ਭਾਜਪਾ ਸਰਕਾਰ ਦੀ ਤਾਨਾਸ਼ਾਹੀ ਅਤੇ ਔਰੰਗਜ਼ੇਬ ਦੀ ਤਾਨਾਸ਼ਾਹੀ ਚ ਫ਼ਰਕ ਕੀ ਹੈ ?

 ਆਰ. ਐੱਸ. ਐੱਸ. ਤੇ ਭਾਜਪਾ ਸਰਕਾਰ ਦੇ ਸਿੱਖ-ਮੁਸਲਿਮ ਭਾਈਚਾਰਕ ਸਾਂਝ ਨੂੰ ਤੋੜਨ ਵਾਲ਼ੇ ਏਜੰਡੇ ਦੀ ਪੂਰਤੀ ਲਈ ਦਿੱਲੀ ਦੀ ਇੱਕ ਸੜਕ ਤੇ ਔਰੰਗਜੇਬ ਲੇਨ' ਦੇ ਲੱਗੇ ਸਾਈਨ-ਬੋਰਡ ਉੱਤੇ ਮਨਜਿੰਦਰ ਸਿੰਘ ਸਿਰਸਾ ਤੇ ਉਸ ਦੇ ਸਾਥੀਆਂ ਨੇ ਕਾਲਖ਼ ਪੋਚ ਕੇ ਇਹ ਸੁਨੇਹਾ ਦਿੱਤਾ ਹੈ ਕਿ ਔਰੰਗਜ਼ੇਬ, ਹਿੰਦੂ ਵਿਰੋਧੀ ਤਾਨਾਸ਼ਾਹੀ ਬਾਦਸ਼ਾਹ ਸੀ। 
  ਪਿਛਲੇ ਹਫ਼ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲ਼ੇ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭੇਖੀ ਸਿੱਖ ਤੇ ਉਸ ਦੇ ਭੇਖੀ ਸਿੱਖ ਸਾਥੀਆਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਦੀ ਇੱਕ ਸੜਕ ਜਿਸ ਦਾ ਨਾਂਅ ਸਤਾਰਵੀਂ-ਅਠਾਰਵੀਂ ਸਦੀ ਦੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਂਅ ਉੱਤੇ 'ਔਰੰਗਜ਼ੇਬ ਰੋਡ' ਹੈ, ਦੇ ਬੋਰਡ ਉੱਤੇ ਕਾਲਖ਼ ਪੋਚ ਦਿੱਤੀ ਅਤੇ ਇਸ ਦੀ ਵੀਡੀਓ ਬਣਾ ਕੇ ਟੀ.ਵੀ. ਚੈੱਨਲਾਂ ਉੱਤੇ ਪ੍ਰਮੁੱਖਤਾ ਨਾਲ਼ ਵਿਖਾਈ ਗਈ। 
  ਭੇਖੀ ਸਿੱਖ ਮਨਜਿੰਦਰ ਸਿੰਘ ਸਿਰਸਾ ਤੇ ਉਸ ਦੇ ਭੇਖੀ ਸਿੱਖ ਸਾਥੀਆਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਦੇ ਤਤਕਾਲੀਨ ਬਾਦਸ਼ਾਹ ਔਰੰਗਜ਼ੇਬ ਨੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ ਸੀ, ਇਸ ਕਰਕੇ ਉਹ ਦਿੱਲੀ ਦੇ ਤਤਕਾਲੀਨ ਬਾਦਸ਼ਾਹ ਔਰੰਗਜ਼ੇਬ ਨੂੰ ਨਫ਼ਰਤ ਕਰਦੇ ਹਨ ਅਤੇ ਉਹ ਭਾਰਤ ਵਿੱਚ ਘੱਟ-ਗਿਣਤੀਆਂ ਦਾ ਘਾਣ ਕਰਨ ਵਾਲ਼ੇ, ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਉਣ ਵਾਲ਼ੇ ਅਤੇ ਲੋਕਤੰਤਰ ਦੇ ਮੂੰਹ ਤੇ ਕਾਲਖ਼ ਪੋਚਣ ਵਾਲ਼ੇ ਮਨੂੰ ਸਿਮਰਤੀ ਦੇ ਵਿਧਾਨ ਨੂੰ ਲੋਕਾਂ ਉੱਤੇ ਗੁੰਡਾਗਰਦੀ ਨਾਲ਼ ਥੋਪਣ ਵਾਲ਼ੀ ਆਰ. ਐੱਸ. ਐੱਸ. ਤੇ ਭਾਜਪਾ ਸਰਕਾਰ ਨਾਲ਼ ਪਿਆਰ ਕਰਦੇ ਹਨ। 
  ਮਨਜਿੰਦਰ ਸਿੰਘ ਸਿਰਸਾ ਆਰ. ਐੱਸ. ਐੱਸ. ਦੇ ਉਹਨਾਂ ਪ੍ਰਚਾਰਕਾਂ ਦੇ ਕੁਹਾੜੇ ਦਾ ਦਸਤਾ ਬਣਿਆ ਹੋਇਆ ਹੈ ਜਿਹੜੇ ਸਰਕਾਰੀ ਬਲਬੂਤੇ 'ਤੇ ਇਹ ਪ੍ਰਚਾਰ ਕਰ ਰਹੇ ਹਨ ਕਿ ਹਿੰਦੂਵਾਦ ਸਭ ਤੋਂ ਪੁਰਾਣਾ ਧਰਮ ਹੈ। ਹਿੰਦੂਵਾਦ ਦੀ ਪ੍ਰਾਚੀਨਤਾ ਨੂੰ ਸਿੱਧ ਕਰਨ ਲਈ ਉਹ ਆਦਿ-ਧਰਮ ਨੂੰ ਸਨਾਤਨ ਧਰਮ ਵਜੋਂ ਪ੍ਰਚਾਰਦੇ ਹਨ। ਹਿੰਦੂਵਾਦੀ ਤਾਕਤਾਂ ਨੇ ਆਦਿ-ਧਰਮ ਨੂੰ ਸਨਾਤਨ ਧਰਮ ਦਾ ਨਾਂਅ ਦੇ ਕੇ ਹਿੰਦੂਵਾਦ ਦਾ ਨਵੀਨੀਕਰਨ ਕੀਤਾ ਹੈ। ਉਹ ਹੁਣ ਸਨਾਤਨ ਧਰਮ ਨੂੰ ਹਿੰਦੂਵਾਦ ਦਾ ਮੁੱਢਲਾ ਸਰੂਪ ਦੱਸਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਹਿੰਦੂਵਾਦ ਸਭ ਵਿਲੱਖਣਤਾਵਾਂ ਨੂੰ ਆਪਣੇ ਵਿੱਚ ਸੰਮਿਲਤ ਕਰਨ ਦੀ ਸਮਰੱਥਾ ਰੱਖਦਾ ਹੈ। 
  ਹਿੰਦੂ ਰਾਸ਼ਟਰ ਦੇ ਮੁਦਈ ਆਰ.ਐੱਸ.ਐੱਸ. ਦੇ ਮੌਜੂਦਾ ਮੁਖੀ ਮੋਹਨ ਭਾਗਵਤ ਤਾਂ ਐਲਾਨੀਆ ਕਹਿ ਰਿਹਾ ਹੈ ਕਿ ਹਿੰਦੂ ਧਰਮ (ਸਨਾਤਨ ਧਰਮ) ਦੇ ਵਿੱਚ ਹੋਰ ਪੰਥਾਂ ਨੂੰ ਹਜ਼ਮ ਕਰ ਜਾਣ ਦੀ ਤਾਕਤ ਹੈ। ਇਹ ਹਾਜ਼ਮਾ ਥੋੜਾ ਵਿਗੜ ਗਿਆ ਸੀ ਜਿਸ ਦੇ ਸਿੱਟੇ ਅਸੀਂ ਭੁਗਤ ਰਹੇ ਹਾਂ। 
  ਹਿੰਦੂ ਧਰਮ ਵਿੱਚ ਦੂਜਿਆਂ ਨੂੰ ਸੰਮਿਲਤ ਕਰਨ ਦਾ ਹਾਜ਼ਮਾ ਹੁਣ ਦਰੁਸਤ ਕੀਤਾ ਜਾ ਰਿਹਾ ਹੈ (ਪ੍ਰਿੰਟ ਮੀਡੀਏ ਵਿੱਚ ਛਪਿਆ ਮੋਹਨ ਭਾਗਵਤ ਦਾ ਇੱਕ ਬਿਆਨ)। 
