗੰਭੀਰ ਸਮੱਸਿਆਵਾਂ ਦੇ ਖਤਰਿਆਂ ਤੋਂ ਆਪਣੀ ਆਉਣ ਵਾਲੀ ਨਸਲ ਨੂੰ ਸੁਚੇਤ ਕਰਦਿਆਂ ਭਗਤ ਜੀ ਨੂੰ ਯਾਦ ਕਰ ਰਹੇ ਹਾਂ । ਉਨ੍ਹਾਂ ਇਸ ਕਾਰਜ ਨੂੰ ਪੁਸਤਕ-ਟ੍ਰੈਕਟ ਅਤੇ ਲੇਖ ਆਦਿ ਲਿਖ ਕੇ ਤਾਂ ਕਾਰਜ ਕਰਨਾ ਹੀ ਸੀ, ਸਗੋਂ ਦੇਸ਼ ਭਰ ਦੇ ਸਕੂਲਾਂ, ਕਾਲਜਾਂ ਵਿੱਚ ਸਮਾਜ ਦੇ ਬੁੱਧੀਜੀਵੀ ਅਤੇ ਵਿੱਦਿਆਰਥੀ ਵਰਗ ਤੱਕ ਪੈਦਲ ਚੱਲ ਕੇ ਲਹਿਰ ਦਾ ਸੁਪਨਾ ਸਾਕਾਰ ਕਰਨ ਦੇ ਯਤਨ ਕੀਤੇ । ਭਗਤ ਜੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਜੋਵਾਲ ਰੋਹਣੇ ਦੇ ਇਕ ਹਿੰਦੂ ਪਰਿਵਾਰ ਦੇ ਲਾਲਾ ਸਿੱਧੂ ਮੱਲ ਖੱਤਰੀ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖ ਤੋਂ 4 ਜੂਨ, 1904 ਈ: ਨੂੰ ਹੋਇਆ । ਪਿਤਾ ਜੀ ਸ਼ਾਹੂਕਾਰੇ ਦਾ ਧੰਦਾ ਕਰਦੇ ਸਨ । ਭਗਤ ਜੀ ਦਾ ਮੁੱਢਲਾ ਨਾਂਅ ਰਾਮਜੀ ਦਾਸ ਸੀ । 1914 ਈ: ਦੇ ਭਿਆਨਕ ਦਿਲ-ਕੰਬਾਊ ਕਾਲ ਨੇ ਭਗਤ ਜੀ ਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ । ਸਾਰਾ ਪਰਿਵਾਰ ਦਰ-ਦਰ ਭਟਕਣ ਲਈ ਮਜ਼ਬੂਰ ਹੋ ਗਿਆ । ਕੁਝ ਸਮਾਂ ਖੰਨਾ ਸ਼ਹਿਰ ਵਿੱਚ ਵੀ ਸਿੱਖਿਆ ਹਾਸਲ ਕੀਤੀ ।
ਭਗਤ ਜੀ ਜ਼ਿਕਰ ਕਰਦੇ ਹੋਏ ਕਹਿੰਦੇ ਹੁੰਦੇ ਸਨ, ਇਕ ਵਾਰ ਉਨ੍ਹਾਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿੱਚ ਪਟਿਆਲਾ ਦੇ ਮਹਾਰਾਜਾ ਸ। ਭੁਪਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੁੰਦਿਆਂ ਤੱਕਿਆ । ਉਨ੍ਹਾਂ ਦੇ ਸੁੰਦਰ ਸਰੂਪ, ਸ਼ਾਹੀ ਸੱਜ-ਧੱਜ ਨੂੰ ਦੇਖ ਕੇ ਅਤੇ ਉਨ੍ਹਾਂ ਦੇ ਨਾਲ ਆਏ ਸ਼ਾਹੀ ਅਹਿਲਕਾਰਾਂ ਦੇ ਸਿੱਖੀ ਸਰੂਪ ਨੂੰ ਦੇਖ ਕੇ ਮੇਰੇ ਬਾਲ-ਮਨ ਉੱਪਰ ਡੂੰਘਾ ਅਸਰ ਹੋਇਆ । ਹੁਣ ਉਨ੍ਹਾਂ ਦੇ ਮਨ ਹੀ ਮਨ ਅੰਦਰ ਸਿੱਖੀ ਸਰੂਪ ਧਾਰਨ ਕਰਨ ਲਈ ਚਾਅ ਪੈਦਾ ਹੋ ਗਿਆ । ਆਪ ਜੀ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਨੂੰ ਸਿੱਖੀ ਮਾਰਗ ਵੱਲ ਪ੍ਰੇਰਿਤ ਕਰਨ ਵਾਲਿਆਂ ਵਿੱਚ ਸ। ਤੇਜਾ ਸਿੰਘ ਸਮੁੰਦਰੀ, ਸ। ਬ। ਮਹਿਤਾਬ ਸਿੰਘ ਅਤੇ ਸ। ਤੇਜਾ ਸਿੰਘ ਚੂਹੜਕਾਤਾ ਵਰਗੀਆਂ ਸ਼ਖ਼ਸੀਅਤਾਂ ਦਾ ਵੀ ਯੋਗਦਾਨ ਹੈ । ਰਾਮਜੀ ਦਾਸ ਤੋਂ ਅੰਮ੍ਰਿਤ ਛੱਕ ਕੇ ਬਣੇ ਭਗਤ ਪੂਰਨ ਸਿੰਘ । ਬਚਪਨ ਵਿੱਚ ਪ੍ਰਭੂ ਦੀ ਪ੍ਰਾਪਤੀ ਦੀ ਇੱਛਾ ਵਿੱਚੋਂ ਹੀ ਮਨੁੱਖਤਾ ਦੀ ਸੇਵਾ ਦਾ ਅੰਕੁਰ ਪ੍ਰਗਟ ਹੋਇਆ । ਇਹ ਸੇਵਾ ਕਾਰਜ ਪੂਰਨ ਰੂਪ ਵਿੱਚ 1924 ਈ: ਵਿੱਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਤੋਂ ਆਰੰਭ ਹੋਇਆ । ਆਪ ਜੀ ਦਾ ਵਿਸ਼ਵਾਸ ਸੀ ਕਿ ਗੁਰਦੁਆਰਾ ਸਾਹਿਬਾਨ ਸੰਸਾਰ ਵਿੱਚ ਸਭ ਤੋਂ ਵੱਡੇ ਸਮਾਜਿਕ ਅਤੇ ਅਧਿਆਤਮਕ ਕੇਂਦਰ ਹਨ । ਪਿੰਗਲਿਆਂ, ਅਪਾਹਜਾਂ ਦੀ ਸੇਵਾ ਕਰਨ ਦੀ ਲਗਨ ਇਕ ਚਾਰ ਸਾਲਾ ਦੇ ਬੇਸਹਾਰਾ ਅਪਾਹਜ ਬਾਲਕ ਨੂੰ ਲਾਵਾਰਸ ਹਾਲਤ ਵਿੱਚ ਮਿਲਣ ਤੋਂ ਬਾਅਦ ਸ਼ੁਰੂ ਹੋਈ । ਇਹ ਬੱਚਾ ਗੁਰਦੁਆਰਾ ਡੇਹਰਾ ਸਾਹਿਬ ਤੋਂ ਲਾਵਾਰਸ ਹਾਲਤ ਵਿੱਚ ਮਿਲਿਆ । ਭਗਤ ਜੀ ਨੇ ਇਸ ਬੱਚੇ ਦਾ ਨਾਂਅ ਪਿਆਰਾ ਰੱਖਿਆ ਅਤੇ ਲਗਾਤਾਰ 14 ਸਾਲ ਉਸ ਨੂੰ ਮੋਢਿਆਂ &lsquoਤੇ ਚੁੱਕ ਕੇ ਪਾਲਿਆ ਅਤੇ ਵੱਡਾ ਕੀਤਾ । ਇਸ ਬਾਲਕ ਨੂੰ ਸੰਭਾਲਣ ਲਈ ਕੋਈ ਟਿਕਾਣਾ ਜਾਂ ਥਾਂ ਨਹੀਂ ਸੀ । ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਵਿਖੇ ਪੂਰਨ ਰੂਪ ਵਿੱਚ ਲੋਕ ਸੇਵਾ ਨੂੰ ਸਮਰਪਿਤ ਹੋ ਗਏ ।
ਅੱਜ ਇਹੋ ਭਗਤ ਜੀ ਵੱਲੋਂ ਸਥਾਪਿਤ ਪਿੰਗਲਵਾੜਾ ਬੋਹੜ ਦੇ ਦਰੱਖਤ ਦਾ ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ । ਭਗਤ ਜੀ ਵੱਲੋਂ ਕੀਤੇ ਇਨ੍ਹਾਂ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ, ਹਾਰਮਨੀ ਐਵਾਰਡ, ਲੋਕ ਰਤਨ ਐਵਾਰਡ, ਭਾਈ ਘਨੱਈਆ ਐਵਾਰਡ ਆਦਿ ਪ੍ਰਾਪਤ ਹੋਏ । 