ਆਰ।ਐੱਸ।ਐੱਸ। ਸਿੱਖ ਯੂਨੀਵਰਸਿਟੀਆਂ ਰਾਹੀਂ ਸਿੱਖੀ ਧਰਮ ਦੀ ਵਿਲੱਖਣ ਹੋਂਦ ਹਸਤੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ ।,ਸਿੱਖ ਧਰਮ ਦਾ ਹਿੰਦੂਕਰਨ ਕਰਨ ਵਾਲੇ ਮਨਮੁੱਖ ਸਿੱਖ ਵਿਦਵਾਨਾਂ ਤੇ ਸਿੱਖ ਨੇਤਾਵਾਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲੇਗੀ !

ਜਥੇਦਾਰ ਮਹਿੰਦਰ ਸਿੰਘ ਯੂ।ਕੇ।

14-8-2025 ਪੰਜਾਬ ਟਾਈਮਜ਼ ਯੂ।ਕੇ। ਦੇ ਅੰਕ 3092 ਦੇ ਸਫ਼ਾ 9 ਉੱਤੇ ਖ਼ਬਰ ਛੱਪੀ : ਆਰ।ਐੱਸ।ਐੱਸ। ਮੁਖੀ ਦੀ ਹਾਜ਼ਰੀ ਵਿੱਚ ਜੀ।ਐਨ।ਡੀ।ਯੂ। ਵੀ।ਸੀ। ਨੇ ਗੁਰੂ ਗ੍ਰੰਥ ਸਾਹਿਬ ਨੂੰ ਵੇਦਾਂ ਨਾਲ ਜੋੜਿਆ, ਇਸ ਖ਼ਬਰ ਦਾ ਸਾਰ-ਅੰਸ਼ ਹੈ ਕਿ : ਅੰਮ੍ਰਿਤਾ ਯੂਨੀਵਰਸਿਟੀ ਕੋਚੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕਰਮਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਰਿੱਗਵੇਦ ਨਾਲ ਜੋੜਨ ਦੀ ਗੱਲ ਕੀਤੀ, ਜਿਸ ਨੇ ਸਿੱਖ ਧਰਮ ਦੀ ਵਿਲੱਖਣਤਾ &lsquoਤੇ ਸੁਆਲ ਖੜ੍ਹੇ ਕੀਤੇ ਹਨ । ਸਿੱਖ ਮਾਹਿਰਾਂ ਮੁਤਾਬਕ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਦੇ ਫਲਸਫੇ &lsquoਤੇ ਟਿਕੀ ਹੈ ਜੋ ਵੈਦਿਕ ਪਰੰਪਰਾਵਾਂ ਤੋਂ ਵੱਖਰੀ ਅਤੇ ਸੁਤੰਤਰ ਹੈ । ਗੁਰੂ-ਪੱਖੀ ਪੰਥਕ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜਾਣ ਪਹਿਚਾਣ ਅਨੁਸਾਰ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ (ਗੁ: ਗ੍ਰੰ: ਸਾ:, ਪੰਨਾ 966) ਦੀ ਹਸਤੀ ਧਾਰੀ ਗੁਰੂ ਹੋਣ ਦੀ ਗੁਰਤਾ ਦੀ ਪ੍ਰਮਾਣਿਕਤਾ ਦਿੱਤੀ ਗਈ ਹੈ । ਜਿਨ੍ਹਾਂ ਦਾ ਦਾਇਰਾ ਸਿਰਫ਼ ਸਿੱਖ ਸਮਾਜ ਤੱਕ ਸੀਮਤ ਨਾ ਹੋ ਕੇ ਸੰਸਾਰ ਵਿਆਪਕ ਵਿਸ਼ਵਗੁਰੂ ਦੀ ਹਸਤੀ ਦਾ ਲਖਾਇਕ ਹੋ ਜਾਂਦਾ ਹੈ । 
ਅਕਾਲੀ ਦਲ ਦੇ ਸ੍ਰਪਸਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵਿੱਦਿਅਕ ਅਦਾਰਿਆਂ ਤੇ ਯੂਨੀਵਰਸਿਟੀਆਂ ਵਿੱਚ ਸਿੱਖੀ ਦੇ ਪੱਖ ਵਿੱਚ ਜਾਂਦੀ ਹਰ ਸਰਗਰਮੀ ਠੱਪ ਕਰਵਾ ਕੇ ਉਨ੍ਹਾਂ ਸਰਗਰਮੀਆਂ ਨੂੰ ਉਤਸ਼ਾਹਿਤ ਕੀਤਾ ਜਿਹੜੀਆਂ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੋਣ । ਇਸੇ ਯੋਜਨਾ ਤਹਿਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਨਾਨਕ ਯੂਨੀਵਰਸਿਟੀ (ਨੋਟ-ਇਸ ਯੂਨੀਵਰਸਿਟੀ ਦਾ ਪਹਿਲਾ ਨਾਂਅ ਗੁਰੂ ਨਾਨਕ ਯੂਨੀਵਰਸਿਟੀ ਹੀ ਸੀ, ਦੇਵ ਮਗਰੋਂ ਨਾਲ ਜੋੜਿਆ ਗਿਆ, ਭਾਵ ਇਸ ਦਾ ਨਾਂਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰ ਦਿੱਤਾ ਗਿਆ) ਵਿੱਚ ਨਾਮਧਾਰੀਆਂ ਵੱਲੋਂ ਸਥਾਪਤ ਦੇਹ ਧਾਰੀ ਗੁਰੂ ਸਤਿਗੁਰੂ ਰਾਮ ਸਿੰਘ ਦੀ ਚੇਅਰ ਸਥਾਪਤ ਕਰ ਦਿੱਤੀ, ਜਿਸ ਦਾ ਅਰਥ ਹੈ ਸਤਿਗੁਰੂ ਰਾਮ ਸਿੰਘ, ਉਸ ਸਤਿਗੁਰੂ ਨਾਨਕ ਨਾਲੋਂ ਵੱਡਾ ਹੈ ਜਿਹੜਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ । ਜਿਉਂ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ । ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਨਾਮਧਾਰੀਆਂ ਦੀਆਂ ਵੋਟਾਂ ਲੈਣ ਖ਼ਾਤਰ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਸਤਿਗੁਰ ਰਾਮ ਸਿੰਘ ਦੀ ਚੇਅਰ ਸਥਾਪਤ ਕਰ ਜੋ ਗੁਨਾਹ ਕੀਤਾ ਉਸ ਨੂੰ ਪੰਥ ਕਦੇ ਮੁਆਫ਼ ਨਹੀਂ ਕਰੇਗਾ । 