ਅਦਿੱਤਿਆ ਨਾਥ ਯੋਗੀ ਨੇ ਕਿਹਾ, ਸਿੱਖ ਗੁਰੂਆਂ ਨੇ ਸਨਾਤਨ ਧਰਮ ਤੇ ਭਾਰਤੀ ਸੱਭਿਆਚਾਰ ਬਚਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਧਰਮ ਪ੍ਰਚਾਰ ਕਮੇਟੀ, ਕਿਸੇ ਵੀ ਅਕਾਲੀ ਦਲ, ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਾਂ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਯੋਗੀ ਦੇ ਬੇ-ਬੁਨਿਆਦ ਅਪਮਾਨਜਨਕ ਬਿਆਨ ਦਾ ਕੋਈ ਗੰਭੀਰ ਨੋਟਿਸ ਨਹੀਂ ਲਿਆ ।
ਉੱਤਰ ਪ੍ਰਦੇਸ਼ ਦੇ ਸੀ।ਐੱਮ। ਅਦਿੱਤਿਆ ਨਾਥ ਯੋਗੀ ਨੇ ਭਗਵੇਂ ਬਸਤਰਾਂ ਵਿੱਚ ਸਿਰ &lsquoਤੇ ਭਗਵੀਂ ਬੰਨ ਕੇ ਗੋਰਖਪੁਰ ਗੁਰਦੁਆਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਸਿੱਖ ਸੰਗਤ ਦੀ ਹਜ਼ੂਰੀ ਵਿੱਚ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਸਮਾਗਮਾਂ ਬਾਰੇ ਬੋਲਦਿਆਂ ਕਿਹਾ : ਸਿੱਖ ਗੁਰੂਆਂ ਨੇ ਹਮੇਸ਼ਾ ਸਨਾਤਨ ਧਰਮ ਤੇ ਭਾਰਤੀ ਸੱਭਿਆਚਾਰ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ, ਉਨ੍ਹਾਂ ਦੀ ਬਹਾਦਰੀ, ਤਿਆਗ ਤੇ ਬਲੀਦਾਨ ਅੱਜ ਵੀ ਦੇਸ਼ ਦੀ ਆਤਮਾ ਵਿੱਚ ਜੀਊਂਦੇ ਹਨ । ਭਗਵੇਂ ਅਦਿੱਤਿਆ ਨਾਥ ਯੋਗੀ ਨੇ ਇਹ ਗੱਲ ਬਾਰ-ਬਾਰ ਦੁਹਰਾਈ ਕਿ ਸਿੱਖ ਗੁਰੂਆਂ ਨੇ ਆਪਣੇ ਲਈ ਨਹੀਂ ਸਨਾਤਨ ਧਰਮ ਲਈ ਬਲੀਦਾਨ ਦਿੱਤਾ, ਉਨ੍ਹਾਂ ਦਾ ਬਲੀਦਾਨ ਅੱਜ ਵੀ ਦੇਸ਼ ਦੀ ਆਤਮਾ ਵਿੱਚ ਜੀਊਂਦਾ ਹੈ । (ਨੋਟ-ਪੰਜਵੇਂ ਗੁਰੂ ਅਰਜਨ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਨੇ, ਗੁਰੂ ਨਾਨਕ ਦੇ, ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੇ) ਹਲੀਮੀ ਰਾਜ ਦੇ ਮਿਸ਼ਨ ਦੀ ਪੂਰਤੀ ਲਈ ਆਪਣੇ ਪੰਚ ਭੌਤਕ ਸਰੀਰਾਂ ਦੀਆਂ ਸ਼ਹਾਦਤਾਂ ਦਿੱਤੀਆਂ ਹਨ, ਨਾ ਕਿ ਸਨਾਤਨ ਧਰਮ (ਹਿੰਦੂ ਧਰਮ) ਬਚਾਉਣ ਲਈ ਬਲੀਦਾਨ ਦਿੱਤਾ । ਸ਼ਹਾਦਤ ਅਤੇ ਬਲੀ+ਦਾਨ, ਬਲੀਦਾਨ ਦਾ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ । ਬਲੀ+ਦਾਨ ਭਾਵ ਜਿਸ ਦੀ ਬਲੀ ਦਿੱਤੀ ਜਾਂਦੀ ਹੈ । ਸ਼ਹਾਦਤ ਦੇਣ ਵਾਲੇ ਦੀ ਹਸਤੀ ਜੁਗੋ-ਜੁਗ ਅਟਲ ਰਹਿੰਦੀ ਹੈ, ਜਦਕਿ ਬਲੀਦਾਨ ਦੇਣ ਵਾਲੇ ਦੀ ਕੋਈ ਹਸਤੀ ਹੁੰਦੀ ਹੀ ਨਹੀਂ ਹੈ ।
1708 ਈ: ਨੂੰ ਗੁਰੂ ਨਾਨਕ ਦੇ ਦੱਸਵੇਂ ਵਾਰਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨੰਦੇੜ ਵਿਖੇ ਹਮੇਸ਼ਾ ਲਈ ਦੇਹਧਾਰੀ ਪ੍ਰਥਾ ਖ਼ਤਮ ਕਰਕੇ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਨਾਨਕ ਦੇ ਤਖ਼ਤ &lsquoਤੇ ਸੁਭਾਇਮਾਨ ਕਰਕੇ ਬਚਨ ਕੀਤਾ, ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਅਤੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ, ਉਸ ਦਿਨ ਤੋਂ ਬਾਅਦ ਅੱਜ ਤੱਕ ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਸਮੇਂ ਆਖਦਾ ਹੈ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਸਿੱਖ ਗੁਰੂਆਂ ਦੀ ਆਤਮਾ ਦਾ ਉਕਤ ਸਿਧਾਂਤ ਲਾਗੂ ਹੋਣ ਤੋਂ ਬਾਅਦ ਅਦਿੱਤਿਆ ਨਾਥ ਯੋਗੀ ਦਾ ਇਹ ਕਹਿਣਾ ਕਿ ਸਿੱਖ ਗੁਰੂਆਂ ਦਾ ਬਲੀਦਾਨ ਅੱਜ ਵੀ ਦੇਸ਼ ਦੀ ਆਤਮਾ ਵਿੱਚ ਜੀਊਂਦਾ ਹੈ, ਐਵੇਂ ਝੱਖ ਮਾਰਨ ਵਾਲੀ ਗੱਲ ਹੈ । ਬੜੇ ਦੁੱਖ ਤੇ ਹੈਰਾਨੀ ਵਾਲੀ ਗੱਲ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਆਗੂਆਂ ਨੇ ਸਿੱਖ ਗੁਰੂਆਂ ਦੇ ਦੈਵੀ ਸਰੂਪ ਦਾ ਅਪਮਾਨ ਕਰਨ ਵਾਲੇ ਅਦਿੱਤਿਆ ਨਾਥ ਯੋਗੀ ਦੇ ਬਿਆਨ ਦਾ ਨੋਟਿਸ ਲੈ ਕੇ ਇਹ ਮਾਮਲਾ ਅਕਾਲ ਤਖ਼ਤ ਸਾਹਿਬ &lsquoਤੇ ਵਿਚਾਰਿਆ ਕਿਉਂ ਨਹੀਂ ਗਿਆ ? ਅਦਿੱਤਿਆ ਨਾਥ ਯੋਗੀ ਘੱਟ ਗਿਣਤੀਆਂ ਦੇ ਖਿਲਾਫ਼, ਭਾਰਤ ਦੇ ਸੰਵਿਧਾਨ ਬਾਰੇ ਅਤੇ ਇਤਿਹਾਸ ਨੂੰ ਪੱੁਠਾ ਗੇੜਾ ਦੇਣ ਵਾਲੀਆਂ ਟਿੱਪਣੀਆਂ ਅਕਸਰ ਕਰਦਾ ਰਹਿੰਦਾ ਹੈ । ਫ਼ਤਹਿਨਾਮਾ ਮੈਗਜ਼ੀਨ ਵਿੱਚ ਅਦਿੱਤਿਆ ਨਾਥ ਯੋਗੀ ਦੇ ਵੱਖ-ਵੱਖ ਥਾਵਾਂ ਤੇ ਛਪੇ ਦੋ ਬਿਆਨ ਦਾਸ ਪਾਠਕਾਂ ਨਾਲ ਸਾਂਝੇ ਕਰੇਗਾ : 
(1) ਇਤਿਹਾਸ ਨੂੰ ਪੁੱਠਾ ਗੇੜ - ਆਰ।ਐੱਸ।ਐੱਸ। ਨੇ, ਪੰਜਾਬ, ਬੰਗਾਲ ਅਤੇ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਵਿੱਚ ਜਾਣ ਤੋਂ ਬਚਾਇਆ, ਅਦਿੱਤਿਆ ਨਾਥ, ਮੁੱਖ ਮੰਤਰੀ ਯੂ।ਪੀ।, ਪੂਰੀ ਖ਼ਬਰ ਦਾ ਸਾਰਅੰਸ਼ ਹੈ ਕਿ : ਮੋਦੀ ਸਰਕਾਰ ਬਣਨ ਤੋਂ ਬਾਅਦ ਸਕੂਲੀ ਪਾਠ ਪੁਸਤਕਾਂ ਤੋਂ ਲੈ ਕੇ ਕਾਲਜਾਂ, ਯੂਨੀਵਰਸਿਟੀਆਂ ਨਾਲ ਸੰਬੰਧਿਤ ਸਿਲੇਬਸ ਵਿੱਚ ਹਿੰਦੂਤਵ ਦੀ ਝੂਠੀ ਮਹਿਮਾ ਦੇ ਨਾਲ-ਨਾਲ ਸੱਚੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦਾ ਅਮਲ ਸ਼ੁਰੂ ਹੋ ਗਿਆ ਹੈ । ਇਸ ਅਮਲ ਨੂੰ ਹੁਣ ਬੁਲੰਦੀਆਂ &lsquoਤੇ ਪਹੁੰਚਾਇਆ ਜਾ ਰਿਹਾ ਹੈ । ਯੂ।ਪੀ। ਵਿਧਾਨ ਸਭਾ ਸੈਸ਼ਨ ਦੇ ਅਖੀਰਲੇ ਦਿਨ ਵਿਧਾਨ ਸਭਾ ਨੂੰ ਸੰਬੋਧਿਤ ਹੁੰਦਿਆਂ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਕਿਹਾ : ਆਰ।ਐੱਸ।ਐੱਸ। ਜਮਾਤ ਨਾ ਹੁੰਦੀ ਤਾਂ ਅੱਜ ਪੰਜਾਬ, ਬੰਗਾਲ ਤੇ ਜੰਮੂ-ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੋਣੇ ਸੀ । (ਫਤਹਿਨਾਮਾ ਜੂਨ 2017)
