ਅਮਰੀਕੀ ਸੜਕਾਂ ਤੇ ਪੰਜਾਬੀ ਟਰੱਕ ਡਰਾਈਵਰਾਂ ਦੀ ਤਕਦੀਰ: ਹਰਜਿੰਦਰ ਸਿੰਘ ਵਾਲਾ ਕੇਸ ਅਤੇ ਨਸਲੀ ਵਿਤਕਰੇ ਦੇ ਪਰਛਾਂਵੇ­

-ਰਜਿੰਦਰ ਸਿੰਘ ਪੁਰੇਵਾਲ

ਅੱਜ ਕੱਲ੍ਹ ਅਮਰੀਕਾ ਵਿੱਚ ਇੱਕ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਖੜ੍ਹਾ ਹੋਇਆ ਹੈ| ਇਹ ਕੇਸ ਨਾ ਕੇਵਲ ਇੱਕ ਸੜਕ ਹਾਦਸੇ ਨਾਲ ਜੁੜਿਆ ਹੈ, ਸਗੋਂ ਇਸ ਵਿੱਚ ਨਸਲੀ ਵਿਤਕਰਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਇਮੀਗ੍ਰੇਸ਼ਨ ਪਾਲਿਸੀਆਂ ਅਤੇ ਪੰਜਾਬੀ ਭਾਈਚਾਰੇ ਦੇ ਭਵਿੱਖ ਨੂੰ ਲੈ ਕੇ ਡੂੰਘੇ ਸਵਾਲ ਖੜ੍ਹੇ ਹੋ ਰਹੇ ਹਨ| 12 ਅਗਸਤ 2025 ਨੂੰ ਫਲੋਰੀਡਾ ਦੀ ਟਰਨਪਾਈਕ ਹਾਈਵੇਅ ਤੇ ਵਾਪਰੇ ਇੱਕ ਹਾਦਸੇ ਵਿੱਚ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਹਰਜਿੰਦਰ ਸਿੰਘ ਦੇ ਟਰੱਕ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ| ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਅਤੇ ਉਸ ਤੇ ਵਹੀਕੂਲਰ ਹੋਮੀਸਾਈਡ ਅਤੇ ਮੈਨਸਲਾਟਰ ਦੇ ਛੇ ਇਲਜ਼ਾਮ ਲਗਾਏ ਗਏ ਹਨ| ਪਰ ਇਹ ਕੇਸ ਇੱਕ ਸਾਧਾਰਨ ਹਾਦਸੇ ਤੋਂ ਬਹੁਤ ਅੱਗੇ ਨਿਕਲ ਗਿਆ ਹੈ| ਟਰੰਪ ਪ੍ਰਸ਼ਾਸਨ ਨੇ ਇਸ ਨੂੰ ਬਹਾਨਾ ਬਣਾ ਕੇ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਿਆਂ ਤੇ ਰੋਕ ਲਾ ਦਿੱਤੀ ਹੈ, ਜਿਸ ਨਾਲ ਪੰਜਾਬੀ ਡਰਾਈਵਰਾਂ ਨੂੰ ਸਿੱਧਾ ਨੁਕਸਾਨ ਪਹੁੰਚ ਰਿਹਾ ਹੈ| 
 ਹਰਜਿੰਦਰ ਸਿੰਘ, ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਟੌਲ ਨਾਲ ਸਬੰਧ ਰੱਖਦਾ ਹੈ, 2018 ਵਿੱਚ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ| ਉਸ ਨੇ ਉੱਥੇ ਟਰੱਕ ਡਰਾਈਵਿੰਗ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਕੈਲੀਫੋਰਨੀਆ ਤੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵੀ ਹਾਸਲ ਕੀਤਾ ਸੀ| 12 ਅਗਸਤ ਨੂੰ ਫਲੋਰੀਡਾ ਵਿੱਚ ਉਸ ਦੇ ਸੈਮੀ-ਟਰੱਕ ਨੇ ਇੱਕ ਗੈਰ-ਕਾਨੂੰਨੀ ਯੂ-ਟਰਨ ਲਿਆ ਸੀ, ਜਿਸ ਕਾਰਨ ਇੱਕ ਮਿੰਨੀ ਵੈਨ ਨਾਲ ਟੱਕਰ ਹੋ ਗਈ ਅਤੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ| ਫਲੋਰੀਡਾ ਹਾਈਵੇਅ ਪੈਟਰੋਲ ਨੇ ਬਿਆਨ ਜਾਰੀ ਕੀਤਾ ਕਿ ਇਹ ਯੂ-ਟਰਨ ਐਮਰਜੈਂਸੀ ਵਹੀਕਲਾਂ ਲਈ ਰਿਜ਼ਰਵਡ ਜਗ੍ਹਾ ਤੋਂ ਲਿਆ ਗਿਆ ਸੀ ਅਤੇ ਡਰਾਈਵਰ ਲਾਪਰਵਾਹੀ ਨਾਲ ਚੱਲ ਰਿਹਾ ਸੀ| ਹਾਦਸੇ ਤੋਂ ਬਾਅਦ ਹਰਜਿੰਦਰ ਕੈਲੀਫੋਰਨੀਆ ਭੱਜ ਗਿਆ ਪਰ ਯੂਐੱਸ ਮਾਰਸ਼ਲਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ| ਅਦਾਲਤ ਵਿੱਚ ਜੱਜ ਲੌਰੇਨ ਸਵੀਟ ਨੇ ਉਸ ਨੂੰ ਅਣਅਧਿਕਾਰਤ ਪਰਦੇਸੀ ਕਹਿ ਕੇ ਜ਼ਮਾਨਤ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਉਹ ਫਰਾਰ ਹੋਣ ਦਾ ਵੱਡਾ ਜੋਖਮ ਹੈ|
ਇਸ ਕੇਸ ਵਿੱਚ ਵਿਤਕਰੇ ਦਾ ਪਹਿਲੂ ਬਹੁਤ ਸਪੱਸ਼ਟ ਹੈ| ਹਰਜਿੰਦਰ ਸਿੰਘ ਨਾਲ ਜੋ ਵਿਵਹਾਰ ਕੀਤਾ ਜਾ ਰਿਹਾ ਹੈ, ਉਹ ਇੱਕ ਅਮਰੀਕੀ ਨਾਗਰਿਕ ਨਾਲ ਨਹੀਂ ਕੀਤਾ ਜਾਂਦਾ| ਅਦਾਲਤ ਵਿੱਚ ਉਸ ਨੂੰ ਉਸ ਦੀ ਇਮੀਗ੍ਰੇਸ਼ਨ ਸਟੇਟਸ ਕਾਰਨ ਫਲਾਈਟ ਰਿਸਕ ਮੰਨਿਆ ਗਿਆ ਹੈ, ਜਦਕਿ ਬਹੁਤੇ ਅਮਰੀਕੀ ਡਰਾਈਵਰਾਂ ਨੂੰ ਅਜਿਹੇ ਹਾਦਸਿਆਂ ਵਿੱਚ ਜ਼ਮਾਨਤ ਮਿਲ ਜਾਂਦੀ ਹੈ| ਡੀਐੱਚਐੱਸ ਨੇ ਬਿਆਨ ਜਾਰੀ ਕੀਤਾ ਕਿ ਹਰਜਿੰਦਰ ਦਾ ਭਰਾ ਹਰਨੀਤ ਸਿੰਘ ਵੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਹੈ ਅਤੇ ਉਸ ਨੂੰ ਬਾਈਡਨ ਪ੍ਰਸ਼ਾਸਨ ਨੇ ਰਿਲੀਜ਼ ਕੀਤਾ ਸੀ| ਇਹ ਸਭ ਇੱਕ ਨਸਲੀ ਪ੍ਰੋਫਾਈਲਿੰਗ ਵਾਂਗ ਲੱਗਦਾ ਹੈ, ਜਿੱਥੇ ਪੰਜਾਬੀ ਜਾਂ ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ|  ਕਈ ਸਿੱਖ ਗਰੁੱਪ ਵੀ ਇਸ ਨੂੰ ਨਸਲੀ ਵਿਤਕਰੇ ਵਜੋਂ ਵੇਖ ਰਹੇ ਹਨ| ਅਮਰੀਕਨ ਮੀਡੀਆ ਵਿੱਚ ਵੀ ਇਹ ਵਿਵਾਦ ਚੱਲ ਰਿਹਾ ਹੈ, ਜਿੱਥੇ ਫੌਕਸ ਨਿਊਜ਼ ਨੇ ਇਸ ਨੂੰ ਇਲੀਗਲ ਇਮੀਗ੍ਰੈਂਟ ਦੇ ਰੂਪ ਵਿੱਚ ਪੇਸ਼ ਕੀਤਾ ਹੈ ਅਤੇ ਪਟੀਸ਼ਨ ਨੂੰ ਕ੍ਰਿਟੀਸਾਈਜ਼ ਕੀਤਾ ਹੈ|
 ਚੇਂਜ. ਆਰਗ ਤੇ ਇੱਕ ਪਟੀਸ਼ਨ ਵਿੱਚ 2.5 ਮਿਲੀਅਨ ਤੋਂ ਵੱਧ ਲੋਕਾਂ ਨੇ ਸਾਈਨ ਕੀਤੇ ਹਨ, ਜਿੱਥੇ ਕਿਹਾ ਗਿਆ ਹੈ ਕਿ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਅਤੇ ਸਜ਼ਾ ਘੱਟ ਕੀਤੀ ਜਾਵੇ| ਲੋਕਾਂ ਦਾ ਮੰਨਣਾ ਹੈ ਕਿ ਇਹ ਇੱਕ ਗਲਤੀ ਹੈ ਅਤੇ ਉਸ ਨੂੰ ਕਾਤਲ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ| ਐੱਨਡੀਟੀਵੀ ਵਰਗੇ ਮੀਡੀਆ ਨੇ ਰਿਪੋਰਟ ਕੀਤਾ ਕਿ ਪਰਿਵਾਰ ਅਤੇ ਪਿੰਡ ਵਾਲੇ ਇਸ ਨੂੰ ਬਦਕਿਸਮਤੀ ਮੰਨਦੇ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਮੰਗ ਰਹੇ ਹਨ| ਪਰ ਦੂਜੇ ਪਾਸੇ, ਵਿਕਟਮਜ਼ ਦੇ ਪਰਿਵਾਰ ਅਤੇ ਅਮਰੀਕੀ ਨਾਗਰਿਕ ਕਹਿ ਰਹੇ ਹਨ ਕਿ ਇਹ ਲਾਪਰਵਾਹੀ ਹੈ ਅਤੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ| ਮਾਈਕਲ ਨੈਪਲਜ਼ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ ਜਿੱਥੇ ਉਹ ਮੈਕਸੀਮਮ ਪੈਨਲਟੀ ਮੰਗ ਰਹੇ ਹਨ|
ਹਰਜਿੰਦਰ ਦੇ ਪਰਿਵਾਰ ਵਾਲੇ ਬਹੁਤ ਪਰੇਸ਼ਾਨ ਹਨ| ਉਸ ਦੇ ਭਰਾ ਤੇਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਤਿੰਨ ਮੌਤਾਂ ਦਾ ਅਫਸੋਸ ਹੈ ਅਤੇ ਗਲਤੀ ਨੂੰ ਮੰਨਦੇ ਹਨ, ਪਰ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ| ਉਹ ਕਹਿੰਦੇ ਹਨ ਕਿ ਹਰਜਿੰਦਰ ਸਿਰਫ 28 ਸਾਲਾਂ ਦਾ ਹੈ ਅਤੇ ਇਹ ਉਸ ਦੀ ਬਦਕਿਸਮਤੀ ਸੀ| ਪਿੰਡ ਵਾਲੇ ਅਤੇ ਪਰਿਵਾਰ ਨੇ ਔਨਲਾਈਨ ਮੁਹਿੰਮ ਚਲਾਈ ਹੈ ਅਤੇ ਫੰਡ ਇਕੱਠੇ ਕਰ ਰਹੇ ਹਨ| ਉਹ ਭਾਰਤ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਉਹ ਅਮਰੀਕੀ ਅਧਿਕਾਰੀਆਂ ਨਾਲ ਗੱਲ ਕਰੇ ਅਤੇ ਸਜ਼ਾ ਘੱਟ ਕਰਵਾਏ| ਇੰਡੀਅਨ ਐਕਸਪ੍ਰੈੱਸ ਨੇ ਰਿਪੋਰਟ ਕੀਤਾ ਕਿ ਪਰਿਵਾਰ ਕਹਿੰਦਾ ਹੈ ਕਿ ਗਲਤੀ ਲਈ ਸਜ਼ਾ ਮਿਲੇ ਪਰ ਉਸ ਨੂੰ ਕਾਤਲ ਵਾਂਗ ਨਾ ਵੇਖਿਆ ਜਾਵੇ| ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਵਿਅਕਤੀ ਦੀ ਗਲਤੀ ਦੀ ਸਜ਼ਾ ਪੂਰੇ ਭਾਈਚਾਰੇ ਨੂੰ ਨਾ ਦਿੱਤੀ ਜਾਵੇ| ਪਿੰਡ ਵਾਸੀ ਪ੍ਰਾਰਥਨਾਵਾਂ ਕਰ ਰਹੇ ਹਨ ਅਤੇ ਮੰਨਦੇ ਹਨ ਕਿ ਇਹ ਇੱਕ ਅਣਜਾਣੇ ਵਿੱਚ ਵਾਪਰੀ ਘਟਨਾ ਹੈ|