  ਮਨਜਿੰਦਰ ਸਿੰਘ ਸਿਰਸਾ, ਮੋਹਨ ਭਾਗਵਤ ਦੇ ਉਕਤ ਏਜੰਡੇ ਨੂੰ ਪੂਰਾ ਕਰਨ ਲਈ ਹਮੇਸ਼ਾਂ ਪੱਬਾਂ ਭਾਰ ਹੋਇਆ ਰਹਿੰਦਾ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਹਿੰਦੂਤਵ ਦੇ ਦੋ ਨਿਸ਼ਾਨੇ ਹਨ:- ਰਾਜਸੀ ਤਾਕਤ ਨਾਲ਼ ਪਹਿਲਾਂ ਛੋਟੀਆਂ ਪਛਾਣਾਂ ਦੀ ਵਿਲੱਖਣ ਪਛਾਣ ਨੂੰ ਖ਼ਤਮ ਕਰਨਾ, ਦੂਸਰਾ ਜਿਹੜੀ ਪਛਾਣ ਇਸ ਦੇ ਦਾਇਰੇ ਵਿੱਚ ਨਹੀਂ ਆਉਂਦੀ ਉਸ ਵਿਰੁੱਧ ਤੁਅਸਬ (ਜ਼ਹਿਰ) ਭਰ ਕੇ ਅਤੇ ਹਰ ਹੀਲਾ ਵਰਤ ਕੇ ਉਸ ਨੂੰ ਪੂਰੀ ਤਰ੍ਹਾਂ ਨਿੱਸਲ ਕਰ ਦੇਣਾ ਤਾਂ ਕਿ ਉਹ ਆਪਣਾ ਸਿਰ ਨਾ ਚੁੱਕ ਸਕੇ।   ਸਤਾਰਵੀਂ, ਅਠਾਰਵੀਂ ਸਦੀ ਦੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸ਼ਨਕਾਲ ਦੇ ਹਵਾਲੇ ਨਾਲ਼ ਸਿੱਖ-ਮੁਸਲਿਮ ਭਾਈਚਾਰੇ ਵਿੱਚ ਦਰਾੜ ਪਾਉਣੀ, ਦਲਿਤਾਂ ਨੂੰ ਗੁੰਮਰਾਹ ਕਰ ਕੇ ਸਿੱਖ ਕੌਮ ਦੇ ਵਿਰੁੱਧ ਭੁਗਤਾਉਣਾ ਤੇ ਸਿੱਖਾਂ ਨੂੰ ਸਿੱਖਾਂ ਨਾਲ਼ ਹੀ ਲੜਾਉਣਾ ਹੀ ਆਰ. ਐੱਸ. ਐੱਸ. ਤੇ ਭਾਜਪਾ ਦਾ ਮੱੁਖ ਮਿਸ਼ਨ ਹੈ। ਮਨਜਿੰਦਰ ਸਿੰਘ ਸਿਰਸਾ ਵਰਗੇ ਤੇ ਹੋਰ ਵਿਕਾਊ ਸਿੱਖਾਂ ਦੀ ਮਦਦ ਨਾਲ਼ ਕਿਸੇ ਹਦ ਤਕ ਉਹਨਾਂ (ਆਰ. ਐੱਸ. ਐੱਸ. ਤੇ ਭਾਜਪਾ) ਨੇ ਆਪਣਾ ਇਹ ਮਿਸ਼ਨ ਪੂਰਾ ਕਰ ਲਿਆ ਹੈ। 
  ਜਿੱਥੋਂ ਤਕ ਔਰੰਗਜ਼ੇਬ ਦਾ ਸਿੱਖ ਇਤਿਹਾਸ ਨਾਲ਼ ਸਬੰਧ ਹੈ ਉਸ ਨੂੰ ਸ. ਗੁਰਤੇਜ ਸਿੰਘ ਜੀ ਨੇ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਔਰੰਗਜ਼ੇਬ, ਗੁਰੂ ਦਾ ਕਾਤਲ, ਹਿੰਦ ਦੀ ਅਣਖ਼ ਦਾ ਕਾਤਲ, ਮਨੁੱਖ ਦੀ ਧਾਰਮਿਕ-ਰਾਜਸੀ ਅਜ਼ਾਦੀ ਦਾ ਕਾਤਲ, ਜ਼ਾਲਮ ਤਾਨਾਸ਼ਾਹ ਸੀ। ਜਿੰਨੀ ਦੇਰ ਉਹ ਜਿਊਂਦਾ ਸੀ ਅਸੀਂ ਉਸ ਨਾਲ ਦੁਸ਼ਮਣੀ ਦੀ ਰੀਤ ਬਾਖ਼ੂਬੀ ਨਿਭਾਈ। ਅਸੀਂ ਰਣਜੀਤ ਨਗਾਰਾ ਬਣ ਕੇ ਉਸ ਦੀਆਂ ਰਾਤਾਂ ਦੀ ਨੀਂਦ ਹਰਾਮ ਕਰਦੇ ਰਹੇ। ਅਸੀਂ ਉਸ ਦੇ ਘੋੜਿਆਂ ਦੇ ਸੁੰਬਾਂ ਹੇਠ ਦੋਜ਼ਖ ਦੀ ਅੱਗ ਬਾਲ਼ੀ। ਅੰਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਿਆ ਤੇ ਔਰੰਗਜ਼ੇਬ ਸ਼ਿਕਸ਼ਤਨਾਮਾ (ਹਾਰ ਮੰਨ ਲੈਣੀ) ਲਿਖ ਕੇ ਮਰ ਗਿਆ। ਅੱਜ ਉਸ ਨੂੰ ਕਬਰਾਂ ਵਿੱਚ ਸੁੱਤੇ ਨੂੰ ਸਦੀਆਂ ਹੋ ਗਈਆਂ ਹਨ। ਉਸ ਦੀਆਂ ਹੱਡੀਆਂ ਤੇ ਜਿਸਮ ਨੂੰ ਕਿਰਮ ਖਾ ਚੁੱਕੇ ਹਨ। ਕਿਆਮਤ ਦੇ ਦਿਨ ਜਦੋਂ ਉਹ ਉੱਠੇਗਾ ਤਾਂ ਉਸ ਦੇ ਪੈਗੰਬਰ ਨੇ ਵੀ ਉਸ ਵੱਲ ਪਿੱਠ ਮੋੜ ਲੈਣੀ ਹੈ। ਇਹ ਇੰਤਜ਼ਾਮ ਵੀ ਦਸਮੇਸ਼ ਦੇ ਨੀਂਹਾਂ ਵਿੱਚ ਚਿਣੀਂਦੇ ਬਾਲ ਸਾਹਿਬਜ਼ਾਦੇ ਕਰ ਚੁੱਕੇ ਹਨ। ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਜ਼ਫ਼ਰ ਨੇ ਸਾਹਿਬ ਕਲਗੀਧਰ ਨੂੰ ਸੰਕੇਤਕ ਤੌਰ 'ਤੇ ਤਖ਼ਤ ਉੱਤੇ ਬਿਠਾ ਕੇ ਹਜ਼ਰਤ ਅਲੀ ਦਾ ਖੰਡਾ ਉਹਨਾਂ ਨੂੰ ਭੇਂਟ ਕਰਕੇ ਉਸ ਦੇ ਗ਼ੁਨਾਹਾਂ ਦੀ ਮੁਆਫ਼ੀ ਮੰਗ ਲਈ ਸੀ (ਨੋਟ: ਹਜ਼ਰਤ ਅਲੀ ਦਾ ਖੰਡਾ ਜਿਹੜਾ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕੀਤਾ ਸੀ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਵਾਲ਼ੇ ਦਿਨ ਸੰਗਤਾਂ ਨੂੰ ਵਿਖਾਇਆ ਜਾਂਦਾ ਹੈ)। 
  ਹੁਣ ਸਾਡੀ ਔਰੰਗੇ ਤੁਰਕੜੇ ਨਾਲ਼ ਕੋਈ ਦੁਸ਼ਮਣੀ ਨਹੀਂ। ਪਿਛਲੇ ਸਮਿਆਂ ਵਿੱਚ ਨਾਦਰਸ਼ਾਹੀ ਤਰਜ਼ ਉੱਤੇ ਸਿੱਖਾਂ ਦਾ ਦਿੱਲੀ ਵਿੱਚ ਕਤਲੇਆਮ ਕਰ ਕੇ ਅਜੋਕੇ ਸਾਮਰਾਜ ਨੇ ਮੁਗ਼ਲੀਆ ਸਲਤਨਤ ਵਿਰੁੱਧ ਸਾਡੇ ਸਾਰੇ ਗਿਲ਼ੇ ਸ਼ਿਕਵੇ ਤਕਰੀਬਨ ਭੁਲਾ ਦਿੱਤੇ ਹਨ। ਨੌਰੰਗੇ (ਔਰੰਗਜ਼ੇਬ) ਦੀ ਸਿੱਖ ਦੁਸ਼ਮਣੀ ਦੇ ਬਾਵਜੂਦ ਖ਼ਾਲਸੇ ਦੀ ਮਾਤਾ ਭਾਈ ਮਨੀ ਸਿੰਘ, ਭਾਈ ਨੰਦ ਲਾਲ, ਦਿੱਲੀ ਵਿੱਚ ਮਹਿਫ਼ੂਜ ਸਨ। ਚੁਰਾਸੀ ਵਿੱਚੋਂ ਗੁਜ਼ਰਦੇ ਅਸੀਂ ਹੁਣ ਇਹ ਦਾਅਵਾ ਨਹੀਂ ਕਰ ਸਕਦੇ, ਅਸੀਂ ਬਤੌਰ ਸਿੱਖ, ਦਿੱਲੀ ਵਿੱਚ ਮਹਿਫੂਜ਼ ਹਾਂ ਤੇ ਸਾਡੀ ਇੱਜ਼ਤ ਸਭ ਦੀ ਇੱਜ਼ਤ ਹੈ ਜਿਵੇਂ ਕਿ ਉਹਨਾਂ ਦੀ ਇੱਜ਼ਤ ਸਾਡੀ ਇੱਜ਼ਤ ਹੁੰਦੀ ਸੀ। ਜਿੱਥੋਂ ਤਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਸੁਆਲ ਹੈ, ਉਹਨਾਂ ਦੀ ਸ਼ਹਾਦਤ ਵਿਸ਼ਵ ਭਰ ਦੇ ਧਰਮਾਂ ਦੀ ਧਾਰਮਿਕ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕੇਵਲ ਹਿੰਦ ਦੀ ਚਾਦਰ ਹੀ ਨਹੀਂ, ਸਗੋਂ ਵਿਸ਼ਵ ਵਿਆਪੀ ਧਰਮਾਂ ਦੀ ਧਰਮ ਦੀ ਚਾਦਰ ਹਨ। ਇਸ ਦਾ ਵਰਨਣ ਕਵੀ ਸੈਨਾਪਤੀ ਰਚਿਤ ਸ੍ਰੀ ਗੁਰੂ ਸੋਭਾ ਦੇ ਪੰਨਾ 65 ਉੱਤੇ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਕਰਮ ਧਰਮ ਕੀ ਿਜਿਨ ਪਤਿ ਰਾਖੀ। ਅਟਲ ਕਰੀ ਕਲਯੁਗ ਮੈ ਸਾਖੀ। ਸਗਲ ਸ੍ਰਿਸ਼ਟ ਜਾ ਕਾ ਜਸ ਭਯੋ, ਜਿਹ ਤੇ ਸਰਬ ਧਰਮ ਬੰਚਯੋ। ਤੀਨ ਲੋਕ ਮੈ ਜੈ ਜੈ ਭਈ, ਸਤਿਗੁਰ ਪੈਜ ਇਮ ਰੱਖ ਲਈ। 
  ਉਕਤ ਹਵਾਲਾ ਪੜ੍ਹਨ ਤੋਂ ਬਾਅਦ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਮੱੁਚੇ ਧਰਮਾਂ ਦੀ ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਹੋਈ ਸੀ, ਨਾ ਕਿ ਕੇਵਲ ਹਿੰਦੂ ਧਰਮ ਨੂੰ ਹੀ ਬਚਾਉਣ ਲਈ, ਕਿਉਂਕਿ ਹਿੰਦੂ ਧਰਮ ਦੀ ਤਾਂ ਕੋਈ ਪਰਿਭਾਸ਼ਾ ਹੀ ਨਹੀਂ ਹੈ ਤੇ ਨਾ ਹੀ 'ਹਿੰਦੂ ਸ਼ਬਦ' ਹਿੰਦੂਆਂ ਦੇ ਕਿਸੇ ਧਰਮ ਗ੍ਰੰਥ ਵਿੱਚੋਂ ਮਿਲ਼ਦਾ ਹੈ। 