1984 ਈ: ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਫੌਜੀ ਹਮਲੇ ਸਮੇਂ ਭਗਤ ਜੀ ਨੇ ਪਦਮਸ਼੍ਰੀ ਐਵਾਰਡ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ । ਭਗਤ ਜੀ 5 ਅਗਸਤ, 1992 ਨੂੰ ਸਦੀਵੀ ਵਿਛੋੜਾ ਦੇ ਗਏ । ਉਨ੍ਹਾਂ ਨੇ ਆਪਣੀ ਹਯਾਤੀ ਦੌਰਾਨ ਪਿੰਗਲਵਾੜੇ ਦੀ ਸੇਵਾ ਡਾ: ਇੰਦਰਜੀਤ ਕੌਰ ਨੂੰ ਸੰਭਾਲ ਦਿੱਤੀ । ਅੱਜ ਡਾ: ਬੀਬੀ ਇੰਦਰਜੀਤ ਪਿੰਗਲਵਾੜਾ ਸੰਸਥਾ ਦੇ ਸਮੂਹ ਟਰੱਸਟੀਜ਼ ਦੇ ਸਹਿਯੋਗ ਨਾਲ ਪਿੰਗਲਵਾੜਾ ਸੰਸਥਾ ਨੂੰ ਵਿਸ਼ਾਲ ਸੰਸਥਾ ਦਾ ਰੂਪ ਦੇ ਚੁੱਕੇ ਹਨ । ਅੱਜ ਪਿੰਗਲਵਾੜਾ ਅੰਮ੍ਰਿਤਸਰ ਵੱਲੋਂ ਸੰਗਰੂਰ, ਪਲਸੌਰ (ਚੰਡੀਗੜ੍ਹ) ਗੋਇੰਦਵਾਲ ਸਾਹਿਬ, ਜਲੰਧਰ, ਪੰਡੋਰੀ ਵੜੈਚ ਵਿਖੇ ਸਾਰੀਆਂ ਬਰਾਂਚਾਂ ਵਿੱਚ ਬੇਸਹਾਰਾ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਹੈ । ਮਾਨਾਂਵਾਲਾ ਜੀ।ਟੀ। ਰੋਡ (ਅੰਮ੍ਰਿਤਸਰ) ਵਿਖੇ ਆਧੁਨਿਕ ਇਮਾਰਤਾਂ ਵਿੱਚ ਫਿਜ਼ਿਉਥੈਰੇਪੀ, ਬਨਾਵਟੀ ਅੰਗ ਕੇਂਦਰ, ਭਗਤ ਪੂਰਨ ਸਿੰਘ ਆਦਰਸ਼ ਸਕੂਲ, ਭਗਤ ਪੂਰਨ ਸਿੰਘ ਗੂੰਗੇ ਬਹਿਰੇ ਬੱਚਿਆਂ ਦਾ ਸਕੂਲ, ਮੰਦ ਬੁੱਧੀ ਬੱਚਿਆਂ ਦਾ ਕੇਂਦਰ, ਗਊਸ਼ਾਲਾ, ਵਿਸ਼ਾਲ ਨਰਸਰੀ ਕਾਰਜਸ਼ੀਲ ਹਨ । ਪਿੰਗਲਵਾੜਾ ਅੰਮ੍ਰਿਤਸਰ ਵਿਖੇ ਡਿਸਪੈਂਸਰੀ, ਮਾਤਾ ਮਹਿਤਾਬ ਕੌਰ, ਭਾਈ ਪਿਆਰਾ ਸਿੰਘ ਵਾਰਡਾਂ, ਟਰੌਮਾ ਵੈਨ ਦੀ ਸਹੂਲਤ, ਲਾਵਾਰਸ, ਅਪਾਹਜ, ਮੰਦਬੁੱਧੀ ਰੋਗੀਆਂ ਦੀ ਸੇਵਾ ਨਿਭਾਈ ਜਾ ਰਹੀ ਹੈ । ਇਨ੍ਹਾਂ ਸਾਰੀਆਂ ਬਰਾਂਚਾਂ ਵਿੱਚ ਹਜ਼ਾਰਾਂ ਲੋੜਵੰਦ ਰੋਗੀਆਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਸਟਾਫ ਡਾ: ਬੀਬੀ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਸੇਵਾ ਨਿਭਾਅ ਰਿਹਾ ਹੈ । ਭਗਤ ਜੀ ਦੀ ਯਾਦ ਵਿੱਚ ਲਗਾਤਾਰ ਵੱਖ-ਵੱਖ ਸਮਾਗਮ ਰਚੇ ਜਾ ਰਹੇ ਹਨ । 5 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ ।
-ਭਗਵਾਨ ਸਿੰਘ ਜੌਹਲ