ਯੂ.ਕੇ. ’ਚ 2 ਬਜ਼ੁਰਗ ਸਿੱਖਾਂ ’ਤੇ ਨਸਲੀ ਹਮਲਾ

ਲੰਡਨ : ਅਮਰੀਕਾ ਵਿਚ ਬਜ਼ੁਰਗ ਸਿੱਖ ਉਤੇ ਜਾਨਲੇਵਾ ਹਮਲੇ ਮਗਰੋਂ ਇੰਗਲੈਂਡ ਵਿਚ 2 ਬਿਰਧ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਚੋਂ ਤਿੰਨ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਵਾਰਦਾਤ ਵੂਲਵਰਹੈਂਪਟਨ ਸਟੇਸ਼ਨ ਦੇ ਬਾਹਰ ਵਾਪਰੀ ਅਤੇ ਡੂੰਘਾਈ ਨਾਲ ਪੜਤਾਲ ਕਰਦਿਆਂ ਤਿੰਨ ਜਣਿਆਂ ਵਿਰੁੱਧ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੱਸ ਦੇਈਏ ਕਿ ਵੂਲਵਰਹੈਂਪਟਨ ਦੀ ਇਕ ਵੀਡੀਓ ਸੋਸ਼ਲ ਮੀਡੀਆ &rsquoਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਚਾਰ ਹਮਲਾਵਰ 2 ਪੰਜਾਬੀਆਂ &rsquoਤੇ ਉਤੇ ਵਾਰ ਕਰਦੇ ਦੇਖੇ ਜਾ ਸਕਦੇ ਹਨ। ਬਗੈਰ ਕਿਸੇ ਭੜਕਾਹਟ ਤੋਂ ਕੀਤੇ ਗਏ ਹਮਲੇ ਦੌਰਾਨ ਦਸਤਾਰਧਾਰੀ ਸਿੱਖ ਦੀ ਪੱਗ ਲਹਿ ਕੇ ਧਰਤੀ &rsquoਤੇ ਡਿੱਗ ਜਾਂਦੀ ਹੈ ਅਤੇ ਕਾਲੇ ਕੱਪੜਿਆਂ ਵਾਲਾ ਹਮਲਾਵਰ ਵਾਰ ਵਾਰ ਦੋਹਾਂ ਨੂੰ ਨਿਸ਼ਾਨਾ ਬਣਾਉਂਦਾ ਹੈ।
ਇਸੇ ਦੌਰਾਨ ਕੁਝ ਲੋਕ ਬਜ਼ੁਰਗਾਂ ਨੂੰ ਬਚਾਉਣ ਵਾਸਤੇ ਅੱਗੇ ਆਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਬਜ਼ੁਰਗਾਂ ਨੂੰ ਡਾਕਟਰੀ ਮੁਆਇਨੇ ਵਾਸਤੇ ਹਸਪਤਾਲ ਲਿਜਾਇਆ ਗਿਆ ਅਤੇ ਕੋਈ ਡੂੰਘੀ ਸੱਟ ਨਾ ਹੋਣ ਦੇ ਮੱਦੇਨਜ਼ਰ ਪੰਜਾਬੀ ਬਜ਼ੁਰਗਾਂ ਨੂੰ ਛੁੱਟੀ ਦੇ ਦਿਤੀ ਗਈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਕਿਹਾ ਕਿ ਰੇਲਵੇ ਨੈਟਵਰਕ ਅਤੇ ਇਸ ਦੇ ਆਲੇ-ਦੁਆਲੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਕੋਈ ਜਾਣਕਾਰੀ ਹੈ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ।