ਜੇ ਅਕਾਲੀ ਨੇਤਾ ਸਿਰਦਾਰ ਕਪੂਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਮੰਨ ਲੈਂਦੇ ਤਾਂ ਸਿੱਖ ਕੌਮ ਦੀ ਖਜੱਲ ਖੁਆਰੀ ਨਹੀਂ ਸੀ ਹੋਣੀ

ਅਨੰਦਪੁਰ ਦਾ ਅਸਲ ਮਤਾ ਸਿਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਜਿਸ ਦੀ ਹੱਥ ਲਿਖਤ (ਅੰਗ੍ਰੇਜ਼ੀ ਵਿੱਚ) ਕਾਪੀ ਅੱਜ ਵੀ ਉਪਲਬੱਧ ਹੈ । ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਭੰਨ ਤੋੜ ਕਰਕੇ ਨਵੇਂ ਬਣਾਏ ਅਨੰਦਪੁਰ ਦੇ ਮਤੇ ਨੂੰ ਹੇਠ ਲਿਖੇ ਅਨੁਸਾਰ ਪ੍ਰਵਾਨ ਕੀਤਾ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਖਰੜਾ ਅਕਾਲੀ ਦਲ ਵੱਲੋਂ ਆਪ ਭਾਰਤ ਸਰਕਾਰ ਨੂੰ ਸੌਂਪਿਆ ਗਿਆ ਉਹ ਇੰਝ ਹੈ :
ਸ਼੍ਰੋਮਣੀ ਅਕਾਲੀ ਦਲ ਦੇ ਪਾਲਿਸੀ-ਪ੍ਰੋਗਰਾਮ ਦਾ ਮਤਾ, ਇਹ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕਰਕੇ ਪ੍ਰਸਿੱਧ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 16-17 ਅਗਸਤ 1973 ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਅਸਥਾਨ ਵਿਖੇ ਇਕੱਤਰਤਾ ਵਿੱਚ ਪ੍ਰਵਾਨ ਕੀਤਾ ਜੋ 28-8-77 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਜਨਰਲ ਇਜਲਾਸ ਵਿੱਚ ਪ੍ਰਵਾਨ ਕੀਤਾ ਗਿਆ ਅਤੇ ਜਿਸ ਨੂੰ 28-29 ਅਕਤੂਬਰ 1978 ਦੀ ਲੁਧਿਆਣਾ ਕਾਨਫਰੰਸ ਨੇ ਮੁਹਰ ਲਾਈ ਅਤੇ 20 ਅਗਸਤ 1980 ਦੇ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਪ੍ਰਵਾਨ ਕੀਤਾ ।
ਪ੍ਰਕਾਸ਼ਕ, ਭਾਨ ਸਿੰਘ
ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ
