ਸਾਹਿਤ, ਸਿਆਸੀ ਖਚਰਾਪਨ ਅਤੇ ਮਨੁੱਖ ਦਾ ਸਿਰਜਣਾਤਮਿਕ ਵਿਕਾਸ

-ਗੁਰਮੀਤ ਸਿੰਘ ਪਲਾਹੀ

ਸਾਹਿਤ ਦਾ ਸੋਮਾ ਜੀਵਨ-ਧਾਰਾ ਦਾ ਵੇਗ ਹੈ। ਮਨੁੱਖ ਵਿਚੋਂ, ਮਨੁੱਖ ਰਾਹੀਂ ਅਤੇ ਮਨੁੱਖ ਲਈ ਕੀਤੀ ਗਈ ਰਚਨਾ ਹੀ ਅਸਲ ਵਿੱਚ ਸਾਹਿਤ ਅਖਵਾ ਸਕਦੀ ਹੈ। ਜਦੋਂ ਗੱਲ ਮਨੁੱਖ ਲਈ ਉਤੇ ਪੁੱਜਦੀ ਹੈ ਤਾਂ ਇਸਦਾ ਸਿੱਧਾ ਸਬੰਧ ਪ੍ਰਤੀਬੱਧ ਰਾਜਨੀਤੀ ਨਾਲ ਜਾ ਜੁੜਦਾ ਹੈ। ਕੁਝ ਸਮੀਖਿਆਕਾਰ ਇਸ ਤਰ੍ਹਾਂ ਦੀ ਰਚਨਾ ਨੂੰ ਪ੍ਰਚਾਰ ਅਤੇ ਰਾਜਨੀਤਕ ਆਖਣਗੇ। ਪਰ ਇਸ ਗੱਲ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਲੋਕ ਹਿਤੈਸ਼ੀ ਲੇਖਕ ਦਾ ਪ੍ਰਚਾਰਕ ਅਤੇ ਸਿਆਸੀ ਹੋਣਾ ਕਠੋਰ ਸੱਚ ਹੈ।

ਸਿਆਸਤ ਜਾਂ ਰਾਜਨੀਤੀ ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਅਮਲ ਅਤੇ ਸਿਧਾਂਤ ਹੈ। ਖ਼ਾਸ ਕਰਕੇ ਇੱਕ ਸਮਾਜ ਜਾਂ ਰਾਜ ਦੇ ਲੋਕਾਂ ਉੱਪਰ ਰਾਜ ਕਰਨਾ ਜਾਂ ਕੰਟਰੋਲ ਕਰਨਾ ਅਤੇ ਇਸਨੂੰ ਅੱਗੋਂ ਜਾਰੀ ਰੱਖਣਾ। ਸਿਆਸਤ ਦਾ ਉਦੇਸ਼ ਕਈ ਢੰਗਾਂ ਨਾਲ ਲੋਕਾਂ ਵਿੱਚ ਆਪਣੇ ਵਿਚਾਰ ਪ੍ਰਫੁਲਤ ਕਰਨੇ, ਕਾਨੂੰਨ ਬਣਾ ਕੇ ਲੋਕਾਂ ਤੇ ਲਾਗੂ ਕਰਨੇ ਅਤੇ ਵਿਰੋਧੀਆਂ ਖਿਲਾਫ਼ ਜੰਗ ਦੀ ਹੱਦ ਤੱਕ ਤਾਕਤ ਦੀ ਵਰਤੋਂ ਕਰਨਾ ਆਦਿ ਹੈ। ਇਸ ਸੰਬੰਧ ਵਿੱਚ ਪਲੇਟੋ ਅਤੇ ਕਨਫੂਸੀਅਸ਼ ਦੀਆਂ ਰਾਜਨੀਤੀ ਬਾਰੇ ਪੁਸਤਕਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ।