(2) ਸੈਕੂਲਰ ਸ਼ਬਦ ਘੜਨ ਵਾਲਿਆਂ ਨੂੰ ਆਪਣੇ ਗੁਨਾਹ ਦੀ ਮਾਫ਼ੀ ਮੰਗਣੀ ਚਾਹੀਦੀ ਹੈ - ਅਦਿੱਤਿਆ ਨਾਥ ਯੋਗੀ - ਪੂਰੀ ਖ਼ਬਰ ਦਾ ਸਾਰਅੰਸ਼ ਹੈ : ਯੂ।ਪੀ। ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਨੇ ਦੈਨਿਕ ਅਖ਼ਬਾਰ ਨਾਲ ਸੰਬੰਧਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰਾ ਮਾਨਨਾ ਹੈ ਕਿ ਅਜ਼ਾਦੀ ਕੇ ਬਾਅਦ ਭਾਰਤ ਮੇਂ ਸਭ ਸੇ ਬੜਾ ਝੂਠ ਧਰਮ-ਨਿਰਪੇਖ (ਸੈਕੂਲਰ) ਹੈ - ਨਾਗਰਿਕੋਂ ਕੇ ਸਾਥ, ਭਾਰਤ ਕੇ ਲੋਗੋਂ ਕੇ ਸਾਥ ! ਉਨ ਲੋਗੋਂ ਕੋ ਮਾਫੀ ਮੰਗਣੀ ਚਾਹੀਏ ਜਿਨਹੋਂ ਨੇ ਇਸ ਸ਼ਬਦ ਕੋ ਜਨਮ ਦੀਆ ਔਰ ਯੇ ਸ਼ਬਦ ਇਸਤੇਮਾਲ ਕਰਤੇ ਹੈਂ, ਕੋਈ ਵਿਵਸਥਾ ਧਰਮ ਨਿਰਪੇਕਸ਼ ਨਹੀਂ ਹੋ ਸਕਤੀ । ਜ਼ਾਹਰ ਹੈ ਕਿ ਯੋਗੀ ਇਹ ਕਹਿਣਾ ਚਾਹੁੰਦਾ ਹੈ ਕਿ ਭਾਰਤੀ ਸੰਵਿਧਾਨ ਨੂੰ ਹਿੰਦੂ ਸੰਵਿਧਾਨ ਅਨੁਸਾਰ ਮਨੂੰ ਸਿਮਰਤੀ ਅਧਾਰਿਤ ਬਣਾਇਆ ਜਾਵੇ । ਯਾਦ ਰਹੇ ਭਾਰਤ ਸੰਵਿਧਾਨ ਦੀ ਭੂਮਿਕਾ ਯਾਨੀ ਕਿ ਪਰੀਐਂਬਲ ਵਿੱਚ ਭਾਰਤ ਨੂੰ ਇਕ ਸੈਕੂਲਰ ਦੇਸ਼ ਐਲਾਨਿਆ ਗਿਆ ਹੈ । ਯੋਗੀ ਦੀ ਮੰਗ ਹੈ ਕਿਉਂਕਿ ਸੈਕੂਲਰ ਸ਼ਬਦ ਘੜਨ ਵਾਲੇ ਪਾਪੀ ਹਨ, ਇਸ ਲਈ ਇਸ ਨੂੰ ਇਸਤੇਮਾਲ ਕਰਨ ਵਾਲੇ ਮਾਫੀ ਮੰਗਣ । (ਫਤਹਿਨਾਮਾ ਦਸੰਬਰ 2017) ਉਕਤ ਬਿਆਨ ਤੋਂ ਅਦਿੱਤਿਆ ਨਾਥ ਯੋਗੀ ਦੀ ਮਨੂੰ ਸਿਮਰਤੀ ਵਾਲੀ ਮਾਨਸਿਕਤਾ ਸਾਫ਼ ਨਜ਼ਰ ਆਉਂਦੀ ਹੈ, ਜਦਕਿ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀ ਮਨੂੰ ਸਿਮਰਤੀ ਦਾ ਸਿੱਖ ਗੁਰੂਆਂ ਨੇ ਮੁੱਢੋਂ ਹੀ ਖੰਡਨ ਕੀਤਾ ਹੋਇਆ ਹੈ । 
ਇਸ ਤਰ੍ਹਾਂ 3-3-2022 ਦੇ ਪੰਜਾਬ ਟਾਈਮਜ਼ ਦੇ ਸਫ਼ਾ 21 ਉੱਤੇ ਭਾਜਪਾ ਵੱਲੋਂ ਤਰੋੜ ਮਰੋੜ ਕੇ ਲਿਖੇ ਸਿੱਖ ਇਤਿਹਾਸ ਵਿਰੁੱਧ ਸਿੱਖ ਪੰਥ ਲਾਮਬੰਦ ਹੋਵੇ ਦਾ ਹੋਕਾ ਦੇ ਸਿਰਲੇਖ ਹੇਠ ਇਕ ਖ਼ਬਰ ਛਪੀ ਸੀ, ਜਿਸ ਦਾ ਸਾਰਅੰਸ਼ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 