30 ਅਗਸਤ ਨੂੰ ਜਨਮ ਦਿਨ ਤੇ ਵਿਸ਼ੇਸ਼ ਮਹਾਨ ਕੋਸ਼ ਦੇ ਰਚੇਤਾ ਸ਼੍ਰੋਮਣੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ
ਸਿੱਖ ਧਾਰਮਿਕ ਗ੍ਰੰਥਾਂ, ਦੂਜੇ ਧਰਮਾਂ ਦੇ ਧਾਰਮਿਕ ਗ੍ਰੰਥਾਂ, ਅਧਿਆਤਮਿਕ ਵਿਚਾਰਧਾਰਾ ਨੂੰ ਅਸਲ ਰੂਪ ਵਿੱਚ ਜਾਨਣ ਲਈ ਜਿਹੜਾ ਕਾਰਜ ਭਾਈ ਕਾਨ੍ਹ ਸਿੰਘ ਨਾਭਾ ਨੇ ਕੀਤਾ, ਉਸ ਦਾ ਅੱਜ ਤੱਕ ਕੋਈ ਬਦਲ ਨਹੀਂ । ਇਹ ਸਮੁੱਚਾ ਕਾਰਜ ਉਨ੍ਹਾਂ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸੰਪੂਰਨ ਕੀਤਾ । ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਹਾਨ ਕੋਸ਼ ਦੀ ਰਚਨਾ ਕਰਕੇ ਜਿਹੜੀ ਪ੍ਰਸਿੱਧੀ ਪ੍ਰਾਪਤ ਹੋਈ, ਇਸ ਵੱਡੇ ਕਾਰਜ ਕਰਕੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਅਜਿਹਾ ਸਤਿਕਾਰ ਤੇ ਮਾਣ ਮਿਲਦਾ ਰਹੇਗਾ । ਆਪ ਦਾ ਜਨਮ 30 ਅਗਸਤ, 1861 ਈ: ਵਿੱਚ ਪਟਿਆਲਾ ਰਿਆਸਤ ਦੇ ਪਿੰਡ ਸਬਜ਼-ਬਨੇਰਾ ਵਿੱਚ ਭਾਈ ਨਾਰਾਇਣ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖ ਤੋਂ ਹੋਇਆ ਸੀ । ਆਪ ਜੀ ਦੇ ਪਿਤਾ ਜੀ ਉਸ ਸਮੇਂ ਨਾਭਾ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਅਜੈਪਾਲ ਸਿੰਘ ਦੇ ਪ੍ਰਬੰਧਕ ਵਜੋਂ ਡਿਊਟੀ ਨਿਭਾਉਂਦੇ ਸਨ । ਪਿਤਾ ਜੀ ਦੇ ਪ੍ਰਭਾਵ ਕਾਰਨ ਉਨ੍ਹਾਂ ਮੁੱਢਲੀ ਗੁਰਮਤਿ ਵਿੱਦਿਆ ਭਾਈ ਰੂਪ ਸਿੰਘ ਤੋਂ ਅਤੇ ਸੰਸਕ੍ਰਿਤ ਬਾਬਾ ਕਲਿਆਣ ਦਾਸ ਤੋਂ ਪ੍ਰਾਪਤ ਕੀਤੀ । ਨਾਭਾ ਰਿਆਸਤ ਦੇ ਵਿਦਵਾਨ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ, ਇਸੇ ਕਰਕੇ 15 ਕੁ ਸਾਲ ਦੀ ਉਮਰ ਵਿੱਚ ਹੀ ਘਰ ਆਉਣ ਜਾਣ ਵਾਲੇ ਵਿਦਵਾਨ ਦੀ ਸੰਗਤ ਕਰਕੇ ਉਹ ਵਿਦਵਾਨਾਂ ਵਿੱਚ ਸਤਿਕਾਰੇ ਜਾਣ ਲੱਗੇ । ਇਸ ਤੋਂ ਅਗਲੇ ਦੋ ਤਿੰਨ ਸਾਲ ਉਨ੍ਹਾਂ ਦਿੱਲੀ, ਲਖਨਊ ਅਤੇ ਲਾਹੌਰ ਰਹਿ ਕੇ ਫ਼ਾਰਸੀ ਅਤੇ ਅੰਗ੍ਰੇਜ਼ੀ ਦੀ ਤਾਲੀਮ ਹਾਸਲ ਕੀਤੀ ।
ਭਾਈ ਕਾਨ੍ਹ ਸਿੰਘ ਨਾਭਾ ਨੇ ਭਰ ਜਵਾਨੀ ਤੱਕ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫ਼ਾਰਸੀ ਅਤੇ ਅੰਗ੍ਰੇਜ਼ੀ ਛੇ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰ ਲਈ । ਉਨ੍ਹਾਂ ਦੇ ਜਵਾਨੀ ਦੇ ਦਿਨਾਂ ਵਿੱਚ ਸਿੰਘ ਸਭਾ ਲਹਿਰ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ । 1883 ਈ: ਵਿੱਚ ਉਨ੍ਹਾਂ ਪ੍ਰੋ: ਗੁਰਮੁੱਖ ਸਿੰਘ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਰਚਨਾਵਾਂ ਵਿੱਚ ਸਿੱਖ ਧਰਮ ਨੂੰ ਨਿਵੇਕਲੇ ਧਰਮ ਵਜੋਂ ਪ੍ਰਚਾਰਨਾ ਆਰੰਭ ਕੀਤਾ । 1884 ਈ: ਵਿੱਚ ਜਦੋਂ ਆਪ ਵਾਪਸ ਨਾਭਾ ਪੁੱਜੇ ਤਾਂ ਮਹਾਰਾਜਾ ਨਾਭਾ ਨੇ ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਰਾਜ ਸਰਕਾਰ ਦੇ ਪ੍ਰਬੰਧਕੀ ਢਾਂਚੇ ਵਿੱਚ ਲੈ ਆਂਦਾ । ਉਹ ਨਾਭਾ ਹਾਈ ਕੋਰਟ ਦੇ ਜੱਜ, ਮੈਂਬਰ ਜੁਡੀਸ਼ੀਅਲ ਕੌਂਸਲ ਨਾਭਾ, ਪੁਲਿਟੀਕਲ ਏਜੰਸੀ ਦੇ ਵਕੀਲ ਵਜੋਂ ਪਟਿਆਲਾ ਵਿੱਚ ਤਾਇਨਾਤ ਰਹੇ । ਇਕ ਸਮੇਂ ਭਾਈ ਸਾਹਿਬ ਟਿੱਕਾ ਰਿਪੁਦਮਨ ਸਿੰਘ ਦੇ ਉਸਤਾਦ ਵੀ ਰਹੇ । ਇਸੇ ਦੌਰਾਨ ਆਪ ਕਈ ਵਾਰ ਇੰਗਲੈਂਡ ਵੀ ਗਏ ।
ਭਾਈ ਕਾਨ੍ਹ ਸਿੰਘ ਨਾਭਾ ਦੇ ਕੋਸ਼ ਨੂੰ ਸੰਪੂਰਨਤਾ ਦੇਣ ਵਾਲੇ ਮਹਾਨ ਵਿਦਵਾਨਾਂ ਵਿੱਚ ਮਹੰਤ ਭਾਈ ਬਿਸ਼ਨ ਸਿੰਘ, ਪੰਡਿਤ ਕ੍ਰਿਸ਼ਨ ਦਾਸ ਉਦਾਸੀ, ਪ੍ਰੋ: ਤੇਜਾ ਸਿੰਘ, ਪ੍ਰਿੰਸੀਪਲ ਧਰਮਾਨੰਤ ਸਿੰਘ, ਮਹਾਰਾਜਾ ਦਲਜੀਤ ਸਿੰਘ ਕਪੂਰਥਲਾ ਸ। ਮੁਕੰਦ ਸਿੰਘ ਇੰਜੀਨੀਅਰ ਸ਼ਿਮਲਾ, ਭਾਈ ਮੋਹਨ ਸਿੰਘ ਵੈਦ ਤਰਨਤਾਰਨ, ਭਾਈ ਧਰਮ ਸਿੰਘ ਵੈਦ, ਸ। ਨੰਦ ਸਿੰਘ ਸ਼ਿਮਲਾ, ਮੌਲਵੀ ਹਕੀਮ ਮਿਰਜ਼ਾ ਮੁਹੰਮਦ ਧਨੌਲਾ, ਸ। ਕਰਮ ਸਿੰਘ ਹਿਸਟੋਰੀਅਨ, ਲਾਲਾ ਧਨੀ ਰਾਮ ਚਾਤ੍ਰਿਕ ਵਰਗੇ ਮਹਾਂਪੁਰਸ਼ਾਂ ਦੀ ਨੇਕ ਨੀਤੀ ਨਾਲ ਕੀਤੀ ਸਖ਼ਤ ਮਿਹਨਤ ਦਾ ਜ਼ਿਕਰ ਕੀਤਾ ਹੈ । ਕੋਸ਼ ਨੂੰ ਸੰਪੂਰਨਤਾ ਦੇਣ ਲਈ ਭਾਈ ਸਾਹਿਬ ਦਾ ਆਪਣਾ ਸਕੱਤਰੇਤ ਸੀ । ਅਸਲ ਵਿੱਚ ਕੋਸ਼ ਨੂੰ ਮੌਜੂਦਾ ਰੂਪ ਦੇਣ ਲਈ ਸੈਂਕੜੇ ਵਿਦਵਾਨਾਂ, ਮਹਾਂਪੁਰਸ਼ਾਂ ਦੀ ਸਖ਼ਤ ਮਿਹਨਤ ਤੇ ਲਗਨ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਇਸ ਦੀ ਛਪਾਈ ਲਈ ਮਹਾਰਾਜਾ ਫ਼ਰੀਦਕੋਟ ਰਾਜਾ ਬ੍ਰਿਜ ਇੰਦਰ ਸਿੰਘ ਨੇ ਜ਼ਿੰਮੇਵਾਰੀ ਲਈ ਸੀ, ਪਰ ਮਹਾਰਾਜਾ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ । ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਗੱਦੀ ਤੋਂ ਲਹਿ ਜਾਣ ਕਾਰਨ ਨਾਭਾ ਸਰਕਾਰ ਨੇ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ । 
ਢੇਰ ਸਾਰੇ ਯਤਨਾਂ ਤੋਂ ਪਿੱਛੋਂ ਮਹਾਨ ਕੋਸ਼ ਨੂੰ ਛਾਪਣ ਲਈ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਇਕਵੰਜਾ ਹਜ਼ਾਰ ਦੇਣਾ ਪ੍ਰਵਾਨ ਕੀਤਾ । ਅਕਤੂਬਰ, 1927 ਈ: ਵਿੱਚ ਅੰਮ੍ਰਿਤਸਰ ਦੀ ਇਕ ਪ੍ਰੈੱਸ ਤੋਂ ਮਹਾਨ ਕੋਸ਼ ਛਪਣਾ ਸ਼ੁਰੂ ਹੋਇਆ । ਅਪ੍ਰੈਲ, 1930 ਵਿੱਚ ਇਹ ਕਾਰਜ ਮੁਕੰਮਲ ਹੋਇਆ । ਇਸ ਤੋਂ ਪਿੱਛੋਂ 3335 ਪੰਨਿਆਂ ਦੇ ਇਸ ਕੋਸ਼ ਨੂੰ ਚਾਰ ਜਿਲਦਾਂ ਵਿੱਚ ਤਿਆਰ ਕੀਤਾ ਗਿਆ । ਇਸ ਦੀ ਕੀਮਤ 110 ਰੁਪਏ ਰੱਖੀ ਗਈ । ਇਸ ਤੋਂ 30 ਸਾਲਾਂ ਪਿੱਛੋਂ 1960 ਵਿੱਚ ਇਕੋ ਜਿਲਦ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਇਸ ਨੂੰ ਮੁੜ ਛਾਪਿਆ ਅਤੇ 3335 ਪੰਨਿਆਂ ਨੂੰ 835 ਪੰਨਿਆਂ ਵਿੱਚ ਸਮੁੱਚੇ ਮੈਟਰ ਨੂੰ ਸਮੋ ਦਿੱਤਾ । ਇਸ ਤੋਂ ਬਿਨਾਂ ਭਾਈ ਸਾਹਿਬ ਵੱਲੋਂ ਕੀਤੇ ਨਵੇਂ ਵਾਧੇ ਦੇ 90 ਪੰਨੇ ਹੋਰ ਜੋੜ ਦਿੱਤੇ । ਇਸ ਤੋਂ ਇਲਾਵਾ 21 ਪੰਨਿਆਂ ਦੀ ਆਰੰਭ ਵਿੱਚ ਸਮੱਗਰੀ ਵੀ ਸ਼ਾਮਿਲ ਕੀਤੀ ਗਈ । ਲਗਪਗ ਛੇ ਦਰਜਨ ਤਸਵੀਰਾਂ ਅਤੇ ਪੁਰਾਤਨ ਨਕਸ਼ੇ ਵੀ ਛਾਪੇ ਗਏ । ਇਸ ਦੀ ਕੀਮਤ ਵੀ ਕੇਵਲ 42 ਰੁਪਏ ਰੱਖੀ ਗਈ । ਇਸ ਤੋਂ ਪਿੱਛੋਂ ਇਸ ਦੇ ਹੁਣ ਤੱਕ ਕਿੰਨੇ ਹੋਰ ਸੰਸਕਰਨ ਛੱਪ ਚੁੱਕੇ ਹਨ । ਨੈਸ਼ਨਲ ਬੁੱਕ ਸ਼ਾਪ ਦਿੱਲੀ ਨੇ ਵੀ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ।
