ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਨੂੰ ਕੈਨੇਡੀਅਨ ਅਦਾਲਤ 'ਚ ਨਹੀਂ ਕੀਤਾ ਗਿਆ ਪੇਸ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੌਮ ਲਈ ਸ਼ਹੀਦੀ ਪਾਉਣ ਵਾਲੇ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ ਗੁਰੂ ਘਰ ਦੀ ਹਦੂਦ ਦੇ ਅੰਦਰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਕਾਤਲਾਂ ਨੂੰ ਨਿਊ- ਵੈਸਟਮਿੰਸਟਰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਅਤੇ ਕਾਤਲਾਂ ਦੇ ਵਕੀਲ ਵੀਡੀਓ ਕਾਲ ਰਾਹੀਂ ਕੋਰਟ ਵਿੱਚ ਪੇਸ਼ ਹੋਏ ਸਨ । ਦੱਸਣਯੋਗ ਹੈ ਕਿ ਇਹ ਚਾਰ ਭਾਰਤੀ ਮੂਲ ਦੇ ਕਾਤਲ ਹਨ ਜਿਨ੍ਹਾਂ ਨੂੰ ਪਿੱਛਲੇ ਸਾਲ ਕੈਨੇਡਾ ਲਾਅ-ਇਨਫੋਰਸਮੈਂਟ ਨੇ ਗ੍ਰਿਫ਼ਤਾਰ ਕੀਤਾ ਸੀ । ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਗੁਰਮੀਤ ਸਿੰਘ ਤੂਰ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਸਰਕਾਰ ਅਤੇ ਨਿਆ-ਪ੍ਰਣਾਲੀ ਤੇ ਪੂਰਾ ਭਰੋਸਾ ਹੈ ਅਤੇ ਭਵਿੱਖ ਵਿਚ ਹੋਣ ਵਾਲੀਆਂ ਕਾਰਵਾਈਆਂ ਵਿਚ ਉਹਨਾਂ ਦਾ ਪੂਰਨ ਸਹਿਯੋਗ ਕਰਨਗੇ । ਉਹਨਾਂ ਕਿਹਾ ਕਿ ਇਹ ਕਾਤਲ ਪਿਆਦੇ ਹਨ । ਜਦਕਿ ਇਸ ਪਿੱਛੇ ਭਾਰਤੀ ਹਕੂਮਤ ਅਤੇ ਉਨ੍ਹਾਂ ਦੇ ਕਰਿੰਦੇਆਂ ਨੂੰ ਜਿੰਮੇਵਾਰ ਹਨ ਤੇ ਕਿਹਾ ਕਿ ਇਸ ਬਾਰੇ ਸਾਬਕਾ ਮੁੱਖਮੰਤਰੀ ਟਰੂਡੋ ਵੀਂ ਜਿਕਰ ਕਰ ਚੁੱਕੇ ਹਨ। ਭਾਰਤੀ ਹਕੂਮਤ ਦੇ ਕਰਿੰਦਿਆਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕਠਹਿਰੇ ਵਿੱਚ ਖੜੇ ਕਰਨਾ ਚਾਹੀਦਾ ਹੈ ਉਹਨਾਂ ਦਾ ਨਾ ਕੇਵਲ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਹੱਥ ਹੈ ਸਗੋਂ ਵਰਤਮਾਨ ਦੇ ਵਿੱਚ ਵੀ ਜੋ ਸਿੱਖ ਅਜ਼ਾਦੀ ਦੀ ਗੱਲ ਕੈਨੇਡਾ ਵਰਗੇ ਦੇਸ਼ਾਂ ਵਿੱਚ ਰਹਿਕੇ ਕਰਦੇ ਹਨ ਉਹਨਾਂ ਨੂੰ ਵੀ ਭਾਰਤੀ ਹਕੂਮਤ ਆਪਣੇ ਨਿਸ਼ਾਨੇ ਤੇ ਰੱਖ ਰਹੀ ਹੈ । ਉਹਨਾਂ ਕਿਹਾ ਕਿ ਅਸੀਂ ਇਨਸਾਫ਼ ਦੀ ਪ੍ਰਾਪਤੀ ਤੱਕ ਲੜਾਈ ਅਤੇ ਅਜ਼ਾਦੀ ਲਈ ਸੰਘਰਸ਼ ਜਾਰੀ ਰਖਾਂਗੇ । ਇਸ ਮੌਕੇ ਭਾਈ ਗੁਰਮੀਤ ਸਿੰਘ ਤੂਰ, ਭਾਈ ਮੋਨਿੰਦਰ ਸਿੰਘ ਬੀਸੀ ਕੌਂਸਿਲ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ । ਅਦਾਲਤ ਦੇ ਬਾਹਰ ਹਾਜ਼ਰੀਨ ਸੰਗਤਾਂ ਵਲੋਂ ਖਾਲਸਾਈ ਨਾਹਰੇ ਲਗਾ ਕੇ ਭਾਰਤ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਸੀ ।