ਯਾਦਗਾਰੀ ਹੋ ਨਿਬੜਿਆ ਸਿੱਖ ਯੂਥ ਸਪੋਰਟਸ ਦਾ ਖੇਡ ਮੇਲਾ

ਕਬੱਡੀ ਤੋਂ ਇਲਾਵਾ ਕੁਸ਼ਤੀ ਮੁਕਾਬਲੇ ਬਣੇ ਖਿੱਚ ਦਾ ਕੇਂਦਰ
ਵੱਡੀ ਗਿਣਤੀ ਚ ਪੁੱਜੇ ਖੇਡ ਪ੍ਰੇਮੀ ਅਤੇ ਦਰਸ਼ਕਾਂ ਨੇ ਮਾਣਿਆ ਆਨੰਦ
ਵੈਨਕੂਵਰ, (ਮਲਕੀਤ ਸਿੰਘ )-ਨੌਰਥ ਅਮਰੀਕਾ ਦੇ ਵੱਡੇ ਖੇਡ ਮੇਲਿਆਂ ਚ ਗਿਣਿਆ ਜਾਣ ਵਾਲਾ ਸਿੱਖ ਯੂਥ ਸਪੋਰਟਸ ਦਾ ਖੇਡ ਮੇਲਾ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਧੂਮ ਧੜਕੇ ਨਾਲ ਸੰਪੰਨ ਹੋ ਗਿਆ|
ਸਰੀ ਡੈਲਟਾ ਦੇ ਨਾਨਕ ਗੁਰੂ ਘਰ ਦੀ ਗਰਾਉਂਡ ਚ ਅਯੋਜਿਤ ਕਰਵਾਏ ਜਾਂਦੇ ਇਸ ਦੋ ਰੋਜਾ ਕੌਮਾਂਤਰੀ ਪੱਧਰ ਦੇ ਖੇਡ ਮੇਲੇ ਚ ਵੱਡੀ ਗਿਣਤੀ ਚ ਦੂਰੋਂ ਨੇੜਿਓਂ ਪੁੱਜੇ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਪਰਿਵਾਰਕ ਮੇਲੇ ਵਜੋਂ ਜਾਣੇ ਜਾਂਦੇ ਇਸ ਖੇਡ ਮੇਲੇ ਚ ਕਬੱਡੀ ਦੇ ਦਿਲਚਸਪ ਮੈਚਾਂ ਤੋਂ ਇਲਾਵਾ ਕੁਸ਼ਤੀਆਂ ਅਤੇ ਵੇਟ ਲਿਫਟਿੰਗ ਦੇ ਕਰਵਾਏ ਗਏ ਮੁਕਾਬਲਿਆਂ ਨਾਲ ਪੰਜਾਬ ਦੇ ਕਿਸੇ ਪੇਂਡੂ ਖੇਡ ਮੇਲੇ ਵਰਗਾ ਮਾਹੌਲ ਸਿਰਜਿਆ ਮਹਿਸੂਸ ਹੋਇਆ| ਇਸ ਖੇਡ ਮੇਲੇ ਦੌਰਾਨ ਕਬੱਡੀ ਦੇ ਪਹਿਲੇ ਫਾਈਨਲ ਮੁਕਾਬਲੇ ਚੋਂ ਯੂਥ ਕਬੱਡੀ ਕਲੱਬ ਦੀ ਟੀਮ ਪਹਿਲੇ ਅਤੇ ਰਾਇਲ ਕਿੰਗ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ ਅਤੇ ਦੂਸਰੇ ਫ਼ਾਈਨਲ ਮੁਕਾਬਲੇ ਚੋਂ ਸ਼ਹੀਦ ਭਗਤ ਸਿੰਘ ਰਾਜਵੀਰ ਕਬੱਡੀ ਕਲੱਬ ਦੀ ਟੀਮ ਪਹਿਲੇ ਅਤੇ ਕਾਮਾਗਾਟਾ ਮਾਰੂ ਸਰੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸੇ ਤਰ੍ਹਾਂ ਵੱਖ-ਵੱਖ ਵਰਗ ਦੇ ਮਰਦਾਂ ਦੇ ਕੁਸ਼ਤੀ ਮੁਕਾਬਲਿਆਂ ਚੋਂ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਐਬਸਫੋਰਡ ਦਾ ਪਹਿਲਵਾਨ ਨਿਸ਼ਾਨ ਰੰਧਾਵਾ, ਰੁਸਤਮੇ ਹਿੰਦ ਰੈਸਲਿੰਗ ਕਲੱਬ ਦਾ ਪਹਿਲਵਾਨ ਹਰਜੋਤ ਬਸਰਾ, ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਐਬਸਫੋਰਡ ਦਾ ਪਹਿਲਵਾਨ ਜਗਰੂਪ ,ਕਨੇਡੀਅਨ ਮਲ ਕਲੱਬ ਦਾ ਪਹਿਲਵਾਨ ਹਰਜੋਤ ਸ਼ੇਰਗਿੱਲ ਅਤੇ ਗੁਰੂ ਗੋਬਿੰਦ ਸਿੰਘ ਕਲੱਬ ਦਾ ਪਹਿਲਵਾਨ ਤੇਜੀ ਢੀਡਸਾ ਅਵਲ ਰਹੇ| ਇਸੇ ਤਰ੍ਹਾਂ ਲੜਕੀਆਂ ਦੇ ਫਾਈਨਲ ਕੁਸ਼ਤੀ ਮੁਕਾਬਲਿਆਂ ਚੋਂ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਦੀ ਰੁਪਿੰਦਰ ਜੋਹਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਨੇਡੀਅਨ ਕਲੱਬ ਦੀ ਖੁਸ਼ੀ ਝੱਲੀ ਦੂਸਰੇ ਸਥਾਨ ਤੇ ਰਹੀ|
ਖੇਡ ਮੇਲੇ ਚ ਪੁੱਜੀ ਇੱਕ ਹੋਰ ਪੰਜਾਬੀ ਮੁਟਿਆਰ ਜੀਨਤ ਵਿਲਨ ਨੇ 75 ਕਿਲੋ ਦਾ ਵੇਟ ਲਿਫਟਿੰਗ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਗਰਾਊਂਡ ਚ ਮੌਜੂਦ ਖੇਡ ਪਰੇਮੀਆ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਉਸਦੀ ਹੌਸਲਾ ਅਫਜਾਈ ਕੀਤੀ ਗਈ| ਇਸ ਖੇਡ ਮੇਲੇ ਵਿੱਚ ਅੋਰਤਾ ਅਤੇ ਬੱਚਿਆਂ ਦੀਆਂ ਕਰਵਾਈਆ ਗਈਆਂ ਵੱਖ-ਵੱਖ ਖੇਡ ਗਤੀਵਿਧੀਆਂ ਬੜੀਆਂ ਦਿਲਚਸਪ ਰਹੀਆਂ।