ਤਲਵਾਰ ਦੀ ਧਾਰ ਨਾਲ ਮੋਈਆਂ ਕੌਮਾਂ ਦੁਬਾਰਾ ਜੀਊਂਦੀਆਂ ਹੋ ਸਕਦੀਆਂ ਹਨ, ਪਰ ਇਤਿਹਾਸ ਦੀ ਮਾਰ ਦੁਬਾਰਾ ਉੱਠਣ ਜੋਗਾ ਨਹੀਂ ਛੱਡਦੀ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਇਤਿਹਾਸ ਇਕ ਸ਼ਸ਼ਤਰ ਹੈ, ਅੱਜ ਕੱਲ੍ਹ ਆਰ।ਐੱਸ।ਐੱਸ। ਤੇ ਭਾਜਪਾ ਇਤਿਹਾਸ ਨੂੰ ਇਕ ਘਾਤਕ ਸ਼ਸ਼ਤਰ ਵਾਂਗਰ ਵਰਤ ਰਹੀ ਹੈ । ਪਰਤਾਵੇ ਨਾਲ ਪਤਾ ਲੱਗਦਾ ਹੈ ਕਿ ਸੱਚ-ਮੁੱਚ ਇਹ ਸ਼ਸ਼ਤਰ ਵਧੇਰੇ ਅਸਰ ਕਰਨ ਵਾਲਾ ਹੁੰਦਾ ਹੈ । ਤਲਵਾਰ ਦੀ ਧਾਰ ਤੋਂ ਮਨੁੱਖ ਬਚ ਜਾਏ, ਮੋਈਆਂ ਹੋਈਆਂ ਕੌਮਾਂ ਫੇਰ ਜੀਊਂਦੀਆਂ ਹੋ ਜਾਣ, ਪਰ ਇਤਿਹਾਸ ਦੀ ਮਾਰ ਫੇਰ ਉੱਠਣ ਜੋਗਾ ਨਹੀਂ ਛੱਡਦੀ । ਗੱਲ ਕੀ, ਇਤਿਹਾਸ ਦੀ ਮਾਰ ਸਰਕਾਰੀ ਤੋਪਾਂ, ਟੈਂਕਾਂ, ਬੰਦੂਕਾਂ ਦੀ ਮਾਰ, ਗੈਸ ਦੀ ਮਾਰ ਅਤੇ ਹਵਾਈ ਜਹਾਜ਼ਾਂ ਬੰਬਾਂ ਦੀ ਮਾਰ ਤੋਂ ਵਧੇਰੇ ਘਾਤਕ ਸਾਬਤ ਹੁੰਦੀ ਹੈ । ਆਰ।ਐੱਸ।ਐੱਸ। ਤੇ ਭਾਜਪਾ ਇਤਿਹਾਸ ਦੀ ਮਾਰ ਮਾਰਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਰਹੀ ਹੈ । (1) ਮਿੱਥਹਾਸ ਨੂੰ ਵਿਗਿਆਨ ਵਾਂਗ ਇਸਤੇਮਾਲ ਕਰਨ ਲਈ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਕੰਮਕਾਰ ਦਾ ਢੰਗ ਹੀ ਬਦਲ ਗਿਆ ਹੈ । ਉਹ ਸੰਘ ਪਰਿਵਾਰ ਦੇ ਬਿਰਤਾਤਾਂ ਨੂੰ ਫਿੱਟ ਕਰਨ ਲਈ ਇਤਿਹਾਸ ਨੂੰ ਮੁੜ ਲਿਖਣ &lsquoਤੇ ਰੁੱਝਿਆ ਹੋਇਆ ਹੈ । ਇਸ ਪ੍ਰਸ਼ਾਸਨ ਦੇ ਪਿੱਛੇ ਆਰ।ਐੱਸ।ਐੱਸ। ਹੈ । ਇਕ ਗੰਭੀਰ ਸਾਜਿਸ਼ ਤੇ ਹਮਲੇ ਤਹਿਤ ਭਾਰਤ ਦੇ ਲੋਕਤੰਤਰ ਅਤੇ ਸੈਕੂਲਰਇਜ਼ਮ ਨੂੰ ਖ਼ਤਮ ਕੀਤਾ ਜਾ ਰਿਹਾ ਹੈ । ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਰਾਸ਼ਟਰੀ ਸਵੈਮ ਸੇਵਕ ਸੰਘ, ਵਿੱਦਿਅਕ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਹਿੰਸਾ ਦਾ ਵਿਆਪਕ ਸੱਭਿਆਚਾਰ ਸ਼ੁਰੂ ਕੀਤਾ ਗਿਆ ਹੈ । (2) ਆਰ।ਐੱਸ।ਐੱਸ। ਤੇ ਭਾਜਪਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਦੀ ਪ੍ਰਮਾਣਿਕਤਾ ਉੱਤੇ ਲਗਾਤਾਰ ਯੋਜਨਾ ਅਨੁਸਾਰ ਹਮਲੇ ਕੀਤੇ ਜਾ ਰਹੇ ਹਨ । ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨ ਲਈ ਸਿੱਖਾਂ ਵਿੱਚ ਸਿੱਖੀ ਸਿਧਾਂਤਾਂ ਪ੍ਰਤੀ ਪਰਪਕਤਾ ਅਤੇ ਸਿੱਖ ਤੇ ਗੁਰੂ ਦੇ ਅਥਾਹ ਰਿਸ਼ਤੇ ਨੂੰ ਤੋੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ । ਸਾਰੇ ਸਕੂਲਾਂ ਵਿੱਚ ਗੀਤਾ ਦੇ ਪਾਠ ਨੂੰ ਲਾਜ਼ਮੀ ਕਰਨਾ, ਪੰਜਾਬ ਵਿੱਚ ਪੰਜਾਬੀ ਬੱਚਿਆਂ ਦੀ ਪੰਜਾਬੀ ਬੋਲੀ ਤੋਂ ਦੂਰੀ ਨੂੰ ਹੋਰ ਵਧਾਉਣਾ ਹੈ  । ਆਏ ਦਿਨ ਚਾਣਕੀਆ ਵਾਲੀ ਚਲਾਕ ਤੇ ਮਕਾਰ ਨੀਤੀ ਨਾਲ ਸਿੱਖਾਂ ਤੇ ਸਿਧਾਂਤਕ ਹਮਲੇ ਹੋ ਰਹੇ ਹਨ । ਗੁਰ ਇਤਿਹਾਸ, ਸਿੱਖ ਇਤਿਹਾਸ ਨੂੰ ਆਪਣੀ ਮਰਜ਼ੀ ਨਾਲ ਬਦਲਕੇ ਰਾਸ਼ਟਰਵਾਦ ਦੇ ਹੱਕ ਵਿੱਚ ਭੁਗਤਾਇਆ ਜਾ ਰਿਹਾ ਹੈ । ਸਿੱਖ ਗੁਰੁ ਸਾਹਿਬਾਨ ਦਾ ਦੈਵੀ ਰੁਤਬਾ ਅਤੇ ਉਸ ਦੇ ਇਤਿਹਾਸਕ ਨਾਇਕਾਂ ਦੀ ਇਖ਼ਲਾਕੀ ਉੱਚਤਾ ਨੂੰ ਡੇਗਣ ਲਈ ਆਰ।ਐੱਸ।ਐੱਸ। ਧੜਾ-ਧੜ ਸਿੱਖ ਵਿਰੋਧੀ ਲਿਟਰੇਚਰ ਛੱਪਵਾ ਕੇ ਵੰਡ ਰਹੀ ਹੈ । ਸਿੱਖੀ, ਸਿੱਖ ਸੱਭਿਆਚਾਰ, ਸਿੱਖੀ ਸਿਧਾਂਤ ਤੇ ਗੁਰ ਇਤਿਹਾਸ, ਸਿੱਖ ਇਤਿਹਾਸ ਨੂੰ ਤਹਿਸ-ਨਹਿਸ ਕਰਨ ਲਈ ਭਾਜਪਾ ਸਿੱਖ ਇਤਿਹਾਸ ਨੂੰ ਵਿਗਾੜਕੇ ਐੱਨ।ਸੀ।ਆਰ।