14 ਦਸੰਬਰ ਨੂੰ ਕਾਸ਼ੀ ਵਿਖੇ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਸਮੇਂ ਇਕ ਕਿਤਾਬਚਾ (ਬੁੱਕਲੈਟ) ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਗੌਰਵਸ਼ਾਲੀ ਇਤਿਹਾਸ ਰਿਲੀਜ਼ ਕੀਤਾ ਗਿਆ । ਜਿਸ ਵਿੱਚ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ । ਇਸ ਵਿੱਚ ਲਿਖਿਆ ਹੈ ਕਿ ਸਿੱਖ ਧਰਮ ਦੀ ਸਥਾਪਨਾ ਸਨਾਤਨ ਧਰਮ ਨੂੰ ਮੁਗ਼ਲਾਂ ਤੋਂ ਬਚਾਉਣ ਲਈ ਹੋਈ । ਖ਼ਾਲਸਾ ਪੰਥ ਦੀ ਸਾਜਨਾ ਲਈ ਚੁਣੇ ਗਏ ਪੰਜ ਪਿਆਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਕਾਸ਼ੀ ਭੇਜਿਆ ਤਾਂ ਜੋ ਉਹ ਸਨਾਤਨ ਬਾਰੇ ਪੂਰਾ ਗਿਆਨ ਪ੍ਰਾਪਤ ਕਰ ਸਕਣ ਅਤੇ ਇਸ ਦੀ ਰੱਖਿਆ ਲਈ ਤਿਆਰ ਹੋ ਸਕਣ । ਉਕਤ ਕਿਤਾਬਚੇ ਵਿੱਚ ਦਿੱਤਾ ਗਿਆ ਇਹ ਹਵਾਲਾ ਝੂਠ ਦਾ ਪਲੰਦਾ ਹੈ, ਅਤੇ ਸਿੱਖ ਧਰਮ ਨੂੰ ਸਨਾਤਨ ਧਰਮ ਵਿੱਚ ਜਜ਼ਬ ਕਰ ਲੈਣ ਦੀ ਇਕ ਡੂੰਘੀ ਸਾਜਿਸ਼ ਹੈ ਅਤੇ ਇਹ ਕਿਤਾਬਚਾ ਸਿੱਖ ਕੌਮ ਦੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਨੂੰ ਮਿਟਾਉਣ ਲਈ ਨਰਿੰਦਰ ਮੋਦੀ ਵੱਲੋਂ ਇਕ ਸੰਦ ਵਜੋਂ ਵਰਤਿਆ ਜਾ ਰਿਹਾ ਹੈ । ਸਿੱਖ ਧਰਮ ਮੁਗ਼ਲਾਂ ਤੋਂ ਹਿੰਦੂਆਂ ਦੀ ਰੱਖਿਆ ਕਰਨ ਲਈ ਨਹੀਂ ਸੀ ਬਣਾਇਆ ਗਿਆ । ਇਹ ਵਿਸ਼ਵਵਿਆਪੀ ਧਰਮ ਹੈ ਜੋ ਹਰ ਤਰ੍ਹਾਂ ਦੇ ਜੁਲਮ ਦੇ ਖਿਲਾਫ਼ ਹੈ ਭਾਵੇਂ ਉਹ ਹਿੰਦੂਆਂ ਦੁਆਰਾ ਹੋਵੇ ਜਾਂ ਮੁਗ਼ਲਾਂ ਦੁਆਰਾ । ਸਿੱਖ ਧਰਮ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਉਹ ਭਾਵੇਂ ਕਿਸੇ ਵੀ ਧਰਮ ਵੱਲੋਂ ਹੋਵੇ । 