ਸਾਹਿਤ ਦੇ ਵੱਖੋ-ਵੱਖਰੇ ਰੂਪਾਂ ਦਾ ਫ਼ਾਇਦਾ ਹਮੇਸ਼ਾ ਰਾਜਨੀਤੀ ਨੇ ਲਿਆ ਹੈ। ਭਾਵੇਂ ਉਹ ਕਵਿਤਾ, ਨਾਵਲ, ਕਹਾਣੀ ਜਾਂ ਨਾਟਕ ਹੋਵੇ। ਸਾਹਿਤ ਨੂੰ ਪ੍ਰਭਾਸ਼ਿਤ ਕਰਨ ਲਈ ਭਾਰਤੀ ਕਾਵਿ ਸਾਸ਼ਤਰ ਅਨੁਸਾਰ ਸਾਹਿਤ ਨੂੰ ਸੱਤਯਮ, ਸ਼ਿਵਮ, ਸੁੰਦਰਮ ਕਿਹਾ ਗਿਆ ਭਾਵ ਸੱਚ ਕਲਿਆਣਕਾਰੀ ਅਤੇ ਸੁੰਦਰ ਹੋਵੇ। ਵਣਜਾਰਾ ਬੇਦੀ ਅਨੁਸਾਰ ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ । ਜੀਵਨ ਨੂੰ ਅਗਵਾਈ ਕਰਨ ਦੀ ਸ਼ਕਤੀ ਵੀ ਇਸ ਵਿੱਚ ਹੋਣੀ ਚਾਹੀਦੀ ਹੈ। ਐਮਰਸਨ ਸਾਹਿਤ ਨੂੰ ਮਹਾਨ ਵਿਚਾਰਾਂ ਦਾ ਸੰਗ੍ਰਹਿ ਮੰਨਦਾ ਹੈ। ਮੈਥਿਓ ਅਰਨਲਡ ਸਾਹਿਤ ਨੂੰ ਜੀਵਨ ਦੀ ਅਲੋਚਨਾ ਮੰਨਦਾ ਹੈ। ਸਾਹਿਤ ਭਾਵਨਾਵਾਂ,ਕਲਪਨਾਵਾਂ ਅਤੇ ਬੁੱਧੀ ਦੇ ਬਲ ਤੇ ਰਚਿਆ ਜਾਂਦਾ ਹੈ। ਪੱਛਮੀ ਵਿਦਵਾਨ ਸਾਹਿਤ ਨੂੰ ਪੰਜ ਕਲਾਵਾਂ ਵਿੱਚੋਂ ਇੱਕ ਮੰਨਦੇ ਹਨ। ਉਹ ਕਲਾਵਾਂ ਸੰਗੀਤ, ਕਵਿਤਾ, ਮੂਰਤੀਕਲਾ, ਭਵਨ ਨਿਰਮਾਣ ਅਤੇ ਨਾਚ ਹਨ। ਕਲਾ ਜਾਂ ਸਾਹਿਤ ਨੂੰ ਵੀ ਉਹ ਦੋ ਵੱਖਰੇ ਨਜ਼ਰੀਏ ਤੋਂ ਵੇਖਦੇ ਹਨ। ਜਿਵੇਂ ਸਾਹਿਤ ਕਲਾ ਲਈ ਜਾਂ ਸਾਹਿਤ ਜਾਂ ਕਲਾ ਜੀਵਨ ਲਈ।

ਸਿਆਸੀ ਖਚਰੇਪਨ ਨੇ ਸੰਸਾਰ ਦੀ ਸਮਾਜਿਕ, ਦਾਰਸ਼ਨਿਕ, ਇਤਿਹਾਸਕ ਅਤੇ ਸ਼ਬਦ ਸ਼ਕਤੀ ਵਿਵਸਥਾ ਵਿਚੋਂ ਮਨੁੱਖ ਦੇ ਸਿਰਜਣਾਤਮਿਕ ਵਿਕਾਸ ਨੂੰ ਲਾਂਭੇ ਕਰ ਦਿੱਤਾ ਹੈ ਅਤੇ ਉਸਦੀ ਥਾਂ ਜੰਤਰੀ ਅਤੇ ਮੰਤਰੀ ਵਿਕਾਸ ਨੇ ਲੈ ਲਈ ਹੈ। ਮਾਨਵ ਆਪਣੀ ਬੁਨਿਆਦੀ ਹੋਂਦ ਅਤੇ ਸਿਰਜਨਾਤਮਿਕ ਸ਼ਕਤੀ ਦੇ ਨੁਕਤੇ ਤੋਂ ਭਟਕ ਗਿਆ ਹੈ ਜਾਂ ਭਟਕਾ ਦਿੱਤਾ ਗਿਆ ਹੈ। ਇਥੇ ਸਿਆਸਤ ਕੰਮ ਕਰ ਰਹੀ ਹੈ। ਹਾਕਮ ਸਿਆਸੀ ਤਾਕਤ ਕਾਇਮ ਰੱਖਣ ਲਈ, ਕਿਧਰੇ ਰਾਸ਼ਟਰਵਾਦ ਕਿਧਰੇ ਕੱਟੜਤਾ, ਦਾ ਨਾਹਰਾ ਦੇ ਕੇ ਸਮਾਜ ਨੂੰ ਪ੍ਰਭਾਵਤ ਕਰਦਾ ਹੈ ਅਤੇ ਉਸ ਕਿਸਮ ਦੇ ਸਾਹਿਤ ਨੂੰ ਉਤਸ਼ਾਹਤ ਕਰਦਾ ਹੈ ਜੋ ਉਸਦੇ ਹਿੱਤਾਂ ਦੀ ਪੂਰਤੀ ਲਈ ਲਾਹੇਬੰਦ ਹੈ। ਇੱਕ ਕੌਮ, ਇੱਕ ਭਾਸ਼ਾ, ਇੱਕ ਸਭਿਆਚਾਰ ਦਾ ਪ੍ਰਚਾਰ ਇਸੇ ਤੱਥ ਦੀ ਤਰਜ਼ਮਾਨੀ ਕਰਦਾ ਹੈ।

ਕੌਮੀਅਤਾਂ ਦਾ ਮਸਲਾ ਭਾਰਤ ਦੀਆਂ ਵੱਖ-ਵੱਖ ਕੌਮੀਅਤਾਂ ਦੇ ਸੰਦਰਭ ਵਿੱਚ ਸਿਆਸੀ ਬਣ ਗਿਆ ਹੈ। ਕੇਂਦਰੀ ਸ਼ਕਤੀ ਦੀਆਂ ਮੁਦੱਈ ਰਾਜਨੀਤਕ ਸ਼ਕਤੀਆਂ ਭਾਰਤ ਨੂੰ ਵੱਖ-ਵੱਖ ਕੌਮੀਅਤਾਂ, ਭਾਸ਼ਾਈ ਇਕਾਈਆਂ, ਸਭਿਆਚਾਰਕ ਬਹੁ ਬਚਨੀ ਵਖਰੇਵਿਆਂ ਨੂੰ ਮਾਨਤਾ ਨਹੀਂ ਦਿੰਦੀਆਂ ਸਗੋਂ ਇੱਕ ਕੌਮ, ਇੱਕ ਭਾਸ਼ਾ, ਇੱਕ ਸਭਿਆਚਾਰਕ ਦਾ ਪ੍ਰਚਾਰ ਹੀ ਨਹੀਂ ਕਰਦੀਆਂ ਸਗੋਂ ਰਾਜ ਸ਼ਕਤੀ ਦੇ ਆਸਰੇ ਬਹੁ- ਕੌਮਾਂ, ਭਾਸ਼ਾਵਾਂ ਅਤੇ ਸਭਿਆਚਾਰਾਂ ਨੂੰ ਜਬਰੀ ਖ਼ਤਮ ਕਰਨ ਦੇ ਰਾਹ ਪਈਆਂ ਹਨ। ਸਿਆਸੀ ਚੇਤਨਾ ਨਾਲ ਉਤਪੋਤ ਸਾਹਿਤਕਾਰ, ਲੋਕ ਹਿੱਤਾਂ ਦੀ ਖ਼ਾਤਰ ਅਨਿਆ ਦੇ ਵਿਰੋਧ ਵਿੱਚ ਖੜ੍ਹਦੇ ਹਨ। ਸਾਹਿਤ ਰਚਦੇ ਹਨ ਅਤੇ ਸਿਆਸੀ ਜਬਰ ਸਹਿੰਦੇ ਹਨ। ਭਾਰਤ ਦੇ ਕੋਨੇ-ਕੋਨੇ ਚ ਸਾਹਿਤਕਾਰ, ਬੁੱਧੀਜੀਵੀ, ਪੱਤਰਕਾਰ ਮੌਜੂਦਾ ਹਾਕਮਾਂ ਵਲੋਂ ਚਲਾਏ ਦੇਸ਼ ਧ੍ਰੋਹ ਦੇ ਮੁਕੱਦਮਿਆਂ ਦਾ ਸਾਹਮਣਾ ਕਰਦੇ ਹੋਏ ਵੀ ਕੌਮੀਅਤਾਂ ਦੀ ਖ਼ੁਦ ਮੁਖਤਾਰ ਅਤੇ ਲੋਕ ਇਨਸਾਫ ਦਾ ਝੰਡਾ ਉਚਾ ਕਰੀ ਰੱਖਦੇ ਹਨ।