ਟੀ। ਦੀ 8ਵੀਂ ਦੀ ਕਿਤਾਬ ਵਿੱਚ ਇਕ ਸ਼ਸ਼ਤਰ ਵਜੋਂ ਵਰਤ ਰਹੀ ਹੈ । ਸ: ਸੁਦਰਸ਼ਨ ਸਿੰਘ ਢਿੱਲੋਂ ਨੇ ਪੰਜਾਬ ਟਾਈਮਜ਼ ਵਿੱਚ ਲਿਖੇ ਲੇਖ ਵਿੱਚ ਪੰਜਾਬ ਟਾਈਮਜ਼ ਆਫ਼ ਇੰਡੀਆ 22 ਦਸੰਬਰ 2015 ਵਿੱਚ ਛਪੀ ਇਕ ਖ਼ਬਰ ਦੇ ਹਵਾਲੇ ਨਾਲ ਲਿਖਿਆ ਸੀ ਕਿ ਮੋਹਨ ਭਾਗਵਤ ਨੇ ਰਾਸ਼ਟਰੀ ਸਿੱਖ ਸੰਗਤ ਦੇ ਚਿਰੰਜੀਵ ਸਿੰਘ ਦੇ ਰਾਹੀਂ ਭਾਈ ਮਨੀ ਸਿੰਘ ਰਿਸਰਚ ਅਧਿਐਨ ਨੂੰ 85 ਲੱਖ ਰੁਪਏ ਇਸ ਕਰਕੇ ਦਿੱਤੇ ਕਿ ਸਿੱਖਾਂ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਦੀ ਹਿੰਦੂ ਧਰਮ ਅਨੁਸਾਰ ਵਿਆਖਿਆ ਕਰਵਾਈ ਜਾਵੇ । 24 ਜੁਲਾਈ ਤੋਂ 31 ਜੁਲਾਈ 2025 ਦੇ ਪੰਜਾਬ ਟਾਈਮਜ਼ ਦੇ ਅੰਕ 3090 ਦੇ ਸਫ਼ਾ 22 ਉੱਤੇ ਖ਼ਬਰ ਛਪੀ ਹੈ : ਐੱਨ।ਸੀ।ਆਰ।ਟੀ। ਦੀ ਨਵੀਂ ਕਿਤਾਬ ਵਿੱਚ ਸਿੱਖ ਇਤਿਹਾਸ ਦੀ ਵਿਗਾੜੀ ਪੇਸ਼ਕਾਰੀ- ਕੀ ਸਿੱਖ ਗੁਰੂ ਸਾਹਿਬਾਨ ਦੀ ਲਹਿਰ ਮਨੁੱਖਤਾ ਦੇ ਇਨਸਾਫ਼ ਲਈ ਸੀ ਜਾਂ ਮੁਗ਼ਲ ਬਾਦਸ਼ਾਹਾਂ ਦੇ ਮੁਸਲਮਾਨ ਹੋਣ ਕਾਰਣ ? ਇਸ ਖ਼ਬਰ ਦਾ ਸਾਰ ਅੰਸ਼ ਹੈ ਕਿ - ਰਾਸ਼ਟਰੀ ਸਿੱਖਿਆ ਅਨੁਸੰਧਾਨ ਅਤੇ ਪ੍ਰਸ਼ਿਕਸ਼ਣ ਪ੍ਰੀਸ਼ਦ (ਐੱਨ।ਸੀ।ਆਰ।ਟੀ।) ਦੀ ਕਲਾਸ 8ਵੀਂ ਦੀ ਨਵੀਂ ਸਮਾਜਿਕ ਵਿਗਿਆਨ ਦੀ ਕਿਤਾਬ ਐਕਸਪਲੌਰਿੰਗ ਸੁਸਾਇਟੀ ਇੰਡੀਆ ਐਂਡ ਬਿਯੋਂਡ ਵਿੱਚ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ । ਇਸ ਖ਼ਬਰ ਵਿੱਚ ਇਹ ਵੀ ਲਿਖਿਆ ਹੈ ਕਿ 8ਵੀਂ ਕਲਾਸ ਦੀ ਇਸ ਕਿਤਾਬ ਵਿੱਚ ਮੁਗ਼ਲ ਸ਼ਾਸ਼ਕਾਂ ਨੂੰ ਵਿਲੇਨ ਅਤੇ ਸਿੱਖ ਗੁਰੂਆਂ ਨੂੰ ਹਿੰਦੂ ਧਰਮ ਦੇ ਰਾਖੇ ਵਜੋਂ ਦਰਸਾਇਆ ਗਿਆ ਹੈ । ਇਸ ਖ਼ਬਰ ਵਿੱਚ ਇਹ ਵੀ ਚਿੰਤਾ ਪ੍ਰਗਟਾਈ ਗਈ ਹੈ ਕਿ ਐੱਨ।