ਸ: ਗੁਰਤੇਜ ਸਿੰਘ ਅਨੁਸਾਰ ਸਿੱਖ ਇਤਿਹਾਸ ਵਿੱਚ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਪੰਜਾਂ ਪਿਆਰਿਆਂ ਨੂੰ ਸਨਾਤਨ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਕਾਸ਼ੀ ਭੇਜਿਆ ਗਿਆ ਹੋਵੇ । ਇਤਿਹਾਸ ਗਵਾਹ ਹੈ ਕਿ ਸਿੱਖ ਪੰਥ ਨੇ ਸਿੱਖ ਗੁਰੂਆਂ ਦੇ ਅਕੀਦੇ ਉੱਤੇ ਖਰਾ ਉਤਰਨ ਲਈ ਅਤੇ ਪੰਥ ਪ੍ਰਥਮ ਦਾ ਵਜੂਦ ਕਾਇਮ ਰੱਖਣ ਲਈ ਅਣਥੱਕ ਘਾਲਣਾਵਾਂ ਘਾਲੀਆਂ । ਮਣਾਂ ਮੂੰਹੀ ਸ਼ਹੀਦੀਆਂ ਏਸ ਰਾਹ ਚੱਲਦਿਆਂ ਹੋਇਆਂ ਮਿੱਥ ਕੇ ਦਿੱਤੀਆਂ । ਕੁਝ ਹਾਲਾਤਾਂ ਵਿੱਚ ਸ਼ਹਾਦਤ ਮਨੁੱਖਤਾ ਨਾਲ ਪ੍ਰੀਤ ਨਿਭਾਉਣ ਦਾ ਆਖਰੀ ਅੰਜਾਮ ਹੈ ਅਤੇ ਏਸ ਪੜਾਅ ਉੱਤੇ ਹਰ ਜਾਗਦੀ ਜਮੀਰ ਵਾਲੇ ਨੂੰ ਅਕਸਰ ਲੈ ਹੀ ਜਾਂਦਾ ਹੈ । ਮੌਜੂਦਾ ਸਮਿਆਂ ਤੱਕ ਸਿੱਖ ਗੁਰੂਆਂ ਦੇ ਬਚਨ ਏਸ ਤਰ੍ਹਾਂ ਪੁਗਾਉਣ ਦੀ ਰੀਤ ਖ਼ਾਲਸੇ ਵਿੱਚ ਬੜੇ ਸਿਦਕ ਨਾਲ ਜਾਰੀ ਹੈ । ਲੋਕ ਪੱਖੀ, ਨਿਆਂ ਪੱਖੀ, ਮਨੁੱਖੀ ਅਧਿਕਾਰਾਂ ਦੀ ਰਾਖੀ, ਲੋਕਾਂ ਦੇ ਸਵੈਮਾਨ ਲਈ ਹਰ ਹੀਲੇ ਜੂਝਣ ਨੂੰ ਹਰ ਚੇਤੰਨ ਸਿੱਖ ਆਪਣਾ ਧਾਰਮਿਕ ਫਰਜ਼ ਸਮਝਦਾ ਹੈ । 
ਸਿੱਖ ਗੁਰੂਆਂ ਦਾ ਉਪਦੇਸ਼ ਸਰਬ-ਕਲਿਆਣਕਾਰੀ ਹੈ ਅਤੇ ਉਨ੍ਹਾਂ ਅਸੂਲਾਂ ਉੱਤੇ ਅਧਾਰਿਤ ਹੈ ਜੋ ਹਰ ਸਮਾਜ, ਹਰ ਦੇਸ਼ ਦੀ ਅਸੀਮ ਤਰੱਕੀ ਅਤੇ ਭਲੇ ਦੇ ਜਾਮਨ ਹਨ । ਇਹ ਨੂੰ ਧਾਰਣ ਕਰਕੇ ਹਰ ਮਨੁੱਖ, ਕਾਲ ਸਰਹੱਦਾਂ ਤੇ ਸਮੇਂ ਦੀਆਂ ਸੀਮਾਵਾਂ ਨੂੰ ਉਲੰਘ ਕੇ ਸੰਸਾਰ ਨਾਲ ਡੂੰਘੀ ਅਧਿਆਤਮਕ ਸਾਂਝ ਪਾ ਲੈਂਦਾ ਹੈ । ਉਹ ਇਕ ਆਲਮੀ ਹੈਸੀਅਤ ਅਖ਼ਤਿਆਰ ਕਰ ਲੈਂਦਾ ਹੈ ਜਿਸ ਅਵਸਥਾ ਵਿੱਚ ਉਸ ਨੂੰ ਸਭ ਅਕਾਲ ਦਾ ਰੂਪ ਦਿਸ ਆਉਂਦੇ ਹਨ । ਰੰਗਾਂ, ਨਸਲਾਂ, ਧਰਮਾਂ ਦੇ ਭੇਦ ਮਿੱਟ ਜਾਂਦੇ ਹਨ ਅਤੇ ਜਹ ਦੇਖਾ ਤਹ ਏਕੋ ਸੋਈ, ਦੀ ਧੁੰਨੀ ਕੁੱਲ ਆਲਮ ਵਿੱਚੋਂ ਉੱਠਦੀ ਸੁਣਾਈ ਦਿੰਦੀ ਹੈ ਅਤੇ ਉਸ ਦੀ ਸੁਰਤਿ ਨਾ ਕੋਈ ਬੈਰੀ ਨਹੀਂ ਬਿਗਾਨਾ॥॥