ਐਡਮਿੰਟਨ ਵਿਖੇ ਮਨਾਇਆ ਗਿਆ 13ਵਾਂ ਮੇਲਾ ਪੰਜਾਬੀਆਂ ਦਾ

ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੀ ਪੂਸ਼ਾ ਗਰਾਊਂਡ ਵਿਖੇ 13ਵਾਂ ਮੇਲਾ ਪੰਜਾਬੀਆਂ ਦਾ ਧੂਮ-ਧਾਮ ਅਤੇ ਸ਼ਰਧਾ ਭਾਵ ਨਾਲ ਪੰਜਾਬੀਆਂ ਦੇ ਭਾਰੀ ਇਕੱਠ ਦਰਮਿਆਨ ਦਿਲ ਖਿਚਵੇਂ ਅਤੇ ਅਕਰਸ਼ਕ ਢੰਗ ਨਾਲ ਮਨਾਇਆ ਗਿਆ। ਇਸ ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ, ਸਤਵਿੰਦਰ ਬਿੱਟੀ, ਉਪਿੰਦਰ ਮਠਾਰੂ, ਜੱਸੀ ਸੋਹਲ, ਸੁੱਖੀ ਬਰਾੜ, ਦੋ ਗਾਣਾ ਜੋੜੀ ਹਰਦੀਪ ਸਿੱਧੂ ਤੇ ਪਰਵੀਨ ਦਰਦੀ, ਪ੍ਰੀਮ ਬਰਾੜ, ਕਮਲ ਬਰਾੜ, ਭੁਪਿੰਦਰਪਾਲ ਸਿੰਘ ਰੰਧਾਵਾ, ਸਿੰਘ ਹਰਜੋਤ, ਸਿਮਰਨ ਸਹੋਤਾ, ਗੁਰਇਕਬਾਲ ਬਰਾੜ, ਐਸ. ਰਿਸ਼ੀ, ਸਾਹਿਲ ਸੂਚ, ਰੂਬੀ ਮਦਹੋਕ, ਦਸ਼ਵੀ ਅਦਹੋਕ, ਸਮਰਪਨ ਅਤੇ ਤਾਇਆ ਬੰਤਾ ਨੇ ਅਪਣੀ-ਅਪਣੀ ਗਾਇਨ ਕਲਾ ਦੇ ਜ਼ਰੀਏ ਲੋਕਾਂ ਨੂੰ ਅਪਣੀ ਮਿਕਨਾਤੀਸੀ ਆਵਾਜ਼ ਨਾਲ ਬੰਨੀ ਰੱਖਿਆ। ਇਸ ਮਨਮੋਹਿਕ ਅਤੇ ਪ੍ਰਭਾਵਸ਼ਾਲੀ ਮਨੋਰੰਜਨ ਨੇ ਪੰਜਾਬੀ ਸਭਿਆਚਾਰ ਤੇ ਚਾਰ ਚੰਨ ਲਗਾ ਕੇ ਰੱਖ ਦਿੱਤੇ। ਸਾਰਾ ਮੇਲਾ ਵੱਖ-ਵੱਖ ਰੰਗਦਾਰ ਸੁਸ਼ੋਭਿਤ ਪਗੜੀਆਂ ਲਾਲ ਅਲੰਕਾਰਿਤ ਸੀ। ਏਦਾਂ ਲਗ ਰਿਹਾ ਸੀ ਜਿਵੇਂ ਸਾਰਾ ਪੰਜਾਬ ਹੀ ਉਮੜ ਆਇਆ ਹੋਵੇ। ਇਸੇ ਮੇਲੇ ਦੀ ਸ਼ੋਭਾ ਵਧਾਉਣ ਲਈ ਹਰ ਧਰਮ ਦੇ ਲੋਕ ਸ਼ਾਮਿਲ ਹੋਏ। ਐਡਮਿੰਟਨ ਵਿਖੇ ਲਗਭਗ ਅੱਸੀ ਹਜ਼ਾਰ ਦੇ ਕਰੀਬ ਪੰਜਾਬੀ ਰਹਿੰਦੇ ਹਨ। ਇਸ ਤਰ੍ਹਾਂ ਦੇ ਮੇਲੇ ਅਪਣੀ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਦੇ ਸੁਚੱਜੇ ਉਪਰਾਲੇ ਮੰਨੇ ਜਾਂਦੇ ਹਨ। ਲੋਕਾਂ ਵਿਚ ਪੰਜਾਬੀਅਤ ਦਾ ਇਕ ਜੋਸ਼, ਹੋਸ਼, ਅਪਣੇਂਪਨ ਦਾ ਮੋਹ, ਅਪਣੀ ਮਿੱਟੀ ਦਾ ਮੋਹ ਜ੍ਰਾਗਿਤ ਹੁੰਦਾ ਪ੍ਰਤੀਤ ਹੁੰਦਾ ਹੈ। ਇਸ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਮੁੱਖ ਸੂਤਰਧਾਰ ਉਪਿੰਦਰ ਮਠਾਰੂ, ਬਿੰਦਰ ਬਿਰਕ, ਕੁਲਬੀਰ ਉਪਲ, ਹਰਜਿੰਦਰ ਸਿੰਘ ਢੇਸੀ, ਦੇਵਮਾਨ ਐਮ.ਐਲ.ਏ., ਬਲਜੀਤ ਕਲਸੀ, ਸੰਦੀਪ ਪੰਧੇਰ, ਪੰਕਜ ਦੂਆ, ਮਹਿੰਦਰ ਤੂਰ ਅਤੇ ਹਰਦੀਪ ਲਾਲੀ ਨੇ ਉਤਮ ਉਧਮ ਕਰਕੇ ਮੇਲੇ ਦੀ ਰੂਪ ਰੇਖਾ ਨੂੰ ਬੁਲੰਦੀ ਤਕ ਪਹੁੰਚਾ ਕੇ ਪੰਜਾਬੀਅਤ ਦੀ ਸੇਵਾ ਦਾ ਵਡਮੁੱਲਾ ਯੋਗਦਾਨ ਪਾਇਆ। ਇਸ ਮੇਲੇ ਦੇ ਸਹਿਯੋਗੀ ਕਨੇਡੀਅਨ ਮੋਸਿਕ ਆਰਟਿਸਟ ਐਸੋਸੀਏਸ਼ਨ ਆਫ਼ ਐਡਮਿੰਟਨ ਅਤੇ ਪੰਜਾਬ ਯੂਨਾਈਟਡ ਸਪੋਰਟਸ ਐਂਡ ਹੈਰੀਟੇਜ ਐਸੋਸੀਏਸ਼ਨ ਅਤੇ ਉਪਲ ਟਰੱਕਿੰਗ ਲਿਮ. ਸਨ। ਸਭ ਗਾਇਕਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਹ ਮੇਲਾ ਦੁਪਹਿਰੇ ਇਕ ਵਜੇ ਤੋਂ ਲੈ ਕੇ ਰਾਤ ਦੇ ਦਸ ਵਜੇ ਦੇ ਕਰੀਬ ਚੱਲਿਆ। ਪ੍ਰਬੰਧਕਾਂ ਨੇ ਮੇਲੇ ਦੇ ਇਕੱਠ ਦਾ ਤਹਿ ਦਿਲੋਂ ਧੰਨਵਾਦ
ਕੀਤਾ ਅਤੇ ਅਗਲੇ ਸਾਲ ਫਿਰ ਇਸ ਮੇਲੇ ਨੂੰ ਕਰਵਾਉਣ ਦੇ ਪ੍ਰਣ ਨਾਲ ਅਲਵਿਦਾ ਕਿਹਾ। ਮੰਚ ਸੰਚਾਲਨ ਦੇ ਫ਼ਰਜ਼ ਲਾਡੀ ਸੂਸਾਂ ਵਾਲਾ ਨੇ ਬਖ਼ਬੂੀ ਨਿਭਾਏ।