ਸ੍ਰੀ ਅੰਮ੍ਰਿਤਸਰ
ਉਕਤ ਮਤੇ ਦੀ ਪੂਰੀ ਕਾਪੀ ਵੀ ਉਪਲਬੱਧ ਹੈ । ਪੰਥਕ ਦਸਤਾਵੇਜ਼ ਧਰਮ ਯੁੱਧ ਤੇ ਜੁਝਾਰੂ ਲਹਿਰ-1966-2010 ਦੇ ਸਫ਼ਾ 62 ਤੋਂ 70 ਸਫ਼ੇ ਤੱਕ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਦਾ ਇਹ ਮਤਾ ਪੂਰਾ ਛਪਿਆ ਹੋਇਆ ਹੈ । 
ਦਾਸ ਨੇ ਹੱਥਲੇ ਲੇਖ ਵਿੱਚ ਸਿਰਦਾਰ ਕਪੂਰ ਸਿੰਘ ਦੇ ਲਿਖੇ ਅਨੰਦਪੁਰ ਦੇ ਮਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਿਖੇ ਅਨੰਦਪੁਰ ਦੇ ਮਤੇ ਵਿੱਚ ਕੇਵਲ ਕੁਝ ਅੰਸ਼ ਹੀ ਪਾਠਕਾਂ ਨਾਲ ਸਾਂਝੇ ਕਰਨੇ ਹਨ । ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ -
(ੳ)-ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁੱਚੀ ਮਰਜੀ ਦਾ ਇਕੋ ਇਕ ਪ੍ਰਗਟਾਉ ਹੈ ਤੇ ਪੰਥ ਦੀ ਪ੍ਰਤੀਨਿੱਧਤਾ ਕਰਨ ਲਈ ਪੂਰਾ ਅਧਿਕਾਰ ਰੱਖਦਾ ਹੈ, ਇਸ ਜਥੇਬੰਦੀ ਦੀ ਬੁਨਿਆਦ ਮਨੁੱਖਾਂ ਦੇ ਆਪਸੀ ਸਬੰਧ, ਮਨੁੱਖੀ ਗਤੀ ਅਤੇ ਮਨੁੱਖ ਦੇ ਪਰਮ-ਤੱਤ ਨਾਲ ਸਬੰਧਾਂ ਉੱਤੇ ਰੱਖੀ ਗਈ ਹੈ । ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਤ੍ਰੀ ਉਪਦੇਸ਼, ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਦੀਆਂ ਲੀਹਾਂ ਉੱਤੇ ਆਧਾਰਿਤ ਹੈ । 
(ਅ)-ਮਨੋਰਥ-ਸ਼੍ਰੋਮਣੀ ਅਕਾਲੀ ਦਲ ਹੇਠ ਲਿਖੇ ਮੰਤਵਾਂ ਦੀ ਪੂਰਤੀ ਲਈ ਸਦਾ ਤੱਤਪਰ ਰਹੇਗਾ । 
(1) ਗੁਰਮਤਿ ਅਤੇ ਰਹਿਤ ਮਰਿਯਾਦਾ ਦਾ ਪ੍ਰਚਾਰ ਅਤੇ ਨਾਸਤਕਤਾ ਤੇ ਮਨਮੱਤ ਦਾ ਪ੍ਰਹਾਰ । 
(2) ਸਿੰਘਾਂ ਵਿੱਚ ਪੰਥਕ ਅਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼ ਕਾਲ ਘੜਨਾ, ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਉ ਪੂਰਨ ਤੌਰ &lsquoਤੇ ਮੂਰਤੀ ਮਾਨ ਤੇ ਪ੍ਰਜਵਲਤ ਹੋ ਸਕੇ । 