ਇਸ ਖਿੱਤੇ ਵਿੱਚ ਚਲੀਆਂ ਹੁਣ ਤੱਕ ਦੀਆਂ ਸਾਰੀਆਂ ਰਾਜਸੀ, ਧਾਰਮਿਕ, ਆਰਥਿਕ ਲਹਿਰਾਂ ਅਤੇ ਇਸ ਦੌਰਾਨ ਰਚੇ ਸਾਹਿਤ ਦਾ ਵਿਸਥਾਰ ਨਾਲ ਮੁਲੰਕਣ, ਲੇਖਾ-ਜੋਖਾ ਕਰਕੇ ਇਹ ਗੱਲ ਸਹਿਜੇ ਹੀ ਪ੍ਰਵਾਨ ਕਰਨ ਯੋਗ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ (ਲੈਨਿਨ)। ਇਸੇ ਗੱਲ ਨੂੰ ਅੱਗੇ ਤੋਰਦਿਆਂ ਟਰਾਟਸਕੀ ਕਹਿੰਦਾ ਹੈ ਕਿ ਸਾਹਿਤ ਸ਼ੀਸ਼ੇ ਵਿੱਚ ਸਮਾਜਕ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਉਸ ਵਿਚਲੇ ਚਿੱਬਾਂ ਨੂੰ ਠੀਕ ਕਰਨ ਲਈ ਇੱਕ ਹਥੋੜਾ ਵੀ ਹੈ। ਇਸੇ ਲਈ ਜਦੋਂ ਸਾਹਿਤਕ ਹਥੋੜਾ ਚੱਲਦਾ ਹੈ, ਤਾਂ ਸਿਆਸੀ ਧਿਰ ਉਪਰਾਮ ਹੁੰਦੀ ਹੈ ਅਤੇ ਸਾਹਿਤ ਨੂੰ ਆਪਣੇ ਨਿਸ਼ਾਨੇ ਤੇ ਲਿਆਉਂਦੀ ਹੈ। ਇਥੇ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਰਾਜਨੀਤੀ ਲੋਕਾਂ ਤੇ ਸਾਸ਼ਨ ਕਰਨ ਦੀ ਗੱਲ ਕਰਦੀ ਹੈ ਪਰ ਸਾਹਿਤ ਲੋਕਾਂ ਦੇ ਹਿੱਤ 'ਚ ਭੁਗਤਦਾ ਹੈ।

ਪੰਜਾਬ ਵਿੱਚ ਸਮਾਜਿਕ ਅਤੇ ਰਾਜਨੀਤਕ ਬਦਲਾਅ ਲਿਆਉਣ ਲਈ ਪੰਜਾਬੀ ਕਵੀਆਂ, ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਸੰਤ ਸੰਧੂ, ਰਵਿੰਦਰ ਸਹਿਰਾਅ ਵਰਗੇ ਦਰਜ਼ਨਾਂ ਕਵੀਆਂ ਨੇ ਲੋਕ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ, ਪਰ ਉਹ ਸਿਆਸੀ ਦੰਭ ਦਾ ਸ਼ਿਕਾਰ ਹੋਏ। ਸਟੇਟ ਪਾਵਰ ਨੇ ਉਹਨਾ ਦੀ ਆਵਾਜ਼ ਕੁਚਲਣ ਦਾ ਯਤਨ ਕੀਤਾ। ਜਸਵੰਤ ਸਿੰਘ ਕੰਵਲ ਆਪਣੇ ਲੋਕਾਂ ਦੀ ਸੰਘਰਸ਼ੀ ਧੁਨੀ ਦੀ ਪਛਾਣ ਕਰਦਿਆਂ ਰਾਤ ਬਾਕੀ ਹੈ, ਤਾਰੀਖ ਵੇਖਦੀ ਹੈ, ਲਹੂ ਦੀ ਲੋਅ, ਐਨਿਆਂ 'ਚੋਂ ਉਠਿਆ ਸੂਰਮਾ ਆਦਿ ਸਫ਼ਲ ਸਿਆਸੀ ਸੰਗਰਾਮਾਂ ਦੇ ਨਾਵਲਾਂ ਦੀ ਰਚਨਾ ਕਰਦਾ ਹੈ।

ਪੰਜਾਬ ਸਦਾ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸੰਘਰਸ਼ਾਂ ਦੀ ਕਰਮ ਭੂਮੀ ਰਿਹਾ ਹੈ, ਮੁਜਾਹਰਾ ਲਹਿਰ, ਕਿਰਤੀ-ਕਿਰਸਾਨ ਲਹਿਰ, ਪਰਜਾ ਮੰਡਲ ਲਹਿਰ, ਖੁਸ਼ ਹੈਸੀਅਤ ਟੈਕਸ ਵਿਰੋਧੀ ਲਹਿਰ ਅਤੇ ਮੌਜੂਦਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲਹਿਰ ਨੂੰ ਧਿਆਨ 'ਚ ਰੱਖਦਿਆਂ ਲੇਖਕਾਂ ਨੇ ਸਾਹਿਤ ਰਚਨਾ ਕੀਤੀ। ਇਹ ਲੋਕ ਸਰੋਕਾਰਾਂ ਨੂੰ ਪਰਨਾਈ ਵਿਹਰਮੀ-ਸੁਰ ਵਾਲਾ ਸਾਹਿਤ ਹੈ।

ਸਾਹਿਤ ਅਤੇ ਰਾਜਨੀਤੀ ਜਾਂ ਸਿਆਸਤ ਦਾ ਮੁਢ ਕਦੀਮ ਤੋਂ ਆਪਸ ਵਿੱਚ ਟੱਕਰ ਰਹੀ। ਰਾਜਨੀਤੀ ਮਨੁੱਖ ਨੂੰ ਅਧੀਨ ਕਰਨ ਦੀ ਕੋਸ਼ਿਸ਼ ਕਰਦੀ ਹੈ ਜਦੋਂ ਕਿ ਸਾਹਿਤ ਆਜ਼ਾਦੀ ਦਾ ਹਾਮੀ ਹੈ। ਸਿਆਸਤ ਨੇ ਸਾਹਿਤ ਨੂੰ ਲੋਕ ਹਿੱਤ ਵਰਤਣ ਦੀ ਵਿਜਾਏ ਆਪਣੇ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ। ਪੰਜਾਬ ਵਿੱਚ ਬਾਬਾ ਫਰੀਦ ਜੀ ਦੇ ਸਲੋਕ ਵਿੱਚ ਬਗਾਵਤੀ ਸੁਰ ਦਿਸਦੀ ਹੈ, ਜਦੋਂ ਉਹਨਾ ਕਿਹਾ:-

ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਦੇਹਿ

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।

ਗੁਰਮਿਤ ਸਾਹਿਤ ਵਿੱਚ ਵੀ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ ਜਿਵੇਂ ਕਬੀਰ, ਬਾਬਾ ਨਾਨਕ ਨੇ ਅਪਾਣੇ ਸਾਹਿਤ ਵਿੱਚ ਰਾਜਨੀਤੀ ਦੀਆਂ ਬੁਰੀਆਂ ਅਲਾਮਤਾਂ ਦੀਆਂ ਧੱਜੀਆਂ ਉਡਾਈਆਂ ਹਨ। ਬਾਬਾ ਨਾਨਕ ਨੇ ਉਸ ਸਮੇਂ ਦੇ ਸਾਸ਼ਕਾਂ ਨੂੰ ਸਿੱਧੇ ਤੌਰ ਤੇ ਵੰਗਾਰਿਆ ਸੀ।

ਰਾਜੇ ਸ਼ੀਹ ਮੁਕੱਦਮ ਕੁਤੇ, ਜਾਇ ਜਗਾਇਨ ਬੈਠੇ ਸੁੱਤੇ

ਏਤੀ ਮਾਰ ਪਈ ਕੁਰਲਾਵੇ ਤੈ ਕਿ ਦਰਦ ਨਾ ਆਇਆ'

ਬਾਬਰ ਦਾ ਅਤਿਆਚਾਰ ਦੇਖਦੇ ਹੋਏ ਉਹਨਾ ਨੇ ਉਸ ਸਮੇਂ ਦੀ ਰਾਜਨੀਤੀ ਨੂੰ ਲੋਕ ਹਿੱਤ ਵਿੱਚ ਨਾ ਹੋਣ ਕਰਕੇ ਪੂਰੀ ਤਰ੍ਹਾਂ ਭੰਡਿਆ। ਸ਼ਾਹ ਮੁਹੰਮਦ ਨੇ ਅਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਦਾ ਬਿਆਨ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਕੀਤਾ-

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ...