ਟਰੰਪ ਸਰਕਾਰ ਦੀ ਪਾਲਿਸੀ ਇਸ ਕੇਸ ਨੂੰ ਨਸਲਵਾਦੀ ਰੰਗ ਦੇ ਰਹੀ ਹੈ| 22 ਅਗਸਤ ਨੂੰ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਐੱਕਸ ਤੇ ਲਿਖਿਆ ਕਿ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵਰਕ ਵੀਜ਼ੇ ਫ੍ਰੀਜ਼ ਕੀਤੇ ਜਾ ਰਹੇ ਹਨ ਕਿਉਂਕਿ ਉਹ ਅਮਰੀਕੀ ਸੜਕਾਂ ਤੇ ਖਤਰਾ ਹਨ ਅਤੇ ਅਮਰੀਕੀ ਡਰਾਈਵਰਾਂ ਦੇ ਰੁਜ਼ਗਾਰ ਖੋਹ ਰਹੇ ਹਨ| ਟਰਾਂਸਪੋਰਟੇਸ਼ਨ ਸੈਕ੍ਰੇਟਰੀ ਸੀਨ ਡਫੀ ਨੇ ਕਿਹਾ ਕਿ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਨਿਊ ਮੈਕਸੀਕੋ ਵਰਗੇ ਸਟੇਟਸ ਨੂੰ ਫੰਡਿੰਗ ਤੋਂ ਵਾਂਝੇ ਰੱਖਿਆ ਜਾਵੇਗਾ ਜੇ ਉਹ ਅੰਗਰੇਜ਼ੀ ਭਾਸ਼ਾ ਰੀਕਵਾਇਰਮੈਂਟ ਨੂੰ ਲਾਗੂ ਨਹੀਂ ਕਰਦੇ| ਇਹ ਪਾਲਿਸੀ ਸਿੱਧੇ ਤੌਰ ਤੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦੀ ਹੈ, ਜੋ ਅਮਰੀਕੀ ਟਰੱਕਿੰਗ ਇੰਡਸਟਰੀ ਵਿੱਚ 20% ਰੋਲ ਪਲੇ ਕਰਦੇ ਹਨ| ਬਹੁਤੇ ਪੰਜਾਬੀ ਡਰਾਈਵਰ ਅੰਗਰੇਜ਼ੀ ਵਿੱਚ ਮਾਹਿਰ ਨਹੀਂ ਹੁੰਦੇ ਪਰ ਉਹ ਮਿਹਨਤੀ ਹਨ ਅਤੇ ਅਮਰੀਕੀ ਅਰਥਚਾਰੇ ਵਿੱਚ ਯੋਗਦਾਨ ਪਾਉਂਦੇ ਹਨ| ਇਹ ਨਸਲਵਾਦੀ ਢੰਗ ਲੱਗਦਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਇਮੀਗ੍ਰੈਂਟਸ ਨੂੰ ਬਹਾਨੇ ਨਾਲ ਨਿਸ਼ਾਨਾ ਬਣਾ ਰਿਹਾ ਹੈ| ਐੱਨਏਪੀਏ ਵਰਗੇ ਗਰੁੱਪ ਕਹਿ ਰਹੇ ਹਨ ਕਿ ਵਿਤਕਰਾ ਨਾ ਕੀਤਾ ਜਾਵੇ ਅਤੇ ਫੈਕਟਸ ਤੇ ਰਿਹਾ ਜਾਵੇ|
ਪੰਜਾਬੀ ਡਰਾਈਵਰਾਂ ਤੇ ਪਾਬੰਦੀ ਲੱਗ ਰਹੀ ਹੈ ਅਤੇ ਇਹ ਬਹੁਤ ਗੰਭੀਰ ਮਾਮਲਾ ਹੈ| ਭਾਰਤੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਨਾਲ ਗੱਲ ਕਰਨ ਅਤੇ ਵੀਜ਼ਾ ਬੈਨ ਨੂੰ ਚੈਲਿੰਜ ਕਰਨ| ਉਹਨਾਂ ਨੇ ਕਿਹਾ ਕਿ ਹਰਜਿੰਦਰ ਨੂੰ ਕੌਂਸਲਰ ਪਹੁੰਚ ਮਿਲੇ ਅਤੇ ਉਸ ਦੇ ਅਧਿਕਾਰਾਂ ਦੀ ਰੱਖਿਆ ਹੋਵੇ, ਜਿਸ ਵਿੱਚ ਦਸਤਾਰ ਪਹਿਨਣ ਦਾ ਅਧਿਕਾਰ ਵੀ ਸ਼ਾਮਲ ਹੈ| ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪਰਗਟ ਸਿੰਘ ਨੇ ਵੀ ਇਸ ਬੈਨ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਇਹ ਪੰਜਾਬੀ ਪਰਿਵਾਰਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਦੇਸ਼ ਦੇ ਫਾਰਨ ਰਿਜ਼ਰਵ ਤੇ ਅਸਰ ਪਾਵੇਗਾ| ਭਾਜਪਾ ਲੀਡਰ ਅਸ਼ਵਨੀ ਸ਼ਰਮਾ ਨੇ ਵੀ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਹਰਜਿੰਦਰ ਨੂੰ ਕਾਨੂੰਨੀ ਸਹਾਇਤਾ ਦੇਵੇ| ਇਹ ਬੈਨ ਨਾਲ ਹਜ਼ਾਰਾਂ ਪੰਜਾਬੀ ਡਰਾਈਵਰਾਂ ਦੇ ਰੁਜ਼ਗਾਰ ਖਤਰੇ ਵਿੱਚ ਹਨ| ਅਮਰੀਕੀ ਟਰੱਕਿੰਗ ਇੰਡਸਟਰੀ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਅਤੇ ਇਹ ਬੈਨ ਇੱਕ ਗਲਤੀ ਦੀ ਸਜ਼ਾ ਪੂਰੇ ਭਾਈਚਾਰੇ ਨੂੰ ਦੇ ਰਹੀ ਹੈ|
ਅਮਰੀਕਨ ਮੀਡੀਆ ਦਾ ਨਜ਼ਰੀਆ ਵੱਖ-ਵੱਖ ਹੈ| ਸੀਐੱਨਐੱਨ ਅਤੇ ਯੂਐੱਸਏ ਟੂਡੇ ਵਰਗੇ ਮੀਡੀਆ ਨੇ ਇਸ ਨੂੰ ਇਮੀਗ੍ਰੇਸ਼ਨ ਪਾਲਿਸੀ ਨਾਲ ਜੋੜ ਕੇ ਵੇਖਿਆ ਹੈ ਅਤੇ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ| ਫੌਕਸ ਨਿਊਜ਼ ਅਤੇ ਨਿਊਯੌਰਕ ਪੋਸਟ ਨੇ ਇਲੀਗਲ ਇਮੀਗ੍ਰੈਂਟ ਤੇ ਫੋਕਸ ਕੀਤਾ ਅਤੇ ਪਟੀਸ਼ਨ ਨੂੰ ਗਲਤ ਦੱਸਿਆ| ਉਹ ਕਹਿੰਦੇ ਹਨ ਕਿ ਹਰਜਿੰਦਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਉਸ ਨੂੰ ਲਾਇਸੈਂਸ ਨਹੀਂ ਮਿਲਣਾ ਚਾਹੀਦਾ ਸੀ| ਐੱਨਬੀਸੀ ਮਿਆਮੀ ਨੇ ਵਿਕਟਮਜ਼ ਨੂੰ ਆਈਡੈਂਟੀਫਾਈ ਕੀਤਾ ਅਤੇ ਹਾਦਸੇ ਨੂੰ ਘਾਤਕ ਦੱਸਿਆ| ਅੰਤ ਵਿੱਚ, ਇਹ ਕੇਸ ਇੱਕ ਵੱਡੇ ਸਮਾਜੀ ਅਤੇ ਰਾਜਨੀਤਕ ਵਿਵਾਦ ਨੂੰ ਜਨਮ ਦੇ ਰਿਹਾ ਹੈ| ਭਾਰਤ ਸਰਕਾਰ ਨੂੰ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ ਅਤੇ ਪੰਜਾਬੀ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ| ਵਿਤਕਰਾ ਅਤੇ ਨਸਲਵਾਦ ਨੂੰ ਖਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ| ਇਹ ਨਾ ਕਿ ਸਿਰਫ ਹਰਜਿੰਦਰ ਦੀ ਕਹਾਣੀ ਹੈ, ਸਗੋਂ ਹਜ਼ਾਰਾਂ ਪ੍ਰਵਾਸੀਆਂ ਦੀ ਤਕਦੀਰ ਨਾਲ ਜੁੜੀ ਹੈ|
-ਰਜਿੰਦਰ ਸਿੰਘ ਪੁਰੇਵਾਲ