ਸੀ।ਆਰ।ਟੀ। ਦੀਆਂ ਨਵੀਆਂ ਕਿਤਾਬਾਂ ਵਿੱਚ ਰਾਸ਼ਟਰੀ ਸਵੈਮ ਸੰਘ (ਆਰ।ਐੱਸ।ਐੱਸ।) ਦੀ ਵਿਚਾਰਧਾਰਾ ਦਾ ਪ੍ਰਭਾਵ ਸਾਫ਼ ਵਿਖਾਈ ਦਿੰਦਾ ਹੈ । ਸਿੱਖ ਇਤਿਹਾਸ ਦੀ ਸਹੀ ਪੇਸ਼ਕਾਰੀ ਲਈ ਸਿੱਖ ਬੁੱਧੀਜੀਵੀਆਂ, ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ । ਇਸ ਖ਼ਬਰ ਅਨੁਸਾਰ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਸੰਸਥਾਵਾਂ, ਖ਼ਾਸ ਤੌਰ &lsquoਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ (ਐੱਸ।ਜੀ।ਪੀ।ਸੀ।) ਨੇ ਇਸ ਮੁੱਦੇ &lsquoਤੇ ਹੁਣ ਤੱਕ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ । ਹੱਥਲੇ ਲੇਖ ਵਿੱਚ ਅਸੀਂ ਇਸ ਖ਼ਬਰ ਦੀ ਹੇਠਲੀ ਸਤਰ : ਕੀ ਸਿੱਖ ਗੁਰੂ ਸਾਹਿਬਾਨ ਦੀ ਲਹਿਰ ਮਨੁੱਖਤਾ ਦੇ ਇਨਸਾਫ਼ ਲਈ ਸੀ ਜਾਂ ਮੁਗ਼ਲ ਬਾਦਸ਼ਾਹਾਂ ਦੇ ਮੁਸਲਮਾਨ ਹੋਣ ਕਾਰਣ ਬਾਰੇ ਵਿਚਾਰ ਕਰਾਂਗੇ । ਸ: ਗੁਰਤੇਜ ਸਿੰਘ ਨੇ ਟਿੱਪਣੀ ਕੀਤੀ ਹੈ ਕਿ : ਗੁਰੂ ਸਾਹਿਬਾਨ ਦੀ ਲੜਾਈ ਮਨੁੱਖਤਾ ਦੇ ਅਤੇ ਨਿਆਂ ਲਈ ਸੀ । ਇਹ ਸੰਘਰਸ਼ ਮੁਗ਼ਲ ਸਾਮਰਾਜ ਦੀ ਜਾਲਮ ਸਤਾ ਦੇ ਵਿਰੁੱਧ ਸੀ ਨਾ ਕਿ ਇਸਲਾਮ ਜਾਂ ਮੁਸਲਮਾਨਾਂ ਦੇ ਵਿਰੁੱਧ । ਗੁਰੂ ਸਾਹਿਬਾਨ ਨੇ ਤਾਂ ਇਸਲਾਮ ਜਾਂ ਮੁਸਲਮਾਨਾਂ ਵਿਰੁੱਧ ਕੀ ਲੜਨਾ ਸੀ, ਉਹ ਤਾਂ ਬੰਦਾ ਸਿੰਘ ਬਹਾਦਰ ਨੇ ਵੀ ਸਿੱਖ ਲਹਿਰ ਨੂੰ ਧਰਮ ਦੀ ਲੜਾਈ ਨਹੀਂ ਸੀ ਬਣਨ ਦਿੱਤਾ ਅਤੇ ਉਸ ਦੀ ਫ਼ੌਜ ਵਿੱਚ ਪੰਜ ਹਜ਼ਾਰ ਮੁਸਲਮਾਨ ਭਰਤੀ ਸੀ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਦੀਆਂ ਰਸਮਾਂ ਕਰਨ ਦੀ ਪੂਰਨ ਖੁੱਲ੍ਹ ਸੀ । ਜੇ ਸਿੱਖ ਲਹਿਰ ਮੁਗ਼ਲ ਬਾਦਸ਼ਾਹਾਂ ਦੇ ਮੁਸਲਮਾਨ ਹੋਣ ਕਰਨ ਹੀ ਹੋਂਦ ਵਿੱਚ ਆਈ ਸੀ ਤਾਂ ਫਿਰ ਪੀਰ ਬੁੱਧੂ ਸ਼ਾਹ, ਨਬੀ ਖਾਂ, ਗਨੀ ਖਾਂ, ਰਾਏ ਕਲ੍ਹਾ ਕੋਟਲਾ ਨਿਹੰਗ ਖਾਨ ਤੇ ਹੋਰ ਕਈ ਮੁਸਲਮਾਨ ਗੁਰੂ ਗੋਬਿੰਦ ਸਿੰਘ ਦਾ ਪੀਰਾਂ ਵਾਂਗ ਸਤਿਕਾਰ ਕਿਉਂ ਕਰਦੇ ਸਨ ? ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਤਿੰਨਾਂ ਪੁੱਤਰਾਂ ਵਿੱਚ ਰਾਜ ਤਖ਼ਤ ਦੀ ਖ਼ਾਤਰ ਝਗੜਾ ਸ਼ੁਰੂ ਹੋਇਆ ਸੀ ਤਾਂ ਔਰੰਗਜ਼ੇਬ ਦਾ ਵੱਡਾ ਪੁੱਤਰ ਸ਼ਾਹਜ਼ਾਦਾ ਮੁਅਜਮ (ਬਹਾਦਰ ਸ਼ਾਹ) ਭਾਈ ਨੰਦ ਨੂੰ ਨਾਲ ਲੈ ਕੇ ਅਸ਼ੀਰਵਾਦ ਅਤੇ ਫ਼ੌਜੀ ਮਦਦ ਲੈਣ ਆਇਆ ਸੀ ਤਾਂ ਗੁਰੂ ਸਾਹਿਬ ਨੇ ਆਪਣੇ ਪਿਤਾ ਤੇਗ਼ ਬਹਾਦਰ ਦੇ ਕਾਤਲ ਔਰੰਗਜ਼ੇਬ ਦੇ ਪੁੱਤਰ ਸ਼ਾਹਜ਼ਾਦਾ ਮੁਅਜਮ (ਬਹਾਦਰ ਸ਼ਾਹ) ਦੀ ਮਦਦ ਇਹ ਆਖ ਕੇ ਕੀਤੀ ਸੀ ਕਿ : ਕੁਫ਼ਰ ਅਸਤਦਰ ਤਰੀਕਤਿ ਮਾ ਕੀਨਾ ਦਾਸ਼ਤਨ । ਆਈਨਿ - ਮਮਸਤ ਸੀਨਾ ਚੋਂ ਆਈਨਾ ਦਾਸ਼ਤਨ, ਭਾਵ-ਕਿਸੇ ਨਾਲ ਵੈਰ ਰੱਖਣਾ ਸਾਡੇ ਧਰਮ ਦੇ ਵਿਰੁੱਧ ਹੈ । ਸਾਡਾ ਧਰਮ ਹੈ ਦਿਲ ਨੂੰ ਸ਼ੀਸ਼ੇ ਵਾਂਗ ਸਾਫ਼ ਰੱਖਣਾ । ਗੁਰੂ ਸਾਹਿਬਾਨ ਦੇ ਅਸ਼ੀਰਵਾਦ ਅਤੇ ਫੌਜੀ ਮਦਦ ਨਾਲ ਸ਼ਾਹਜ਼ਾਦਾ ਮੁਅਜਮ (ਬਹਾਦਰ ਸ਼ਾਹ) ਦੀ ਫ਼ਤਹਿ ਹੋਈ ਅਤੇ ਉਹ ਔਰੰਗਜ਼ੇਬ ਦੇ ਤਖ਼ਤ ਦਾ ਵਾਰਿਸ ਬਣਿਆ । ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਕੇ ਆਪਣੇ ਦਰਬਾਰ ਵਿੱਚ ਸੱਦਿਆ, ਗੁਰੂ ਜੀ ਨੂੰ ਆਪਣੇ ਬਰਾਬਰ ਚੰਦਨ ਦੀ ਚੌਕੀ &lsquoਤੇ ਬਿਠਾ ਕੇ ਪੀਰਾਂ ਵਾਂਗੂੰ ਸਤਿਕਾਰ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਖ਼ਾਨਦਾਨੀ ਇਕ ਖੰਡਾ ਭੇਟ ਕੀਤਾ । ਇਸ ਖੰਡੇ ਦੇ ਹਰ ਸਾਲ ਅਨੰਦਪੁਰ ਹੋਲੇ ਮਹਲੇ ਵਾਲੇ ਦਿਨ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ । ਇਕ ਹੋਰ ਹਵਾਲਾ ਵੀ ਦੇਣਾ ਕੁਥਾਂ ਨਹੀਂ ਹੋਵੇਗਾ । ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ਪੜ੍ਹਕੇ ਕਿਹਾ ਸੀ । ਮੈਂ ਜਾਨ ਲਿਆ ਹੈ ਤੁਸੀਂ ਸੱਚੇ ਸਤਿਗੁਰ ਨਾਨਕ ਗੱਦੀ ਦੇ ਵਾਰਸ ਸੱਚੇ ਖੁਦਾ ਪ੍ਰਸਤ ਹੋ । ਮੇਰੇ ਅਮਲੇ ਨੇ ਬੁੱਤ ਪੂਜ ਹਿੰਦੂ ਪਹਾੜੀ ਰਾਜਿਆਂ ਦੇ ਆਖੇ ਲੱਗ ਕੇ ਤੁਹਾਡੇ ਪਰ ਜੁਲਮ ਦਾ ਵਰਤਾਉ ਕੀਤਾ ਹੈ । ਜਿਸ ਦਾ ਮੈਨੂੰ ਬਹੁਤ ਅਫ਼ਸੋਸ ਹੈ । ਤੁਸੀਂ ਜਿਤਨੀ ਜਲਦੀ ਹੋ ਸਕੇ ਮੇਰੇ ਪਾਸ ਚਲੇ ਆਉ । ਅਤੇ ਔਰੰਗਜ਼ੇਬ ਨੇ ਸੂਬੇ ਸਰਹੰਦ ਦੇ ਵਜੀਦ ਖਾਂ ਦੇ ਨਾਮ ਫੁਰਮਾਨ ਜਾਰੀ ਕੀਤਾ ਕਿ ਤੁਸੀਂ ਨਾਨਕ ਖ਼ੁਦਾ ਪ੍ਰਸਤ ਪੀਰ ਦੇ ਗੱਦੀ ਨਸ਼ੀਨ ਪਰ ਪਹਾੜੀ ਹਿੰਦੂ ਬੁੱਤ-ਪ੍ਰਸਤ ਰਾਜਿਆਂ ਦੇ ਆਖੇ ਲੱਗਕੇ ਧੋਖੇ ਨਾਲ ਮੈਥੋਂ ਹੁਕਮ ਲੈ ਕੇ ਲਸ਼ਕਰ ਨਹੀਂ ਸੀ ਮੰਗਾਉਣਾ, ਕਿਉਂਕਿ ਜਦ ਉਸ ਨੇ (ਗੁਰੂ ਗੋਬਿੰਦ ਸਿੰਘ ਨੇ) ਸਾਡਾ ਕੋਈ ਸ਼ਾਹੀ ਨੁਕਸਾਨ ਨਹੀਂ ਸੀ ਕੀਤਾ ਤਾਂ ਤੁਸੀਂ ਨਾਹਕ ਕਰੋੜਾਂ ਰੁਪੈ ਤੇ ਹਜ਼ਾਰਾਂ ਸ਼ਾਹੀ ਆਦਮੀ ਕਿਉਂ ਮਰਵਾ ਸੁੱਟੇ । ਇਸ ਦਾ ਜੁਆਬ ਧਰਮ ਨਾਲ ਦੇਉ ਅਤੇ ਅੱਗੇ ਤੋਂ ਇਸ ਪਰ ਮੈਲੀ ਅੱਖ ਨਾਲ ਨਹੀਂ ਤੱਕਣਾ, ਜਿਥੇ ਉਸ ਦਾ ਮਨ ਚਾਹੇ ਉਹ ਰਹੇ, ਇਹ ਫੁਰਮਾਨ ਪੜ੍ਹਕੇ ਸੂਬੇ ਸਰਹੰਦ ਵਜੀਰ ਖਾਂ ਦੇ ਮਾਪੇ ਮਰ ਗਏ ਸਨ । (ਹਵਾਲਾ - ਤਵਾਰੀਖ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 1085-1086, ਲਿਖਤ ਗਿਆਨੀ ਗਿਆਨ ਸਿੰਘ, ਪ੍ਰਕਾਸ਼ਕ- ਭਾਸ਼ਾ ਵਿਭਾਗ, ਪੰਜਾਬ) ਉਕਤ ਹਵਾਲੇ ਪੜ੍ਹਕੇ ਫੈਸਲਾ ਪਾਠਕਾਂ ਨੇ ਕਰਨਾ ਹੈ ਕਿ ਗੁਰੂ ਸਾਹਿਬਾਨ ਦੀ ਸਿੱਖ ਲਹਿਰ ਮਨੁੱਖਤਾ ਦੇ ਹੱਕਾਂ ਤੇ ਨਿਆਂ ਲਈ ਸੀ ਜਾਂ ਮੁਗ਼ਲ ਬਾਦਸ਼ਾਹਾਂ ਦੇ ਮੁਸਲਮਾਨ ਹੋਣ ਕਾਰਨ ? ਇਸ ਵਿਸ਼ੇ &lsquoਤੇ ਤਾਂ ਕਿਤਾਬ ਲਿਖੀ ਜਾ ਸਕਦੀ ਹੈ, ਪਰ ਦਾਸ ਇਸ ਇਕ ਹਵਾਲੇ ਨਾਲ ਹੀ ਸਮਾਪਤੀ ਕਰੇਗਾ । 1971 ਦੀ ਲੜਾਈ ਵਿੱਚ ਪਾਕਿਸਤਾਨ ਦੇ ਜਨਰਲ ਨਿਆਜੀ ਅਤੇ ਉਸ ਦੀ 93000 ਫੌਜ ਨੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮ-ਸਮਰਪਣ ਕੀਤਾ ਸੀ ਪਰ ਇਕ ਹਿੰਦੀ ਚੈਨਲ ਜਰਨਲ ਕੇੱਡਥ ਨੂੰ 1971 ਦੀ ਲੜਾਈ ਦਾ ਹੀਰੋ ਦੱਸ ਰਿਹਾ ਸੀ, ਜਦੋਂ ਅਗਸਤ ਦੇ ਆਖ਼ਰੀ ਹਫ਼ਤੇ 1965 ਦੀ ਲੜਾਈ ਦੀ ਜਿੱਤ ਦੀ ਗੋਲਡਨ ਜੁਬਲੀ ਸਰਕਾਰ ਨੇ ਮਨਾਈ ਤਾਂ ਕਿਧਰੇ ਵੀ ਜਨਰਲ ਹਰਬਖ਼ਸ਼ ਸਿੰਘ ਜਿਸ ਦੀ ਅਗਵਾਈ ਵਿੱਚ ਇਹ ਲੜਾਈ ਲੜੀ ਗਈ ਤੇ ਜਿਸ ਦੀ ਸੂਝ-ਬੂਝ ਤੇ ਰਣਨੀਤੀ ਨਾਲ ਇਹ ਲੜਾਈ ਜਿੱਤੀ ਗਈ, ਉਸ ਦਾ ਕਿਧਰੇ ਕੋਈ ਜ਼ਿਕਰ ਨਹੀਂ ਸੀ । ਇਸ ਕਰਕੇ ਹੀ ਕਿਹਾ ਗਿਆ ਹੈ ਕਿ ਤਲਵਾਰ ਦੀ ਧਾਰ ਨਾਲ ਮੋਈਆਂ ਕੌਮਾਂ ਦੁਬਾਰਾ ਜੀਊਂਦੀਆਂ ਹੋ ਸਕਦੀਆਂ ਹਨ ਪਰ ਇਤਿਹਾਸ ਦੀ ਮਾਰ ਕੌਮਾਂ ਨੂੰ ਦੁਬਾਰਾ ਉੱਠਣ ਜੋਗਾ ਨਹੀਂ ਛੱਡਦੀ, ਪਰ ਦੁਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਅੱਖਾਂ ਦੇ ਸਾਹਮਣੇ ਜਿਥੇ ਇਤਿਹਾਸ ਆਰ।ਐੱਸ।ਐੱਸ। ਤੇ ਭਾਜਪਾ ਵੱਲੋਂ ਬਦਲਿਆ ਜਾ ਰਿਹਾ ਹੈ ਪਰ ਸਿੱਖ ਸੰਸਥਾਵਾਂ ਤੇ ਸਿੱਖ ਵਿਦਵਾਨਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