ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਖ਼ਿਲਾਫ਼ 60 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖ਼ਿਲਾਫ਼ ਇਕ ਕਾਰੋਬਾਰੀ ਤੋਂ 60 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗ਼ੈਰ ਬੈਂਕਿੰਗ ਵਿੱਤੀ ਕੰਪਨੀ ਲੋਟਸ ਕੈਪੀਟਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਡ ਦੇ ਡਾਇਰੈਕਟਰ ਤੇ ਕਾਰੋਬਾਰੀ ਦੀਪਕ ਕੋਠਾਰੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ &rsquoਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ 2015 ਤੋਂ 2023 ਤੱਕ ਹੋਈ ਉਨ੍ਹਾਂ ਦੋਸ਼ ਲਗਾਇਆ ਕਿ ਜੋੜੇ ਨੇ ਆਪਣੇ ਕਾਰੋਬਾਰ ਦੇ ਵਿਸਥਾਰ ਦੇ ਬਹਾਨੇ ਪੈਸੇ ਲਏ, ਪਰ ਉਸਦਾ ਇਸਤੇਮਾਲ ਨਿੱਜੀ ਖਰਚਿਆਂ ਲਈ ਕੀਤਾ।
ਕੋਠਾਰੀ ਮੁਤਾਬਕ, 2015 &rsquoਚ ਸ਼ਿਲਪਾ ਤੇ ਰਾਜ ਨੇ ਇਕ ਵਿਚੋਲੀਏ ਰਾਹੀਂ ਉਨ੍ਹਾਂ ਤੋਂ ਆਪਣੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਡ ਲਈ ਤਜਵੀਜ਼ਸ਼ੁਦਾ 12 ਫ਼ੀਸਦੀ ਵਿਆਜ਼ ਦਰ &rsquoਤੇ 75 ਕਰੋੜ ਰੁਪਏ ਦਾ ਕਰਜ਼ ਮੰਗਿਆ ਸੀ। ਇਹ ਕੰਪਨੀ ਲਾਈਫਸਟਾਈਲ ਉਤਪਾਦਾਂ ਦਾ ਪ੍ਰਚਾਰ ਕਰਦੀ ਸੀ ਤੇ ਇਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਚਲਾਉਂਦੀ ਸੀ। ਉੱਧਰ, ਸ਼ਿਲਪਾ ਤੇ ਰਾਜ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਇਸ ਦੋਸ਼ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਇਕ ਬੇਬੁਨਿਆਦ ਤੇ ਮੰਦਭਾਗਾ ਮਾਮਲਾ ਹੈ ਜਿਸਦਾ ਮਕਸਦ ਉਨ੍ਹਾਂ ਦੇ ਮੁਵੱਕਿਲ ਨੂੰ ਬਦਨਾਮ ਕਰਨਾ ਹੈ।