9 ਅਕਤੂਬਰ 2017 ਨੂੰ ਯੈਸ ਪੰਜਾਬ ਨੇ ਇਹ ਖ਼ਬਰ ਛਾਪੀ ਸੀ ਕਿ : ਕੀ ਤੁਸੀਂ ਮੰਨ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਦੇ ਨਾਂਅ &lsquoਤੇ ਬਣੀ ਪੰਜਾਬ ਦੀ ਇਕੋ ਇਕ ਯੂਨੀਵਰਸਿਟੀ ਵਿੱਚ ਸਥਾਪਤ ਗੁਰੂ ਨਾਨਕ ਚੇਅਰ ਅਤੇ ਹੋਰ ਅਤਿ ਮਹੱਤਵਪੂਰਨ ਚੇਅਰਜ਼ ਲਈ ਤਾਂ ਪੰਜਾਬ ਸਰਕਾਰ ਵੱਲੋਂ ਫੰਡ ਰੋਕੇ ਹੋਏ ਹਨ, ਜਿਸ ਕਰਕੇ ਇਨ੍ਹਾਂ ਚੇਅਰਜ਼ ਤਹਿਤ ਖੋਜ ਕਾਰਜ ਪ੍ਰਭਾਵਿਤ ਹੋ ਰਹੇ ਹਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਤਿਗੁਰੂ ਰਾਮ ਸਿੰਘ ਚੇਅਰ ਲਈ ਨਿਰਵਿਘਨ ਫੰਡ ਮੁਹੱਈਆ ਕਰਾਏ ਜਾਂਦੇ ਹਨ ਜਿਨ੍ਹਾਂ ਨਾਲ ਪੰਜਾਬ ਵਿੱਚ ਗੁਰੂ ਡੰਮ ਬਹੁਤ ਤੇਜ਼ੀ ਨਾਲ ਪਸਰ ਰਿਹਾ ਹੈ । 
ਸਿੱਖ ਸੱਭਿਆਚਾਰ ਅਤੇ ਸਿੱਖ ਸੱਭਿਅਤਾ ਦਾ ਘਾਣ ਕਰਨ ਲਈ ਸ਼੍ਰੋਮਣੀ ਕਮੇਟੀ ਵੀ ਪਿੱਛੇ ਨਹੀਂ ਰਹੀ । ਸ਼੍ਰੋਮਣੀ ਕਮੇਟੀ ਨੇ ਸਿੱਖ ਸੱਭਿਆਚਾਰ ਦਾ ਹੁਲੀਆ ਵਿਗਾੜਨ ਲਈ ਹਿੰਦੀ ਵਿੱਚ ਸਿੱਖ ਇਤਿਹਾਸ ਪੁਸਤਕ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੀ ਜਿਸ ਵਿੱਚ ਗੁਰੂ ਸਾਹਿਬਾਨ ਦੀ ਰੱਜ ਕੇ ਤੌਹੀਨ ਕੀਤੀ ਗਈ ਹੈ । 11-3-2010 ਪੰਜਾਬ ਟਾਈਮਜ਼ ਦੇ ਅੰਕ 2305 ਦੇ ਸਫ਼ਾ 56 ਉੱਤੇ ਹੇਠ ਲਿਖੇ ਅਨੁਸਾਰ ਖ਼ਬਰ ਛਪੀ ਸੀ ਕਿ : ਸ਼੍ਰੋਮਣੀ ਕਮੇਟੀ ਦੇ ਸਿੱਖ ਧਰਮ ਅਧਿਐਨ ਕੋਰਸ ਵਿੱਚ ਹਿੰਦੂ ਗ੍ਰੰਥਾਂ ਦਾ ਵਰਨਣ - ਡਾ: ਸਾਬਰ ਬਣਿਆ ਆਰ।ਐੱਸ।ਐੱਸ। ਦਾ ਹੱਥ ਠੋਕਾ । ਉਕਤ ਖ਼ਬਰ ਦਾ ਸਾਰ ਅੰਸ਼ ਹੈ : ਜੇਕਰ ਤੁਸੀਂ ਹਿੰਦੂ ਧਰਮ ਗ੍ਰੰਥਾਂ ਦਾ ਅਧਿਐਨ ਕਰਨਾ ਚਾਹੁੰਦੇ ਹੋ ਜਾਂ ਇਨ੍ਹਾਂ ਹਿੰਦੂ ਧਾਰਮਿਕ ਗ੍ਰੰਥਾਂ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਿਰਫ਼ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਿੱਖ ਧਰਮ ਅਧਿਐਨ ਕੋਰਸ ਦੀ ਕਿਤਾਬ ਦਾ ਦੂਜਾ ਭਾਗ ਪੜੋ੍ਹ ਸਾਰੀ ਜਾਣਕਾਰੀ ਮਿਲ ਜਾਵੇਗੀ । ਸਿੱਖ ਵਿਦਵਾਨ ਡਾ: ਜਸਬੀਰ ਸਿੰਘ ਸਾਹਿਬ ਨੇ ਸਿੱਖ ਧਰਮ ਅਧਿਐਨ ਕੋਰਸ ਦੀਆਂ ਕਿਤਾਬਾਂ ਵਿੱਚ ਜੋ ਰੋਲ ਘਚੋਲਾ ਪਾਇਆ ਹੈ ਉਹ ਆਪਣੇ ਆਪ ਵਿੱਚ ਕਈ ਸ਼ੰਕੇ ਖੜ੍ਹਾ ਕਰਦਾ ਹੈ ? ਡਾ: ਸਾਬਰ ਨੇ ਕਿਸੇ ਲੁਕਵੀਂ ਸਾਜ਼ਿਸ਼ ਤਹਿਤ ਸਿੱਖਾਂ ਦੀਆਂ ਇਤਿਹਾਸ ਵਿੱਚ ਹੋਈਆਂ ਵੱਡਮੁੱਲੀਆਂ ਕੁਰਬਾਨੀਆਂ ਨੂੰ ਦਰ ਕਿਨਾਰ ਕਰਕੇ ਸਿੱਧੇ ਹਿੰਦੂ ਧਰਮ ਦੇ ਇਤਿਹਾਸ, ਧਾਰਮਿਕ ਗ੍ਰੰਥਾਂ ਤੇ ਹਿੰਦੂ ਧਰਮ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਅਰੰਭ ਕਰ ਦਿੱਤੀ । ਇਸ ਕਿਤਾਬ ਵਿੱਚ ਡਾ: ਸਾਬਰ ਨੇ ਰਿੱਗਵੇਦ, ਸਾਮਵੇਦ, ਯਜੁਰ ਵੇਦ ਤੇ ਅਥਰਵ ਵੇਦ ਦੇ 10 ਮੰਡਲਾਂ 1028 ਸੂਤਕਾਂ ਦੇ ਨਾਲ ਨਾਲ ਰਿੱਗਵੇਦ ਦੀਆਂ 10552 ਰਿਚਾਵਾਂ ਅਤੇ ਕੁੱਲ ਸ਼ਬਦਾਂ  ਦੀ ਗਿਣਤੀ ਤੱਕ ਦਿੱਤੀ ਹੋਈ ਹੈ । ਇਸ ਤੋਂ ਇਲਾਵਾ ਸਿਮਰਤੀਆਂ ਭਗਵਤ ਗੀਤਾ ਅਤੇ ਯੋਗ ਗਿਆਨ ਦੀ ਜਾਣਕਾਰੀ ਦਿੱਤੀ ਹੋਈ ਹੈ । (ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ।ਸੀ। ਕਮਰਜੀਤ ਸਿੰਘ ਨੇ ਕੋਈ ਨਵੀਂ ਪਿਰਤ ਨਹੀਂ ਪਾਈ, ਇਥੇ ਤਾਂ ਗੁਰੂ ਤੋਂ ਬੇ-ਮੁੱਖ ਸਿੱਖ ਵਿਦਵਾਨਾਂ ਨੇ ਪਹਿਲਾਂ ਹੀ ਕਾਅਬੇ ਵਿੱਚ ਕੁੱਫ਼ਰ ਤੋਲਿਆ ਹੋਇਆ ਹੈ) ।
ਸਿਰਦਾਰ ਕਪੂਰ ਸਿੰਘ ਨੇ ਲਗਪਗ ਅੱਜ ਤੋਂ ਪੰਜਾਹ ਸਾਲ ਪਹਿਲਾਂ ਇਨ੍ਹਾਂ ਸ਼ਬਦਾਂ ਵਿੱਚ ਸਿੱਖੀ ਧਰਮ ਬਾਰੇ ਚਿੰਤਾ ਜ਼ਾਹਰ ਕੀਤੀ ਸੀ, ਜਿਹੜੇ ਅਸਾਡੇ ਪ੍ਰੋਫੈਸਰ ਪੀ।ਐੱਚ।ਡੀ।