  ਆਰ. ਐੱਸ. ਐੱਸ. ਤੇ ਭਾਜਪਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਿੱਖ ਕੌਮ ਨਾਲ਼ ਕੋਈ ਹੇਜ਼ ਨਹੀਂ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਰੂਪ ਹੋ ਕੇ ਉਹਨਾਂ ਗੁਰਦੁਆਰਿਆਂ ਵਿੱਚ ਸ਼ੁਸ਼ੋਭਿਤ ਹੈ ਜਿਨ੍ਹਾਂ ਦੀ ਬੇ-ਹੁਰਮਤੀ ਕਰਨਾ, ਢਾਹੁਣਾ ਏਸ ਜਮਾਤ ਤੋਂ ਪ੍ਰਭਾਵਿਤ ਮਾਨਸਿਕਤਾ ਦਾ ਖ਼ਾਸ ਤੌਰ ਉੱਤੇ ਪ੍ਰਮੁੱਖ ਕਰਮ ਰਿਹਾ ਹੈ। ਇਹਨਾਂ ਨੇ ਕਦੇ ਉਸ ਵਰਤਾਰੇ ਦੀ ਨਿਖੇਧੀ ਨਹੀਂ ਕੀਤੀ, ਜਿਸ ਅਧੀਨ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸਿਲਸਿਲੇਵਾਰ ਸਾੜਿਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਅੱਜ ਖ਼ਾਲਸਾ ਸਰੂਪ ਹੋ ਕੇ ਹਰ ਸਿੱਖ ਦੇ ਸਰੂਪ ਵਿੱਚ ਦੀਦਾਰੇ ਦੇ ਰਿਹਾ ਹੈ। ਪਰ ਹਿੰਦੂਤਵੀ ਤਾਕਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਖ਼ਾਲਸਾ ਸਰੂਪ ਨੂੰ ਹਮੇਸ਼ਾਂ ਮਲੀਆਮੇਟ ਕਰਨਾ ਚਾਹੁੰਦੀਆਂ ਹਨ। 
  ਅੰਤ ਵਿੱਚ  ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਹੋਰ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਸੰਨ 1984 ਨੂੰ ਭਾਰਤ ਸਰਕਾਰ ਵੱਲੋਂ ਤੋਪਾਂ-ਟੈਂਕਾਂ ਨਾਲ਼ ਕੀਤਾ ਹਮਲਾ ਤੇ ਨਵੰਬਰ 1984 ਨੂੰ ਦਿੱਲੀ, ਸਮੇਤ ਹੋਰ ਵੀ ਕਈ ਸੂਬਿਆਂ 'ਚ ਸਿੱਖਾਂ ਦਾ ਸਮੂਹਿਕ ਕਤਲੇਆਮ, ਭਾਵ ਨਸਲਕੁਸ਼ੀ, ਕਾਂਗਰਸ, ਭਾਜਪਾ ਅਤੇ ਆਰ. ਐੱਸ. ਐੱਸ. ਦੀ ਮਿਲ਼ੀਭੁਗਤ ਨਾਲ਼ ਹੋਈ ਹੈ। 
  1984 ਦੇ ਸਿੱਖ ਕਲਤੇਆਮ ਵਿੱਚ ਆਰ. ਐੱਸ. ਐੱਸ. ਦੀ ਭੂਮਿਕਾ ਬਾਰੇ  ਦੱਸਣ  ਲਈ ਇੱਕੋ ਹਵਾਲਾ ਹੀ ਕਾਫ਼ੀ ਹੋਵੇਗਾ ਕਿ ਆਰ. ਐੱਸ. ਐੱਸ. ਦੇ ਪ੍ਰਮੁੱਖ ਕਾਰਕੁੰਨ ਲਾਲਾ ਦੇਸ਼ ਮੱੁਖ ਨੇ ਹਿੰਦੀ ਸਪਤਾਹਿਕ ਪੱਤ੍ਰਿਕਾ ਪ੍ਰਤੀਪਕਸ਼ ਦੇ 25 ਨਵੰਬਰ 1984 ਦੇ ਸੰਸਕਰਣ ਵਿੱਚ ਇੰਦਰਾ ਕਾਂਗਰਸ-ਆਰ. ਐੱਸ. ਐੱਸ. ਗੱਠਜੋੜ ਸਿਰਲੇਖ ਹੇਠ ਇੱਕ ਦਸਤਾਵੇਜ਼ ਛਾਪਿਆ ਸੀ ਕਿ ਇਹ ਅਜਿਹਾ ਦਸਤਾਵੇਜ਼ ਹੈ ਜਿਹੜਾ ਨਵੰਬਰ 1984 ਨੂੰ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਕਈ ਪਹਿਲੂਆਂ ਤੇ ਰੌਸ਼ਨੀ ਪਾਉਂਦਾ ਹੈ। ਇਸ ਲੇਖ ਵਿੱਚ ਆਰ. ਐੱਸ. ਐੱਸ. ਦੇ ਕਾਰਕੁੰਨ ਲਾਲਾ ਦੇਸ਼ ਮੱੁਖ ਨੇ ਲਿਖਿਆ ਸੀ ਕਿ ਜਦੋਂ ਹਿੰਦੂ ਭੀੜਾਂ ਸਿੱਖਾਂ ਨੂੰ ਮਾਰ ਰਹੀਆਂ ਸਨ ਤਾਂ ਸਿੱਖਾਂ ਨੂੰ ਆਪਣੇ ਬਚਾਅ ਲਈ ਕੁਝ ਨਹੀਂ ਕਰਨਾ ਚਾਹੀਦਾ ਸੀ, ਬਲਕਿ ਕਾਤਲ ਭੀੜਾਂ ਪ੍ਰਤੀ ਧੀਰਜ ਅਤੇ ਸਬਰ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ। 
 ਅਜਿਹੀ ਮਾਨਸਿਕਤਾ ਵਾਲ਼ੀ ਆਰ. ਐੱਸ. ਐੱਸ. ਦੇ ਪ੍ਰਚਾਰਕ  ਮਨਜਿੰਦਰ ਸਿੰਘ ਸਿਰਸਾ ਕੋਲ਼ੋਂ ਦਾਸ ਪੁੱਛਣਾ ਚਾਹੁੰਦਾ ਹੈ ਕਿ ਮੁਲਕ ਨੂੰ ਮਨੂੰ ਸਿਮਰਤੀ ਦੇ ਵਿਧਾਨ ਅਨੁਸਾਰ ਚਲਾਉਣ ਵਾਲ਼ੀ ਮੌਜੂਦਾ ਭਾਜਪਾ ਸਰਕਾਰ ਦੀ ਤਾਨਾਸ਼ਾਹੀ ਤੇ ਔਰੰਗਜ਼ੇਬ ਦੀ ਤਾਨਾਸ਼ਾਹੀ ਵਿੱਚ ਕੀ ਫ਼ਰਕ ਹੈ ? ਦੂਸਰਾ ਸੁਆਲ ਹੈ ਕਿ ਕੀ ਮਨਜਿੰਦਰ ਸਿੰਘ ਸਿਰਸਾ, ਅਕਾਲ ਤਖ਼ਤ ਢਾਹੁਣ ਵਾਲ਼ੀ ਇੰਦਰਾ ਗਾਂਧੀ ਤੇ ਸਿੱਖਾਂ ਦੀ ਨਸਲਕੁਸ਼ੀ ਕਰਾਉਣ ਵਾਲ਼ੇ ਰਾਜੀਵ ਗਾਂਧੀ ਦੇ ਪੰਜਾਬ ਵਿੱਚ ਲੱਗੇ ਹੋਏ ਬੁੱਤਾਂ ਉੱਤੇ ਕਾਲਖ਼ ਪੋਚਣ ਦੀ ਹਿੰਮਤ ਕਰ ਸਕੇਗਾ? 
  ਜੇ ਅਕਾਲੀ ਭਾਜਪਾ ਗੱਠਜੋੜ ਸਿੱਖ ਪੰਥ ਪ੍ਰਤੀ ਹਮਦਰਦੀ ਰੱਖਦਾ ਹੁੰਦਾ ਤਾਂ ਪੰਜਾਬ ਵਿੱਚ ਅਕਾਲ ਤਖਤ ਢਾਹੁਣ ਵਾਲੀ ਇੰਦਰਗਾਂਧੀ ਤੇ ਰਾਜੀਵ ਗਾਂਧੀ ਦੇ, ਸਿੱਖਾਂ ਦੀ ਹਿੱਕ ਉØੱਤੇ ਪੰਜਾਬ ਵਿਚੋਂ ਬੁੱਤ ਨਹੀਂ ਸਨ ਲੱਗਣੇ ।
-ਜਥੇਦਾਰ ਮਹਿੰਦਰ ਸਿੰਘ ਯੂ.ਕੇ.