ਇਸ ਮਹਾਨ ਵਿਦਵਾਨ ਦੀ ਇਸ ਖੋਜ-ਭਰਪੂਰ ਰਚਨਾਂ ਮਹਾਨ ਕੋਸ਼ ਨੂੰ ਅੱਜ ਤੱਕ ਅਧਿਕਾਰਤ ਰਚਨਾ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ । ਕਿਉਂਕਿ ਸਿੱਖ ਧਰਮ, ਸਾਹਿਤ, ਇਤਿਹਾਸ ਵਿੱਚ ਕੌਮ ਦੀਆਂ ਰੀਤੀ ਰਿਵਾਜਾਂ, ਸੱਭਿਆਚਾਰਕ ਦੇਣ ਸਬੰਧੀ ਇਸ ਤੋਂ ਪਹਿਲਾਂ ਕੋਈ ਵੀ ਇਨਸਾਈਕਲੋਪੀਡੀਆ ਨਹੀਂ ਸੀ ਮਿਲਦਾ, ਪਰ ਇਸ ਮਹਾਨ ਰਚਨਾ ਨੂੰ ਅਜੋਕੇ ਸਮੇਂ ਮੁਤਾਬਿਕ ਵਾਪਰੀਆਂ ਇਤਿਹਾਸਕ ਘਟਨਾਵਾਂ ਅਤੇ ਕੌਮੀ ਦੁਖਾਂਤਾਂ ਨੂੰ ਮੁੜ ਸ਼ਾਮਿਲ ਕਰਕੇ ਛਾਪਣ ਅਤੇ ਸਮੇਂ ਦੇ ਹਾਣ ਦਾ ਬਣਾਉਣ ਦੇ ਯਤਨਾਂ ਦੀ ਲੋੜ ਹੈ । ਭਾਈ ਕਾਨ੍ਹ ਸਿੰਘ ਨਾਭਾ ਦੀਆਂ ਹੋਰ ਮਹੱਤਵਪੂਰਨ ਰਚਨਾਵਾਂ ਵਿੱਚ ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ, ਗੁਰਚੰਦ ਦਿਵਾਕਰ, ਗੁਰਸ਼ਬਦਲੰਕਾਰ, ਚੰਡੀ ਦੀ ਵਾਰ ਸਟੀਕ, ਗੁਰਮਤਿ ਮਾਰਤੰਡ, ਸ੍ਰੀ ਗੁਰੂ ਮਹਿਮਾ ਰਚਨਾਵਲੀ, ਵੀ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਉੱਪਰ ਰੋਸ਼ਨੀ ਪਾਉਂਦੀਆਂ ਹਨ । ਇਸ ਤੋਂ ਇਲਾਵਾ ਡਾ: ਰਛਪਾਲ ਕੌਰ ਨੇ 1983 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ਅਪ੍ਰਕਾਸ਼ਿਤ ਸਫ਼ਰਨਾਮੇ ਵੀ ਪੁਸਤਕ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਪੇਸ਼ ਕਰਕੇ ਨਿਮਰ ਯੋਗਦਾਨ ਪਾਇਆ ਹੈ । ਭਾਈ ਕਾਨ੍ਹ ਸਿੰਘ ਨਾਭਾ ਨੂੰ ਚੀਫ਼ ਖ਼ਾਲਸਾ ਦੀਵਾਨ ਵੱਲੋਂ 21ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਵੀ ਸੌਂਪੀ ਗਈ ਸੀ । 1932 ਈ: ਵਿੱਚ ਹਿੰਦੁਸਤਾਨ ਦੀ ਬਰਤਾਨਵੀ ਸਰਕਾਰ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਰਦਾਰ ਬਹਾਦਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ । ਸਿੱਖ ਕੌਮ ਦਾ ਇਹ ਨਾਮਵਰ ਸ਼੍ਰੋਮਣੀ ਵਿਦਵਾਨ 23 ਨਵੰਬਰ, 1938 ਈ: ਨੂੰ ਨਾਭਾ ਵਿਖੇ ਸਾਨੂੰ ਸਦੀਵੀ ਵਿਛੋੜਾ ਦੇ ਗਿਆ । ਭਾਈ ਸਾਹਿਬ ਸਿੱਖ ਸਾਹਿਤ, ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਦਿੱਤੇ ਨਿਗੱਰ ਯੋਗਦਾਨ ਸਦਕਾ ਹਮੇਸ਼ਾਂ ਅਮਰ ਰਹਿਣਗੇ ।
-ਭਗਵਾਨ ਸਿੰਘ ਜੌਹਲ