(3) ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ । ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਕਾਣੀ ਵੰਡ ਤੇ ਲੱੁਟ ਖਸੁੱਟ (ਐਕਸ-ਪਲਾਇਟੇਸ਼ਨ) ਨੂੰ ਦੂਰ ਕਰਨਾ । 
(4) ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ ਛੂਤ-ਛਾਤ, ਜਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ । 
(5) ਮੰਦੀ ਸਿਹਤ ਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਉ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ (ਪੰਥ ਦੇ) ਬਚਾਉ ਲਈ ਤਿਆਰ ਹੋ ਸਕੇ । 
(6) ਖ਼ਾਲਸਾ ਪੰਥ ਦਾ ਵਿੱਦਿਅਕ ਨਿਸ਼ਾਨਾ : ਸ਼੍ਰੋਮਣੀ ਅਕਾਲੀ ਦਲ, ਸਿੱਖ ਕੌਮ ਨੂੰ ਇਕ ਮਜ਼ਬੂਤ ਪੜ੍ਹੀ ਲਿਖੀ, ਸੁਘੜ, ਆਪਣੇ ਹੱਕਾਂ ਤੋਂ ਜਾਣੂ, ਅੱਡ-ਅੱਡ ਹੁਨਰ ਵਿੱਚ ਪ੍ਰਬੀਨ ਅਤੇ ਉਨ੍ਹਾਂ ਦੀ ਕਦਰਦਾਨ ਵੇਖਣਾ ਚਾਹੁੰਦਾ ਹੈ । ਅਕਾਲੀ ਦਲ, ਸਿੱਖ ਕੌਮ ਦੇ ਵਿੱਦਿਅਕ ਮਾਹਿਰਾਂ, ਸਾਇੰਸਦਾਨਾਂ, ਫ਼ਿਲਾਸਫ਼ਰਾਂ, ਕਵੀਆਂ, ਲਿਖਾਰੀਆਂ ਤੇ ਕਲਮਕਾਰਾਂ ਆਦਿ ਨੂੰ ਕੌਮ ਦੀ ਬਹੁਮੁੱਲੀ ਪੂੰਜੀ ਸਮਝਦਾ ਹੈ, ਅਕਾਲੀ ਦਲ, ਪੇਂਡੂ ਤੇ ਪਛੜੇ ਵਰਗ ਦੇ ਵਿੱਦਿਆਰਥੀਆਂ ਨੂੰ ਉੱਚ-ਵਿੱਦਿਆ ਪ੍ਰਾਪਤੀ ਲਈ ਉਤਸ਼ਾਹਿਤ ਕਰੇਗਾ ।
(7) ਸਿੱਖ ਪੰਥ ਦਾ ਰਾਜਸੀ ਨਿਸ਼ਾਨਾ : ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖ਼ਾਲਸਾ ਪੰਥ ਦੇ ਮਨ ਮੰਦਰ ਵਿੱਚ ਉਕਰਿਆ ਚੱਲਿਆ ਆ ਰਿਹਾ ਹੈ, ਜਿਸ ਦਾ ਮਨੋਰਥ, ਖ਼ਾਲਸਾ ਜੀ ਦੇ ਬੋਲ ਬਾਲੇ ਹੈ । ਖ਼ਾਲਸੇ ਜੀ ਦੇ ਇਸ ਜਨਮ-ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਨਾ-ਪ੍ਰਾਪਤੀ, ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਸਿਧਾਂਤ ਦੀ ਨੀਂਹ ਹੈ ।
ਹੁਣ ਆਪਾਂ ਸਿਰਦਾਰ ਕਪੂਰ ਸਿੰਘ ਦੇ ਲਿਖੇ ਅਨੰਦਪੁਰ ਮਤੇ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰਦੇ ਹਾਂ ।
(1) ਸਿੱਖ ਮੰਗ ਕਰਦੇ ਹਨ ਕਿ ਸਭ ਤੋਂ ਪਹਿਲਾਂ ਬਿਨਾਂ ਦੇਰ ਕੀਤਿਆਂ ਭਾਰਤ ਦੇ ਉੱਤਰ ਵਿੱਚ ਇਕ ਖ਼ੁਦਮੁਖਤਿਆਰ ਖਿੱਤਾ ਕਾਇਮ ਕੀਤਾ ਜਾਵੇ, ਜਿਥੇ ਕਿ ਦੇਸ਼ ਦੀ ਬੁਨਿਆਦੀ ਨੀਤੀ ਵਜੋਂ, ਸਿੱਖ ਹਿਤਾਂ ਦੀ ਬੁਨਿਆਦੀ ਨੀਤੀ ਵਜੋਂ, ਸਿੱਖ ਹਿਤਾਂ ਦੀ ਸੰਵਿਧਾਨਕ ਤੌਰ &lsquoਤੇ ਪ੍ਰਮੁੱਖ ਅਤੇ ਖ਼ਾਸ ਅਹਿਮੀਅਤ ਤਸਲੀਮ ਕੀਤੀ ਜਾਵੇ ।
(2) ਦੂਸਰਾ ਇਸ ਖ਼ੁਦਮੁਖਤਿਆਰ ਖਿੱਤੇ ਵਿੱਚ ਮੌਜੂਦਾ ਭਾਰਤੀ, ਪੰਜਾਬ ਅਤੇ ਹਰਿਆਣਾ ਦੇ ਕਰਨਾਲ, ਥਾਨੇਸਰ ਅਤੇ ਅੰਬਾਲਾ ਜ਼ਿਲ੍ਹੇ, ਚੰਡੀਗੜ੍ਹ, ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਸਮੇਤ ਹਰਿਆਣਾ ਅਤੇ ਪਿੰਜੌਰ, ਕਾਲਕਾ, ਡਲਹੌਜ਼ੀ, ਨਾਲਾਗੜ੍ਹ ਦੇਸ਼ ਸਿਰਸਾ, ਗੂਹਲਾ ਅਤੇ ਰਤੀਆ ਇਲਾਕੇ ਅਤੇ ਰਾਜਸਥਾਨ ਦਾ ਗੰਗਾ ਨਗਰ ਜ਼ਿਲ੍ਹਾ ਤਾਂ ਜੋ ਸਿੱਖਾਂ ਦੀਆਂ ਨਾਲੋ ਨਾਲ ਲੱਗਦੀਆਂ ਪ੍ਰਮੁੱਖ ਅਬਾਦੀਆਂ ਅਤੇ ਜ਼ੱਦੀ ਪੁਸ਼ਤੀ ਸਿੱਖ ਇਲਾਕੇ, ਭਾਰਤ ਦੇ ਅਤੁੱਟ ਹਿੱਸੇ ਵਜੋਂ ਇਹ ਖ਼ੁਦਮੁਖਤਿਆਰ ਸਿੱਖ ਖਿੱਤੇ ਵਿੱਚ ਸ਼ਾਮਿਲ ਕੀਤੇ ਜਾਣ ਅਤੇ ਤੀਸਰਾ, ਇਸ ਖ਼ੁਦਮੁਖਤਿਆਰ ਸਿੱਖ ਖਿੱਤੇ ਨੂੰ ਵਿਦੇਸ਼ੀ ਮਾਮਲੇ ਸੁਰੱਖਿਆ, ਕਰੰਸੀ ਅਤੇ ਆਮ ਸੰਚਾਰ ਦੇ ਮਹਿਕਮਿਆਂ ਨੂੰ ਫੈਡਰਲ ਭਾਰਤ ਸਰਕਾਰ ਦੇ ਅਧਿਕਾਰ ਵਿੱਚ ਛੱਡਕੇ, ਸੰਪੂਰਨ ਸੱਤਾ ਨੂੰ ਆਪਣੇ ਹੱਥ ਵਿੱਚ ਰੱਖਣ ਖਾਤਰ, ਆਪਣਾ ਅੰਦਰੂਨੀ ਸੰਵਿਧਾਨ ਆਪ ਘੜਨ ਦਾ ਅਧਿਕਾਰੀ ਐਲਾਨ ਕੀਤਾ ਜਾਵੇ, ਸਾਹਿਬ ਦਸਮ ਪਾਤਿਸ਼ਾਹ ਸਭ ਥਾਂਈਂ ਹੋਣ ਸਹਾਈ । 
ਅਕਾਲੀਆਂ ਦੇ ਜਨਸੰਘ (ਅੱਜ ਭਾਜਪਾ) ਨਾਲ ਗੈਰ ਸਿਧਾਂਤਕ ਗੱਠਜੋੜ ਬਾਰੇ ਸਿਰਦਾਰ ਕਪੂਰ ਸਿੰਘ ਨੇ ਟਿੱਪਣੀ ਹੇਠ ਲਿਖੇ ਅਨੁਸਾਰ ਕੀਤੀ ਸੀ :
ਅਸੀਂ ਆਪਣੀਆਂ ਵੋਟਾਂ ਨਾਲ ਜਨਸੰਘ (ਅੱਜ ਭਾਜਪਾ) ਦੇ ਮੈਂਬਰ ਰਾਜ ਸਭਾ ਵਿੱਚ ਭੇਜੇ ਹਨ । ਜਿਹੜੇ ਦਸਮ ਪਾਤਸ਼ਾਹ ਦੇ ਬੁਨਿਆਦੀ ਅਸੂਲਾਂ ਤੇ ਨਿਸ਼ਾਨਿਆਂ ਦੇ ਕੱਟੜ ਵਿਰੋਧੀ ਹਨ । ਜਿਸ ਅਕਾਲੀ ਦਲ (ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀਵਾਲਾ) ਨੇ ਸਿੱਖ ਵੋਟਰਾਂ ਨੂੰ ਇਸ ਰਾਹ &lsquoਤੇ ਤੋਰਿਆ ਕਿ, ਪੰਥ ਦਾ ਸਵਾਸ ਸਵਾਸ ਭਲਾ ਲੋਚਣ ਵਾਲੇ, ਪੰਥ ਲਈ ਤਨ-ਮਨ-ਧਨ ਵਾਰਨ ਦਾ ਦਾਈਆ ਰੱਖਣ ਵਾਲੇ ਅਤੇ ਸੋਝੀਵਾਨ ਪੰਥ ਸੇਵਕਾਂ ਨੂੰ ਦੂਰ ਕਰਕੇ ਸਿੱਖ ਰਾਜਨੀਤੀ ਵਿੱਚੋਂ ਕੱਢ ਸੁੱਟੋ ਅਤੇ ਆਦਰਸ਼ ਅਸਿੱਖ ਰੁਚੀਆਂ ਵਾਲੇ ਅਤੇ ਮੌਕਾ ਪ੍ਰਸਤ ਲੋਕਾਂ ਨੂੰ ਨਿਵਾਜੋ, ਉਸ ਅਕਾਲੀ ਦਲ ਨੇ ਸਿਧਾਂਤ ਛੱਡਿਆ ਪੰਥ ਹਰਾਇਆ । ਸਿਰਦਾਰ ਕਪੂਰ ਸਿੰਘ ਹੁਰਾਂ ਨੇ ਅਕਾਲੀਆਂ ਨੂੰ ਹੋਰ ਆਖਿਆ ਕਿ ਜੇ ਪੰਥ ਦਾ ਝੰਡਾ ਛੱਡ ਕੇ ਪੰਜਾਬੀਅਤ ਆਦਿ ਦੇ ਝੰਡੇ ਹੇਠਾਂ ਜੇ ਅਸੀਂ ਕੁਝ ਜੂਠੀਆਂ ਹੱਡੀਆਂ, ਸੱਤਾ ਪ੍ਰਾਪਤ ਜਾਤੀ ਕੋਲੋਂ ਪ੍ਰਾਪਤ ਕਰ ਵੀ ਲਈਆਂ ਤਾਂ ਉਹ ਲਾਭ ਦੀ ਬਜਾਏ ਹਾਨੀਕਾਰਕ ਹੋਣਗੀਆਂ । ਉਸ ਦਾ ਸਿੱਖੀ ਤੇ ਪੰਥ ਨੂੰ ਕੋਈ ਲਾਭ ਨਹੀਂ ਹੋਵੇਗਾ । ਜਦੋਂ ਅਸੀਂ ਸਿੱਖੀ ਤੇ ਪੰਥ (ਸਿੱਖ ਵੱਖਰੀ ਕੌਮ) ਦਾ ਝੰਡਾ ਆਪ ਹੀ ਛੱਡ ਦਿੱਤਾ ਤਾਂ ਜੋ ਪ੍ਰਾਪਤੀ ਵੀ ਕੀਤੀ ਤਾਂ ਉਹ ਸਿੱਖਾਂ ਤੇ ਪੰਥ ਲਈ ਨਾ ਗੌਰਵ ਦਾ ਕਾਰਨ ਹੋ ਸਕੇਗੀ ਤੇ ਨਾ ਹੀ ਸਿੱਖੀ ਦੀ ਸਿਹਤ ਲਈ ਗੁਣਕਾਰੀ । ਸਿੱਖਾਂ ਨੂੰ ਏਨੀ ਸਿਆਸੀ ਸੂਝ ਬੂਝ ਤਾਂ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਚਿਰ ਉਹ ਕੋਈ ਪ੍ਰਾਪਤੀ ਖ਼ਾਲਸਈ ਪੰਥਕ ਝੰਡੇ ਹੇਠਾਂ ਅਤੇ ਸਿੱਖਾਂ ਦੇ ਯੁੱਧ ਮਨੋਰਥਾਂ ਦਾ ਐਲਾਨ ਕਰਕੇ ਨਹੀਂ ਕਰਦੇ ੳਨਾ ਚਿਰ ਭਾਵੇਂ ਉਹ ਸਾਰੀ ਤ੍ਰਿਲੋਕੀ ਨੂੰ ਵੀ ਫ਼ਤਹਿ ਕਿਉਂ ਨਾ ਕਰ ਲੈਣ, ਉਹ ਸਿੱਖਾਂ ਲਈ ਅਤੇ ਪੰਥ ਲਈ ਕੋਈ ਫ਼ਤਹਿ ਨਹੀਂ ਕਹਾਏਗੀ ਤੇ ਨਾ ਹੀ ਇਸ ਮਤਲਬ ਲਈ ਵਰਤੀ ਜਾ ਸਕੇਗੀ । ਇਹੀ ਗੱਲ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਧਰਮ ਯੁੱਧ ਮੋਰਚੇ ਦੌਰਾਨ ਕਹੀ ਸੀ, ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਅਸੀਂ ਅਨੰਦਪੁਰ ਦਾ ਮਤਾ ਸਰਕਾਰ ਕੋਲੋਂ ਪੂਰਾ ਮਨਵਾਉਣਾ ਹੈ ਸਿਰ ਜਿਨੇ ਮਰਜੀ ਲਾਉਣੇ ਪੈਣ ।
ਸਿਰਦਾਰ ਕਪੂਰ ਸਿੰਘ ਦੀ ਇਕ ਇੰਟਰਵਿਊ ਦੇਸ ਪ੍ਰਦੇਸ (ਯੂ।ਕੇ।) ਵਿੱਚ ਛਪੀ ਸੀ । ਸਿਰਦਾਰ ਕਪੂਰ ਸਿੰਘ ਦੀ ਇਹ ਇੰਟਰਵਿਊ ਸਿੱਖਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋੜਨ ਅਤੇ ਪੂਰਨ ਪ੍ਰਭੂ ਸਤਾ ਸੰਪੰਨ ਖ਼ਾਲਸਾ ਰਾਜ ਕਾਇਮ ਕਰਨ ਲਈ ਇਰਾਦੇ ਨੂੰ ਦ੍ਰਿੜ ਬਣਾਉਣ ਦੀ ਪ੍ਰੇਰਨਾ ਵੀ ਦਿੰਦੀ ਹੈ ਅਤੇ ਸਿੱਖ ਇਕ ਵੱਖਰੀ ਕੌਮ ਦੇ ਸੰਕਲਪ ਨੂੰ ਵੀ ਉਜਾਗਰ ਕਰਦੀ ਹੈ । (ਨੋਟ - ਇਹ ਪੂਰੀ ਇੰਟਰਵਿਊ ਵੀ, ਪੰਥਕ ਦਸਤਾਵੇਜ਼-ਧਰਮ ਯੁੱਧ ਤੇ ਜੁਝਾਰੂ ਲਹਿਰ 1966-2010 ਪੁਸਤਕ ਦੇ ਪੰਨਾ 86 ਤੋਂ 88 ਉੱਤੇ ਛਪੀ ਹੋਈ ਹੈ) 
ਇਸ ਇੰਟਰਵਿਊ ਵਿੱਚ ਸਿਰਦਾਰ ਕਪੂਰ ਸਿੰਘ ਕੋਲੋਂ ਇਹ ਸੁਆਲ ਪੁੱਛਿਆ ਗਿਆ ਸੀ ਕਿ : ਸਿੱਖਾਂ ਦੀ ਵਰਤਮਾਨ ਲੀਡਰਸ਼ਿੱਪ ਰਾਜ ਦੀ ਮੰਗ ਨਹੀਂ ਕਰ ਰਹੀ, ਸਿਰਫ਼ ਅਨੰਦਪੁਰ ਦੇ ਮਤੇ ਤੱਕ ਸੀਮਤ ਹੈ ? - ਇਸ ਸੁਆਲ ਦਾ ਜੁਆਬ ਸਿਰਦਾਰ ਕਪੂਰ ਸਿੰਘ ਨੇ ਇਹ ਦਿੱਤਾ ਸੀ ਕਿ ਅਨੰਦਪੁਰ ਦਾ ਮਤਾ ਮੈਂ ਖ਼ੁਦ ਬਣਾਇਆ ਸੀ । ਇਸ ਨੂੰ ਘੋਖ ਕੇ ਪੜੋ੍ਹ । ਮਤੇ ਵਿੱਚ ਸਿੱਖ ਕੌਮ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੀ, ਆਪਣਾ ਅਲਹਿਦਾ ਰਾਜ ਮੰਗਦੀ ਹੈ । (ਨੋਟ - ਅਨੰਦਪੁਰ ਮਤੇ ਦੀ ਵਿਆਖਿਆ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਇਸ ਲੇਖ ਵਿੱਚ) ਸਿਰਦਾਰ ਕਪੂਰ ਸਿੰਘ ਨੇ ਕਿਹਾ ਤੁਸੀਂ ਦੁਨੀਆਂ ਦੀ ਸਾਰੀ ਤਵਾਰੀਖ ਫਰੋਲ ਲਵੋ, ਰਾਜ ਕੇਵਲ ਸਿੱਖ ਕੌਮ ਨੇ ਹੀ ਕੀਤਾ ਹੈ । ਸਿਕੰਦਰ ਦਾ ਰਾਜ, ਅਕਬਰ ਦਾ ਰਾਜ, ਟੋਰੀਆਂ ਦਾ ਰਾਜ, ਇੰਦਰਾ ਗਾਂਧੀ ਦਾ ਰਾਜ ਤਾਂ ਹੋ ਸਕਦਾ ਹੈ (ਜਿਵੇਂ ਵਰਤਮਾਨ ਵਿੱਚ ਨਰਿੰਦਰ ਮੋਦੀ ਦਾ ਰਾਜ) ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੋਈ ਨਹੀਂ ਆਖਦਾ, ਸਿੱਖ ਰਾਜ ਕਿਹਾ ਜਾਂਦਾ ਹੈ । ਇਤਿਹਾਸਕ ਪੱਖੋਂ ਸਾਨੂੰ ਅੱਜ ਇਕ ਹੋਰ ਮਹੱਤਵਪੂਰਨ ਤੱਥ ਵੀ ਵਿਚਾਰਨਾ ਚਾਹੀਦਾ ਹੈ ਕਿ - 800 ਸਾਲ ਦੇ ਦੌਰ ਵਿੱਚ ਸਿੱਖ ਪੰਜਾਬ ਦੇ ਖਿੱਤੇ ਵਿੱਚ ਪਹਿਲੇ ਹੁਕਮਰਾਨ ਸਨ, ਜਿਹੜੇ ਇਸ ਧਰਤੀ ਦੇ ਜੰਮੇ ਜਾਏ ਸਨ, ਨਹੀਂ ਤਾਂ ਪੰਜਾਬ ਉੱਤੇ ਬਾਹਰੋਂ ਆਏ ਮੁਗ਼ਲਾਂ ਅਤੇ ਅਫ਼ਗਾਨਾਂ ਨੇ ਹੀ ਰਾਜ ਕੀਤਾ ਹੈ । ਜੇ ਸਿੱਖ ਕੌਮ ਕਈ ਹਕੂਮਤੀ ਜੁਲਮ ਤੇ ਝਖੜਾਂ ਵਿੱਚ ਜੀਊਂਦੀ ਰਹੀ ਹੈ ਤਾਂ ਆਪਣੀ ਮੂਲ ਵਿਚਾਰਧਾਰਾ ਨਾਲ ਜੁੜਕੇ ਹੀ ਜਿਊਂਦੀ ਰਹਿ ਸਕੀ ਹੈ । ਇਸ ਕਰਕੇ ਹੀ ਸੰਤ ਜਰਨੈਲ ਸਿੰਘ ਜੀ ਧਾਰਨਾ ਲਾਉਂਦੇ ਸਨ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਅਤੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ । ਸਿੱਖਾਂ ਨੂੰ ਆਪਣੇ ਮਾਣ ਮੱਤੇ ਇਤਿਹਾਸ ਤੇ ਮਾਣ ਕਰਨ ਦੇ ਨਾਲ ਨਾਲ ਉਸ ਵਿੱਚ ਸਮੋਏ ਕਿਰਦਾਰ ਦੇ ਹਾਣੀ ਬਣਕੇ ਵਿਖਾਉਣਾ ਪਵੇਗਾ । ਹੁਣ ਵੇਖਣਾ ਇਹ ਹੋਵੇਗਾ ਕਿ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਸਿੱਖੀ ਦੇ ਬੁਨਿਆਦੀ ਆਦਰਸ਼ ਤੇ ਸਿੱਖ ਪਰੰਪਰਾਵਾਂ ਜਿਨ੍ਹਾਂ ਨੂੰ ਅਕਾਲੀ ਦਲ ਬਾਦਲ ਨੇ ਤਹਿਸ ਨਹਿਸ ਕਰ ਦਿੱਤਾ ਹੈ, ਉਨ੍ਹਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਹੁੰਦੇ ਹਨ ਜਾਂ ਨਹਂੀ । ਸਿੱਖ ਕੌਮ ਅੱਜ ਇਹ ਮਹਿਸੂਸ ਕਰ ਰਹੀ ਹੈ ਜੇ ਅਕਾਲੀ ਸਿਰਦਾਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਦੀ ਗੱਲ ਮੰਨ ਲੈਂਦੇ ਤਾਂ ਸਿੱਖ ਕੌਮ ਦੀ ਖੱਜਲ ਖੁਆਰੀ ਨਹੀਂ ਸੀ ਹੋਣੀ ।
  ਸਿਰਦਾਰ ਕਪੂਰ ਸਿੰਘ ਦੇ ਬੋਲ ਸਨ ਕਿ ਅਖੀਰ ਖਾਲਸੇ ਦੇ ਬੋਲਬਾਲੇ ਹੋਣਗੇ । ਸਿੱਖੀ ਨੇ ਧਰਮ ਦੀ ਰਾਖੀ ਤੇ ਦੇਸ਼ ਸੰਸਾਰ ਦੀ ਸੇਵਾ ਅਕਾਲ ਪੁਰਖ ਦੇ ਹੁਕਮ ਵਿੱੱਚ ਕਰਨੀ ਹੈ ਅਤੇ ਅਵੱਸ਼ ਕਰਨੀ ਹੈ । ਕੋਈ ਉਜੱਡ ਦੋਖੀ ਸਿੱਖੀ ਤੇ ਖਾਲਸੇ ਨੂੰ ਹਰਾ ਨਹੀਂ ਸਕੇਗਾ । ਇਹ ਬਿਖਮਤਾ ਸਦਾ ਨਹੀਂ ਰਹਿਣੀ ਅਤੇ ਅੰਤ ਨੂੰ ਆਕੀ ਖੁਆਰ ਹੋਣਗੇ ਤੇ ਬੋਲਬਾਲੇ ਖਾਲਸੇ ਦੇ ਹੋਣਗੇ । ਪੰਥ ਗੁਰੂ ਦਾ ਆਸਰਾ ਲੈ ਕੇ ਮੁੜ ਜਥੇਬੰਦ ਹੋਵੇ। 
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।