ਇਹ ਵੀ ਜ਼ਿੰਦਗੀ ਸਾਹਿਤ ਤੇ ਸਿਆਸਤ ਦਾ ਇੱਕ ਦਸਤਾਵੇਜ਼ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 'ਅੱਜ ਆਖਾ ਵਾਰਸ ਸ਼ਾਹ ਨੂੰ' ਵੀ ਇੱਕ ਰਾਜਨੀਤੀ ਜਾਂ ਸਿਆਸਤ ਨੂੰ ਵੰਗਾਰ ਸੀ। ਹੁਣ ਵੀ ਜਦੋਂ ਰਾਜਨੀਤੀ ਲੋਕ ਹਿੱਤ ਵਿੱਚ ਨਹੀਂ ਤੁਰਦੀ ਉਸ ਖਿਲਾਫ਼ ਸਾਹਿਤ ਮੈਦਾਨ ਵਿੱਚ ਨਿਤਰਦਾ ਹੈ-ਕਵੀ, ਲੇਖਕ, ਨਾਟਕਕਾਰ ਆਪਣੀਆਂ ਰਚਨਾਵਾਂ ਰਾਹੀਂ ਇਸ ਦਾ ਵਿਰੋਧ ਕਰਕੇ ਨੀਤੀਆਂ ਬਦਲਣ ਲਈ ਸੁਝਾਅ ਦਿੰਦੇ ਹਨ। ਨਿਡਰ ਹੋ ਕੇ ਮੈਦਾਨ ਵਿੱਚ ਆਉਂਦੇ ਹਨ ਭਾਵੇਂ ਬਹੁਤ ਵਿਚਰਵਾਨਾਂ ਨੂੰ ਜੇਲ੍ਹਾਂ ਦੇ ਦਰਵਾਜ਼ੇ ਅੰਦਰ ਡੱਕਿਆ ਜਾਂਦਾ ਹੈ। ਬਹੁਤ ਸਾਰੇ ਸਾਹਿਤਕਾਰ ਜੇਲ੍ਹਾਂ ਵਿੱਚ ਸ਼ਹੀਦ ਵੀ ਹੋਏ ਤੇ ਹੋ ਰਹੇ ਹਨ। ਇਸਤੇ ਤਰ੍ਹਾਂ ਸਾਹਿਤ ਤੇ ਸਿਆਸਤ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਰਹਿੰਦੇ ਹਨ।

ਰਾਜੇ ਸ਼ੀਹ ਮੁਕੱਦਮ ਕੁਤੇ ਵਰਗੇ ਸ਼ਬਦ ਅਪਨਾਉਣ, ਸੱਚ ਨੂੰ ਪ੍ਰਚਾਰਣ ਲਈ ਗੁਰੂ ਨਾਨਕ ਦੇਵ ਜੀ ਨੂੰ ਚੱਕੀਆਂ ਪੀਸਣੀਆਂ ਪਈਆਂ। ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬੈਠਣਾ ਪਿਆ, ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਚ ਸੀਸ ਭੇਟ ਕਰਨਾ ਪਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸ ਵਾਰਨਾ ਪਿਆ। ਇਹ ਕੁਰਬਾਨੀਆਂ ਹੱਕ ਸੱਚ ਲਈ ਅਮੀਰ-ਗਰੀਬ, ਕਿਰਤੀ-ਵਿਹਲੜ, ਭਾਗੋ ਤੇ ਲਾਲੋ ਦੀ ਜਮਾਤੀ ਲੜਾਈ ਹੈ। ਇਸ ਚ ਲੋਕ ਹਿਤੈਸ਼ੀ ਸੱਚ ਸੁਣਾਇਸੀ ਸੱਚ ਦਾ ਵੇਲਾ ਦੀ ਭਾਵਨਾ ਹੈ। ਸਿਆਸੀ ਦੰਭ ਨੂੰ ਇੱਕ ਲਲਕਾਰ ਹੈ। ਵਿਭਚਾਰੀ, ਭ੍ਰਿਸ਼ਟ ਸਿਆਸਤ ਨੂੰ ਸਿੱਧਾ ਚੈਲਿੰਜ ਹੈ ਅਤੇ ਭੈੜੇ ਸਿਆਸੀ ਤਾਣੇ-ਬਾਣੇ ਉਤੇ ਸਿੱਧੀ ਸੱਟ ਹੈ।