ਦੀ ਅਵਸਥਾ ਤੱਕ ਅਪੜ ਜਾਂਦੀ ਹੈ, ਇਕ ਪ੍ਰਭਾਵਸ਼ਾਲੀ ਬੁਲੰਦ ਨਾਅਰਾ ਬਣ ਕੇ ਇਹ ਅਕਾਲ ਫਤਹਿ ਦਾ ਸਿੰਘ ਨਾਦ ਬਣਦੀ ਹੈ (ਹਵਾਲਾ - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕੱਚਾ ਚਿੱਠਾ, ਪੰਥਕ ਅਸੈਂਬਲੀ ਸ੍ਰੀ ਅੰਮ੍ਰਿਤਸਰ, ਸੰਪਾਦਕ, ਗੁਰਤੇਜ ਸਿੰਘ ਤੇ ਜਸਪਾਲ ਸਿੰਘ ਸਿੱਧੂ ਪੱਤਰਕਾਰ) 1469 ਤੋਂ 1699 ਤੇ 1699 ਤੋਂ 1708 ਤੱਕ ਦਾ ਗੁਰ ਇਤਿਹਾਸ ਗਵਾਹ ਹੈ ਕਿ ਨਾ ਤਾਂ ਸਿੱਖ ਗੁਰੂ ਰਾਸ਼ਟਰਵਾਦੀ ਹਨ ਅਤੇ ਨਾ ਹੀ ਉਨ੍ਹਾਂ ਦੇ ਸਿੱਖ ਰਾਸ਼ਟਰਵਾਦੀ ਹਨ ਤੇ ਨਾ ਹੀ ਸਿੱਖ ਗੁਰੂਆਂ ਨੇ ਸਨਾਤਨ ਧਰਮ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ । ਗੁਰੂ ਅਰਜਨ ਪਾਤਸ਼ਾਹ ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ, ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ (ਅੰਕ 966) ਦੇ ਹਲੇਮੀ ਰਾਜ ਦੇ ਸੰਕਲਪ ਦੀ ਪੂਰਤੀ ਲਈ ਆਪਣੇ ਪੰਜ ਭੌਤਿਕ ਸਰੀਰਾਂ ਦੀਆਂ ਸ਼ਹਾਦਤਾਂ ਦਿੱਤੀਆਂ । ਅੰਤ ਵਿੱਚ ਦਾਸ ਦੇ ਨਿਜੀ ਵਿਚਾਰ ਹਨ ਕਿ ਖਾਲਿਸਤਾਨ ਬਣਾਉਣ ਤੇ ਪੰਜਾਬ ਬਚਾਉਣ ਦੇ ਨਾਲ ਪੰਥ ਪ੍ਰਥਮ ਦੇ ਵਜੂਦ ਅਤੇ ਦਸ਼ਮੇਸ਼ ਪਿਤਾ ਦੇ ਖ਼ਾਲਸਾ ਪੰਥ ਨੂੰ ਬਖ਼ਸ਼ਿਸ਼ ਕੀਤੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਵਿਧਾਨ ਨੂੰ ਬਚਾਉਣਾ ਵੀ ਅਤਿ ਜਰੂਰੀ ਹੈ । ਦਸ਼ਮੇਸ਼ ਪਿਤਾ ਦੇ ਬਖ਼ਸ਼ਿਸ਼ ਕੀਤੇ ਵਿਧਾਨ ਨੂੰ ਪਿੱਠ ਦੇ ਕੇ ਖ਼ਾਲਸਾ ਆਪਣੀ ਖ਼ਾਲਸਾ ਰਾਜ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੇਗਾ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ
ਨੋਟ-ਯੋਗੀ ਦਾ ਬਿਆਨ ਯੂ ਟਿਊਬ ਤੇ ਦੇਖਿਆ ਜਾ ਸਕਦਾ ਹੈ ।