14 ਸਤੰਬਰ ਨੂੰ ਜਨਮ ਦਿਨ ‘ਤੇ ਵਿਸ਼ੇਸ਼, ਗ਼ਦਰੀ ਬਾਬਾ ਬਲਵੰਤ ਸਿੰਘ ਕੈਨੇਡੀਅਨ

-ਭਗਵਾਨ ਸਿੰਘ ਜੌਹਲ

ਦੂਜੇ ਲਾਹੌਰ ਸਾਜਿਸ਼ ਕੇਸ ਵਿੱਚ ਲਾਹੌਰ ਜੇਲ੍ਹ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਮਹਾਨ ਸ਼ਹੀਦ ਗ਼ਦਰੀ ਬਾਬਾ ਬਲਵੰਤ ਸਿੰਘ ਕੈਨੇਡੀਅਨ ਅਜਿਹਾ ਸੂਰਬੀਰ ਯੋਧਾ ਸੀ, ਜਿਸ ਨੇ ਭਰ ਜਵਾਨੀ ਵਿੱਚ ਸ਼ਹਾਦਤ ਦਾ ਜਾਮ ਪੀਤਾ । ਭਾਈ ਬਲਵੰਤ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਉੱਘੇ ਪਿੰਡ ਖੁਰਦਪੁਰ (ਨੇੜੇ ਆਦਮਪੁਰ) ਵਿਖੇ ਸ। ਬੁੱਧ ਸਿੰਘ ਦੇ ਗ੍ਰਹਿ ਵਿਖੇ 14 ਸਤੰਬਰ, 1882 ਈ: ਨੂੰ ਹੋਇਆ । ਭਾਈ ਬਲਵੰਤ ਸਿੰਘ ਨੇ ਆਦਮਪੁਰ ਦੇ ਮਿਡਲ ਸਕੂਲ ਤੋਂ ਪੜ੍ਹਾਈ ਸ਼ੁਰੂ ਕੀਤੀ । ਪਰ ਉਸ ਸਮੇਂ ਬਾਲ ਵਿਆਹ ਦੀ ਰਸਮ ਪ੍ਰਚੱਲਤ ਸੀ, ਵਿਆਹ ਤੋਂ ਉਪਰੰਤ ਪੜ੍ਹਾਈ ਵਿੱਚ-ਵਿਚਾਲੇ ਹੀ ਛੱਡ ਦਿੱਤੀ । ਭਰ ਜਵਾਨੀ ਵਿੱਚ ਪੈਰ ਧਰਦਿਆਂ ਫੌਜ ਵਿੱਚ ਭਰਤੀ ਹੋ ਗਿਆ । ਜਦੋਂ ਭਾਈ ਬਲਵੰਤ ਸਿੰਘ ਦੀ ਪਲਟਨ ਗਰਦਾਨ (ਪਾਕਿਸਤਾਨ) ਵਿੱਚ ਸੀ ਤਾਂ ਇਨ੍ਹਾਂ ਦੀ ਸ਼ਖ਼ਸੀਅਤ ਉੱਤੇ ਪੰਜਾਬ ਦੀ ਪ੍ਰਸਿੱਧ ਧਾਰਮਿਕ ਹਸਤੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਸੰਗਤ ਦਾ ਅਜਿਹਾ ਅਸਰ ਹੋਇਆ, ਜਿਸ ਸਦਕਾ ਆਪ ਜੀ ਦਾ ਨਿਸ਼ਚਾ ਤੇ ਵਿਸ਼ਵਾਸ ਸਿੱਖ ਧਰਮ ਵਿੱਚ ਪਰਪੱਕ ਹੋ ਗਿਆ । 23 ਸਾਲ ਦੀ ਉਮਰ ਵਿੱਚ ਫੌਜ ਦੀ ਨੌਕਰੀ ਛੱਡ ਕੇ ਛੇਤੀ ਹੀ 1906 ਈ: ਵਿੱਚ ਕੈਨੇਡਾ ਚਲਾ ਗਿਆ । ਉਥੇ ਜਾ ਕੇ ਵੈਨਕੂਵਰ ਵਿੱਚ ਪਹਿਲਾ ਗੁਰੂ ਘਰ ਬਨਾਉਣ ਵਿੱਚ ਭਰਪੂਰ ਯੋਗਦਾਨ ਪਾਇਆ । ਸਿੱਖ ਸੰਗਤ ਨੇ ਇਨ੍ਹਾਂ ਨੂੰ ਸਿੱਖੀ ਵਿੱਚ ਪਰਪੱਕ ਵੇਖਦਿਆਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਨਿਯੁਕਤ ਕਰ ਦਿੱਤਾ । ਇਸੇ ਕਰਕੇ ਭਾਈ ਸ਼ਬਦ ਆਪ ਜੀ ਦੇ ਨਾਂਅ ਨਾਲ ਪੱਕੇ ਤੌਰ &lsquoਤੇ ਜੁੜ ਗਿਆ । ਕੈਨੇਡਾ ਸਰਕਾਰ ਨੇ 1908 ਈ: ਵਿੱਚ ਫੈਸਲਾ ਕੀਤਾ ਕਿ ਬ੍ਰਿਟਿਸ਼ ਕੋਲੰਬੀਆ (ਬੀ।ਸੀ।) ਵਿੱਚ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਅਮਰੀਕਾ ਦੀ ਹੌਂਡਰਸ ਕਾਲੋਨੀ ਵਿੱਚ ਅਬਾਦ ਕੀਤਾ ਜਾਵੇ । ਪਰ ਭਾਈ ਬਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਸ ਸਰਕਾਰੀ ਨੀਤੀ ਦੀ ਵਿਰੋਧਤਾ ਕੀਤੀ । 1909 ਈ: ਵਿੱਚ ਹਿੰਦੁਸਤਾਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ । ਇਸ ਸੰਸਥਾ ਦੇ ਖਜ਼ਾਨਚੀ ਭਾਈ ਬਲਵੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ । 
ਇਸ ਐਸੋਸੀਏਸ਼ਨ ਦੇ ਸਾਰੇ ਹਿੰਦੁਸਤਾਨੀ ਪ੍ਰਵਾਸੀ ਮੈਂਬਰਾਂ ਨੇ ਕੈਨੇਡਾ ਸਰਕਾਰ ਵੱਲੋਂ ਭਾਰਤੀਆਂ ਦੇ ਪਰਿਵਾਰਾਂ ਨੂੰ ਕੈਨੇਡਾ ਨਾ ਆਉਣ ਦੇ ਯਤਨਾਂ ਵਿਰੁੱਧ ਅਵਾਜ਼ ਉਠਾਈ । 1911 ਈ: ਵਿੱਚ ਭਾਈ ਭਾਗ ਸਿੰਘ ਭਿੱਖੀਵਿੰਡ ਨਾਲ ਵਾਪਸ ਹਿੰਦੁਸਤਾਨ ਆ ਕੇ ਅਨੇਕਾਂ ਔਕੜਾਂ ਅਤੇ ਕਠਿਨਾਈਆਂ ਦੇ ਬਾਵਜੂਦ ਆਪਣੇ ਪਰਿਵਾਰ ਸਮੇਤ ਜਨਵਰੀ, 1912 ਈ: ਵਿੱਚ ਵੈਨਕੂਵਰ ਪਹੁੰਚੇ । 22 ਫਰਵਰੀ, 1913 ਈ: ਨੂੰ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਯੂਨਾਈਟਿਡ ਇੰਡੀਆ ਲੀਗ ਦੀ ਸਾਂਝੀ ਇਕੱਤਰਤਾ ਵਿੱਚ ਇਹ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਕਿ ਇੰਗਲੈਂਡ ਅਤੇ ਹਿੰਦੁਸਤਾਨ ਦੋਨਾਂ ਦੇਸ਼ਾਂ ਵਿੱਚ ਜਾ ਕੇ ਬ੍ਰਿਟਿਸ਼ ਸਰਕਾਰ ਨੂੰ ਆਪਣੀਆਂ ਮੁਸ਼ਕਿਲਾਂ ਦੂਰ ਕਰਨ ਲਈ ਮੰਗ ਪੱਤਰ ਦਿੱਤਾ ਜਾਵੇ । ਇਸ ਕਾਰਜ ਲਈ ਭਾਈ ਬਲਵੰਤ ਸਿੰਘ, ਭਾਈ ਨੰਦ ਸਿੰਘ, ਭਾਈ ਨਾਰਾਇਣ ਸਿੰਘ &lsquoਤੇ ਆਧਾਰਿਤ ਇਕ ਪ੍ਰਤੀਨਿੱਧੀ ਮੰਡਲ ਦੋਨਾਂ ਦੇਸ਼ਾਂ ਵਿੱਚ ਭੇਜਣ ਲਈ ਸਮਾਂ ਨਿਸ਼ਚਿਤ ਕੀਤਾ ਗਿਆ । ਪਰ ਦੋਵਾਂ ਦੇਸ਼ਾਂ ਵਿੱਚ ਅੰਗ੍ਰੇਜ਼ ਸਰਕਾਰ ਨੇ ਕੋਈ ਸਹਿਯੋਗ ਨਾ ਦਿੱਤਾ । ਕੈਨੇਡਾ ਪਰਤਣ ਸਮੇਂ ਭਾਈ ਬਲਵੰਤ ਸਿੰਘ ਦਾ ਮਿਲਾਪ ਕਾਮਾਗਾਟਾਮਾਰੂ ਜਹਾਜ਼ ਵਾਲੇ ਬਾਬਾ ਗੁਰਦਿੱਤ ਸਿੰਘ ਨਾਲ ਹੋਇਆ । ਬਾਬਾ ਗੁਰਦਿੱਤ ਸਿੰਘ ਨੂੰ ਹਰ ਔਕੜ ਸਮੇਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ । ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਕੈਨੇਡਾ ਵਿੱਚ ਦਾਖਲ ਨਾ ਹੋਣ ਦੇਣ ਦੇ ਵਿਰੋਧ ਵਿੱਚ ਸਾਰੇ ਪ੍ਰਵਾਸੀ ਹਿੰਦੁਸਤਾਨੀਆਂ ਵਿੱਚ ਅੰਤ ਦਾ ਗੁੱਸਾ ਸੀ । ਇਨ੍ਹਾਂ ਸਾਰੇ ਪ੍ਰਵਾਸੀਆਂ ਨੇ ਗ਼ਦਰ ਪਾਰਟੀ ਨਾਲ ਸੰਪਰਕ ਬਣਾਇਆ । ਪਰ ਅੰਗ੍ਰੇਜ਼ ਸਰਕਾਰ ਦਾ ਵਤੀਰਾ ਹੋਰ ਵੀ ਸਖ਼ਤ ਹੋ ਗਿਆ ।
ਸਰਕਾਰ ਦੇ ਇੰਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹਾਪਨਿਕਸ ਨੇ 5 ਸਤੰਬਰ, 1914 ਈ: ਨੂੰ ਵੈਨਕੂਵਰ ਦੇ ਗੁਰਦੁਆਰਾ ਕੰਪਲੈਕਸ ਵਿੱਚ ਦੋ ਬੰਦੇ ਗੋਲੀਆਂ ਮਾਰ ਕੇ ਮਾਰ ਦਿੱਤੇ । ਇਨ੍ਹਾਂ ਸ਼ਹਾਦਤਾਂ ਦੇ ਰੋਸ ਵਜੋਂ 21 ਅਕਤੂਬਰ 1914 ਈ: ਨੂੰ ਪ੍ਰਵਾਸੀ ਭਾਰਤੀ ਭਾਈ ਸੇਵਾ ਸਿੰਘ ਨੇ ਸ਼ਹਿਰ ਦੀ ਕਚਹਿਰੀ ਵਿੱਚ ਹੀ ਵਿਲੀਅਮ ਹਾਪਨਿਕਸ ਨੂੰ ਗੋਲੀਆਂ ਨਾਲ ਉਡਾ ਦਿੱਤਾ । ਇਸ ਕਤਲ ਦੀ ਸਾਜਿਸ਼ ਅਤੇ ਸ਼ੱਕ ਵਿੱਚ ਭਾਈ ਬਲਵੰਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ । ਇਸ ਪਿੱਛੋਂ ਭਾਈ ਬਲਵੰਤ ਸਿੰਘ ਨੂੰ ਕੈਨੇਡਾ ਵਿੱਚੋਂ ਕੱਢ ਦਿੱਤਾ ਗਿਆ । ਇਥੋਂ ਆਪ ਸਿੰਘਾਈ ਪੁੱਜੇ ਅਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਦੀਆਂ ਔਕੜਾਂ ਨੂੰ ਦੇਖਦਿਆਂ ਗ਼ਦਰ ਲਹਿਰ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ । ਭਾਈ ਬਲਵੰਤ ਸਿੰਘ 1915 ਈ: ਵਿੱਚ ਥਾਈਲੈਂਡ ਗਏ ਅਤੇ ਅਮਰੀਕਾ ਤੋਂ ਆ ਕੇ ਸਾਰੇ ਗ਼ਦਰੀ ਬਾਬਿਆਂ ਨੂੰ ਮਿਲੇ, ਜੋ ਬਰਮਾ ਵਿੱਚ ਅੰਗ੍ਰੇਜ਼ ਦੇ ਵਿਰੋਧ ਵਿੱਚ ਬਗ਼ਾਵਤ ਖੜ੍ਹੀ ਕਰਨਾ ਚਾਹੁੰਦੇ ਸਨ । ਭਾਈ ਬਲਵੰਤ ਸਿੰਘ ਇਥੇ ਆ ਕੇ ਸਖ਼ਤ ਬਿਮਾਰ ਹੋ ਗਏ, ਜਦੋਂ ਹਸਪਤਾਲ ਪੁੱਜੇ ਤਾਂ ਇਥੋਂ ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਗ੍ਰਿਫਤਾਰ ਕਰਕੇ ਹਿੰਦੁਸਤਾਨ ਲਿਆਂਦਾ ਗਿਆ । ਇਥੇ ਆਕੇ ਭਾਈ ਬਲਵੰਤ ਸਿੰਘ ਵਰਗੇ ਅਣਖੀ ਯੋਧੇ &lsquoਤੇ ਦੂਜੇ ਲਾਹੌਰ ਸਾਜਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ । ਅੰਤ 30 ਮਾਰਚ, 1917 ਈ: ਵਿੱਚ ਇਸ ਸੂਰਬੀਰ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਫੰਦੇ &lsquoਤੇ ਲਟਕਾਇਆ ਗਿਆ । ਇਸ ਤਰ੍ਹਾਂ ਇਹ ਬਹਾਦਰ ਸੂਰਬੀਰ 35 ਕੁ ਸਾਲ ਦੀ ਜਵਾਨੀ ਦੀ ਉਮਰ ਵਿੱਚ ਹਿੰਦੁਸਤਾਨ ਦੇ ਗਲੋਂ ਗੁਲਾਮੀ ਦਾ ਤੌਕ ਲਾਹੁਣ ਲਈ ਸ਼ਹਾਦਤ ਦਾ ਜਾਮ ਪੀ ਗਿਆ । ਅੱਜ ਕੇਵਲ ਉਨ੍ਹਾਂ ਦੀ ਯਾਦ ਹੀ ਬਾਕੀ ਹੈ ।
-ਭਗਵਾਨ ਸਿੰਘ ਜੌਹਲ