ਇਹ ਗੱਲ ਸਮਝਣ ਵਾਲੀ ਹੈ ਕਿ ਮਨੁੱਖੀ ਜ਼ਿੰਦਗੀ ਇੱਕ ਆਵੇਸ਼, ਅਕਸ, ਛਾਇਆ ਜਾਂ ਕਲਪਨਾ ਨਹੀਂ ਹੈ। ਸਗੋਂ ਇੱਕ ਪ੍ਰਵੇਸ਼-ਗੁਣ ਭਰਪੂਰ ਗਤੀਸ਼ੀਲਤਾ ਹੈ ਜੋ ਟਿਮਟਮਾਉਣ, ਵਿਗਸਣ, ਬਿਨਸਨ ਦੇ ਨਾਲ-ਨਾਲ ਸ਼ਬਦ ਗ੍ਰੰਥ, ਸਮਾਜ, ਇਤਿਹਾਸ ਅਤੇ ਦਰਸ਼ਨ ਦੀ ਸਿਰਜਨਾ ਅਤੇ ਸੰਭਾਲ ਕਰਦੀ ਹੈ। ਮਾਨਵ ਪ੍ਰਕਿਤਰਿਕ ਆਵੇਸ਼ ਦਾ ਭਾਗ ਹੈ। ਉਹ ਇਸ ਵਿੱਚ ਵਿਵੇਕ ਭਰਪੂਰ ਪ੍ਰਵੇਸ਼ ਕਰਦਿਆਂ ਵਿਪਰਿਤ ਸਥਿਤੀਆਂ ਨਾਲ ਨਿਰੰਤਰ ਟਕਰਾਓ, ਤਣਾਓ ਅਤੇ ਸੰਘਰਸ ਵਿੱਚ ਰਹਿੰਦਾ ਹੈ। ਚੇਤਨਾ ਦਾ ਸੰਘਰਸ਼ ਉਸਨੂੰ ਸਾਹਿਤ ਰਚਨਾ ਲਈ ਪ੍ਰੇਰਿਤ ਕਰਦਾ ਹੈ। ਇਹੋ ਹੀ ਕਾਰਨ ਹੈ ਕਿ ਭਾਰਤੀ ਸਮਾਜਿਕ ਵਿਵਸਥਾ ਵਿੱਚ ਭ੍ਰਿਸ਼ਟਾਚਾਰ, ਦੁਰ-ਅਚਾਰ, ਰਾਜਨੀਤਕ ਮਕਾਰੀ, ਆਰਥਿਕ ਨਾ ਬਰਾਬਰੀ, ਜਾਤੀ-ਪਾਤੀ ਪ੍ਰਥਾ, ਮਿਹਨਤ ਦੀ ਲੁੱਟ, ਅਨੈਤਿਕ ਜਿਨਸੀ ਰਿਸ਼ਤਿਆਂ, ਸਭਿਆਚਾਰਕ ਗਿਰਾਵਟ, ਅਣ-ਮਨੁੱਖੀ ਵਿਵਹਾਰ ਨੂੰ ਹੀ ਸਾਹਿਤਕਾਰਾਂ ਨੇ ਨਿਸ਼ਾਨਾ ਨਹੀਂ ਬਣਾਇਆ ਸਗੋਂ ਇਸ ਵਰਤਾਰੇ ਵਿਰੁੱਧ ਸੰਘਰਸ਼ ਕਰਦੇ ਮਨੁੱਖ ਦੀ ਜਿੱਤ ਨੂੰ ਧੁਨੀ ਦੀ ਮਾਨਤਾ ਦਿੱਤੀ ਹੈ, ਇਥੋਂ ਤੱਕ ਕਿ ਪੰਜਾਬੀ ਮੱਧ ਕਾਲੀ ਕਿੱਸਾ ਕਾਵਿ ਦੀਆਂ ਪ੍ਰੀਤ ਕਥਾਵਾਂ ਹੀਰ-ਰਾਝਾਂ, ਸੱਸੀ ਪੰਨੂ, ਲੈਲਾ-ਮਜਨੂੰ, ਮਿਰਜ਼ਾ-ਸਾਹਿਬਾ ਆਦਿ ਦਾ ਕੇਂਦਰੀ ਪ੍ਰਤੀਕ ਸਿਰੜੀ ਅਤੇ ਸਿਦਕ ਦਿਲੀ ਵਾਲਾ ਰਿਹਾ ਹੈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਨੁਸਾਰ ਸਾਡੀਆਂ ਇਨ੍ਹਾਂ ਪ੍ਰਾਚੀਨ ਅਤੇ ਮੱਧ ਕਾਲੀਨ ਕਥਾਵਾਂ ਵਿਚਲਾ ਪ੍ਰਤੀਕ ਲੋਕ-ਮਿੱਤਰਤਾ ਵਾਲਾ ਰਿਹਾ ਹੈ ਜਿਸਦਾ ਅਰਥ ਮਨੁੱਖ ਦੁਆਰਾ ਆਪਣੇ ਅਧਿਕਾਰ ਜਾਂ ਇੱਛਾ ਦੀ ਪ੍ਰਾਪਤੀ ਲਈ ਪ੍ਰਕਿਰਤੀ ਜਾਂ ਸਮਾਜ ਉਸਾਰੀ ਦੀਆਂ ਵਿਰੋਧਤਾਈਆਂ ਵਾਲਾ ਹੈ।

ਇਸ ਸਮੇਂ ਸਾਹਿਤ, ਰਾਜਨੀਤੀ ਦੇ ਪਰਛਾਵੇਂ ਹੇਠ ਹੈ। ਨਿਰਪੱਖ ਪੱਤਰਕਾਰੀ, ਲੇਖਨੀ ਦੀ ਗੱਲ ਪ੍ਰਚਾਰੀ ਜਾ ਰਹੀ ਹੈ। ਜਦਕਿ ਇਹ ਸਪਸ਼ਟ ਹੈ ਕਿ ਸਾਹਿਤ,ਪੱਤਰਕਾਰੀ ਨਿਰਪੱਖ ਨਹੀਂ ਹੁੰਦੀ, ਉਹ ਜਾਂ ਤਾਂ ਲੋਕ ਹਿਤੈਸ਼ੀ ਹੁੰਦੀ ਹੈ ਜਾਂ ਲੋਕ ਵਿਰੋਧੀ। ਅੱਜ ਜਦੋਂ ਸਮਕਾਲ ਵਿੱਚ ਫਿਰਕਪ੍ਰਸਤੀ, ਧਾਰਮਿਕ ਕਾਨੂੰਨ ਪੁਨਰ ਸੁਰਜੀਤੀ ਦੀ ਮਾਨਸਿਕਤਾ ਦੜ ਦੜਾਉਂਦੀ ਫਿਰਦੀ ਹੈ। ਨਾਲ ਹੀ ਸਿਆਸਤ ਵਿੱਚ ਭ੍ਰਿਸ਼ਟਾਚਾਰ, ਬਦ ਦਿਆਨਤਕਾਰੀ ਦਾ ਬੋਲਬਾਲਾ ਹੈ ਅਤੇ ਭਾਰਤ ਦਾ ਹਰ ਸਧਾਰਨ ਮਨੁੱਖ ਕਾਲਾ ਬਜ਼ਾਰੀ, ਬੇਰੁਜ਼ਗਾਰੀ, ਮਾਨਸਿਕ ਗੁਲਾਮੀ, ਆਰਥਿਕ ਲੁੱਟ ਦੇ ਪੁੜਾਂ ਚ ਪਿੱਸ ਰਿਹਾ ਹੈ ਤਾਂ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪ੍ਰਸੰਗਕ ਸੱਚ ਨੂੰ ਬਿਆਨ ਹੀ ਨਾ ਕਰੇ ਸਗੋਂ ਪ੍ਰਸੰਗਕਤਾ ਦੀ ਸਥਿਤੀ ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕੇ। ਮੈਂ ਰਸੂਲ ਹਮਜਾਤੋਵ ਦੇ ਇਸ ਕਥਨ ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦੇਓ, ਸਗੋਂ ਇਹ ਕਹੋ ਕਿ ਮੈਨੂੰ ਅੱਖਾਂ ਦਿਓ ਨਾਲ ਆਪਣੇ ਵਿਚਾਰ ਸਮਾਪਤ ਕਰਦਾ ਹਾਂ।

-ਗੁਰਮੀਤ ਸਿੰਘ ਪਲਾਹੀ