, ਬੁੱਧੀਜੀਵੀ ਅਸਾਡੀਆਂ ਸਿੱਖ ਯੂਨੀਵਰਸਿਟੀਆਂ ਵਿੱਚ ਬੁੱਧੀ ਤੇ ਸਿੱਖੀ ਦੋਹਾਂ ਤੋਂ ਆਕੀ ਤੇ ਕਿਲਾਬੰਦ ਹੋਏ ਬੈਠੇ ਹਨ, ਉਨ੍ਹਾਂ ਕੋਲੋਂ ਇਹ ਆਸ ਰੱਖਣੀ ਦਿਨ-ਬ-ਦਿਨ ਕਠਿਨ ਭਾਸ ਰਹੀ ਕਿ ਉਹ ਆਪਣੇ ਨਿੱਜੀ ਸੁਆਰਥ ਤਿਆਗ ਕੇ, ਗੁਰੂ ਦਾ ਭਉ ਤੇ ਰੱਬ ਦਾ ਡਰ ਗ੍ਰਹਿਣ ਕਰਨਗੇ ਅਤੇ ਸਿੱਖੀ ਸਿਧਾਂਤਾਂ, ਤੇ ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਗੰਧਲਾਉਣ ਦੇ ਯਤਨ ਤਿਆਗ ਦੇਣਗੇ । ਕਿਉਕਿ ਅਗਿਆਨੀ ਨੂੰ ਤਾਂ ਸਮਝਾਇਆ ਜਾ ਸਕਦਾ ਹੈ ਪਰ ਨਸ਼ਟਆਤਮਾ ਗਿਆਨੀ ਨੂੰ ਸਿੱਖਾਂ ਅਤੇ ਸਿੱਖੀ ਉੱਤੇ ਤਰਸ ਕਰਨ ਲਈ ਕਿਵੇਂ ਪ੍ਰੇਰਿਆ ਜਾ ਸਕਦਾ ਹੈ ? ਸੱਚ ਅਤੇ ਸਿੱਖੀ ਦੀ ਪਕੜ ਜਿਨ੍ਹਾਂ ਨੇ ਤਿਆਗ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਉਸ ਪਾਸੇ ਲੱਗੀਆਂ ਹੋਈਆਂ ਹਨ, ਜਿਥੋਂ ਉਨ੍ਹਾਂ ਨੂੰ ਉਚੇਰੇ ਪਦ ਅਤੇ ਵਧੇਰੇ ਵਿੱਤ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ (ਨੋਟ-ਵੀ।ਸੀ। ਡਾ। ਕਰਮਜੀਤ ਸਿੰਘ ਵੀ ਉਨ੍ਹਾਂ ਵਿੱਚੋਂ ਇਕ ਹੈ) ਅਸਾਡੀਆਂ ਸਿੱਖ ਯੂਨੀਵਰਸਿਟੀਆਂ ਦੇ ਕਈ ਬੁੱਧੀਜੀਵੀਆਂ ਦਾ ਮੁੱਖ ਪ੍ਰੋਗਰਾਮ ਇਹੋ ਦਿੱਸਦਾ ਹੈ ਕਿ ਸਿੱਖੀ, ਸਿੱਖ ਇਤਿਹਾਸ ਤੇ ਸਿੱਖ ਪੰਥ ਦੀਆਂ ਜੜ੍ਹਾਂ ਹਿਲਾਈ ਜਾਉ, ਹਿਲਾਈ ਜਾਉ, ਜੱਬ ਲਗ ਘਟ ਮੇਂ ਪ੍ਰਾਣ । ਇਹ ਕਲਪ ਬਿਰਖ ਆਪੇ ਜਰਜਰਾ ਹੋ ਕੇ ਡਿੱਗ ਪਵੇਗਾ ਅਤੇ ਹੋਰ ਲੋਕ ਇਸ ਦਾ ਬਾਲਣ ਤੇ ਸ਼ਤੀਰੀਆਂ ਬਣਾ ਕੇ ਵਰਤ ਲੈਣਗੇ ਅਤੇ ਤਦ ਇਨ੍ਹਾਂ ਲਾਲਚੀ ਬੁੱਧੀਜੀਵੀਆਂ ਦੀ ਘਾਲ ਥਾਇ ਪਵੇਗੀ । (ਹਵਾਲਾ-ਪੁਸਤਕ ਬਿਖੁ ਮਹਿ ਅੰਮ੍ਰਿਤ ਸਫਾ 73-ਪੰਜਵੀਂ ਐਡੀਸ਼ਨ 2016)
ਇਸੇ ਤਰ੍ਹਾਂ ਪੁਸਤਕ, 1699 ਦੀ ਵੈਸਾਖੀ ਇਕ ਅਲੌਕਿਕ ਸਫ਼ਰ, ਨਿਰਮਲ ਪੰਥ ਤੋਂ ਖ਼ਾਲਸਾ ਪੰਥ ਤੱਕ ਦੇ ਸਫ਼ਾ 54 ਉੱਤੇ ਡਾ: ਕਿਰਨਪ੍ਰੀਤ ਕੌਰ ਨੇ ਗੁਰਮੁੱਖ ਲੇਖਕਾਂ ਅਤੇ ਗੁਰੂ ਤੋਂ ਬੇ-ਮੁੱਖ ਸਿੱਖ ਵਿਦਵਾਨਾਂ ਦਾ ਨਿਖੇੜਾ ਇਸ ਪ੍ਰਕਾਰ ਕੀਤਾ ਹੈ : ਅਸੀਂ ਭੁੱਲ ਇਹ ਕੀਤੀ ਕਿ ਆਪਣੇ ਇਤਿਹਾਸ ਨੂੰ ਆਪਣੇ ਦਾਰਸ਼ਨਿਕਾਂ ਅਤੇ ਬੁੱਧੀਜੀਵੀਆਂ, ਜਿਵੇਂ ਕਿ ਹਰਿੰਦਰ ਸਿੰਘ ਮਹਿਬੂਬ, ਸਿਰਦਾਰ ਕਪੂਰ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ: ਪੂਰਨ ਸਿੰਘ ਦੇ ਅਨੁਭਵ ਰਾਹੀਂ ਨਾ ਸਮਝ, ਕੇਵਲ ਪੱਛਮੀ ਵਿਦਵਾਨਾਂ ਦੇ ਵਿਹਾਰਿਕ ਤਜਰਬੇ ਅਤੇ ਅਨੁਭਵਹੀਣ ਵਿਸ਼ਲੇਸ਼ਣ ਨੂੰ ਠੀਕ ਸਮਝੀ ਗਏ । ਏਹੀ ਕਾਰਨ ਹੈ ਕਿ ਜਦੋਂ ਅਰਨਸਟ ਟਰੰਪ ਵਰਗਿਆਂ ਨੇ ਇਹ ਲਿਖਿਆ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਇਕ ਟਰਨਿੰਗ ਪੁਆਇੰਟ ਸੀ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੀ ਸਿੱਖੀ ਨਾਲੋਂ ਸਿੱਖੀ ਵੱਖਰੇ ਰਾਹ ਤੁਰ ਪਈ ਤਾਂ ਸਾਡੇ ਆਪਣੇ ਪੱਛਮੀ ਮੁਲਕਾਂ ਵਿੱਚ ਆਪਣੇ ਲਈ ਜ਼ਮੀਨ ਲੱਭ ਰਹੇ ਸਕਾਲਰਾਂ ਨੇ ਵੀ ਇਹੀ ਤੋਤਾ ਰਟਨਾ ਸ਼ੁਰੂ ਕਰ ਦਿੱਤਾ । ਸਿੱਟੇ ਵਜੋਂ ਇਹ ਗੱਲ ਸਾਡੀਆਂ ਪੰਥਕ ਹਸਤੀਆਂ ਨੇ ਵੀ ਇੰਝ ਹੀ ਕਰਨੀ ਸ਼ੁਰੂ ਕਰ ਦਿੱਤੀ । ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਗੁਰੂ ਆਸ਼ੇ ਨੂੰ ਗੁਰਮੁੱਖ ਹੋ ਕੀ ਸਮਝਿਆ ਜਾ ਸਕਦਾ ਹੈ, ਘੱਟੋ ਘੱਟ ਸਿੱਖ ਤਾਂ ਇਹ ਗੱਲ ਸਮਝ ਲੈਣ ਕਿ ਇਸ ਤੋਂ ਬਿਨਾਂ ਸਭ ਖਵਾਰੀ ਹੈ ਤੇ ਖਵਾਰੀ ਤੋਂ ਵੱਧ ਹੋਰ ਕੁਝ ਵੀ ਨਹੀਂ । (ਹਵਾਲਾ 1699 ਦੀ ਅਲੌਕਿਕ ਵੈਸਾਖੀ, ਨਿਰਮਲ ਪੰਥ ਤੇ ਖ਼ਾਲਸਾ ਪੰਥ ਤੱਕ ਸਫ਼ਾ 54) 
ਗੁਰਬਾਣੀ ਦਾ ਵੇਦਾਂ ਨਾਲ ਕੋਈ ਸਰੋਕਾਰ ਨਹੀਂ ਹੈ ਕਿਉਂਕਿ ਗੁਰਬਾਣੀ ਦੀ ਇਕ ਇਲਾਹੀ ਵਿਸ਼ੇਸ਼ਤਾ ਹੈ, ਇਹ ਮਨੁੱਖ ਨੂੰ ਇਤਿਹਾਸ ਵੱਲ ਧੱਕਦੀ ਹੈ ਤੇ ਇਤਿਹਾਸ ਦੀ ਜਾਗ ਲਾਉਂਦੀ ਹੈ । ਜੇ ਵਕਤ ਦੇ ਰਾਜੇ ਸ਼ੀਹ ਮੁਕਦਮ ਕੁੱਤੇ ਹਨ ਤਾਂ ਫਿਰ ਉਨ੍ਹਾਂ ਵਿਰੁੱਧ ਲੜਾਈ ਇਤਿਹਾਸ ਵਿੱਚ ਉਤਰਕੇ ਹੀ ਲੜੀ ਜਾ ਸਕਦੀ ਹੈ । ਇਹ ਜੰਗ ਖ਼ਾਲਸਾ ਲੜਦਾ ਰਿਹਾ ਹੈ ਅਤੇ ਲੜਦਾ ਰਹੇਗਾ । ਪਰ ਇਸ ਜੰਗ ਨੇ ਕਿਹੜੇ ਰੂਪ ਅਖਤਿਆਰ ਕਰਨੇ ਉਹ ਸਮੇਂ ਤੇ ਸਥਾਨ ਮੁਤਾਬਕ ਵੱਖ-ਵੱਖ ਹੋ ਸਕਦੇ ਹਨ । (ਹਵਾਲਾ ਪੁਸਤਕ ਲਕੀਰ, ਲੇਖਕ ਗਜਿੰਦਰ ਸਿੰਘ ਜੋ ਅੱਜ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਲਿਖਤਾਂ ਪੰਥ ਲਈ ਰਾਹ ਦਸੇਰਾ ਬਣੀਆਂ ਰਹਿਣਗੀਆਂ) 
ਅੱਜ ਅਸੀਂ ਇਸ ਮੋੜ &lsquoਤੇ ਪਹੁੰਚ ਗਏ ਹਾਂ ਕਿ ਸਾਡੀ ਸਿਧਾਂਤਕ ਸੋਚ ਵਿੱਚੋਂ ਸਾਡੀ ਪਰੰਪਰਾ, ਗੁਰ-ਇਤਿਹਾਸ, ਧਾਰਮਿਕ ਹਸਤੀ, ਵੱਖਰੀ ਪਹਿਚਾਣ ਦਾ ਅਹਿਸਾਸ ਖ਼ਤਮ ਕਰਨ ਲਈ ਆਰ।ਐੱਸ।ਐੱਸ। ਪੱਬਾਂ ਭਾਰ ਹੋਈ ਪਈ ਹੈ ਅਤੇ ਗੁਰੂ ਤੋਂ ਬੇਮੁੱਖ ਹੋਏ ਅਤੇ ਗੁਰੂ ਨੂੰ ਪਿੱਠ ਦੇ ਚੁੱਕੇ ਸਿੱਖੀ ਸ਼ਕਲਾਂ ਸੂਰਤਾਂ ਵਾਲੇ ਸਿੱਖ ਵਿਦਵਾਨਾਂ ਰਾਹੀਂ ਸਿੱਖੀ ਨੂੰ ਮਨ ਭਾਉਂਦਾ ਮੋੜ ਦੇ ਕੇ ਸਿੱਖ ਧਰਮ ਦਾ ਹਿੰਦੂਕਰਨ, ਕਰਨਾ ਚਾਹੁੰਦੀ ਹੈ, ਪਰ ਉਨ੍ਹਾਂ ਦੇ ਇਹ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ, ਕਿਉਂਕਿ ਦਰਿਆ ਜਿਨੇ ਮਰਜ਼ੀ ਉੱਚੇ ਵਹਿਣ ਲੱਗ ਜਾਣ ਉਹ ਪਹਾੜਾਂ ਦੇ ਉਤੋਂ ਦੀ ਨਹੀਂ ਲੰਘ ਸਕਦੇ, ਇਸ ਵੇਲੇ ਸਿੱਖ ਨੌਜੁਆਨਾਂ ਅਤੇ ਗੁਰਮੁੱਖ ਸਿੱਖ ਵਿਦਵਾਨਾਂ ਸਿਰ ਇਹ ਜ਼ਿੰਮੇਵਾਰੀ ਆਉਂਦੀ ਹੈ ਕਿ ਉਹ ਸਿੱਖ ਧਰਮ ਦੀ ਵਿਲੱਖਣ ਹੋਂਦ ਹਸਤੀ ਤੇ ਹੋ ਰਹੇ ਅਤੇ ਭਵਿੱਖ ਵਿੱਚ ਹੋਣ ਵਾਲੇ ਬੌਧਿਕ ਹਮਲਿਆਂ ਦਾ ਵੱਡੀ ਪੱਧਰ &lsquoਤੇ ਪ੍ਰਿੰਟ ਅਤੇ ਬਿਜਲਈ ਮੀਡੀਆ ਰਾਹੀਂ ਗੁਰੂ ਦਾ ਆਸਰਾ ਲੈ ਕੇ ਮੂੰਹ ਤੋੜਵਾਂ ਜੁਆਬ ਦੇਣ । 
ਭੁੱਲਾਂ ਚੁੱਕਾਂ ਦੀ ਖਿਮਾਂ-ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।